ਧਿਆਨ ਨਾਲ ਸੁਣੋ
1 ਧਿਆਨ ਨਾਲ ਸੁਣਨ ਲਈ ਬੜੇ ਸੰਜਮ ਦੀ ਲੋੜ ਪੈਂਦੀ ਹੈ। ਇਸ ਵਿਚ ਇਹ ਵੀ ਜ਼ਰੂਰੀ ਹੈ ਕਿ ਸੁਣਨ ਵਾਲਾ ਦੱਸੀਆਂ ਜਾਂਦੀਆਂ ਗੱਲਾਂ ਤੋਂ ਕੁਝ ਸਿੱਖਣ ਤੇ ਫ਼ਾਇਦਾ ਉਠਾਉਣ ਦੀ ਦਿਲੀ ਇੱਛਾ ਰੱਖਦਾ ਹੋਵੇ। ਇਸੇ ਕਰਕੇ ਯਿਸੂ ਨੇ ਇਸ ਗੱਲ ਤੇ ਜ਼ੋਰ ਦਿੱਤਾ: “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ।”—ਲੂਕਾ 8:18.
2 ਇਹ ਗੱਲ ਖ਼ਾਸ ਕਰਕੇ ਕਲੀਸਿਯਾ ਸਭਾਵਾਂ, ਅਸੈਂਬਲੀਆਂ ਤੇ ਸੰਮੇਲਨਾਂ ਉੱਤੇ ਲਾਗੂ ਹੁੰਦੀ ਹੈ। ਇਨ੍ਹਾਂ ਮੌਕਿਆਂ ਤੇ ਸਾਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। (ਇਬ. 2:1) ਹੇਠਾਂ ਕੁਝ ਨੁਕਤੇ ਦੱਸੇ ਗਏ ਹਨ ਜੋ ਤੁਹਾਨੂੰ ਇਨ੍ਹਾਂ ਮਸੀਹੀ ਇਕੱਠਾਂ ਵਿਚ ਧਿਆਨ ਨਾਲ ਸੁਣਨ ਵਿਚ ਮਦਦ ਕਰਨਗੇ।
◼ ਸਭਾਵਾਂ ਦੀ ਅਹਿਮੀਅਤ ਨੂੰ ਸਮਝੋ। ਇਹ ਸਭਾਵਾਂ “ਮਾਤਬਰ ਮੁਖ਼ਤਿਆਰ” ਰਾਹੀਂ ‘ਯਹੋਵਾਹ ਵੱਲੋਂ ਸਿਖਾਏ’ ਜਾਣ ਦਾ ਇਕ ਮੁੱਖ ਜ਼ਰੀਆ ਹਨ।—ਯਸਾ. 54:13; ਲੂਕਾ 12:42.
◼ ਪਹਿਲਾਂ ਤੋਂ ਹੀ ਤਿਆਰੀ ਕਰੋ। ਚਰਚਾ ਕੀਤੇ ਜਾਣ ਵਾਲੇ ਲੇਖ ਨੂੰ ਪਹਿਲਾਂ ਤੋਂ ਹੀ ਪੜ੍ਹੋ। ਨਾਲੇ ਆਪਣੀ ਬਾਈਬਲ ਤੇ ਅਧਿਐਨ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਆਪਣੇ ਨਾਲ ਜ਼ਰੂਰ ਲਿਆਓ।
◼ ਸਭਾਵਾਂ ਦੌਰਾਨ ਧਿਆਨ ਨਾਲ ਸੁਣਨ ਦੀ ਪੂਰੀ-ਪੂਰੀ ਕੋਸ਼ਿਸ਼ ਕਰੋ। ਆਪਣੇ ਨਾਲ ਬੈਠੇ ਹੋਇਆਂ ਨਾਲ ਗੱਲਾਂ ਨਾ ਕਰੋ ਜਾਂ ਹਾਜ਼ਰੀਨ ਵਿਚ ਲੋਕ ਜੋ ਕੁਝ ਕਰ ਰਹੇ ਹਨ ਉਸ ਵੱਲ ਨਾ ਦੇਖੋ। ਇਹ ਖ਼ਿਆਲ ਵੀ ਮਨ ਵਿਚ ਨਾ ਲਿਆਓ ਕਿ ਤੁਸੀਂ ਸਭਾ ਤੋਂ ਬਾਅਦ ਕੀ-ਕੀ ਕਰਨਾ ਹੈ। ਕਿਉਂਕਿ ਆਪਣੇ ਕੰਮਾਂ ਬਾਰੇ ਸੋਚਣ ਨਾਲ ਤੁਹਾਡਾ ਧਿਆਨ ਭਟਕ ਸਕਦਾ ਹੈ।
◼ ਚਰਚਾ ਕੀਤੇ ਜਾ ਰਹੇ ਵਿਸ਼ੇ ਬਾਰੇ ਧਿਆਨ ਨਾਲ ਸੋਚੋ। ਖ਼ੁਦ ਨੂੰ ਪੁੱਛੋ: ‘ਇਹ ਗੱਲ ਮੇਰੇ ਤੇ ਕਿਵੇਂ ਲਾਗੂ ਹੁੰਦੀ ਹੈ? ਮੈਂ ਇਸ ਨੂੰ ਕਦੋਂ ਲਾਗੂ ਕਰ ਸਕਦਾ ਹਾਂ?’
