ਪਹਿਲਾਂ ਤੋਂ ਹੀ ਤਿਆਰੀ ਕਰਨੀ—ਕਿਸ ਵਾਸਤੇ?
1 ਅਸੀਂ ਸਾਰੇ ਹੀ ਆਪਣੇ ਭਵਿੱਖ ਬਾਰੇ ਯੋਜਨਾਵਾਂ ਬਣਾਉਣ ਉੱਤੇ ਕੁਝ ਹੱਦ ਤਕ ਸੋਚ-ਵਿਚਾਰ ਜ਼ਰੂਰ ਕਰਦੇ ਹਾਂ। ਜਿਨ੍ਹਾਂ ਨੂੰ ਧਰਤੀ ਉੱਤੇ ਜੀਉਣ ਦੀ ਉਮੀਦ ਹੈ, ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਹਨ। ਪਰ ਕਈ ਅਜਿਹੇ ਪ੍ਰਭਾਵ ਹਨ ਜੋ ਸਾਡੇ ਦਿਲਾਂ ਵਿੱਚੋਂ ਇਸ ਉਮੀਦ ਨੂੰ ਮਿਟਾ ਸਕਦੇ ਹਨ। ਇਸ ਲਈ ਸਾਨੂੰ ਰਾਜ ਦੇ ਕੰਮਾਂ ਵਿਚ ਆਪਣੀਆਂ ਜ਼ਿੰਦਗੀਆਂ ਲਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਸਰੀਰ ਦੀਆਂ ਭਰਮਾਉਣ ਵਾਲੀਆਂ ਕਾਮਨਾਵਾਂ ਵਿਚ ਫਸਣ ਤੋਂ ਵੀ ਬਚਣਾ ਚਾਹੀਦਾ ਹੈ।—1 ਯੂਹੰ. 2:15-17.
2 ਇਹ ਦੁਨੀਆਂ ਅਧਿਆਤਮਿਕ ਕਦਰਾਂ-ਕੀਮਤਾਂ ਤੇ ਚੱਲਣ ਵਾਲੇ ਲੋਕਾਂ ਦੇ ਟੀਚਿਆਂ ਨੂੰ ਕਦੇ ਨਹੀਂ ਸਮਝ ਸਕਦੀ। (1 ਕੁਰਿ. 2:14) ਜਦ ਕਿ ਦੂਜੇ ਲੋਕ ਤਾਕਤ ਜਾਂ ਧਨ-ਦੌਲਤ ਹਾਸਲ ਕਰਨ ਅਤੇ ਮਸ਼ਹੂਰ ਹੋਣ ਲਈ ਜੱਦੋ-ਜਹਿਦ ਕਰ ਰਹੇ ਹਨ, ਪਰ ਅਸੀਂ ਅਧਿਆਤਮਿਕ ਖ਼ਜ਼ਾਨੇ ਨੂੰ ਪ੍ਰਾਪਤ ਕਰਨ ਲਈ ਆਪਣੀ ਪੂਰੀ ਵਾਹ ਲਾ ਰਹੇ ਹਾਂ। (ਮੱਤੀ 6:19-21) ਜੇ ਅਸੀਂ ਭਵਿੱਖ ਬਾਰੇ ਦੁਨੀਆਂ ਵਾਂਗ ਸੋਚਣ ਲੱਗ ਪੈਂਦੇ ਹਾਂ, ਤਾਂ ਫਿਰ ਕੀ ਅਸੀਂ ਆਪਣੇ ਅਧਿਆਤਮਿਕ ਟੀਚਿਆਂ ਨੂੰ ਪੂਰਾ ਕਰ ਪਾਵਾਂਗੇ? ਜਲਦੀ ਹੀ ਦੁਨਿਆਵੀ ਗੱਲਾਂ ਸਾਡੇ ਦਿਲਾਂ ਉੱਤੇ ਹਾਵੀ ਹੋ ਜਾਣਗੀਆਂ। ਇਸ ਤੋਂ ਅਸੀਂ ਕਿੱਦਾਂ ਬਚ ਸਕਦੇ ਹਾਂ?
