ਖ਼ੁਸ਼ੀ ਨਾਲ ਪਰਮੇਸ਼ੁਰ ਦੇ ਕੰਮ ਕਰਨ ਵਾਲੇ ਬਣੋ
1 ਯਿਸੂ ਨੇ ਕਿਹਾ ਕਿ ਉਸ ਦੀ ਮੌਜੂਦਗੀ ਦੌਰਾਨ ਜ਼ਿਆਦਾਤਰ ਲੋਕ ਨੂਹ ਦੇ ਦਿਨਾਂ ਵਾਂਗ “ਕੋਈ ਧਿਆਨ ਨਹੀਂ” ਦੇਣਗੇ। (ਮੱਤੀ 24:37-39, ਨਿ ਵ) ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤੇ ਲੋਕ ਰਾਜ ਦੀ ਖ਼ੁਸ਼ ਖ਼ਬਰੀ ਨੂੰ ਨਹੀਂ ਸੁਣਨਗੇ। ਤਾਂ ਫਿਰ ਖ਼ੁਸ਼ੀ-ਖ਼ੁਸ਼ੀ ਨਾਲ ਪ੍ਰਚਾਰ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?—ਜ਼ਬੂ. 100:2.
2 ਪਹਿਲੀ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਸਾਡਾ ਸੰਦੇਸ਼ ਤੇ ਸਾਡਾ ਪ੍ਰਚਾਰ-ਕੰਮ ਦੋਵੇਂ ਹੀ ਪਰਮੇਸ਼ੁਰ ਵੱਲੋਂ ਹਨ। ਜੇ ਸਾਡੀਆਂ ਪੂਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕੋਈ ਨਹੀਂ ਸੁਣਦਾ, ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਵਿਅਕਤੀ ਯਹੋਵਾਹ ਨੂੰ ਠੁਕਰਾਉਂਦਾ ਹੈ। ਜਦੋਂ ਅਸੀਂ ਵਫ਼ਾਦਾਰੀ ਨਾਲ ਪ੍ਰਚਾਰ ਵਿਚ ਲੱਗੇ ਰਹਿੰਦੇ ਹਾਂ, ਤਾਂ ਇਸ ਨਾਲ ਪਰਮੇਸ਼ੁਰ ਖ਼ੁਸ਼ ਹੁੰਦਾ ਹੈ ਤੇ ਇਹੀ ਗੱਲ ਧਿਆਨ ਵਿਚ ਰੱਖਣ ਨਾਲ ਸਾਨੂੰ ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰ ਕੇ ਦਿਲੀ ਖ਼ੁਸ਼ੀ ਮਿਲੇਗੀ।—ਯਾਕੂ. 1:25.
3 ਦੂਜੀ ਗੱਲ ਇਹ ਕਿ ਅਜੇ ਵੀ ਕੁਝ ਲੋਕ ਯਹੋਵਾਹ ਦੇ ਮੁਕਤੀ ਦੇ ਇੰਤਜ਼ਾਮ ਨੂੰ ਸਵੀਕਾਰ ਕਰਨਗੇ। ਹਾਲਾਂਕਿ ਜ਼ਿਆਦਾਤਰ ਲੋਕ ਸਾਡੇ ਸੰਦੇਸ਼ ਨੂੰ ਨਹੀਂ ਸੁਣਦੇ, ਪਰ ਫਿਰ ਵੀ ਅਜੇ ਭੇਡਾਂ ਵਰਗੇ ਲੋਕ ਮੌਜੂਦ ਹਨ ਜਿਨ੍ਹਾਂ ਨੂੰ ਇਨ੍ਹਾਂ ਅੰਤ ਦਿਆਂ ਦਿਨਾਂ ਦੀ ਆਖ਼ਰੀ ਘੜੀ ਵਿਚ ਇਕੱਠਾ ਕੀਤਾ ਜਾਣਾ ਬਾਕੀ ਹੈ। ਸਾਨੂੰ ਹਰ “ਨਗਰ ਯਾ ਪਿੰਡ ਵਿੱਚ” ਜਾ ਕੇ “ਲਾਇਕ” ਇਨਸਾਨਾਂ ਨੂੰ ਲੱਭਣ ਲਈ ਲਗਾਤਾਰ ਪ੍ਰਚਾਰ ਕਰਨ ਦੀ ਲੋੜ ਹੈ।—ਮੱਤੀ 10:11-13.