◼ ਮੁੱਖ ਨੁਕਤਿਆਂ ਅਤੇ ਆਇਤਾਂ ਨੂੰ ਸੰਖੇਪ ਵਿਚ ਲਿਖ ਲਓ। ਇਸ ਨਾਲ ਤੁਹਾਨੂੰ ਚਰਚਾ ਕੀਤੇ ਜਾ ਰਹੇ ਵਿਸ਼ੇ ਤੇ ਧਿਆਨ ਲਾਉਣ ਵਿਚ ਮਦਦ ਮਿਲੇਗੀ। ਨਾਲੇ ਤੁਸੀਂ ਇਨ੍ਹਾਂ ਮੁੱਖ ਗੱਲਾਂ ਨੂੰ ਬਾਅਦ ਵਿਚ ਚੇਤੇ ਰੱਖ ਸਕੋਗੇ।
3 ਆਪਣੇ ਬੱਚਿਆਂ ਨੂੰ ਧਿਆਨ ਨਾਲ ਸੁਣਨਾ ਸਿਖਾਓ: ਬੱਚਿਆਂ ਨੂੰ ਅਧਿਆਤਮਿਕ ਸਿੱਖਿਆ ਦੀ ਲੋੜ ਹੈ। (ਬਿਵ. 31:12) ਪੁਰਾਣੇ ਸਮੇਂ ਵਿਚ ਜਦੋਂ ਪਰਮੇਸ਼ੁਰ ਦੇ ਲੋਕਾਂ ਵਿਚ ਬਿਵਸਥਾ ਪੜ੍ਹੀ ਜਾਂਦੀ ਸੀ, ਤਾਂ ‘ਸੁਣ ਕੇ ਸਮਝ ਸਕਣ’ ਵਾਲੇ ਸਾਰੇ ਲੋਕਾਂ ਨੂੰ ਬੜੇ ਚੌਕਸ ਹੋ ਕੇ ਸੁਣਨਾ ਪੈਂਦਾ ਸੀ। (ਨਹ. 8:1-3) ਜੇ ਮਾਪੇ ਸਭਾਵਾਂ ਵਿਚ ਮਗਨ ਹੋ ਕੇ ਤੇ ਬੜੇ ਧਿਆਨ ਨਾਲ ਸੁਣਦੇ ਹਨ, ਤਾਂ ਉਨ੍ਹਾਂ ਦੇ ਬੱਚੇ ਵੀ ਏਦਾਂ ਹੀ ਕਰਨਗੇ। ਬੱਚਿਆਂ ਦਾ ਦਿਲ ਪਰਚਾਉਣ ਵਾਸਤੇ ਖਿਡੌਣੇ ਤੇ ਡਰਾਇੰਗ ਕਿਤਾਬਾਂ ਲਿਆਉਣੀਆਂ ਚੰਗੀ ਗੱਲ ਨਹੀਂ। ਬੱਚਿਆਂ ਨੂੰ ਐਵੇਂ ਹੀ ਵਾਰ-ਵਾਰ ਬਾਥਰੂਮ ਲਿਜਾਣ ਤੇ ਉਹ ਧਿਆਨ ਨਾਲ ਨਹੀਂ ਸੁਣ ਸਕਣਗੇ। ਕਿਉਂਕਿ “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ,” ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਸਭਾਵਾਂ ਵਿਚ ਚੁੱਪ-ਚਾਪ ਬੈਠ ਕੇ ਸੁਣਨ।—ਕਹਾ. 22:15.
4 ਧਿਆਨ ਨਾਲ ਸੁਣ ਕੇ ਅਸੀਂ ਇਹ ਦਿਖਾਉਂਦੇ ਹਾਂ ਕਿ ਅਸੀਂ ਵਾਕਈ ਬੁੱਧਵਾਨ ਹਾਂ ਤੇ ‘ਆਪਣੇ ਗਿਆਨ ਨੂੰ ਵਧਾਉਣਾ’ ਚਾਹੁੰਦੇ ਹਾਂ।—ਕਹਾ. 1:5.