ਸਿੱਖਿਆਰਥੀਆਂ ਨੂੰ ਸਾਡੇ ਸੰਗਠਨ ਵੱਲ ਨਿਰਦੇਸ਼ਿਤ ਕਰਨਾ
1 “ਇਹ ਸੰਦੇਸ਼ 200 ਤੋਂ ਵੱਧ ਭਾਸ਼ਾਵਾਂ ਵਿਚ ਸੁਣਾਇਆ ਜਾਂਦਾ ਹੈ। ਇਹ ਸੰਦੇਸ਼ 210 ਤੋਂ ਵੱਧ ਦੇਸ਼ਾਂ ਵਿਚ ਸੁਣਿਆ ਜਾਂਦਾ ਹੈ। ਜਿੱਥੇ ਕਿਤੇ ਵੀ ਲੋਕ ਮਿਲਣ, ਉੱਥੇ ਇਹ ਸੰਦੇਸ਼ ਨਿੱਜੀ ਤੌਰ ਤੇ ਦਿੱਤਾ ਜਾਂਦਾ ਹੈ। ਇਹ ਸਭ ਕੁਝ ਸੰਸਾਰ ਵਿਚ ਹੋਣ ਵਾਲੀ ਸਭ ਤੋਂ ਵਿਸ਼ਾਲ ਪ੍ਰਚਾਰ ਮੁਹਿੰਮ ਦਾ ਭਾਗ ਹੈ, ਇਕ ਅਜਿਹਾ ਸੰਦੇਸ਼ ਜੋ ਪੂਰੀ ਧਰਤੀ ਉੱਤੇ ਲੱਖਾਂ ਨੂੰ ਇਕਮੁੱਠ ਕਰ ਰਿਹਾ ਹੈ। ਯਹੋਵਾਹ ਦੇ ਗਵਾਹ ਸੌ ਸਾਲ ਤੋਂ ਜ਼ਿਆਦਾ ਸਮੇਂ ਤੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਗਠਿਤ ਕੀਤੇ ਗਏ ਹਨ!”
2 ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ ਵਿਡਿਓ ਦੀ ਵਾਰਤਾ। ਇਹ ਅੱਗੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ: ਯਹੋਵਾਹ ਦੇ ਗਵਾਹ ਅਸਲ ਵਿਚ ਕੌਣ ਹਨ? ਉਨ੍ਹਾਂ ਦੇ ਕਾਰਜ ਦੀ ਵਿਵਸਥਾ, ਨਿਰਦੇਸ਼ਨ, ਅਤੇ ਮਾਲੀ-ਪ੍ਰਬੰਧ ਕਿਵੇਂ ਕੀਤੇ ਜਾਂਦੇ ਹਨ? ਇਹ ਵਿਡਿਓ ਦਰਸ਼ਕਾਂ ਉੱਤੇ ਇਸ ਗੱਲ ਦਾ ਪ੍ਰਭਾਵ ਪਾਉਂਦਾ ਹੈ ਕਿ “ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਇਕ ਸੰਗਠਨ ਦੇ ਰੂਪ ਵਿਚ ਸਿਖਲਾਏ ਗਏ ਹਨ ਤਾਂ ਜੋ ਉਹ ਆਪਣੇ ਗੁਆਂਢੀਆਂ ਨੂੰ ਬਾਈਬਲ ਵਿਚ ਨਿਹਚਾ ਵਧਾਉਣ ਲਈ ਮਦਦ ਦੇ ਸਕਣ,” ਅਤੇ ਇਹ ਉਨ੍ਹਾਂ ਨੂੰ ਸਾਡੇ ਸੰਗਠਨ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਲਈ ਉਤਸ਼ਾਹਿਤ ਕਰਦਾ ਹੈ। ਇਹ ਵਿਡਿਓ ਵੇਖਣ ਮਗਰੋਂ, ਇਕ ਅਧਿਐਨ ਕਰ ਰਹੀ ਤੀਵੀਂ ਖ਼ੁਸ਼ੀ ਅਤੇ ਕਦਰਦਾਨੀ ਨਾਲ ਫੁੱਟ-ਫੁੱਟ ਕੇ ਰੋ ਪਈ ਅਤੇ ਉਸ ਨੇ ਕਿਹਾ: “ਇਸ ਵਿਚ ਕਿਵੇਂ ਕੋਈ ਸ਼ੱਕ ਹੋ ਸਕਦਾ ਹੈ ਕਿ ਇਹੋ ਹੀ ਸੱਚੇ ਪਰਮੇਸ਼ੁਰ, ਯਹੋਵਾਹ ਦਾ ਸੰਗਠਨ ਹੈ?”—ਤੁਲਨਾ ਕਰੋ 1 ਕੁਰਿੰਥੀਆਂ 14:24, 25.
