ਮੰਗ ਬਰੋਸ਼ਰ ਤੋਂ ਬਾਈਬਲ ਅਧਿਐਨ ਸ਼ੁਰੂ ਕਰਾਉਣੇ
1 ਸੰਸਾਰ ਭਰ ਦੀਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਲੋਕਾਂ ਨੂੰ ਸੱਚਾਈ ਸਿਖਾਉਣ ਲਈ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਇਕ ਅਸਰਦਾਰ ਔਜ਼ਾਰ ਰਿਹਾ ਹੈ। ਇਸ ਬਰੋਸ਼ਰ ਤੋਂ ਹਰ ਹਫ਼ਤੇ ਹਜ਼ਾਰਾਂ ਹੀ ਬਾਈਬਲ ਅਧਿਐਨ ਸ਼ੁਰੂ ਕੀਤੇ ਜਾ ਰਹੇ ਹਨ। ਕੀ ਤੁਸੀਂ ਮੰਗ ਬਰੋਸ਼ਰ ਤੋਂ ਬਾਈਬਲ ਅਧਿਐਨ ਸ਼ੁਰੂ ਕਰਨ ਅਤੇ ਇਸ ਨੂੰ ਚਲਾਉਣ ਵਿਚ ਕਾਮਯਾਬ ਹੋਏ ਹੋ?
2 ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਇਸ ਬਰੋਸ਼ਰ ਨੂੰ ਵੰਡਣਾ ਆਸਾਨ ਲੱਗਦਾ ਹੈ, ਪਰ ਕੁਝ ਭੈਣਾਂ-ਭਰਾਵਾਂ ਨੂੰ ਬਰੋਸ਼ਰ ਇਸਤੇਮਾਲ ਕਰ ਕੇ ਅਧਿਐਨ ਸ਼ੁਰੂ ਕਰਾਉਣਾ ਮੁਸ਼ਕਲ ਲੱਗਦਾ ਹੈ। ਦੂਜੇ ਭੈਣ-ਭਰਾਵਾਂ ਨੇ ਮੰਗ ਬਰੋਸ਼ਰ ਦਾ ਇਸਤੇਮਾਲ ਕਰ ਕੇ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਕਿਹੜੇ ਪ੍ਰਭਾਵਕਾਰੀ ਤਰੀਕੇ ਅਪਣਾਏ ਹਨ? ਹੇਠਾਂ ਦਿੱਤੇ ਗਏ ਸੁਝਾਅ ਮਦਦਗਾਰ ਹੋ ਸਕਦੇ ਹਨ।
3 ਅਧਿਐਨ ਪ੍ਰਦਰਸ਼ਿਤ ਕਰਨ ਦੀ ਪੇਸ਼ਕਸ਼ ਕਰੋ: ਜਦੋਂ ਅਸੀਂ ਘਰ-ਸੁਆਮੀ ਨੂੰ ਪਹਿਲੀ ਵਾਰ ਮਿਲਦੇ ਹਾਂ ਜਾਂ ਪੁਨਰ-ਮੁਲਾਕਾਤ ਕਰਦੇ ਹਾਂ, ਤਾਂ ਘਰ-ਸੁਆਮੀ ਨੂੰ ਸਿਰਫ਼ ਬਾਈਬਲ ਅਧਿਐਨ ਪੇਸ਼ ਕਰਨ ਦੀ ਬਜਾਇ, ਅਸੀਂ ਇਹ ਪ੍ਰਦਰਸ਼ਿਤ ਕਰ ਸਕਦੇ ਹਾਂ ਕਿ ਬਾਈਬਲ ਅਧਿਐਨ ਕਿਵੇਂ ਕੀਤਾ ਜਾਂਦਾ ਹੈ। ਇਸ ਨਾਲ ਕਈ ਘਰ-ਸੁਆਮੀਆਂ ਦੇ ਮਨ ਵਿੱਚੋਂ ਗ਼ਲਤਫ਼ਹਿਮੀ ਜਾਂ ਚਿੰਤਾ ਦੂਰ ਹੋ ਸਕਦੀ ਹੈ ਜੋ “ਅਧਿਐਨ” ਸ਼ਬਦ ਸੁਣਨ ਨਾਲ ਪੈਦਾ ਹੋ ਜਾਂਦੀ ਹੈ। ਇਕ ਵਾਰ ਜਦੋਂ ਅਸੀਂ ਅਧਿਐਨ ਪ੍ਰਦਰਸ਼ਿਤ ਕਰਨਾ ਸਿੱਖ ਜਾਂਦੇ ਹਾਂ, ਤਾਂ ਅਸੀਂ ਦੇਖਾਂਗੇ ਕਿ ਇਕ ਸਰਲ ਪ੍ਰਸਤਾਵਨਾ ਨਾਲ ਹੀ ਅਸੀਂ ਅਧਿਐਨ ਸ਼ੁਰੂ ਕਰਵਾ ਸਕਦੇ ਹਾਂ।
4 ਇਸ ਲਈ ਤਿਆਰੀ ਕਰਨੀ ਜ਼ਰੂਰੀ ਹੈ: ਅਸੀਂ ਜਿੰਨੀ ਚੰਗੀ ਤਿਆਰੀ ਕਰਾਂਗੇ, ਉੱਨੇ ਹੀ ਜੋਸ਼ ਨਾਲ ਅਸੀਂ ਬਾਈਬਲ ਅਧਿਐਨ ਸ਼ੁਰੂ ਕਰਵਾ ਸਕਾਂਗੇ। ਪਹਿਲਾਂ ਤੋਂ ਹੀ ਤਿਆਰੀ ਕਰਨ ਨਾਲ, ਬਾਈਬਲ ਅਧਿਐਨ ਸ਼ੁਰੂ ਕਰਾਉਣ ਵਿਚ ਸਾਡੀ ਹਿਚਕਚਾਹਟ ਦੂਰ ਹੋ ਜਾਵੇਗੀ। ਆਪਣੀ ਪੇਸ਼ਕਾਰੀ ਦਾ ਵਾਰ-ਵਾਰ ਅਭਿਆਸ ਕਰਨ ਦੁਆਰਾ ਅਸੀਂ ਹੋਰ ਜ਼ਿਆਦਾ ਸੁਭਾਵਕ ਤਰੀਕੇ ਨਾਲ ਆਪਣੇ ਸ਼ਬਦਾਂ ਵਿਚ ਗੱਲ-ਬਾਤ ਕਰ ਸਕਾਂਗੇ। ਇਹ ਨਾ ਸਿਰਫ਼ ਸਾਨੂੰ ਹੀ ਆਰਾਮ ਨਾਲ ਗੱਲ ਕਰਨ ਵਿਚ ਮਦਦ ਦੇਵੇਗੀ ਬਲਕਿ ਘਰ ਸੁਆਮੀ ਵੀ ਆਰਾਮ ਨਾਲ ਗੱਲ ਕਰ ਸਕੇਗਾ।
5 ਜਦੋਂ ਤੁਸੀਂ ਰੀਹਰਸਲ ਕਰਦੇ ਹੋ, ਤਾਂ ਤੁਹਾਡੇ ਲਈ ਆਪਣੀ ਪੇਸ਼ਕਾਰੀ ਦਾ ਸਮਾਂ ਦੇਖਣਾ ਵੀ ਚੰਗਾ ਹੋਵੇਗਾ, ਤਾਂਕਿ ਤੁਸੀਂ ਘਰ-ਸੁਆਮੀ ਨੂੰ ਦੱਸ ਸਕੋ ਕਿ ਅਧਿਐਨ ਨੂੰ ਪ੍ਰਦਰਸ਼ਿਤ ਕਰਨ ਵਿਚ ਕਿੰਨਾ ਸਮਾਂ ਲੱਗੇਗਾ। ਆਪਣੀ ਜਾਣ-ਪਛਾਣ ਕਰਾਉਣ ਤੋਂ ਬਾਅਦ, ਇਕ ਭਰਾ ਕਹਿੰਦਾ ਹੈ: “ਮੈਂ ਤੁਹਾਨੂੰ ਮੁਫ਼ਤ ਬਾਈਬਲ ਅਧਿਐਨ ਪ੍ਰੋਗ੍ਰਾਮ ਦਿਖਾਉਣ ਲਈ ਆਇਆ ਹਾਂ। ਇਸ ਨੂੰ ਦਿਖਾਉਣ ਵਿਚ ਤਕਰੀਬਨ ਪੰਜ ਮਿੰਟ ਲੱਗਣਗੇ। ਕੀ ਤੁਹਾਡੇ ਕੋਲ ਪੰਜ ਮਿੰਟ ਹਨ?” ਮੰਗ ਬਰੋਸ਼ਰ ਦਾ ਅਧਿਆਇ 1 ਪੰਜਾਂ ਮਿੰਟਾਂ ਵਿਚ ਦਿਖਾਇਆ ਜਾ ਸਕਦਾ ਹੈ। ਯਕੀਨਨ ਇਸ ਸਮੇਂ ਵਿਚ ਸਿਰਫ਼ ਚੋਣਵੇਂ ਸ਼ਾਸਤਰਵਚਨ ਹੀ ਪੜ੍ਹੇ ਜਾ ਸਕਦੇ ਹਨ, ਪਰ ਕੁਝ ਹੀ ਮਿੰਟਾਂ ਵਿਚ ਪਹਿਲਾ ਅਧਿਆਇ ਖ਼ਤਮ ਕਰਨ ਦੁਆਰਾ ਘਰ-ਸੁਆਮੀ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਕਿ ਅਧਿਐਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਦੱਸੋ ਕਿ ਜਦੋਂ ਤੁਸੀਂ ਅਧਿਆਇ 2 ਕਰੋਗੇ, ਤਾਂ ਸਿਰਫ਼ 15 ਮਿੰਟ ਲੱਗਣਗੇ।
6 ਹੇਠਾਂ ਦਿੱਤੀ ਗਈ ਪੇਸ਼ਕਾਰੀ ਅਸਰਦਾਰ ਸਾਬਤ ਹੋਈ ਹੈ:
◼ “ਮੈਂ ਤੁਹਾਨੂੰ ਇਸ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬਰੋਸ਼ਰ ਤੋਂ ਬਹੁਤ ਹੀ ਸਰਲ ਅਤੇ ਥੋੜ੍ਹੇ ਸਮੇਂ ਵਿਚ ਖ਼ਤਮ ਹੋਣ ਵਾਲਾ ਗ੍ਰਹਿ ਬਾਈਬਲ ਅਧਿਐਨ ਕੋਰਸ ਦਿਖਾਉਣਾ ਚਾਹੁੰਦਾ ਹਾਂ। ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਹਰ ਹਫ਼ਤੇ 15 ਮਿੰਟ ਅਧਿਐਨ ਕਰਨ ਨਾਲ ਉਹ 16 ਹਫ਼ਤਿਆਂ ਵਿਚ ਬਾਈਬਲ ਦੇ ਇਨ੍ਹਾਂ ਮਹੱਤਵਪੂਰਣ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਲੱਭ ਸਕਦੇ ਹਨ।” ਸੰਖੇਪ ਵਿਚ ਵਿਸ਼ਾ-ਸੂਚੀ ਦਿਖਾਓ। ਫਿਰ ਅਧਿਆਇ 1 ਖੋਲ੍ਹੋ ਅਤੇ ਕਹੋ: “ਜੇਕਰ ਤੁਸੀਂ ਸਾਨੂੰ ਪੰਜ ਮਿੰਟ ਦਿਓਗੇ, ਤਾਂ ਅਸੀਂ ਤੁਹਾਨੂੰ ਇਹ ਦਿਖਾ ਸਕਦੇ ਹਾਂ ਕਿ ਅਧਿਐਨ ਕਿਵੇਂ ਕੀਤਾ ਜਾਂਦਾ ਹੈ। ਅਧਿਆਇ 1 ਦਾ ਸਿਰਲੇਖ ਹੈ, ‘ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਪਰਮੇਸ਼ੁਰ ਕੀ ਮੰਗ ਕਰਦਾ ਹੈ।’” ਫਿਰ ਅਧਿਆਇ ਵਿਚ ਦਿੱਤੇ ਤਿੰਨ ਸਵਾਲ ਪੜ੍ਹੋ ਅਤੇ ਬ੍ਰੈਕਟਾਂ ਵਿਚ ਦਿੱਤੇ ਗਏ ਨੰਬਰਾਂ ਬਾਰੇ ਦੱਸੋ। ਪੈਰਾ 1 ਪੜ੍ਹੋ ਅਤੇ ਘਰ-ਸੁਆਮੀ ਨੂੰ ਦਿਖਾਓ ਕਿ ਜਵਾਬ ਕਿਵੇਂ ਲੱਭਣਾ ਹੈ। ਤੁਸੀਂ ਘਰ-ਸੁਆਮੀ ਨੂੰ ਪੈਰਾ 2 ਪੜ੍ਹਨ ਲਈ ਕਹਿ ਸਕਦੇ ਹੋ। ਇਸ ਤੋਂ ਬਾਅਦ ਕਹੋ: “ਪੈਰੇ ਵਿਚ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਤੁਸੀਂ ਇਸ ਸਵਾਲ ਦਾ ਜਵਾਬ ਕਿਵੇਂ ਦਿਓਗੇ? [ਸਵਾਲ ਨੂੰ ਦੁਬਾਰਾ ਪੜ੍ਹੋ ਅਤੇ ਘਰ-ਸੁਆਮੀ ਨੂੰ ਟਿੱਪਣੀ ਕਰਨ ਲਈ ਸਮਾਂ ਦਿਓ।] ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਹਰ ਪੈਰੇ ਵਿਚ ਸ਼ਾਸਤਰਵਚਨ ਦਿੱਤੇ ਗਏ ਹਨ। ਇਹ ਸਾਡਾ ਧਿਆਨ ਇਨ੍ਹਾਂ ਸਵਾਲਾਂ ਦੇ ਬਾਈਬਲ ਵਿਚ ਦਿੱਤੇ ਗਏ ਜਵਾਬਾਂ ਵੱਲ ਖਿੱਚਦੇ ਹਨ। ਉਦਾਹਰਣ ਲਈ, ਆਓ ਅਸੀਂ 2 ਤਿਮੋਥਿਉਸ 3:16, 17 ਪੜ੍ਹੀਏ ਅਤੇ ਦੇਖੀਏ ਕਿ ਜਿਹੜਾ ਜਵਾਬ ਤੁਸੀਂ ਬਾਈਬਲ ਦੇ ਲੇਖਕ ਬਾਰੇ ਦਿੱਤਾ ਹੈ, ਇਹ ਸ਼ਾਸਤਰਵਚਨ ਉਸ ਦੀ ਪੁਸ਼ਟੀ ਕਰਦਾ ਹੈ ਜਾਂ ਨਹੀਂ।” ਪੈਰਾ 3 ਪੜ੍ਹ ਕੇ ਸਵਾਲ ਉੱਤੇ ਚਰਚਾ ਕਰਨ ਅਤੇ ਯੂਹੰਨਾ 17:3 ਪੜ੍ਹਨ ਤੋਂ ਬਾਅਦ ਅਧਿਆਇ 1 