4 ਸਹੀ ਨਜ਼ਰੀਆ ਰੱਖੋ: ਝੂਠੇ ਧਰਮਾਂ ਦੇ ਭੈੜੇ ਕੰਮਾਂ ਤੋਂ ਕੁਝ ਲੋਕ ਮਾਯੂਸ ਹੋ ਚੁੱਕੇ ਹਨ। ਦੂਜੇ ਲੋਕ ਦੁਨੀਆਂ ਦੀਆਂ ਸਮੱਸਿਆਵਾਂ ਕਰਕੇ “ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ” ਹਨ। (ਮੱਤੀ 9:36) ਬਹੁਤੇ ਲੋਕ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਲਈ ਸੁਰੱਖਿਆ, ਰੁਜ਼ਗਾਰ ਤੇ ਡਾਕਟਰੀ ਇਲਾਜ ਮੁਹੱਈਆ ਨਹੀਂ ਹੈ। ਜੇ ਅਸੀਂ ਇਨ੍ਹਾਂ ਗੱਲਾਂ ਨੂੰ ਸਮਝਾਂਗੇ, ਤਾਂ ਸਾਨੂੰ ਆਪਣੇ ਕੰਮ ਵਿਚ ਲੱਗੇ ਰਹਿਣ ਵਿਚ ਮਦਦ ਮਿਲੇਗੀ। ਲੋਕਾਂ ਨਾਲ ਗੱਲਬਾਤ ਕਰਨ ਲਈ ਖ਼ੁਦ ਪਹਿਲ ਕਰੋ ਅਤੇ ਉਨ੍ਹਾਂ ਵਿਸ਼ਿਆਂ ਬਾਰੇ ਗੱਲ ਕਰੋ ਜਿਨ੍ਹਾਂ ਕਰਕੇ ਸਾਡੇ ਇਲਾਕੇ ਦੇ ਲੋਕ ਚਿੰਤਾ ਵਿਚ ਪਏ ਹੋਏ ਹਨ। ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਇਨ੍ਹਾਂ ਮੁਸ਼ਕਲਾਂ ਨੂੰ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਹੱਲ ਕਰੇਗਾ। ਬਾਈਬਲ ਨੂੰ ਵਰਤੋ ਅਤੇ ਕਿਸੇ ਕਿਤਾਬ ਵਿੱਚੋਂ ਖ਼ਾਸ ਮੁੱਦੇ ਦਿਖਾਓ ਤਾਂਕਿ ਖ਼ੁਸ਼ ਖ਼ਬਰੀ ਉਨ੍ਹਾਂ ਦੇ ਦਿਲਾਂ ਨੂੰ ਛੂਹ ਜਾਵੇ।—ਇਬ. 4:12.
5 ਖ਼ੁਸ਼ੀ ਨਾਲ ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ ਸਦਾ ਇਹ ਗੱਲ ਚੇਤੇ ਰੱਖਦੇ ਹਨ ਕਿ “ਯਹੋਵਾਹ ਦਾ ਅਨੰਦ [ਸਾਡਾ] ਬਲ ਹੈ।” (ਨਹ. 8:10) ਸਾਨੂੰ ਆਪਣਾ ਆਨੰਦ ਗੁਆਉਣ ਦੀ ਲੋੜ ਨਹੀਂ ਹੈ। “ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਪਹੁੰਚੇ ਪਰ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ।” (ਮੱਤੀ 10:13) ਜੇ ਆਪਾਂ ਯਹੋਵਾਹ ਦੀ ਪਵਿੱਤਰ ਸੇਵਾ ਵਿਚ ਧੀਰਜ ਨਾਲ ਲੱਗੇ ਰਹਿੰਦੇ ਹਾਂ, ਤਾਂ ਯਹੋਵਾਹ ਸਾਡੀ ਖ਼ੁਸ਼ੀ ਤੇ ਸਾਡੀ ਤਾਕਤ ਨੂੰ ਵਧਾਏਗਾ ਤੇ ਉਹ ਸਾਡੀ ਵਫ਼ਾਦਾਰੀ ਕਰਕੇ ਸਾਨੂੰ ਬਰਕਤਾਂ ਵੀ ਦੇਵੇਗਾ।