ਕਲੀਸਿਯਾ ਸਭਾਵਾਂ ਵਿਚ—ਪੂਰਾ ਹਿੱਸਾ ਲੈਣ ਦੇ ਲਈ ਪਰਿਵਾਰ ਦੇ ਮੈਂਬਰ ਕਿਵੇਂ ਸਹਿਯੋਗ ਦਿੰਦੇ ਹਨ
1 ਮਸੀਹੀ ਪਰਿਵਾਰਾਂ ਨੂੰ ਕਲੀਸਿਯਾ ਸਭਾਵਾਂ ਵਿਚ ਇਕੱਠੇ ਹੋਣ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। (ਇਬ. 10:24, 25) ਚੰਗੇ ਸਹਿਯੋਗ ਦੇ ਨਾਲ, ਸਾਰੇ ਮੈਂਬਰ ਸਭਾਵਾਂ ਦੀ ਤਿਆਰੀ ਕਰਨ, ਉਨ੍ਹਾਂ ਵਿਚ ਹਾਜ਼ਰ ਹੋਣ, ਅਤੇ ਹਿੱਸਾ ਲੈਣ ਵਿਚ ਸਫ਼ਲ ਹੋ ਸਕਦੇ ਹਨ। ਹਰ ਪਰਿਵਾਰ ਦੇ ਹਾਲਾਤ ਅਲੱਗ-ਅਲੱਗ ਹੁੰਦੇ ਹਨ। ਭਾਵੇਂ ਕਿ ਘਰ ਵਿਚ ਕਿੰਨੇ ਹੀ ਬੱਚੇ ਕਿਉਂ ਨਾ ਹੋਣ ਅਤੇ ਉਹ ਕਿਸੇ ਵੀ ਉਮਰ ਦੇ ਕਿਉਂ ਨਾ ਹੋਣ, ਫਿਰ ਵੀ ਇਕ ਮਸੀਹੀ ਪਤੀ, ਇਕ ਵਿਸ਼ਵਾਸੀ ਪਤਨੀ, ਜਾਂ ਇਕੱਲੀ ਮਾਤਾ ਜਾਂ ਪਿਤਾ ਅਧਿਆਤਮਿਕ ਮਾਮਲਿਆਂ ਵਿਚ ਪਰਿਵਾਰ ਨੂੰ ਇਕਮੁੱਠ ਰੱਖਣ ਵਾਸਤੇ ਕੁਝ ਕਦਮ ਚੁੱਕ ਸਕਦੇ ਹਨ।—ਕਹਾ. 1:8.
2 ਤਿਆਰੀ ਕਰਨ ਲਈ ਸਮਾਂ ਕੱਢੋ: ਪਰਿਵਾਰ ਦੇ ਮੈਂਬਰ ਇਕ ਦੂਸਰੇ ਨੂੰ ਸਹਿਯੋਗ ਦਿੰਦੇ ਹਨ ਤਾਂਕਿ ਹਰੇਕ ਮੈਂਬਰ ਕਲੀਸਿਯਾ ਸਭਾਵਾਂ ਲਈ ਚੰਗੀ ਤਰ੍ਹਾਂ ਨਾਲ ਤਿਆਰ ਹੋਵੇ। ਕਈ ਪਰਿਵਾਰਾਂ ਵਿਚ ਸਾਰੇ ਮੈਂਬਰ ਇਕੱਠੇ ਮਿਲ ਕੇ ਹਫ਼ਤਾਵਾਰ ਪਹਿਰਾਬੁਰਜ ਅਧਿਐਨ ਲੇਖ ਦੀ ਚਰਚਾ ਕਰਦੇ ਹਨ। ਕੁਝ ਪਰਿਵਾਰਾਂ ਵਿਚ ਸਾਰੇ ਮੈਂਬਰ ਇਕੱਠੇ ਮਿਲ ਕੇ ਕਲੀਸਿਯਾ ਪੁਸਤਕ ਅਧਿਐਨ ਦੀ ਤਿਆਰੀ ਕਰਦੇ ਹਨ ਜਾਂ ਹਫ਼ਤਾਵਾਰ ਬਾਈਬਲ ਪਠਨ ਕਰਦੇ ਹਨ। ਇਸ ਦਾ ਉਦੇਸ਼ ਸਭਾਵਾਂ ਵਿਚ ਆਉਣ ਤੋਂ ਪਹਿਲਾਂ ਹੀ ਮੁੱਖ ਨੁਕਤਿਆਂ ਨੂੰ ਮਨ ਵਿਚ ਰੱਖਣਾ ਹੈ। ਇਸ ਤਰ੍ਹਾਂ ਕਰਨ ਨਾਲ, ਸਾਰੇ ਮੈਂਬਰ ਸਿਖਾਈਆਂ ਜਾ ਰਹੀਆਂ ਗੱਲਾਂ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨਗੇ ਅਤੇ ਮੌਕਾ ਮਿਲਣ ਤੇ ਹਿੱਸਾ ਲੈਣ ਲਈ ਤਿਆਰ ਰਹਿਣਗੇ।—1 ਤਿਮੋ. 4:15.