ਦਾ ਪੁਨਰ-ਵਿਚਾਰ ਕਰਨ ਦੁਆਰਾ ਘਰ-ਸੁਆਮੀ ਦਾ ਧਿਆਨ ਉਸ ਜਾਣਕਾਰੀ ਵੱਲ ਖਿੱਚੋ ਜੋ ਉਸ ਨੇ ਲਈ ਹੈ। ਇਸ ਤੋਂ ਬਾਅਦ ਅਧਿਆਇ 2 ਖੋਲ੍ਹੋ ਅਤੇ ਆਖ਼ਰੀ ਸਵਾਲ ਪੜ੍ਹੋ, “ਅਸੀਂ ਪਰਮੇਸ਼ੁਰ ਬਾਰੇ ਕਿਹੜੇ ਦੋ ਤਰੀਕਿਆਂ ਤੋਂ ਸਿੱਖ ਸਕਦੇ ਹਾਂ?” ਇਸ ਤੋਂ ਬਾਅਦ ਪੁੱਛੋ: “ਤੁਹਾਡੇ ਕੋਲ ਕਦੋਂ 15 ਮਿੰਟ ਹੋਣਗੇ ਤਾਂਕਿ ਅਸੀਂ ਅਧਿਆਇ 2 ਪੜ੍ਹ ਸਕੀਏ ਅਤੇ ਇਸ ਸਵਾਲ ਦਾ ਜਵਾਬ ਲੱਭ ਸਕੀਏ?”
7 ਇਹ ਜ਼ਰੂਰੀ ਹੈ ਕਿ ਅਸੀਂ ਚਰਚਾ ਨੂੰ ਸਰਲ ਰੱਖੀਏ ਅਤੇ ਜਦੋਂ ਵੀ ਸੰਭਵ ਹੋਵੇ ਘਰ-ਸੁਆਮੀ ਦੀ ਸ਼ਲਾਘਾ ਕਰੀਏ। ਜਦੋਂ ਤੁਸੀਂ ਅਗਲੀ ਵਾਰ ਆਉਣ ਦਾ ਪ੍ਰਬੰਧ ਕਰਦੇ ਹੋ, ਤਾਂ ਇਹ ਪੁੱਛਣ ਦੀ ਬਜਾਇ ਕਿ ਉਹ ਇਸ ਅਧਿਐਨ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਜਾਂ ਨਹੀਂ, ਉਸ ਨੂੰ ਉਤਸ਼ਾਹਿਤ ਕਰੋ ਕਿ ਅਸੀਂ ਅਗਲਾ ਅਧਿਆਇ ਵੀ ਇਸੇ ਤਰ੍ਹਾਂ ਹੀ ਪੜ੍ਹਾਂਗੇ। ਉਸ ਨੂੰ ਦੱਸੋ ਕਿ ਤੁਸੀਂ ਅਗਲੀ ਵਾਰ ਆਉਣ ਦੀ ਤਾਂਘ ਰੱਖਦੇ ਹੋ। ਕੁਝ ਪ੍ਰਕਾਸ਼ਕਾਂ ਨੇ ਘਰ-ਸੁਆਮੀ ਨੂੰ ਫ਼ੋਨ ਉੱਤੇ ਹੀ ਅਧਿਐਨ ਕਰਨ ਦੀ ਪੇਸ਼ਕਸ਼ ਕੀਤੀ ਹੈ, ਜਦੋਂ ਉਨ੍ਹਾਂ ਦਾ ਘਰੇ ਮਿਲਣਾ ਮੁਸ਼ਕਲ ਹੋ ਗਿਆ। ਸਿੱਖਿਆਰਥੀ ਨੂੰ ਉਤਸ਼ਾਹਿਤ ਕਰੋ ਕਿ ਉਹ ਬਰੋਸ਼ਰ ਨੂੰ ਸੰਭਾਲ ਕੇ ਰੱਖੇ ਤਾਂਕਿ ਅਗਲੀ ਵਾਰ ਇਹ ਉਸ ਨੂੰ ਆਸਾਨੀ ਨਾਲ ਮਿਲ ਜਾਵੇ।