3 ਇਕ ਹੋਰ ਤੀਵੀਂ ਲੰਬੇ ਸਮੇਂ ਤੋਂ ਕਦੇ-ਕਦਾਈਂ ਬਾਈਬਲ ਅਧਿਐਨ ਕਰ ਰਹੀ ਸੀ, ਪਰੰਤੂ ਉਸ ਲਈ ਇਹ ਸਵੀਕਾਰ ਕਰਨਾ ਮੁਸ਼ਕਲ ਸੀ ਕਿ ਤ੍ਰਿਏਕ ਇਕ ਝੂਠਾ ਸਿਧਾਂਤ ਹੈ। ਫਿਰ ਉਸ ਨੂੰ ਅਤੇ ਉਸ ਦੇ ਪਤੀ ਨੂੰ ਇਹ ਵਿਡਿਓ ਵਿਖਾਇਆ ਗਿਆ। ਉਹ ਇਸ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਉਸੇ ਰਾਤ ਇਸ ਨੂੰ ਦੋ ਵਾਰ ਦੇਖਿਆ। ਆਪਣੇ ਅਗਲੇ ਅਧਿਐਨ ਤੇ, ਪਤਨੀ ਨੇ ਇਕ ਗਵਾਹ ਬਣਨ ਦੀ ਆਪਣੀ ਇੱਛਾ ਪ੍ਰਗਟ ਕੀਤੀ। ਉਸ ਨੇ ਕਿਹਾ ਕਿ ਉਹ ਤ੍ਰਿਏਕ ਵਿਚ ਆਪਣੇ ਵਿਸ਼ਵਾਸ ਵਿਚ ਇੰਨੀ ਰੁੱਝੀ ਹੋਈ ਸੀ ਕਿ ਉਸ ਨੂੰ ਸਾਡਾ ਸੰਗਠਨ ਅਤੇ ਇਸ ਵਿਚਲੇ ਲੋਕ ਨਜ਼ਰ ਨਹੀਂ ਆਏ ਸਨ। ਵਿਡਿਓ ਤੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਪਰਮੇਸ਼ੁਰ ਦਾ ਅਸਲੀ ਸੰਗਠਨ ਲੱਭ ਲਿਆ ਸੀ। ਉਹ ਤੁਰੰਤ ਘਰ-ਘਰ ਦਾ ਪ੍ਰਚਾਰ ਕਾਰਜ ਸ਼ੁਰੂ ਕਰਨਾ ਚਾਹੁੰਦੀ ਸੀ। ਜਦੋਂ ਉਸ ਨੂੰ ਸਮਝਾਇਆ ਗਿਆ ਕਿ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਲਈ ਕਿਹੜੇ ਲੋੜੀਂਦੇ ਕਦਮ ਚੁੱਕਣੇ ਜ਼ਰੂਰੀ ਹਨ, ਤਾਂ ਉਸ ਨੇ ਕਿਹਾ: “ਚਲੋ, ਫਟਾਫਟ ਸ਼ੁਰੂ ਕਰੀਏ।” ਉਸ ਨੇ ਆਪਣੇ ਗਿਰਜੇ ਤੋਂ ਅਸਤੀਫ਼ਾ ਦੇ ਦਿੱਤਾ, ਖੇਤਰ ਸੇਵਕਾਈ ਆਰੰਭ ਕੀਤੀ, ਅਤੇ ਉਹ ਤ੍ਰਿਏਕ ਦਾ ਖੰਡਨ ਕਰਨ ਵਿਚ ਨਿਪੁੰਨ ਹੋ ਗਈ।
4 ਇਹ ਸਾਬਤ ਹੋ ਚੁੱਕਿਆ ਹੈ ਕਿ ਜਦੋਂ ਬਾਈਬਲ ਸਿੱਖਿਆਰਥੀ ਯਹੋਵਾਹ ਦੇ ਸੰਗਠਨ ਨੂੰ ਪਛਾਣਦੇ ਹਨ ਅਤੇ ਇਸ ਨਾਲ ਸੰਗਤ ਕਰਦੇ ਹਨ, ਤਾਂ ਉਹ ਬਿਹਤਰ ਅਧਿਆਤਮਿਕ ਤਰੱਕੀ ਕਰਦੇ ਹਨ ਅਤੇ ਜ਼ਿਆਦਾ ਤੇਜ਼ੀ ਨਾਲ ਪ੍ਰੌੜ੍ਹਤਾ ਵੱਲ ਵੱਧਦੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਜਦੋਂ ਪੰਤੇਕੁਸਤ ਤੇ 3,000 ਲੋਕਾਂ ਨੇ ਬਪਤਿਸਮਾ ਲਿਆ, ਉਸ ਮਗਰੋਂ “ਓਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ . . . ਲੱਗੇ ਰਹੇ।” (ਰਸੂ. 2:42) ਇਹ ਅਤਿ ਜ਼ਰੂਰੀ ਹੈ ਕਿ ਅੱਜ ਅਸੀਂ ਸਿੱਖਿਆਰਥੀਆਂ ਦੀ ਇਹੋ ਕਰਨ ਵਿਚ ਮਦਦ ਕਰੀਏ। ਇਹ ਅਸੀਂ ਕਿਵੇਂ ਕਰ ਸਕਦੇ ਹਾਂ?
5 ਜ਼ਿੰਮੇਵਾਰੀ ਸੰਭਾਲੋ: ਹਰੇਕ ਚੇਲੇ ਬਣਾਉਣ ਵਾਲੇ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਬਾਈਬਲ ਸਿੱਖਿਆਰਥੀ ਨੂੰ ਪਰਮੇਸ਼ੁਰ ਦੇ ਸੰਗਠਨ ਵੱਲ ਨਿਰਦੇਸ਼ਿਤ ਕਰਨਾ ਉਸ ਦੀ ਜ਼ਿੰਮੇਵਾਰੀ ਹੈ। (1 ਤਿਮੋ. 4:16) ਹਰ ਅਧਿਐਨ ਬੈਠਕ ਨੂੰ ਉਸ ਖ਼ੁਸ਼ੀ ਦੇ ਦਿਨ ਵੱਲ ਲੈ ਜਾਣ ਵਾਲਾ ਲਾਂਘੇ ਦਾ ਪੱਥਰ ਵਿਚਾਰਨਾ ਚਾਹੀਦਾ ਹੈ ਜਦੋਂ ਇਹ ਨਵਾਂ ਵਿਅਕਤੀ ਯਹੋਵਾਹ ਪ੍ਰਤੀ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਵੇਗਾ। ਬਪਤਿਸਮੇ ਦੀ ਕਾਰਵਾਈ ਦੌਰਾਨ ਉਸ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਵਿੱਚੋਂ ਇਕ ਸਵਾਲ ਹੈ: “ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਮਰਪਣ ਅਤੇ ਬਪਤਿਸਮਾ, ਪਰਮੇਸ਼ੁਰ ਦੇ ਆਤਮਾ-ਨਿਰਦੇਸ਼ਿਤ ਸੰਗਠਨ ਨਾਲ ਸੰਬੰਧਿਤ ਇਕ ਯਹੋਵਾਹ ਦੇ ਗਵਾਹ ਵਜੋਂ ਤੁਹਾਡੀ ਪਛਾਣ ਕਰਾਉਂਦਾ ਹੈ?” ਇਸ ਲਈ, ਉਸ ਨੂੰ ਇਹ ਅਹਿਸਾਸ ਕਰਨਾ ਜ਼ਰੂਰੀ ਹੈ ਕਿ ਉਹ ਸੱਚੀ ਮਸੀਹੀ ਕਲੀਸਿਯਾ ਨਾਲ ਕ੍ਰਿਆਸ਼ੀਲ ਢੰਗ ਨਾਲ ਸੰਗਤ ਕੀਤੇ ਬਗੈਰ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਸਕਦਾ ਹੈ।—ਮੱਤੀ 24:45-47; ਯੂਹੰ. 6:68; 2 ਕੁਰਿੰ. 5:20.
6 ਸਿੱਖਿਆਰਥੀ ਨੂੰ ਸਥਾਨਕ ਕਲੀਸਿਯਾ ਬਾਰੇ ਅਤੇ ਯਹੋਵਾਹ ਦੇ ਗਵਾਹਾਂ ਦੇ ਅੰਤਰਰਾਸ਼ਟਰੀ ਸੰਗਠਨ ਬਾਰੇ ਗਿਆਨ ਦਿੰਦੇ ਰਹੋ। ਪਹਿਲੀ ਬੈਠਕ ਤੋਂ ਆਰੰਭ ਕਰਦੇ ਹੋਏ, ਹਰੇਕ ਬਾਈਬਲ ਅਧਿਐਨ ਬੈਠਕ ਵਿਚ ਇਹ ਕਰਿਆ ਕਰੋ। ਸ਼ੁਰੂ ਤੋਂ ਹੀ, ਸਿੱਖਿਆਰਥੀ ਨੂੰ ਸਭਾਵਾਂ ਲਈ ਸੱਦੋ, ਅਤੇ ਉਸ ਨੂੰ ਹਰ ਵਾਰ ਸੱਦਦੇ ਰਹੋ।—ਪਰ. 22:17.