3 ਹਿੱਸਾ ਲੈਣ ਦੀ ਯੋਜਨਾ ਬਣਾਓ: ਪਰਿਵਾਰ ਵਿਚ ਹਰ ਕਿਸੇ ਦਾ ਇਹ ਉਦੇਸ਼ ਹੋਣਾ ਚਾਹੀਦਾ ਹੈ ਕਿ ਉਹ ਸਭਾਵਾਂ ਵਿਚ ਟਿੱਪਣੀਆਂ ਦੇਣ ਦੁਆਰਾ ਦੂਜਿਆਂ ਦੇ ਸਾਮ੍ਹਣੇ ਆਪਣੀ ਆਸ ਦਾ ਇਕਰਾਰ ਕਰੇ। (ਇਬ. 10:23) ਕੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਸ ਤਰ੍ਹਾਂ ਕਰਨ ਲਈ ਮਦਦ ਜਾਂ ਉਤਸ਼ਾਹ ਦੀ ਲੋੜ ਹੈ? ਦੈਵ-ਸ਼ਾਸਕੀ ਸੇਵਕਾਈ ਸਕੂਲ ਦੀਆਂ ਨਿਯੁਕਤੀਆਂ ਤਿਆਰ ਕਰਨ ਲਈ ਹਰ ਇਕ ਮੈਂਬਰ ਨੂੰ ਕਿਹੜੀ ਮਦਦ ਦੀ ਲੋੜ ਹੈ? ਜਦੋਂ ਪਤੀ ਦਿਲਚਸਪੀ ਦਿਖਾਉਂਦੇ ਹਨ ਅਤੇ ਸ਼ਾਇਦ ਇਕ ਢੁਕਵੀਂ ਉਦਾਹਰਣ ਜਾਂ ਇਕ ਵਿਵਹਾਰਕ ਸੈਟਿੰਗ ਦਾ ਸੁਝਾਅ ਪੇਸ਼ ਕਰਦੇ ਹਨ ਤਾਂ ਪਤਨੀਆਂ ਇਸ ਗੱਲ ਦੀ ਕਦਰ ਕਰਦੀਆਂ ਹਨ। ਮਾਪਿਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੇ ਛੋਟੇ ਬੱਚਿਆਂ ਦੀਆਂ ਨਿਯੁਕਤੀਆਂ ਨੂੰ ਤਿਆਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਬੱਚੇ ਕਦੇ ਵੀ ਤਰੱਕੀ ਨਹੀਂ ਕਰ ਪਾਉਣਗੇ। ਪਰ ਮਾਪੇ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ ਅਤੇ ਜਦੋਂ ਉਹ ਉੱਚੀ ਆਵਾਜ਼ ਵਿਚ ਆਪਣੀ ਨਿਯੁਕਤੀ ਦੀ ਪ੍ਰੈਕਟਿਸ ਕਰਦੇ ਹਨ, ਤਾਂ ਉਹ ਇਨ੍ਹਾਂ ਨੂੰ ਸੁਣ ਸਕਦੇ ਹਨ।—ਅਫ਼. 6:4.
4 ਹਾਜ਼ਰ ਹੋਣ ਦੀ ਯੋਜਨਾ ਬਣਾਓ: ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾ ਸਕਦਾ ਹੈ ਕਿ ਉਹ ਸਭਾ ਲਈ ਜਾਣ ਲਈ ਮਿੱਥੇ ਗਏ ਸਮੇਂ ਤੇ ਤਿਆਰ ਰਹਿਣ। ਪਰਿਵਾਰ ਦੇ ਮੈਂਬਰਾਂ ਨੂੰ ਘਰ ਦੇ ਕੰਮਾਂ ਦੀ ਦੇਖ-ਭਾਲ ਕਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ, ਤਾਂਕਿ ਕੋਈ ਦੇਰੀ ਨਾ ਹੋਵੇ।—ਪੁਸਤਕ ਪਰਿਵਾਰਕ ਖ਼ੁਸ਼ੀ, ਸਫ਼ਾ 112, ਅਤੇ ਨੌਜਵਾਨਾਂ ਦੇ ਸਵਾਲ (ਅੰਗ੍ਰੇਜ਼ੀ), ਸਫ਼ੇ 316-317 ਵਿਚ ਦਿੱਤੇ ਸੁਝਾਵਾਂ ਨੂੰ ਦੇਖੋ।
5 ਮਾਪੇ ਅਤੇ ਬੱਚੇ ਦੋਵੇਂ, ਪ੍ਰਾਚੀਨ ਸਮੇਂ ਦੇ ਯਹੋਸ਼ੁਆ ਦੇ ਸ਼ਬਦਾਂ ਉੱਤੇ ਵਿਚਾਰ ਕਰ ਸਕਦੇ ਹਨ, ਜਿਸ ਨੇ ਕਿਹਾ ਸੀ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।” ਤਾਂ ਫਿਰ ਕਲੀਸਿਯਾ ਸਭਾਵਾਂ ਵਿਚ ਪੂਰਾ ਹਿੱਸਾ ਲੈਣ ਦੇ ਲਈ ਸਹਿਯੋਗ ਦੇਣ ਦਾ ਪੱਕਾ ਇਰਾਦਾ ਕਰੋ।—ਯਹੋ. 24:15.