ਸਭਾਵਾਂ ਵਿਚ ਆਉਣ ਲਈ ਦੂਜਿਆਂ ਦੀ ਮਦਦ ਕਰੋ
1 “ਜੇਕਰ ਇੱਥੇ ਦਾ ਕੋਈ ਵੀ ਵਿਅਕਤੀ . . . ਸਾਡੀਆਂ ਸਭਾਵਾਂ ਵਿਚ ਆਉਣਾ ਚਾਹੁੰਦਾ ਹੈ, ਤਾਂ ਅਸੀਂ ਉਨ੍ਹਾਂ ਦਾ ਦਿਲੋਂ ਸੁਆਗਤ ਕਰਦੇ ਹਾਂ।” ਜਦੋਂ ਤੋਂ ਜ਼ਾਇਨਜ਼ ਵਾਚ ਟਾਵਰ ਦੇ ਨਵੰਬਰ 1880 ਦੇ ਅੰਕ ਵਿਚ ਇਹ ਘੋਸ਼ਣਾ ਕੀਤੀ ਗਈ, ਉਦੋਂ ਤੋਂ ਲੈ ਕੇ ਅੱਜ ਤਕ ਯਹੋਵਾਹ ਦੇ ਗਵਾਹ ਬੜੇ ਉਤਸ਼ਾਹ ਨਾਲ ਲੋਕਾਂ ਨੂੰ ਬਾਈਬਲ ਉਪਦੇਸ਼ ਸੁਣਨ ਲਈ ਸਭਾਵਾਂ ਵਿਚ ਆਉਣ ਦਾ ਸੱਦਾ ਦੇ ਰਹੇ ਹਨ। (ਪਰ. 22:17) ਇਹ ਸੱਚੀ ਭਗਤੀ ਦਾ ਇਕ ਜ਼ਰੂਰੀ ਹਿੱਸਾ ਹੈ।
2 ਸਭਾਵਾਂ ਵਿਚ ਆਉਣਾ ਬਹੁਤ ਜ਼ਰੂਰੀ ਹੈ: ਜਦੋਂ ਅਸੀਂ ਕਲੀਸਿਯਾ ਨਾਲ ਸੰਗਤੀ ਕਰਦੇ ਹਾਂ, ਤਾਂ ਸਾਨੂੰ ਬਰਕਤਾਂ ਮਿਲਦੀਆਂ ਹਨ। ਸਾਡਾ ਆਪਣੇ ਮਹਾਨ ਪਰਮੇਸ਼ੁਰ ਯਹੋਵਾਹ ਬਾਰੇ ਗਿਆਨ ਵਧਦਾ ਹੈ। ਕਲੀਸਿਯਾ ਵਿਚ ਅਸੀਂ ‘ਯਹੋਵਾਹ ਵੱਲੋਂ ਸਿਖਾਏ’ ਜਾਂਦੇ ਹਾਂ। (ਯਸਾ. 54:13) ਉਸ ਦਾ ਸੰਗਠਨ ਸਾਨੂੰ ਬਾਈਬਲ ਵਿੱਚੋਂ ਲਗਾਤਾਰ ਹਿਦਾਇਤਾਂ ਦੇਣ ਦਾ ਪ੍ਰਬੰਧ ਕਰਦਾ ਹੈ ਜਿਸ ਨਾਲ ਸਾਡਾ ਯਹੋਵਾਹ ਨਾਲ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਹੈ ਅਤੇ ਸਾਨੂੰ “ਪਰਮੇਸ਼ੁਰ ਦੀ ਸਾਰੀ ਮੱਤ” ਉੱਤੇ ਚੱਲਣ ਵਿਚ ਵੇਲੇ ਸਿਰ ਮਦਦ ਮਿਲਦੀ ਹੈ। (ਰਸੂ. 20:27; ਲੂਕਾ 12:42) ਸਭਾਵਾਂ ਵਿਚ ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਸਿਖਾਉਣ ਵਿਚ ਮਾਹਰ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਬਾਈਬਲ ਵਿੱਚੋਂ ਸਾਨੂੰ ਵਾਰ-ਵਾਰ ਉਹ ਅਸੂਲ ਯਾਦ ਕਰਾਏ ਜਾਂਦੇ ਹਨ ਜੋ ਦੂਜਿਆਂ ਨਾਲ ਅਤੇ ਯਹੋਵਾਹ ਨਾਲ ਚੰਗਾ ਸੰਬੰਧ ਬਣਾਈ ਰੱਖਣ ਵਿਚ ਸਾਡੀ ਮਦਦ ਕਰਦੇ ਹਨ। ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਭੈਣ-ਭਰਾਵਾਂ ਨਾਲ ਸੰਗਤੀ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ।—ਰੋਮੀ. 1:11, 12.