7 ਮੁਹੱਈਆ ਕੀਤੇ ਗਏ ਔਜ਼ਾਰਾਂ ਦੀ ਵਰਤੋਂ ਕਰੋ: ਗ੍ਰਹਿ ਬਾਈਬਲ ਅਧਿਐਨ ਕਰਾਉਣ ਵਿਚ ਵਰਤੋਂ ਲਈ ਸਾਡੇ ਸਭ ਤੋਂ ਵਧੀਆ ਪ੍ਰਕਾਸ਼ਨ ਹਨ, ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਅਤੇ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਦੋਨੋਂ ਪ੍ਰਕਾਸ਼ਨ ਕਲੀਸਿਯਾ ਨਾਲ ਸੰਗਤ ਕਰਨ ਦੀ ਲੋੜ ਨੂੰ ਉਜਾਗਰ ਕਰਦੇ ਹਨ। ਵੱਡੀ ਪੁਸਤਿਕਾ ਮੰਗ ਵਿਚ ਪਾਠ 5 ਦੇ ਅੰਤ ਵਿਚ ਕਿਹਾ ਗਿਆ ਹੈ: “ਤੁਹਾਨੂੰ ਨਿਰੰਤਰ ਯਹੋਵਾਹ ਦੇ ਬਾਰੇ ਸਿੱਖਦੇ ਰਹਿਣ ਅਤੇ ਉਸ ਦੀਆਂ ਮੰਗਾਂ ਦੀ ਆਗਿਆਪਾਲਣਾ ਕਰਦੇ ਰਹਿਣ ਦੀ ਲੋੜ ਹੈ। ਯਹੋਵਾਹ ਦੇ ਗਵਾਹਾਂ ਦੇ ਸਥਾਨਕ ਰਾਜ ਗ੍ਰਹਿ ਵਿਖੇ ਸਭਾਵਾਂ ਵਿਚ ਹਾਜ਼ਰ ਹੋਣਾ ਇੰਜ ਕਰਨ ਵਿਚ ਤੁਹਾਡੀ ਮਦਦ ਕਰੇਗਾ।” ਗਿਆਨ ਪੁਸਤਕ ਸਿੱਖਿਆਰਥੀ ਨੂੰ ਸਭਾਵਾਂ ਵਿਚ ਸੰਗਤ ਕਰਨ ਲਈ ਵਾਰ-ਵਾਰ ਉਤਸ਼ਾਹਿਤ ਕਰਦੀ ਹੈ। ਅਧਿਆਇ 5, ਪੈਰਾ 22, ਇਹ ਸੱਦਾ ਦਿੰਦਾ ਹੈ: “ਯਹੋਵਾਹ ਦੇ ਗਵਾਹ . . . ਤੁਹਾਨੂੰ ਨਿੱਘ ਨਾਲ ਉਤਸ਼ਾਹਿਤ ਕਰਦੇ ਹਨ ਕਿ ਤੁਸੀਂ ‘ਆਤਮਾ ਅਤੇ ਸਚਿਆਈ ਨਾਲ’ ਪਰਮੇਸ਼ੁਰ ਦੀ ਉਪਾਸਨਾ ਕਰਨ ਵਿਚ ਉਨ੍ਹਾਂ ਦੇ ਨਾਲ ਸ਼ਾਮਲ ਹੋਵੋ। (ਯੂਹੰਨਾ 4:24)” ਅਧਿਆਇ 12, ਪੈਰਾ 16, ਬਿਆਨ ਕਰਦਾ ਹੈ: “ਜਿਉਂ ਹੀ ਤੁਸੀਂ ਇਹ ਅਧਿਐਨ ਜਾਰੀ ਰੱਖਦੇ ਹੋ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਤੇ ਹਾਜ਼ਰ ਹੋਣਾ ਆਪਣਾ ਦਸਤੂਰ ਬਣਾਉਂਦੇ ਹੋ, ਤੁਹਾਡੀ ਨਿਹਚਾ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ।” ਅਧਿਆਇ 16, ਪੈਰਾ 20, ਕਹਿੰਦਾ ਹੈ: “ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣਾ ਆਪਣਾ ਦਸਤੂਰ ਬਣਾਓ।” ਇਹ ਅੱਗੇ ਦੱਸਦਾ ਹੈ: “ਇਹ ਤੁਹਾਨੂੰ ਪਰਮੇਸ਼ੁਰ ਦਾ ਗਿਆਨ ਸਮਝਣ ਅਤੇ ਫਿਰ ਉਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਲਈ ਮਦਦ ਕਰੇਗਾ ਅਤੇ ਤੁਹਾਨੂੰ ਖ਼ੁਸ਼ੀ ਲਿਆਵੇਗਾ। ਵਿਸ਼ਵ-ਵਿਆਪੀ ਮਸੀਹੀ ਭਾਈਚਾਰੇ ਦਾ ਇਕ ਹਿੱਸਾ ਹੋਣਾ ਤੁਹਾਨੂੰ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰੇਗਾ।” ਅਧਿਆਇ 17 ਪੂਰੀ ਤਰ੍ਹਾਂ ਨਾਲ ਚਰਚਾ ਕਰਦਾ ਹੈ ਕਿ ਇਕ ਵਿਅਕਤੀ ਕਿਵੇਂ ਪਰਮੇਸ਼ੁਰ ਦੇ ਲੋਕਾਂ ਵਿਚਕਾਰ ਸੱਚੀ ਸੁਰੱਖਿਆ ਹਾਸਲ ਕਰਦਾ ਹੈ। ਜਿਉਂ-ਜਿਉਂ ਅਸੀਂ ਦੂਸਰਿਆਂ ਨਾਲ ਅਧਿਐਨ ਕਰਦੇ ਹਾਂ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਮੱਗਰੀ ਦੇ ਇਨ੍ਹਾਂ ਭਾਗਾਂ ਉੱਤੇ ਜ਼ੋਰ ਦੇਈਏ।
8 ਯਹੋਵਾਹ ਦੇ ਗਵਾਹ—ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ ਵੱਡੀ ਪੁਸਤਿਕਾ ਇਕ ਵਧੀਆ ਔਜ਼ਾਰ ਹੈ ਜੋ ਇਸ ਲਈ ਬਣਾਇਆ ਗਿਆ ਸੀ ਕਿ ਵਿਅਕਤੀਆਂ ਨੂੰ ਉਸ ਇੱਕੋ-ਇਕ ਦ੍ਰਿਸ਼ਟਮਾਨ ਸੰਗਠਨ ਤੋਂ ਜਾਣੂ ਕਰਾਏ, ਜੋ ਅੱਜ ਯਹੋਵਾਹ ਆਪਣੀ ਇੱਛਾ ਪੂਰੀ ਕਰਨ ਲਈ ਇਸਤੇਮਾਲ ਕਰ ਰਿਹਾ ਹੈ। ਸਾਡੀ ਸੇਵਕਾਈ ਬਾਰੇ, ਸਾਡੀਆਂ ਸਭਾਵਾਂ ਬਾਰੇ, ਅਤੇ ਸਾਡੇ ਸੰਗਠਨ ਬਾਰੇ ਇਸ ਵਿਚ ਪਾਈ ਗਈ ਵਿਸਤ੍ਰਿਤ ਜਾਣਕਾਰੀ ਪੜ੍ਹਨ ਵਾਲਿਆਂ ਨੂੰ ਉਤਸ਼ਾਹਿਤ ਕਰੇਗੀ ਕਿ ਉਹ ਪਰਮੇਸ਼ੁਰ ਦੀ ਉਪਾਸਨਾ ਕਰਨ ਵਿਚ ਸਾਡੇ ਨਾਲ ਸੰਗਤ ਕਰਨ। ਬਾਈਬਲ ਅਧਿਐਨ ਸਥਾਪਿਤ ਹੋ ਜਾਣ ਤੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅਸੀਂ ਸਿੱਖਿਆਰਥੀ ਨੂੰ ਖ਼ੁਦ ਪੜ੍ਹਨ ਲਈ ਇਸ ਵੱਡੀ ਪੁਸਤਿਕਾ ਦੀ ਇਕ ਕਾਪੀ ਦੇਈਏ। ਉਸ ਨਾਲ ਇਸ ਦਾ ਅਧਿਐਨ ਕਰਨ ਦੀ ਲੋੜ ਨਹੀਂ ਜਿਸ ਤਰ੍ਹਾਂ ਪਹਿਲਾਂ ਕੀਤਾ ਜਾਂਦਾ ਸੀ।
9 ਸਿੱਖਿਆਰਥੀਆਂ ਨੂੰ ਸਾਡੇ ਸੰਗਠਨ ਵੱਲ ਨਿਰਦੇਸ਼ਿਤ ਕਰਨ ਲਈ ਸੰਸਥਾ ਵੱਲੋਂ ਤਿਆਰ ਕੀਤੇ ਗਏ ਕੁਝ ਵਿਡਿਓ ਉੱਤਮ ਔਜ਼ਾਰ ਹਨ। ਵਧੀਆ ਹੋਵੇਗਾ ਜੇਕਰ ਉਹ ਇਹ ਵਿਡਿਓ ਦੇਖ ਸਕਣ (1) ਨਵਾਂ ਸੰਸਾਰ ਸਮਾਜ ਹਰਕਤ ਵਿਚ, 1954 ਦੀ ਫ਼ਿਲਮ ਦਾ ਪੁਨਰ-ਨਿਰੀਖਣ, ਜਿਸ ਨੇ ਪ੍ਰਦਰਸ਼ਿਤ ਕੀਤਾ ਕਿ ਕਿਵੇਂ ਯਹੋਵਾਹ ਦਾ ਸੰਗਠਨ ਵਿਵਸਥਿਤ, ਕੁਸ਼ਲ, ਅਤੇ ਪ੍ਰੇਮਮਈ ਤਰੀਕੇ ਨਾਲ ਕਾਰਜ ਕਰਦਾ ਹੈ; (2) ਧਰਤੀ ਦੀਆਂ ਹੱਦਾਂ ਤਕ, ਜਿਸ ਨੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 50ਵੇਂ ਵਰ੍ਹੇ-ਗੰਢ ਨੂੰ ਚਿੰਨ੍ਹਿਤ ਕੀਤਾ ਅਤੇ ਇਹ ਦਿਖਾਉਂਦਾ ਹੈ ਕਿ ਵਿਸ਼ਵ-ਵਿਆਪੀ ਪ੍ਰਚਾਰ ਕਾਰਜ ਉੱਤੇ ਮਿਸ਼ਨਰੀਆਂ ਦਾ ਕੀ ਪ੍ਰਭਾਵ ਪਿਆ ਹੈ; (3) ਯਹੋਵਾਹ ਦੇ ਗਵਾਹ ਨਾਜ਼ੀ ਧਾਵੇ ਵਿਰੁੱਧ ਦ੍ਰਿੜ੍ਹ, ਜੋ ਹਿਟਲਰ ਵੱਲੋਂ ਬੇਰਹਿਮ ਸਤਾਹਟ ਦੇ ਬਾਵਜੂਦ ਗਵਾਹਾਂ ਦੀ ਹਿੰਮਤ ਅਤੇ ਜਿੱਤ ਦੀ ਰੁਮਾਂਚਕ ਕਹਾਣੀ ਦੱਸਦਾ ਹੈ; (4) ਈਸ਼ਵਰੀ ਸਿੱਖਿਆ ਦੁਆਰਾ ਇਕਮੁੱਠ, ਜੋ ਉਸ ਸ਼ਾਂਤਮਈ ਏਕਤਾ ਦੀ ਜਾਂਚ ਕਰਦਾ ਹੈ ਜਿਹੜੀ ਕਿ ਪੂਰਬੀ ਯੂਰਪ, ਦੱਖਣੀ ਅਮਰੀਕਾ, ਅਫ਼ਰੀਕਾ, ਅਤੇ ਏਸ਼ੀਆ ਵਿਚ ਸਾਡੇ ਅੰਤਰਰਾਸ਼ਟਰੀ ਸਮਾਂ-ਸੰਮੇਲਨਾਂ ਵਿਚ ਪ੍ਰਦਰਸ਼ਿਤ ਕੀਤੀ ਗਈ ਸੀ; ਅਤੇ, (5) ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ। ਅਖ਼ੀਰਲੇ ਦੋ ਵਿਡਿਓ ਭਾਰਤ ਵਿਚ ਉਪਲਬਧ ਹਨ ਅਤੇ ਕਲੀਸਿਯਾ ਦੁਆਰਾ ਆਰਡਰ ਕੀਤੇ ਜਾ ਸਕਦੇ ਹਨ, ਪਰੰਤੂ ਕਾਫ਼ੀ ਭਰਾਵਾਂ ਨੇ ਨਿੱਜੀ ਤੌਰ ਤੇ ਵਿਦੇਸ਼ ਤੋਂ ਬਾਕੀ ਤਿੰਨ ਵਿਡਿਓ ਦੀਆਂ ਕਾਪੀਆਂ ਹਾਸਲ ਕੀਤੀਆਂ ਹਨ ਅਤੇ ਇਨ੍ਹਾਂ ਨੂੰ ਬਾਈਬਲ ਸਿੱਖਿਆਰਥੀਆਂ ਨੂੰ ਸੰਗਠਨ ਵੱਲ ਨਿਰਦੇਸ਼ਿਤ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