3 “ਪ੍ਰਭੁ ਯਿਸੂ ਮਸੀਹ ਨੂੰ ਪਹਿਨ ਲਓ”: ਅਸੀਂ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਣਾਉਂਦੇ ਸਮੇਂ ਰਾਜ ਦੇ ਕੰਮਾਂ ਨੂੰ ਧਿਆਨ ਵਿਚ ਰੱਖਦੇ ਹਾਂ ਜਾਂ ਨਹੀਂ, ਇਹ ਪਤਾ ਲਾਉਣ ਦਾ ਇਕ ਤਰੀਕਾ ਹੈ ਆਪਣੀ ਗੱਲਬਾਤ ਦੀ ਜਾਂਚ ਕਰਨੀ। ਕੀ ਅਸੀਂ ਹਰ ਵੇਲੇ ਭੌਤਿਕ ਚੀਜ਼ਾਂ ਅਤੇ ਦੁਨਿਆਵੀ ਹਿਤਾਂ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ? ਜੇ ਹਾਂ, ਤਾਂ ਸਾਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਤੇ ਸਾਡੇ ਦਿਲ ਵਿਚ ਅਧਿਆਤਮਿਕ ਕਦਰਾਂ-ਕੀਮਤਾਂ ਦੀ ਅਹਿਮੀਅਤ ਤਾਂ ਨਹੀਂ ਘਟ ਰਹੀ। ਇਸ ਲਈ ਸਾਨੂੰ ਸ਼ਾਇਦ ‘ਸਰੀਰ ਦੇ ਵਿਸ਼ਿਆਂ ਲਈ ਤਰੱਦਦ ਕਰਨ’ ਯਾਨੀ ਯੋਜਨਾ ਬਣਾਉਣ ਦੀ ਬਜਾਇ, ‘ਪ੍ਰਭੁ ਯਿਸੂ ਮਸੀਹ ਨੂੰ ਪਹਿਨਣ’ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੋਵੇ।—ਰੋਮੀ. 13:14.
4 ਜਵਾਨ ਭੈਣ-ਭਰਾ ਪੂਰੇ ਸਮੇਂ ਦੀ ਸੇਵਕਾਈ ਕਰਨ ਲਈ ਪਹਿਲਾਂ ਤੋਂ ਹੀ ਤਿਆਰੀ ਕਰਨ ਦੁਆਰਾ “ਮਸੀਹ ਨੂੰ ਪਹਿਨ” ਸਕਦੇ ਹਨ। ਇਕ ਨੌਜਵਾਨ ਨਿਯਮਿਤ ਪਾਇਨੀਅਰੀ ਕਰਨੀ ਚਾਹੁੰਦਾ ਸੀ, ਪਰ ਉਹ ਇਕ ਅਜਿਹੇ ਸਭਿਆਚਾਰ ਵਿਚ ਜੰਮਿਆ-ਪਲਿਆ ਸੀ ਜਿੱਥੇ ਇਹ ਰਿਵਾਜ ਹੈ ਕਿ ਮੁੰਡੇ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਚਾਹੀਦਾ ਹੈ। ਇਸ ਲਈ ਉਹ ਬਿਜ਼ਨਿਸ ਵਿਚ ਐਨਾ ਰੁੱਝ ਗਿਆ ਕਿ ਸਭਾਵਾਂ ਵਿਚ ਆਉਣਾ ਤੇ ਪ੍ਰਚਾਰ ਵਿਚ ਹਿੱਸਾ ਲੈਣਾ ਉਸ ਦੇ ਲਈ ਸਿਰਫ਼ ਇਕ ਰੁਟੀਨ ਜਿਹਾ ਬਣ ਗਿਆ। ਪਰ ਜਦੋਂ ਉਸ ਨੇ ਮੱਤੀ 6:33 ਵਿਚ ਪਾਏ ਜਾਂਦੇ ਯਿਸੂ ਦੇ ਸ਼ਬਦਾਂ ਵਿਚ ਭਰੋਸਾ ਕਰਨਾ ਸ਼ੁਰੂ ਕੀਤਾ, ਤਾਂ ਉਸ ਨੇ ਆਪਣੇ ਕੰਮ ਵਿਚ ਚੱਕੀ ਵਾਂਗ ਪਿਸਣਾ ਛੱਡ ਦਿੱਤਾ ਤੇ ਨਿਯਮਿਤ ਪਾਇਨੀਅਰੀ ਕਰਨ ਲੱਗ ਪਿਆ। ਹੁਣ ਉਹ ਕਹਿੰਦਾ ਹੈ ਕਿ ਉਹ ਸ਼ੁੱਧ ਜ਼ਮੀਰ ਨਾਲ ਆਪਣੀ “ਪੂਰੀ ਵਾਹ ਲਾ ਕੇ” ਯਹੋਵਾਹ ਦੀ ਸੇਵਾ ਕਰ ਰਿਹਾ ਹੈ।
5 ਬਾਈਬਲ ਕਹਿੰਦੀ ਹੈ ਕਿ ਭਵਿੱਖ ਬਾਰੇ ਪਹਿਲਾਂ ਤੋਂ ਹੀ ਤਿਆਰੀ ਕਰਨੀ ਅਕਲਮੰਦੀ ਦੀ ਗੱਲ ਹੈ। (ਕਹਾ. 21:5) ਆਓ ਆਪਾਂ ਸਾਰੇ ਹੀ ਪਰਮੇਸ਼ੁਰ ਦੀ ਇੱਛਾ ਨੂੰ ਧਿਆਨ ਵਿਚ ਰੱਖਦੇ ਹੋਏ ਭਵਿੱਖ ਬਾਰੇ ਪਹਿਲਾਂ ਤੋਂ ਹੀ ਤਿਆਰੀ ਕਰੀਏ।—ਅਫ਼. 5:15-17.