ਖ਼ੁਸ਼ ਖ਼ਬਰੀ ਬਰੋਸ਼ਰ ਦੀ ਮਦਦ ਨਾਲ ਸਿਖਾਓ
1. ਖ਼ੁਸ਼ ਖ਼ਬਰੀ ਬਰੋਸ਼ਰ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਹੈ?
1 ਜੁਲਾਈ ਦੀ ਸਾਡੀ ਰਾਜ ਸੇਵਕਾਈ ਵਿਚ ਦੱਸਿਆ ਗਿਆ ਸੀ ਕਿ ਸਿਖਾਉਣ ਲਈ ਇਕ ਅਹਿਮ ਔਜ਼ਾਰ ਹੈ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ। ਇਸ ਵਿਚ ਸਿਰਫ਼ ਹਵਾਲਿਆਂ ਦਾ ਜ਼ਿਕਰ ਕੀਤਾ ਗਿਆ ਹੈ ਤਾਂਕਿ ਘਰ-ਮਾਲਕ ਆਪ ਬਾਈਬਲ ਤੋਂ ਇਹ ਆਇਤਾਂ ਪੜ੍ਹ ਸਕੇ। ਭਾਵੇਂ ਕਿ ਸਟੱਡੀ ਕਰਾਉਣ ਲਈ ਵਰਤੇ ਜਾਂਦੇ ਕਈ ਪ੍ਰਕਾਸ਼ਨ ਅਜਿਹੇ ਤਰੀਕੇ ਨਾਲ ਲਿਖੇ ਗਏ ਹਨ ਤਾਂਕਿ ਲੋਕ ਆਪ ਸਿੱਖ ਸਕਣ, ਪਰ ਇਹ ਬਰੋਸ਼ਰ ਲੋਕਾਂ ਨਾਲ ਚਰਚਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਲਈ ਜਦੋਂ ਅਸੀਂ ਇਹ ਬਰੋਸ਼ਰ ਦਿੰਦੇ ਹਾਂ, ਤਾਂ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ ਤਾਂਕਿ ਘਰ-ਮਾਲਕ ਦੇਖ ਸਕੇ ਕਿ ਬਾਈਬਲ ਤੋਂ ਖ਼ੁਸ਼ ਖ਼ਬਰੀ ਸਿੱਖ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ।—ਮੱਤੀ 13:44.
2. ਅਸੀਂ ਪਹਿਲੀ ਵਾਰ ਲੋਕਾਂ ਨੂੰ ਮਿਲਣ ਤੇ ਖ਼ੁਸ਼ ਖ਼ਬਰੀ ਬਰੋਸ਼ਰ ਨੂੰ ਕਿਵੇਂ ਵਰਤ ਸਕਦੇ ਹਾਂ?
2 ਪਹਿਲੀ ਵਾਰ ਮਿਲਣ ਤੇ: ਤੁਸੀਂ ਕਹਿ ਸਕਦੇ ਹੋ: “ਲੋਕ ਸੋਚਦੇ ਹਨ ਕਿ ਇਸ ਦੁਨੀਆਂ ਦਾ ਕੀ ਬਣੇਗਾ। ਤੁਹਾਡੇ ਖ਼ਿਆਲ ਵਿਚ ਕੀ ਹਾਲਾਤ ਕਦੇ ਸੁਧਰਨਗੇ? [ਜਵਾਬ ਲਈ ਸਮਾਂ ਦਿਓ।] ਜਿਸ ਖ਼ੁਸ਼ ਖ਼ਬਰੀ ਤੋਂ ਸਾਨੂੰ ਉਮੀਦ ਦੀ ਕਿਰਨ ਮਿਲਦੀ ਹੈ, ਉਹ ਖ਼ੁਸ਼ ਖ਼ਬਰੀ ਸਾਡੇ ਸਿਰਜਣਹਾਰ ਵੱਲੋਂ ਹੈ। ਸਾਨੂੰ ਇਨ੍ਹਾਂ ਕੁਝ ਸਵਾਲਾਂ ਦੇ ਜਵਾਬ ਮਿਲਦੇ ਹਨ।” ਘਰ-ਮਾਲਕ ਨੂੰ ਬਰੋਸ਼ਰ ਦਿਓ ਅਤੇ ਉਸ ਨੂੰ ਅਖ਼ੀਰਲੇ ਸਫ਼ੇ ਤੋਂ ਇਕ ਸਵਾਲ ਚੁਣਨ ਲਈ ਕਹੋ। ਫਿਰ ਉਸ ਪਾਠ ਦੇ ਪਹਿਲੇ ਪੈਰੇ ਨੂੰ ਵਰਤ ਕੇ ਦਿਖਾਓ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਇਕ ਹੋਰ ਤਰੀਕਾ ਹੈ ਕਿ ਤੁਸੀਂ ਆਪ ਕੋਈ ਪਾਠ ਚੁਣ ਕੇ ਉਸ ਵਿੱਚੋਂ ਕੋਈ ਦਿਲਚਸਪੀ ਜਗਾਉਣ ਵਾਲਾ ਸਵਾਲ ਪੁੱਛੋ। ਫਿਰ ਦਿਖਾਓ ਕਿ ਇਹ ਬਰੋਸ਼ਰ ਪਰਮੇਸ਼ੁਰ ਦੇ ਬਚਨ ਵਿੱਚੋਂ ਜਵਾਬ ਜਾਣਨ ਵਿਚ ਉਸ ਦੀ ਕਿਵੇਂ ਮਦਦ ਕਰ ਸਕਦਾ ਹੈ। ਜੇ ਉਸ ਪਾਠ ਨਾਲ ਮਿਲਦਾ-ਜੁਲਦਾ ਕੋਈ ਵੀਡੀਓ jw.org ʼਤੇ ਹੈ, ਤਾਂ ਕੁਝ ਪਬਲੀਸ਼ਰ ਉਸ ਵੇਲੇ ਇਹ ਵੀਡੀਓ ਦਿਖਾਉਂਦੇ ਹਨ।
3. ਸਮਝਾਓ ਕਿ ਖ਼ੁਸ਼ ਖ਼ਬਰੀ ਬਰੋਸ਼ਰ ਵਰਤ ਕੇ ਸਟੱਡੀ ਕਿਵੇਂ ਕਰਾਈ ਜਾ ਸਕਦੀ ਹੈ?