10 ਸਭਾਵਾਂ ਸੰਬੰਧੀ ਅਗਾਂਹਵਧੂ ਟੀਚੇ ਰੱਖੋ: ਸਿੱਖਿਆਰਥੀਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਸਾਨੂੰ ਗ੍ਰਹਿ ਬਾਈਬਲ ਅਧਿਐਨ ਦੁਆਰਾ ਨਿੱਜੀ ਅਧਿਆਪਕ ਅਧੀਨ ਪੜ੍ਹਨ ਦੇ ਨਾਲ-ਨਾਲ ਕਲੀਸਿਯਾ ਸਭਾਵਾਂ ਵਿਚ ਕੀਤੇ ਜਾਂਦੇ ਕਲਾਸ-ਰੂਮ ਚਰਚਿਆਂ ਦੀ ਵੀ ਲੋੜ ਹੈ। (ਯੂਹੰ. 6:45) ਇਕ ਨਵੇਂ ਸਿੱਖਿਆਰਥੀ ਨੂੰ ਸ਼ਾਸਤਰ ਅਤੇ ਸੰਗਠਨ ਦੋਹਾਂ ਬਾਰੇ ਆਪਣੀ ਸਮਝ ਵਿਚ ਨਾਲ-ਨਾਲ ਵਧਣ ਦੀ ਲੋੜ ਹੈ। ਇਸ ਪੱਖੋਂ, ਸਭਾਵਾਂ ਵਿਚ ਹਾਜ਼ਰ ਹੋਣਾ ਜ਼ਰੂਰੀ ਹੈ। (ਇਬ. 10:23-25) ਤੁਰੰਤ ਉਸ ਵਿਅਕਤੀ ਨੂੰ ਕਲੀਸਿਯਾ ਸਭਾਵਾਂ ਲਈ ਸੱਦਾ ਦੇਣਾ ਸ਼ੁਰੂ ਕਰ ਦਿਓ। ਦਿਲਚਸਪੀ ਰੱਖਣ ਵਾਲੇ ਕੁਝ ਨਵੇਂ ਵਿਅਕਤੀ ਤਾਂ ਨਿਯਮਿਤ ਗ੍ਰਹਿ ਬਾਈਬਲ ਅਧਿਐਨ ਕਰਨ ਤੋਂ ਪਹਿਲਾਂ ਹੀ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੰਦੇ ਹਨ। ਬੇਸ਼ੱਕ, ਅਸੀਂ ਖ਼ੁਦ ਬਾਕਾਇਦਾ ਹਾਜ਼ਰ ਰਹਿਣ ਦੁਆਰਾ ਇਕ ਵਧੀਆ ਉਦਾਹਰਣ ਕਾਇਮ ਕਰਨਾ ਚਾਹੁੰਦੇ ਹਾਂ।—ਲੂਕਾ 6:40; ਫ਼ਿਲਿ. 3:17.
11 ਸਭਾਵਾਂ ਅਤੇ ਇਹ ਕਿਵੇਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ, ਬਾਰੇ ਕਾਫ਼ੀ ਜਾਣਕਾਰੀ ਦਿਓ ਤਾਂਕਿ ਸਿੱਖਿਆਰਥੀ ਸੌਖਾ ਮਹਿਸੂਸ ਕਰੇ ਜਦੋਂ ਉਹ ਆਪਣੀ ਪਹਿਲੀ ਸਭਾ ਲਈ ਆਉਂਦਾ ਹੈ। ਕਿਉਂ ਜੋ ਕੁਝ ਲੋਕ ਨਵੇਂ ਥਾਵਾਂ ਤੇ ਪਹਿਲੀ ਵਾਰ ਜਾਣ ਤੇ ਬਹੁਤ ਪਰੇਸ਼ਾਨ ਮਹਿਸੂਸ ਕਰਦੇ ਹਨ, ਤੁਹਾਡਾ ਆਪਣੇ ਸਿੱਖਿਆਰਥੀ ਦੇ ਨਾਲ ਰਾਜ ਗ੍ਰਹਿ ਨੂੰ ਜਾਣਾ ਲਾਭਕਾਰੀ ਹੋ ਸਕਦਾ ਹੈ ਜਦੋਂ ਉਹ ਆਪਣੀ ਪਹਿਲੀ ਸਭਾ ਲਈ ਜਾਂਦਾ ਹੈ। ਉਹ ਜ਼ਿਆਦਾ ਸੌਖਾ ਮਹਿਸੂਸ ਕਰੇਗਾ ਜੇਕਰ ਕਲੀਸਿਯਾ ਦੇ ਮੈਂਬਰਾਂ ਨਾਲ ਮਿਲਦੇ ਸਮੇਂ ਤੁਸੀਂ ਉਸ ਨਾਲ ਹੋਵੋਗੇ। ਮੁੱਖ ਤੌਰ ਤੇ, ਆਪਣੇ ਮਹਿਮਾਨ ਦਾ ਸੁਆਗਤ ਕਰਦੇ ਹੋਏ ਅਤੇ ਉਸ ਨੂੰ ਸੌਖਾ ਮਹਿਸੂਸ ਕਰਾਉਂਦੇ ਹੋਏ, ਉਸ ਦੇ ਚੰਗੇ ਮੀਜ਼ਬਾਨ ਬਣੋ।—ਮੱਤੀ 7:12; ਫ਼ਿਲਿ. 2:1-4.
12 ਪਹਿਲਾ ਮੌਕਾ ਮਿਲਦੇ ਹੀ ਸਿੱਖਿਆਰਥੀ ਨੂੰ ਇਕ ਵਿਸ਼ੇਸ਼ ਸੰਮੇਲਨ ਦਿਨ, ਸਰਕਟ ਸੰਮੇਲਨ, ਜਾਂ ਜ਼ਿਲ੍ਹਾ ਮਹਾਂ-ਸੰਮੇਲਨ ਲਈ ਆਉਣ ਵਾਸਤੇ ਉਤਸ਼ਾਹਿਤ ਕਰੋ। ਤੁਸੀਂ ਸ਼ਾਇਦ ਉਸ ਨੂੰ ਆਪਣੇ ਆਉਣ-ਜਾਣ ਦੇ ਪ੍ਰਬੰਧ ਵਿਚ ਸ਼ਾਮਲ ਕਰ ਸਕੋ।
13 ਉਸ ਦੇ ਦਿਲ ਵਿਚ ਗਹਿਰੀ ਕਦਰਦਾਨੀ ਬਿਠਾਓ: ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ), ਸਫ਼ਾ 92, ਵਿਆਖਿਆ ਕਰਦੀ ਹੈ: “ਜੇਕਰ ਦਿਲਚਸਪੀ ਰੱਖਣ ਵਾਲਿਆਂ ਨਾਲ ਤੁਹਾਡੀ ਗੱਲ-ਬਾਤ ਤੋਂ ਯਹੋਵਾਹ ਦੇ ਸੰਗਠਨ ਲਈ ਤੁਹਾਡੀ ਆਪਣੀ ਗਹਿਰੀ ਕਦਰਦਾਨੀ ਝਲਕਦੀ ਹੈ, ਤਾਂ ਉਨ੍ਹਾਂ ਲਈ ਆਪਣੀ ਕਦਰਦਾਨੀ ਵਧਾਉਣੀ ਜ਼ਿਆਦਾ ਆਸਾਨ ਹੋਵੇਗੀ ਅਤੇ ਉਹ ਯਹੋਵਾਹ ਨੂੰ ਜਾਣਨ ਵਿਚ ਜ਼ਿਆਦਾ ਤਰੱਕੀ ਕਰਨ ਲਈ ਪ੍ਰੇਰਿਤ ਹੋਣਗੇ।” ਆਪਣੀ ਸਥਾਨਕ ਕਲੀਸਿਯਾ ਬਾਰੇ ਨਿਖੇਧਾਤਮਕ ਦੀ ਬਜਾਇ, ਹਮੇਸ਼ਾ ਉਸਾਰੂ ਤਰੀਕੇ ਨਾਲ ਗੱਲਾਂ ਕਰੋ। (ਜ਼ਬੂ. 84:10; 133:1, 3 ਅ) ਬਾਈਬਲ ਅਧਿਐਨ ਤੇ ਤੁਸੀਂ ਜੋ ਪ੍ਰਾਰਥਨਾਵਾਂ ਕਰਦੇ ਹੋ, ਉਸ ਵਿਚ ਕਲੀਸਿਯਾ ਬਾਰੇ ਅਤੇ ਸਿੱਖਿਆਰਥੀ ਦੀ ਇਸ ਨਾਲ ਬਾਕਾਇਦਾ ਸੰਗਤ ਰੱਖਣ ਦੀ ਲੋੜ ਬਾਰੇ ਜ਼ਿਕਰ ਕਰੋ।—ਅਫ਼. 1:15-17.
14 ਅਸੀਂ ਨਿਸ਼ਚੇ ਹੀ ਚਾਹੁੰਦੇ ਹਾਂ ਕਿ ਨਵੇਂ ਸਿੱਖਿਆਰਥੀ ਪਰਮੇਸ਼ੁਰ ਦੇ ਲੋਕਾਂ ਵਿਚਕਾਰ ਪਾਈ ਜਾਂਦੀ ਆਨੰਦਮਈ ਸੰਗਤ ਅਤੇ ਅਧਿਆਤਮਿਕ ਸੁਰੱਖਿਆ ਲਈ ਦਿਲੀ ਕਦਰਦਾਨੀ ਵਿਕਸਿਤ ਕਰਨ। (1 ਤਿਮੋ. 3:15; 1 ਪਤ. 2:17; 5:9) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਆਓ ਅਸੀਂ ਪਰਮੇਸ਼ੁਰ ਦੇ ਬਚਨ ਦੇ ਸਿੱਖਿਆਰਥੀਆਂ ਨੂੰ ਸਾਡੇ ਸੰਗਠਨ ਵੱਲ ਨਿਰਦੇਸ਼ਿਤ ਕਰਨ ਲਈ ਪੂਰੀ ਕੋਸ਼ਿਸ਼ ਕਰੀਏ।
[ਸਫ਼ੇ 3 ਉੱਤੇ ਸੁਰਖੀ]
ਸਿੱਖਿਆਰਥੀ ਜ਼ਿਆਦਾ ਤੇਜ਼ੀ ਨਾਲ ਅਧਿਆਤਮਿਕ ਤਰੱਕੀ ਕਰਦੇ ਹਨ ਜਦੋਂ ਉਹ ਸੰਗਠਨ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਹਨ
[ਸਫ਼ੇ 4 ਉੱਤੇ ਸੁਰਖੀ]
ਸਿੱਖਿਆਰਥੀਆਂ ਨੂੰ ਸਭਾਵਾਂ ਲਈ ਸੱਦਣ ਵਿਚ ਦੇਰ ਨਾ ਕਰੋ