ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ
1 ਸਾਡੇ ਕੋਲ ‘ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਣ’ ਦਾ ਕਿੰਨਾ ਹੀ ਅਨੋਖਾ ਵਿਸ਼ੇਸ਼-ਸਨਮਾਨ ਹੈ! (ਰੋਮੀ. 10:15) ਸਾਡੇ ਕੋਲ ਉਨ੍ਹਾਂ ਲੋਕਾਂ ਨਾਲ ਸਾਂਝਾ ਕਰਨ ਲਈ ਇਕ ਉਤਸ਼ਾਹਜਨਕ ਸੰਦੇਸ਼ ਹੈ ਜੋ ਇਨ੍ਹਾਂ ਗੜਬੜੀ ਭਰੇ ਅਤੇ ਨਿਰਾਸ਼ਾ ਭਰੇ ਹਾਲਾਤਾਂ ਵਿਚ ਜੀ ਰਹੇ ਹਨ। ਅਸੀਂ ਉਨ੍ਹਾਂ ਦੀ ਇਹ ਜਾਣਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਕਿ ਅਸੀਂ ਉਨ੍ਹਾਂ ਨੂੰ “ਭਲਿਆਈ ਦੀ ਖੁਸ਼ ਖਬਰੀ” ਸੁਣਾ ਰਹੇ ਹਾਂ? (ਟੇਢੇ ਟਾਈਪ ਸਾਡੇ।)—ਯਸਾ. 52:7.
2 ਇਕ ਖ਼ੁਸ਼ੀ ਵਾਲਾ ਸੰਦੇਸ਼ ਤਿਆਰ ਕਰੋ: ਜੇ ਅਸੀਂ ਉਤਸ਼ਾਹਜਨਕ ਗੱਲਾਂ ਉੱਤੇ ਧਿਆਨ ਕੇਂਦ੍ਰਿਤ ਕਰੀਏ, ਤਾਂ ਸੇਵਕਾਈ ਵਿਚ ਸਾਡੀ ਗੱਲ-ਬਾਤ ਦਾ ਲੋਕਾਂ ਉੱਤੇ ਚੰਗਾ ਅਸਰ ਪਵੇਗਾ। ਇਸ ਲਈ, ਜਦੋਂ ਅਸੀਂ ਆਪਣੀ ਕੋਈ ਪੇਸ਼ਕਾਰੀ ਤਿਆਰ ਕਰਦੇ ਹਾਂ ਅਤੇ ਪੇਸ਼ ਕੀਤੇ ਜਾਣ ਵਾਲੇ ਪ੍ਰਕਾਸ਼ਨ ਨੂੰ ਪੜ੍ਹਦੇ ਹਾਂ, ਤਾਂ ਸਾਨੂੰ ਖ਼ੁਸ਼ੀ ਦੇ ਸੰਦੇਸ਼ ਵੱਲ ਧਿਆਨ ਦੇਣਾ ਚਾਹੀਦਾ ਹੈ। ਆਪਣੀ ਬਾਈਬਲ-ਆਧਾਰਿਤ ਆਸ਼ਾ ਬਾਰੇ ਵਿਸ਼ਵਾਸ ਅਤੇ ਜੋਸ਼ ਨਾਲ ਦੱਸਣ ਦੁਆਰਾ, ਅਸੀਂ ਆਸ ਰੱਖ ਸਕਦੇ ਹਾਂ ਕਿ ਸਾਨੂੰ ਉਤਸ਼ਾਹਜਨਕ ਸਿੱਟੇ ਮਿਲਣਗੇ।—ਕਹਾ. 25:11.
3 ਜਦੋਂ ਲੋਕ ਇਹ ਦੱਸਦੇ ਹਨ ਕਿ ਉਹ ਦੁਨੀਆਂ ਦੇ ਵਿਗੜ ਰਹੇ ਹਾਲਾਤਾਂ ਤੋਂ ਕਿਵੇਂ ਪ੍ਰਭਾਵਿਤ ਹੋਏ ਹਨ, ਤਾਂ ਉਦੋਂ ਅਸੀਂ ਉਨ੍ਹਾਂ ਪ੍ਰਤੀ ਹਮਦਰਦੀ ਦਿਖਾਉਂਦੇ ਹਾਂ। ਪਰ ਉਸ ਵੇਲੇ ਸਾਨੂੰ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਮਨੁੱਖੀ ਸਮੱਸਿਆਵਾਂ ਦਾ ਅਸਲੀ ਹੱਲ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਹੈ। ਜਦੋਂ ਅਸੀਂ ਯਹੋਵਾਹ ਦੇ ਆ ਰਹੇ “ਬਦਲਾ ਲੈਣ ਦੇ ਦਿਨ” ਬਾਰੇ ਗੱਲ-ਬਾਤ ਕਰਦੇ ਹਾਂ, ਤਾਂ ਵੀ ਸਾਨੂੰ ਉਨ੍ਹਾਂ ਨੂੰ ਦਿਖਾਉਣਾ ਚਾਹੀਦਾ ਹੈ ਕਿ ਕਿਵੇਂ ਇਸ ਦਿਨ ਦਾ ਆਉਣਾ ਮਨ ਦੇ ਗ਼ਰੀਬ ਲੋਕਾਂ ਲਈ ਇਕ “ਖੁਸ਼ ਖਬਰੀ” ਹੈ। (ਯਸਾ. 