3 ਸਟੱਡੀ ਕਿਵੇਂ ਕਰਾਈਏ: (1) ਮੋਟੇ ਅੱਖਰਾਂ ਵਿਚ ਦਿੱਤਾ ਸਵਾਲ ਪੜ੍ਹੋ ਤਾਂਕਿ ਘਰ-ਮਾਲਕ ਮੁੱਖ ਨੁਕਤੇ ʼਤੇ ਧਿਆਨ ਦੇ ਸਕੇ। (2) ਫਿਰ ਉਸ ਤੋਂ ਹੇਠਾਂ ਪੈਰਾ ਪੜ੍ਹੋ। (3) ਟੇਢੇ ਟਾਈਪ ਵਾਲੇ ਹਵਾਲਿਆਂ ਨੂੰ ਪੜ੍ਹੋ ਅਤੇ ਧਿਆਨ ਨਾਲ ਅਜਿਹੇ ਸਵਾਲ ਪੁੱਛੋ ਜਿਨ੍ਹਾਂ ਦੀ ਮਦਦ ਨਾਲ ਘਰ-ਮਾਲਕ ਦੇਖ ਸਕੇ ਕਿ ਇਨ੍ਹਾਂ ਹਵਾਲਿਆਂ ਤੋਂ ਸਵਾਲ ਦਾ ਜਵਾਬ ਕਿਵੇਂ ਮਿਲਦਾ ਹੈ। (4) ਜੇ ਉਸ ਸਵਾਲ ਥੱਲੇ ਇਕ ਹੋਰ ਪੈਰਾ ਹੈ, ਤਾਂ ਦੂਜਾ ਤੇ ਤੀਜਾ ਤਰੀਕਾ ਦੁਬਾਰਾ ਦੁਹਰਾਓ। ਜੇ ਸਵਾਲ ਦੇ ਨਾਲ ਮਿਲਦਾ-ਜੁਲਦਾ ਕੋਈ ਵੀਡੀਓ ਹੈ ਅਤੇ ਤੁਸੀਂ ਘਰ-ਮਾਲਕ ਨੂੰ ਹਾਲੇ ਨਹੀਂ ਦਿਖਾਇਆ, ਤਾਂ ਚਰਚਾ ਦੌਰਾਨ ਕਿਸੇ ਵੇਲੇ ਦਿਖਾਓ। (5) ਅਖ਼ੀਰ ਵਿਚ ਘਰ-ਮਾਲਕ ਤੋਂ ਜਵਾਬ ਪੁੱਛੋ ਜਿਸ ਤੋਂ ਪਤਾ ਲੱਗੇਗਾ ਕਿ ਉਹ ਪੁੱਛੇ ਸਵਾਲ ਨੂੰ ਸਮਝ ਗਿਆ ਹੈ।
4. ਅਸੀਂ ਕਿਹੜੀ ਗੱਲ ਦੀ ਮਦਦ ਨਾਲ ਬਰੋਸ਼ਰ ਨੂੰ ਵਰਤਣ ਵਿਚ ਮਾਹਰ ਬਣਾਂਗੇ?
4 ਇਸ ਬਰੋਸ਼ਰ ਤੋਂ ਵਾਕਫ਼ ਹੋਵੋ। ਹਰ ਢੁਕਵੇਂ ਮੌਕੇ ਤੇ ਇਸ ਨੂੰ ਵਰਤੋ। ਹਰ ਵਾਰ ਸਟੱਡੀ ਕਰਾਉਣ ਤੋਂ ਪਹਿਲਾਂ ਵਿਦਿਆਰਥੀ ਬਾਰੇ ਸੋਚੋ ਅਤੇ ਗੌਰ ਕਰੋ ਕਿ ਤੁਸੀਂ ਪਾਠ ਵਿਚ ਦਿੱਤੇ ਹਵਾਲਿਆਂ ਨੂੰ ਵਰਤ ਕੇ ਉਸ ਨਾਲ ਕਿਵੇਂ ਗੱਲ ਕਰੋਗੇ। (ਕਹਾ. 15:28; ਰਸੂ. 17:2, 3) ਜਿੱਦਾਂ-ਜਿੱਦਾਂ ਤੁਸੀਂ ਇਸ ਬਰੋਸ਼ਰ ਨੂੰ ਵਰਤਣ ਵਿਚ ਮਾਹਰ ਹੋ ਜਾਓਗੇ, ਤਾਂ ਇਹ ਲੋਕਾਂ ਨੂੰ ਸੱਚਾਈ ਸਿਖਾਉਣ ਲਈ ਤੁਹਾਡਾ ਮਨ-ਪਸੰਦ ਬਰੋਸ਼ਰ ਬਣ ਜਾਵੇਗਾ!