3 ਉਨ੍ਹਾਂ ਨੂੰ ਆਉਣ ਲਈ ਕਹੋ: ਪਹਿਲੀ ਵਾਰ ਸਟੱਡੀ ਕਰਾਉਣ ਤੇ ਹੀ ਹਰ ਬਾਈਬਲ ਸਿੱਖਿਆਰਥੀ ਨੂੰ ਸਭਾਵਾਂ ਵਿਚ ਆਉਣ ਲਈ ਕਹੋ। ਉਸ ਨੂੰ ਸੱਦਾ ਪੱਤਰ ਦਿਓ। ਉਸ ਦੀ ਦਿਲਚਸਪੀ ਜਗਾਉਣ ਲਈ ਪਿਛਲੀ ਸਭਾ ਦੀ ਕੋਈ ਅਜਿਹੀ ਗੱਲ ਦੱਸੋ ਜੋ ਤੁਹਾਨੂੰ ਚੰਗੀ ਲੱਗੀ। ਉਸ ਨੂੰ ਇਹ ਵੀ ਦੱਸੋ ਕਿ ਅਗਲੀ ਸਭਾ ਵਿਚ ਕਿਸ ਵਿਸ਼ੇ ਤੇ ਚਰਚਾ ਕੀਤੀ ਜਾਵੇਗੀ। ਉਸ ਨੂੰ ਸਮਝਾਓ ਕਿ ਸਾਡਾ ਕਿੰਗਡਮ ਹਾਲ ਕਿੱਦਾਂ ਦਾ ਹੈ ਅਤੇ ਹਾਲ ਦਾ ਪੂਰਾ ਅਤਾ-ਪਤਾ ਦਿਓ ਤਾਂਕਿ ਉਹ ਇਸ ਨੂੰ ਆਸਾਨੀ ਨਾਲ ਲੱਭ ਸਕੇ।
4 ਜੇ ਸਿੱਖਿਆਰਥੀ ਸਭਾਵਾਂ ਵਿਚ ਆਉਣਾ ਸ਼ੁਰੂ ਨਹੀਂ ਕਰਦਾ, ਤਾਂ ਉਸ ਨੂੰ ਲਗਾਤਾਰ ਸੱਦਾ ਦਿੰਦੇ ਰਹੋ। ਹਰ ਹਫ਼ਤੇ ਕੁਝ ਮਿੰਟ ਉਸ ਨੂੰ ਸੰਗਠਨ ਦੇ ਕੰਮਾਂ ਬਾਰੇ ਕੁਝ ਦੱਸਦੇ ਰਹੋ। ਯਹੋਵਾਹ ਦੇ ਗਵਾਹ—ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ ਬਰੋਸ਼ਰ ਅਤੇ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਨਾਮਕ ਵਿਡਿਓ ਨੂੰ ਇਸਤੇਮਾਲ ਕਰ ਕੇ ਉਸ ਦੀ ਗਵਾਹਾਂ ਬਾਰੇ ਅਤੇ ਸਭਾਵਾਂ ਬਾਰੇ ਹੋਰ ਜ਼ਿਆਦਾ ਜਾਣਨ ਵਿਚ ਮਦਦ ਕਰੋ। ਦੂਜੇ ਭੈਣ-ਭਰਾਵਾਂ ਨੂੰ ਆਪਣੇ ਨਾਲ ਲਿਜਾ ਕੇ ਉਨ੍ਹਾਂ ਦੀ ਸਿੱਖਿਆਰਥੀ ਨਾਲ ਜਾਣ-ਪਛਾਣ ਕਰਾਓ। ਪ੍ਰਾਰਥਨਾ ਵਿਚ ਸੰਗਠਨ ਲਈ ਯਹੋਵਾਹ ਦਾ ਧੰਨਵਾਦ ਕਰੋ ਅਤੇ ਅਤੇ ਇਹ ਵੀ ਜ਼ਿਕਰ ਕਰੋ ਕਿ ਸਿੱਖਿਆਰਥੀ ਲਈ ਸੰਗਠਨ ਨਾਲ ਸੰਗਤੀ ਕਰਨੀ ਕਿਉਂ ਜ਼ਰੂਰੀ ਹੈ।
5 ਦਿਲਚਸਪੀ ਰੱਖਣ ਵਾਲੇ ਨਵੇਂ ਲੋਕਾਂ ਦੀ ਸਭਾਵਾਂ ਵਿਚ ਆਉਣ ਲਈ ਮਦਦ ਕਰਨ ਤੋਂ ਨਾ ਝਿਜਕੋ। ਜਿੱਦਾਂ-ਜਿੱਦਾਂ ਯਹੋਵਾਹ ਲਈ ਉਨ੍ਹਾਂ ਦਾ ਪਿਆਰ ਵਧੇਗਾ, ਉਹ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਅਤੇ ਪਰਮੇਸ਼ੁਰ ਦੇ ਇਕ-ਜੁੱਟ ਸੰਗਠਨ ਦਾ ਹਿੱਸਾ ਬਣਨ ਲਈ ਦਿਲੋਂ ਪ੍ਰੇਰਿਤ ਹੋਣਗੇ।—1 ਕੁਰਿੰ. 14:25.