ਪਹਿਲਾਂ ਤੋਂ ਹੀ ਯੋਜਨਾ ਬਣਾਓ!
1 ਯਹੋਵਾਹ ਦਾ ਸੰਗਠਨ ਦੈਵ-ਸ਼ਾਸਕੀ ਸਰਗਰਮੀਆਂ ਦੇ ਇਕ ਨਿਯਮਿਤ ਪ੍ਰੋਗ੍ਰਾਮ ਦਾ ਪ੍ਰਬੰਧ ਕਰਦਾ ਹੈ ਜੋ ਕਿ ਸਾਡੀਆਂ ਅਧਿਆਤਮਿਕ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਸਫ਼ਰੀ ਨਿਗਾਹਬਾਨ ਦੀਆਂ ਮੁਲਾਕਾਤਾਂ, ਅਸੈਂਬਲੀਆਂ ਅਤੇ ਮਹਾਂ-ਸੰਮੇਲਨਾਂ ਤੇ ਸਥਾਨਕ ਤੌਰ ਤੇ ਯੋਜਨਾਬੱਧ ਕੀਤੀਆਂ ਜਾਂਦੀਆਂ ਦੂਸਰੀਆਂ ਖ਼ਾਸ ਸਰਗਰਮੀਆਂ ਪ੍ਰਤੀ ਕਦਰਦਾਨੀ ਸਾਨੂੰ ਇਨ੍ਹਾਂ ਸਾਰੇ ਪ੍ਰਬੰਧਾਂ ਤੋਂ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕਰਦੀ ਹੈ। (ਮੱਤੀ 5:3) ਫਿਰ ਵੀ, ਕੁਝ ਲੋਕ ਹੋਰ ਦੂਜੀਆਂ ਯੋਜਨਾਵਾਂ ਦੇ ਕਾਰਨ ਇਨ੍ਹਾਂ ਵਿੱਚੋਂ ਬਹੁਤ ਸਾਰੇ ਅਧਿਆਤਮਿਕ ਪ੍ਰਬੰਧਾਂ ਦਾ ਲਾਭ ਪ੍ਰਾਪਤ ਕਰਨ ਤੋਂ ਖੁੰਝ ਜਾਂਦੇ ਹਨ। ਇਸ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ? ਅਸੀਂ ਕਿਸ ਤਰ੍ਹਾਂ ਯਕੀਨੀ ਹੋ ਸਕਦੇ ਹਾਂ ਕਿ ਗ਼ੈਰ-ਦੈਵ-ਸ਼ਾਸਕੀ ਸਰਗਰਮੀਆਂ “ਚੰਗ ਚੰਗੇਰੀਆਂ ਗੱਲਾਂ” ਨਾਲੋਂ ਜ਼ਿਆਦਾ ਨਾ ਹੋ ਜਾਣ?—ਫ਼ਿਲਿ. 1:10.
2 ਵਧੀਆ ਯੋਜਨਾ ਲੋੜੀਂਦੀ ਹੈ: ਕਹਾਉਤਾਂ 21:5 ਨਸੀਹਤ ਦਿੰਦਾ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ, ਪਰ ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਧਿਆਤਮਿਕ ‘ਸਫ਼ਲਤਾ’ ਪ੍ਰਾਪਤ ਕਰਨ ਲਈ, ਪ੍ਰਬੰਧ ਕੀਤੀਆਂ ਗਈਆਂ ਦੈਵ-ਸ਼ਾਸਕੀ ਸਰਗਰਮੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਪਹਿਲਾਂ ਤੋਂ ਹੀ ਮਿਹਨਤ ਨਾਲ ਯੋਜਨਾ ਬਣਾਉਣੀ ਪੈਣੀ ਹੈ। ਸਾਨੂੰ ਆਪਣੇ ਨਿੱਜੀ ਕੰਮ ਉਸ ਸਮੇਂ ਕਰਨੇ ਚਾਹੀਦੇ ਹਨ ਜਦੋਂ ਇਹ ਅਧਿਆਤਮਿਕ ਬਰਕਤਾਂ ਪ੍ਰਾਪਤ ਕਰਨ ਲਈ ਸਾਡੇ ਰਾਹ ਵਿਚ ਅੜਿੱਕਾ ਨਾ ਪਾਉਣ। ਜੇਕਰ ਅਸੀਂ ਆ ਰਹੀਆਂ ਦੈਵ-ਸ਼ਾਸਕੀ ਸਰਗਰਮੀਆਂ ਨੂੰ ਧਿਆਨ ਵਿਚ ਰੱਖੇ ਬਿਨਾਂ ਛੇਤੀ ਨਾਲ ਉਨ੍ਹਾਂ ਕੰਮਾਂ ਦੀਆਂ ਯੋਜਨਾਵਾਂ ਬਣਾਉਂਦੇ ਹਾਂ, ਜਿਨ੍ਹਾਂ ਨੂੰ ਅਸੀਂ ਨਿੱਜੀ ਤੌਰ ਤੇ ਕਰਨਾ ਚਾਹੁੰਦੇ ਹਾਂ, ਤਾਂ ਸੰਭਵ ਹੀ ਸਾਡੇ “ਹੱਥ ਕੁਝ ਨਹੀਂ” ਆਵੇਗਾ।
3 ਇਨ੍ਹਾਂ ਤੋਂ ਖੁੰਝੋ ਨਾ! ਅਸੀਂ ਸਾਰੇ ਹੀ ਭਵਿੱਖ ਲਈ ਯੋਜਨਾਵਾਂ ਬਣਾਉਂਦੇ ਹਾਂ, ਜਿਨ੍ਹਾਂ ਵਿਚ ਛੁੱਟੀਆਂ ਬਿਤਾਉਣੀਆਂ, ਵਪਾਰਕ ਦੌਰੇ ਕਰਨੇ, ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਆਦਿ ਸ਼ਾਮਲ ਹਨ। ਕਿਸੇ ਨਾਲ ਵਾਅਦਾ ਕਰਨ ਜਾਂ ਆਪਣੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ, ਆਉਣ ਵਾਲੀਆਂ ਅਧਿਆਤਮਿਕ ਸਰਗਰਮੀਆਂ ਦੀ ਅਨੁਸੂਚੀ ਉੱਤੇ ਵਿਚਾਰ ਕਰੋ। ਜੇਕਰ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਸਫ਼ਰੀ ਨਿਗਾਹਬਾਨ ਦੀ ਮੁਲਾਕਾਤ ਵੇਲੇ ਜਾਂ ਸੰਮੇਲਨ ਹੋਣ ਦੇ ਸਮੇਂ ਤੁਸੀਂ ਸ਼ਾਇਦ ਉੱਥੇ ਨਹੀਂ ਹੋਵੋਗੇ, ਤਾਂ ਆਪਣੇ ਕੰਮਾਂ ਦਾ ਦੁਬਾਰਾ ਤੋਂ ਪ੍ਰਬੰਧ ਕਰਨ ਦਾ ਪੂਰਾ ਜਤਨ ਕਰੋ ਤਾਂਕਿ ਤੁਸੀਂ ਸ਼ਾਮਲ ਹੋ ਸਕੋ। ਸਾਨੂੰ ਭਵਿੱਖ ਵਿਚ ਹੋਣ ਵਾਲੀਆਂ ਮੁੱਖ ਸਰਗਰਮੀਆਂ ਬਾਰੇ ਕਾਫ਼ੀ ਸਮਾਂ ਪਹਿਲਾਂ ਹੀ ਦੱਸਿਆ ਜਾਂਦਾ ਹੈ। ਤੁਹਾਡੀ ਕਲੀਸਿਯਾ ਦੇ ਬਜ਼ੁਰਗ ਤੁਹਾਨੂੰ ਦੱਸ ਸਕਦੇ ਹਨ ਕਿ ਸਥਾਨਕ ਤੌਰ ਤੇ ਕੀ-ਕੀ ਪ੍ਰਬੰਧ ਕੀਤੇ ਗਏ ਹਨ।
4 ਦੂਰ-ਅੰਦੇਸ਼ੀ ਦਾ ਇਸਤੇਮਾਲ ਕਰ ਕੇ ਅਤੇ ਅਤਿ-ਮਹੱਤਵਪੂਰਣ ਕੰਮਾਂ ਦੀ ਪਹਿਲਾਂ ਤੋਂ ਹੀ ਯੋਜਨਾ ਬਣਾ ਕੇ, ਅਸੀਂ ‘ਧਰਮ ਦੇ ਫਲਾਂ ਨਾਲ ਭਰ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ’ ਕਰਾਂਗੇ।—ਫ਼ਿਲਿ. 1:11.