61:1, 2) ਅਸੀਂ ਆਪਣੇ ਸੁਣਨ ਵਾਲਿਆਂ ਨੂੰ ਭਰੋਸਾ ਦਿਵਾ ਸਕਦੇ ਹਾਂ ਕਿ ਯਹੋਵਾਹ ਜੋ ਵੀ ਕਰਦਾ ਹੈ ਉਹ ਹਮੇਸ਼ਾ ਸਾਡੀ ਭਲਿਆਈ ਲਈ ਹੁੰਦਾ ਹੈ ਅਤੇ ਇਸ ਦਾ ਨਤੀਜਾ ਹਮੇਸ਼ਾ ਚੰਗਾ ਹੀ ਨਿਕਲਦਾ ਹੈ।
4 ਸੱਚੀ ਖ਼ੁਸ਼ੀ ਨਾਲ ਸੱਚਾਈ ਸੁਣਾਓ: ਜਦੋਂ ਲੋਕ ਸਾਡੇ ਹਸਮੁਖ ਚਿਹਰੇ ਨੂੰ ਅਤੇ ਸਾਨੂੰ ਪੂਰੇ ਭਰੋਸੇ ਨਾਲ ਬੋਲਦਿਆਂ ਦੇਖਦੇ ਹਨ, ਤਾਂ ਉਹ ਹੋਰ ਜ਼ਿਆਦਾ ਦਿਲਚਸਪੀ ਨਾਲ ਸਾਡੀ ਗੱਲ ਸੁਣਦੇ ਹਨ। ਜੇ ਅਸੀਂ ਆਸ਼ਾਵਾਦੀ ਰਵੱਈਆ ਦਿਖਾਉਂਦੇ ਹਾਂ, ਤਾਂ ਸਾਡੇ ਸੁਣਨ ਵਾਲੇ ਸਮਝ ਸਕਣਗੇ ਕਿ ਅਸੀਂ “ਆਸਾ ਵਿੱਚ ਅਨੰਦ” ਕਰਦੇ ਹਾਂ। (ਰੋਮੀ. 12:12) ਇਸ ਲਈ ਹੋ ਸਕਦਾ ਹੈ ਕਿ ਉਹ ਖ਼ੁਸ਼ ਖ਼ਬਰੀ ਨੂੰ ਹੋਰ ਜ਼ਿਆਦਾ ਧਿਆਨ ਨਾਲ ਸੁਣਨ। ਯਕੀਨਨ, ਸਾਡੇ ਕੋਲ ਚੰਗਾ ਕਾਰਨ ਹੈ ਕਿ ਅਸੀਂ ਆਪਣੀ ਸੇਵਕਾਈ ਦੇ ਹਰ ਪਹਿਲੂ ਵਿਚ ਹਮੇਸ਼ਾ ਆਸ਼ਾਵਾਦੀ ਤੇ ਖ਼ੁਸ਼ੀ ਵਾਲਾ ਰਵੱਈਆ ਦਿਖਾਈਏ।
5 ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਵਜੋਂ ਅਸੀਂ ਸਿਰਫ਼ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਦਿੰਦੇ ਹਾਂ। ਕਿਉਂਕਿ ਸਾਡਾ ਪ੍ਰਚਾਰ ਕੰਮ ਸਿਰਫ਼ ਹੁਣ ਲਈ ਹੀ ਨਹੀਂ ਸਗੋਂ ਇਹ ਭਵਿੱਖ ਲਈ ਵੀ ਇਕ ਬਿਹਤਰ ਜ਼ਿੰਦਗੀ ਦੀ ਪੱਕੀ ਆਸ਼ਾ ਦਿੰਦਾ ਹੈ। (1 ਤਿਮੋ. 4:8) ਹਰੇਕ ਵਿਅਕਤੀ ਨੂੰ ਮਿਲਦੇ ਸਮੇਂ ਅਸੀਂ ਜੋ ਕੁਝ ਵੀ ਕਹਿੰਦੇ ਹਾਂ, ਉਸ ਤੋਂ ਸਾਡਾ ਖ਼ੁਸ਼ ਰਵੱਈਆ ਜ਼ਾਹਰ ਹੋਣਾ ਚਾਹੀਦਾ ਹੈ ਜੋ ਲੋਕਾਂ ਨੂੰ ਖ਼ੁਸ਼ ਖ਼ਬਰੀ ਕਬੂਲ ਕਰਨ ਵਿਚ ਮਦਦ ਦੇਵੇਗਾ। ਇਸ ਗੱਲ ਨੂੰ ਧਿਆਨ ਵਿਚ ਰੱਖਣ ਦੁਆਰਾ ਕਿ ਅਸੀਂ ਕੀ ਕਹਿੰਦੇ ਹਾਂ ਅਤੇ ਕਿਵੇਂ ਕਹਿੰਦੇ ਹਾਂ, ਆਓ ਆਪਾਂ ਨੇਕਦਿਲ ਵਿਅਕਤੀਆਂ ਨੂੰ ਇਹ ਵਧੀਆ ਖ਼ੁਸ਼ ਖ਼ਬਰੀ ਕਬੂਲ ਕਰਨ ਲਈ ਉਤਸ਼ਾਹਿਤ ਕਰੀਏ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ!