ਭਾਗ 8—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਸੰਗਠਨ ਦਾ ਹਿੱਸਾ ਬਣਨ ਵਿਚ ਵਿਦਿਆਰਥੀ ਦੀ ਮਦਦ ਕਰੋ
1. ਬਾਈਬਲ ਵਿਦਿਆਰਥੀਆਂ ਨੂੰ ਹਰ ਹਫ਼ਤੇ ਯਹੋਵਾਹ ਦੇ ਸੰਗਠਨ ਬਾਰੇ ਕੁਝ ਦੱਸਣਾ ਕਿਉਂ ਲਾਹੇਵੰਦ ਹੈ?
1 ਜਦੋਂ ਅਸੀਂ ਕਿਸੇ ਨੂੰ ਬਾਈਬਲ ਸਟੱਡੀ ਕਰਾਉਂਦੇ ਹਾਂ, ਤਾਂ ਸਾਡਾ ਮਕਸਦ ਸਿਰਫ਼ ਉਸ ਨੂੰ ਜਾਣਕਾਰੀ ਦੇਣੀ ਹੀ ਨਹੀਂ, ਸਗੋਂ ਮਸੀਹੀ ਕਲੀਸਿਯਾ ਦਾ ਹਿੱਸਾ ਬਣਨ ਵਿਚ ਉਸ ਦੀ ਮਦਦ ਕਰਨੀ ਵੀ ਹੈ। (ਜ਼ਕ. 8:23) ਇਸ ਮਕਸਦ ਵਿਚ ਸਫ਼ਲ ਹੋਣ ਲਈ, ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਵਿਸ਼ਵਾਸ ਕਰਦੇ ਹਨ? (ਹਿੰਦੀ) ਨਾਮਕ ਬਰੋਸ਼ਰ ਸਾਡੀ ਮਦਦ ਕਰ ਸਕਦਾ ਹੈ। ਨਵੇਂ ਬਾਈਬਲ ਵਿਦਿਆਰਥੀਆਂ ਨੂੰ ਇਹ ਬਰੋਸ਼ਰ ਦਿਓ ਅਤੇ ਉਨ੍ਹਾਂ ਨੂੰ ਪੜ੍ਹਨ ਲਈ ਕਹੋ। ਫਿਰ ਹਰ ਹਫ਼ਤੇ ਕੁਝ ਮਿੰਟ ਉਨ੍ਹਾਂ ਨੂੰ ਯਹੋਵਾਹ ਦੇ ਸੰਗਠਨ ਬਾਰੇ ਕੋਈ ਗੱਲ ਦੱਸੋ।
2. ਤੁਸੀਂ ਵਿਦਿਆਰਥੀਆਂ ਨੂੰ ਕਲੀਸਿਯਾ ਸਭਾਵਾਂ ਵਿਚ ਆਉਣ ਦੀ ਪ੍ਰੇਰਣਾ ਕਿਵੇਂ ਦੇ ਸਕਦੇ ਹੋ?
2 ਕਲੀਸਿਯਾ ਦੀਆਂ ਸਭਾਵਾਂ: ਵਿਦਿਆਰਥੀਆਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਸੰਗਠਨ ਲਈ ਸੱਚੀ ਕਦਰ ਪੈਦਾ ਕਰਨ ਦਾ ਮੁੱਖ ਤਰੀਕਾ ਹੈ ਉਨ੍ਹਾਂ ਨੂੰ ਕਲੀਸਿਯਾ ਸਭਾਵਾਂ ਵਿਚ ਲਿਆਉਣਾ। (1 ਕੁਰਿੰ. 14:24, 25) ਇਸ ਉਦੇਸ਼ ਨਾਲ ਉਨ੍ਹਾਂ ਨੂੰ ਪੰਜ ਸਭਾਵਾਂ ਬਾਰੇ ਦੱਸੋ। ਤੁਸੀਂ ਹਰ ਹਫ਼ਤੇ ਇਕ ਸਭਾ ਬਾਰੇ ਦੱਸ ਸਕਦੇ ਹੋ। ਉਨ੍ਹਾਂ ਨੂੰ ਅਗਲੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸੋ ਅਤੇ ਅਗਲੇ ਪਹਿਰਾਬੁਰਜ ਅਧਿਐਨ ਜਾਂ ਕਲੀਸਿਯਾ ਪੁਸਤਕ ਅਧਿਐਨ ਵਿਚ ਚਰਚਾ ਕੀਤਾ ਜਾਣ ਵਾਲਾ ਲੇਖ ਜਾਂ ਪਾਠ ਦਿਖਾਓ। ਸਮਝਾਓ ਕਿ ਦੈਵ-ਸ਼ਾਸਕੀ ਸੇਵਕਾਈ ਸਕੂਲ ਤੇ ਸੇਵਾ ਸਭਾ ਵਿਚ ਕੀ-ਕੀ ਹੁੰਦਾ ਹੈ। ਜਦੋਂ ਤੁਸੀਂ ਸਕੂਲ ਵਿਚ ਕੋਈ ਭਾਗ ਪੇਸ਼ ਕਰਨਾ ਹੁੰਦਾ ਹੈ, ਤਾਂ ਤੁਸੀਂ ਵਿਦਿਆਰਥੀਆਂ ਨਾਲ ਆਪਣੀ ਪੇਸ਼ਕਾਰੀ ਦੀ ਰੀਹਰਸਲ ਕਰ ਸਕਦੇ ਹੋ। ਸਭਾਵਾਂ ਵਿਚ ਸਿੱਖੀਆਂ ਅਹਿਮ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰੋ। ਰਸਾਲਿਆਂ ਤੇ ਕਿਤਾਬਾਂ ਵਿੱਚੋਂ ਸਭਾਵਾਂ ਦੀਆਂ ਤਸਵੀਰਾਂ ਦਿਖਾਓ। ਪਹਿਲੀ ਸਟੱਡੀ ਤੇ ਹੀ ਉਨ੍ਹਾਂ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿਓ।
3. ਅਸੀਂ ਸੰਗਠਨ ਦੇ ਕਿਨ੍ਹਾਂ ਪਹਿਲੂਆਂ ਬਾਰੇ ਦੱਸ ਸਕਦੇ ਹਾਂ?
3 ਜਦੋਂ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ, ਸੰਮੇਲਨ ਜਾਂ ਸਰਕਟ ਨਿਗਾਹਬਾਨ ਦਾ ਦੌਰਾ ਨੇੜੇ ਆਉਂਦਾ ਹੈ, ਤਾਂ ਕੁਝ ਮਿੰਟ ਕੱਢ ਕੇ ਵਿਦਿਆਰਥੀ ਨੂੰ ਇਨ੍ਹਾਂ ਬਾਰੇ ਦੱਸੋ। ਇਨ੍ਹਾਂ ਸਭਾਵਾਂ ਵਿਚ ਆਉਣ ਦੀ ਉਸ ਵਿਚ ਇੱਛਾ ਪੈਦਾ ਕਰੋ। ਇਕ-ਇਕ ਕਰ ਕੇ ਸਵਾਲਾਂ ਦੇ ਜਵਾਬ ਦਿਓ ਜਿਵੇਂ: ਸਾਨੂੰ ਯਹੋਵਾਹ ਦੇ ਗਵਾਹ ਕਿਉਂ ਕਿਹਾ ਜਾਂਦਾ ਹੈ? ਸਾਡੇ ਸਭਾ ਸਥਾਨਾਂ ਨੂੰ ਕਿੰਗਡਮ ਹਾਲ ਕਿਉਂ ਕਿਹਾ ਜਾਂਦਾ ਹੈ? ਬਜ਼ੁਰਗਾਂ ਤੇ ਸਹਾਇਕ ਸੇਵਕਾਂ ਦੀਆਂ ਕੀ ਜ਼ਿੰਮੇਵਾਰੀਆਂ ਹਨ? ਪ੍ਰਚਾਰ ਦੇ ਕੰਮ ਤੇ ਖੇਤਰ ਦੀ ਵੰਡ ਦਾ ਕਿਵੇਂ ਬੰਦੋਬਸਤ ਕੀਤਾ ਜਾਂਦਾ ਹੈ? ਸਾਡਾ ਸਾਹਿੱਤ ਕਿਵੇਂ ਤਿਆਰ ਹੁੰਦਾ ਹੈ? ਸੰਗਠਨ ਨੂੰ ਚਲਾਉਣ ਦਾ ਖ਼ਰਚਾ ਕੌਣ ਕੱਢਦਾ ਹੈ? ਸੰਗਠਨ ਨੂੰ ਚਲਾਉਣ ਵਿਚ ਬ੍ਰਾਂਚ ਆਫਿਸ ਅਤੇ ਪ੍ਰਬੰਧਕ ਸਭਾ ਦੀਆਂ ਕੀ ਭੂਮਿਕਾਵਾਂ ਹਨ?
4, 5. ਸੰਗਠਨ ਬਾਰੇ ਜਾਣਨ ਵਿਚ ਸਾਡੇ ਵਿਡਿਓ ਵਿਦਿਆਰਥੀਆਂ ਦੀ ਕਿਵੇਂ ਮਦਦ ਕਰ ਸਕਦੇ ਹਨ?
4 ਸਿੱਖਿਆਦਾਇਕ ਵਿਡਿਓ: ਵਿਦਿਆਰਥੀ ਸੰਸਥਾ ਦੀਆਂ ਵਿਡਿਓ ਫ਼ਿਲਮਾਂ (ਅੰਗ੍ਰੇਜ਼ੀ) ਦੇਖ ਕੇ ਵੀ ਯਹੋਵਾਹ ਦੇ ਮਹਾਨ ਸੰਗਠਨ ਬਾਰੇ ਸਿੱਖ ਸਕਦੇ ਹਨ। ਇਹ ਉਨ੍ਹਾਂ ਨੂੰ ਧਰਤੀ ਦੀਆਂ ਹੱਦਾਂ ਤਕ ਲੈ ਜਾ ਸਕਦੀਆਂ ਹਨ, ਉਨ੍ਹਾਂ ਨੂੰ ਦਿਖਾ ਸਕਦੀਆਂ ਹਨ ਕਿ ਸਾਡਾ ਭਾਈਚਾਰਾ ਕਿਹੋ ਜਿਹਾ ਹੈ ਅਤੇ ਅਸੀਂ ਸਾਰੇ ਕਿਵੇਂ ਪਰਮੇਸ਼ੁਰੀ ਸਿੱਖਿਆ ਦੁਆਰਾ ਇਕਮੁੱਠ ਹਾਂ। ਇਕ ਤੀਵੀਂ ਪੰਜ ਸਾਲਾਂ ਤੋਂ ਸਾਡੇ ਰਸਾਲੇ ਤੇ ਕਿਤਾਬਾਂ ਪੜ੍ਹ ਰਹੀ ਸੀ, ਪਰ ਜਦੋਂ ਉਸ ਨੇ ਯਹੋਵਾਹ ਦੇ ਗਵਾਹਾਂ ਦਾ ਸੰਗਠਨ ਵਿਡਿਓ ਦੇਖਿਆ, ਤਾਂ ਇਸ ਦਾ ਉਸ ਦੇ ਦਿਲ ਤੇ ਡੂੰਘਾ ਅਸਰ ਪਿਆ। ਜਿਹੜੇ ਗਵਾਹ ਉਸ ਨੂੰ ਮਿਲਣ ਜਾਂਦੇ ਸਨ, ਉਨ੍ਹਾਂ ਉੱਤੇ ਉਸ ਨੂੰ ਭਰੋਸਾ ਸੀ। ਪਰ ਵਿਡਿਓ ਦੇਖਣ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਹ ਗਵਾਹਾਂ ਦੇ ਸੰਗਠਨ ਉੱਤੇ ਵੀ ਭਰੋਸਾ ਕਰ ਸਕਦੀ ਸੀ। ਉਸ ਨੇ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਗਲੇ ਹਫ਼ਤੇ ਤੋਂ ਸਭਾਵਾਂ ਵਿਚ ਵੀ ਆਉਣਾ ਸ਼ੁਰੂ ਕਰ ਦਿੱਤਾ।
5 ਯਹੋਵਾਹ ਦੇ ਸੰਗਠਨ ਦੁਆਰਾ ਮੁਹੱਈਆ ਕੀਤੀਆਂ ਕਿਤਾਬਾਂ ਤੇ ਫ਼ਿਲਮਾਂ ਦੀ ਮਦਦ ਨਾਲ ਅਸੀਂ ਥੋੜ੍ਹਾ-ਥੋੜ੍ਹਾ ਕਰਕੇ ਆਪਣੇ ਵਿਦਿਆਰਥੀਆਂ ਨੂੰ ਸੰਗਠਨ ਬਾਰੇ ਦੱਸ ਸਕਦੇ ਹਾਂ। ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਸੰਗਠਨ ਦਾ ਹਿੱਸਾ ਬਣਨ ਦੀ ਪ੍ਰੇਰਣਾ ਦਿੰਦੇ ਹਾਂ।