8 ਪੱਕਾ ਇਰਾਦਾ ਕਰੋ: ਜਦ ਕਿ ਸਫ਼ਲਤਾ ਲਈ ਤਿਆਰੀ ਕਰਨੀ ਜ਼ਰੂਰੀ ਹੈ, ਪਰ ਸਾਨੂੰ ਹਰ ਸਮੇਂ ਤਿਆਰੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਥੋੜ੍ਹੇ ਮਿੰਟਾਂ ਵਿਚ ਕਿਸੇ ਨੂੰ ਇਕ ਅਧਿਆਇ ਦਾ ਅਧਿਐਨ ਕਰਾਉਣਾ ਚੁਣੌਤੀ ਭਰਿਆ ਹੋ ਸਕਦਾ ਹੈ, ਇਸ ਲਈ ਅਧਿਐਨ ਪ੍ਰਦਰਸ਼ਿਤ ਕਰਦੇ ਸਮੇਂ ਚੰਗੀ ਤਰ੍ਹਾਂ ਬੋਲਣ ਲਈ ਜਿੰਨਾ ਜ਼ਰੂਰੀ ਹੋਵੇ, ਉੱਨੀ ਵਾਰੀ ਪੇਸ਼ਕਾਰੀ ਦਾ ਅਭਿਆਸ ਕਰਨ ਦਾ ਪੱਕਾ ਇਰਾਦਾ ਕਰੋ। ਘਰ-ਘਰ ਪ੍ਰਚਾਰ ਕਰਦੇ ਸਮੇਂ, ਗ਼ੈਰ-ਰਸਮੀ ਗਵਾਹੀ ਅਤੇ ਟੈਲੀਫ਼ੋਨ ਗਵਾਹੀ ਦੌਰਾਨ ਜਿੰਨੇ ਵੀ ਲੋਕ ਤੁਹਾਨੂੰ ਮਿਲਦੇ ਹਨ, ਉਨ੍ਹਾਂ ਸਾਰਿਆਂ ਨੂੰ ਅਧਿਐਨ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਨੂੰ ਬਾਈਬਲ ਅਧਿਐਨ ਸ਼ੁਰੂ ਕਰਨ ਵਿਚ ਮੁਸ਼ਕਲ ਆਉਂਦੀ ਹੈ, ਤਾਂ ਨਿਰਾਸ਼ ਨਾ ਹੋਵੋ। ਬਾਈਬਲ ਅਧਿਐਨ ਸ਼ੁਰੂ ਕਰਨ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਤੁਹਾਡੇ ਵਿਚ ਪੱਕਾ ਇਰਾਦਾ ਅਤੇ ਦੂਜਿਆਂ ਤਕ ਸੱਚਾਈ ਪਹੁੰਚਾਉਣ ਦੀ ਦਿਲੀ ਇੱਛਾ ਹੋਣੀ ਜ਼ਰੂਰੀ ਹੈ।—ਗਲਾ. 6:9.
9 ਜੇ ਤੁਸੀਂ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਦੇ ਹੋਏ ਮੰਗ ਬਰੋਸ਼ਰ ਵਿੱਚੋਂ ਬਾਈਬਲ ਅਧਿਐਨ ਸ਼ੁਰੂ ਕਰਾਉਂਦੇ ਹੋ, ਤਾਂ ਤੁਸੀਂ ਵੀ ਕਿਸੇ ਵਿਅਕਤੀ ਦੀ ਜੀਵਨ ਦੇ ਰਾਹ ਉੱਤੇ ਚੱਲਣ ਵਿਚ ਮਦਦ ਕਰਨ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਕਰ ਸਕਦੇ ਹੋ।—ਮੱਤੀ 7:14.