ਖ਼ੁਸ਼ਦਿਲ ਪਰਮੇਸ਼ੁਰ ਯਹੋਵਾਹ ਦੀ ਨਕਲ ਕਰੋ
1 ਯਹੋਵਾਹ ਦਿਲੋਂ ਚਾਹੁੰਦਾ ਹੈ ਕਿ ਲੋਕ ਖ਼ੁਸ਼ ਰਹਿਣ। ਇਸ ਲਈ ਉਸ ਨੇ ਆਪਣੇ ਬਚਨ ਵਿਚ ਵਾਅਦਾ ਕੀਤਾ ਹੈ ਕਿ ਭਵਿੱਖ ਵਿਚ ਉਹ ਸਾਨੂੰ ਬਹੁਤ ਸਾਰੀਆਂ ਬਰਕਤਾਂ ਦੇਵੇਗਾ। (ਯਸਾ. 65:21-25) ਇਹ ਵਾਕਈ ਖ਼ੁਸ਼ੀ ਦੀ ਖ਼ਬਰ ਹੈ। ਲੋਕਾਂ ਨੂੰ ਨਜ਼ਰ ਆਉਣਾ ਚਾਹੀਦਾ ਹੈ ਕਿ “ਪਰਮਧੰਨ ਪਰਮੇਸ਼ੁਰ ਦੇ ਪਰਤਾਪ ਦੀ ਖੁਸ਼ ਖਬਰੀ” ਸੁਣਾ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ। (1 ਤਿਮੋ. 1:11) ਜਿਸ ਤਰੀਕੇ ਨਾਲ ਅਸੀਂ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਦਿੰਦੇ ਹਾਂ, ਉਸ ਤੋਂ ਜ਼ਾਹਰ ਹੋਣਾ ਚਾਹੀਦਾ ਹੈ ਕਿ ਸਾਨੂੰ ਸੱਚਾਈ ਨਾਲ ਪਿਆਰ ਹੈ ਅਤੇ ਅਸੀਂ ਲੋਕਾਂ ਦਾ ਭਲਾ ਚਾਹੁੰਦੇ ਹਾਂ।—ਰੋਮੀ. 1:14-16.
2 ਇਹ ਸੱਚ ਹੈ ਕਿ ਕਦੇ-ਕਦੇ ਖ਼ੁਸ਼-ਮਿਜ਼ਾਜ ਰਵੱਈਆ ਰੱਖਣਾ ਔਖਾ ਹੁੰਦਾ ਹੈ। ਕੁਝ ਇਲਾਕਿਆਂ ਵਿਚ ਬਹੁਤ ਘੱਟ ਲੋਕ ਸਾਡਾ ਸੰਦੇਸ਼ ਸੁਣਦੇ ਹਨ। ਇਸ ਦੇ ਨਾਲ-ਨਾਲ, ਕਈ ਵਾਰ ਅਸੀਂ ਖ਼ੁਦ ਆਪਣੇ ਹੀ ਮੁਸ਼ਕਲ ਹਾਲਾਤਾਂ ਨਾਲ ਸਿੱਝ ਰਹੇ ਹੁੰਦੇ ਹਾਂ। ਅਜਿਹੀ ਹਾਲਤ ਵਿਚ ਆਪਣੀ ਖ਼ੁਸ਼ੀ ਬਰਕਰਾਰ ਰੱਖਣ ਲਈ ਸਾਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਸਾਡੇ ਇਲਾਕੇ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਸੁਣਨੀ ਅਤੇ ਸਮਝਣੀ ਕਿੰਨੀ ਜ਼ਰੂਰੀ ਹੈ। (ਰੋਮੀ. 10:13, 14, 17) ਇਸ ਗੱਲ ਤੇ ਸੋਚ-ਵਿਚਾਰ ਕਰਨ ਨਾਲ ਅਸੀਂ ਮੁਕਤੀ ਲਈ ਕੀਤੇ ਯਹੋਵਾਹ ਦੇ ਪ੍ਰਬੰਧਾਂ ਬਾਰੇ ਖ਼ੁਸ਼ੀ-ਖ਼ੁਸ਼ੀ ਦੱਸਦੇ ਰਹਾਂਗੇ।
3 ਚੰਗੀਆਂ ਗੱਲਾਂ ਦੱਸੋ: ਸਾਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਕੀ ਕਹਿੰਦੇ ਹਾਂ। ਅਸੀਂ ਸ਼ਾਇਦ ਹਾਲ ਹੀ ਵਿਚ ਖੜ੍ਹੀ ਹੋਈ ਕਿਸੇ ਸਮੱਸਿਆ ਜਾਂ ਕਿਸੇ ਤਾਜ਼ਾ ਖ਼ਬਰ ਬਾਰੇ ਦੱਸ ਕੇ ਗੱਲ ਸ਼ੁਰੂ ਕਰੀਏ, ਪਰ ਸਾਨੂੰ ਨਿਰਾਸ਼ਾਜਨਕ ਗੱਲਾਂ ਉੱਤੇ ਜ਼ਿਆਦਾ ਜ਼ੋਰ ਨਹੀਂ ਦੇਣਾ ਚਾਹੀਦਾ। ਸਾਡਾ ਕੰਮ ਲੋਕਾਂ ਨੂੰ “ਭਲਿਆਈ ਦੀ ਖੁਸ਼ ਖਬਰੀ” ਸੁਣਾਉਣਾ ਹੈ। (ਯਸਾ. 52:7; ਰੋਮੀ. 10:15) ਇਹ ਸੁਨਹਿਰੇ ਭਵਿੱਖ ਬਾਰੇ ਪਰਮੇਸ਼ੁਰ ਦੇ ਵਾਅਦਿਆਂ ਦੀ ਖ਼ੁਸ਼ ਖ਼ਬਰੀ ਹੈ। (2 ਪਤ. 3:13) ਇਹ ਗੱਲ ਧਿਆਨ ਵਿਚ ਰੱਖਦਿਆਂ ਬਾਈਬਲ ਵਿੱਚੋਂ ਤਾਜ਼ਾ ਦਮ ਕਰ ਦੇਣ ਵਾਲੇ ਹਵਾਲੇ ਪੜ੍ਹ ਕੇ ‘ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹੋ।’ (ਯਸਾ. 61:1, 2) ਇਸ ਤਰ੍ਹਾਂ ਅਸੀਂ ਖ਼ੁਸ਼-ਮਿਜ਼ਾਜ ਰਵੱਈਆ ਬਰਕਰਾਰ ਰੱਖ ਸਕਾਂਗੇ।
4 ਲੋਕ ਸਾਫ਼ ਦੇਖ ਸਕਣਗੇ ਕਿ ਅਸੀਂ ਖ਼ੁਸ਼ੀ ਨਾਲ ਪ੍ਰਚਾਰ ਕਰਦੇ ਹਾਂ। ਇਸ ਲਈ ਆਓ ਆਪਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਵੇਲੇ ਆਪਣੇ “ਪਰਮਧੰਨ” ਯਾਨੀ ਖ਼ੁਸ਼ਦਿਲ ਪਰਮੇਸ਼ੁਰ ਯਹੋਵਾਹ ਦੀ ਨਕਲ ਕਰੀਏ।