ਪੂਰੇ ਸਮੇਂ ਦੀ ਸੇਵਕਾਈ ਤੋਂ ਮਿਲਣ ਵਾਲੀਆਂ ਖ਼ੁਸ਼ੀਆਂ
1 ਨੌਜਵਾਨ ਹੋਣ ਦੇ ਨਾਤੇ, ਤੁਸੀਂ ਆਪਣੇ ਭਵਿੱਖ ਬਾਰੇ ਕੁਝ ਨਾ ਕੁਝ ਤਾਂ ਸੋਚਿਆ ਹੋਣਾ। ਕਹਾਉਤਾਂ 21:5 ਸਾਨੂੰ ਦੱਸਦਾ ਹੈ ਕਿ “ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ।” ਆਪਣੀ ਜ਼ਿੰਦਗੀ ਦੇ ਟੀਚਿਆਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਨਾਲ ਤੁਹਾਨੂੰ ਹੀ ਫ਼ਾਇਦਾ ਹੋਵੇਗਾ। ਭਵਿੱਖ ਬਾਰੇ ਆਪਣੀਆਂ ਯੋਜਨਾਵਾਂ ਬਣਾਉਂਦੇ ਸਮੇਂ ਪੂਰੇ ਸਮੇਂ ਦੀ ਸੇਵਕਾਈ ਨੂੰ ਵੀ ਧਿਆਨ ਵਿਚ ਰੱਖੋ। ਕਿਉਂ?
2 ਜੇ ਤੁਸੀਂ ਉਨ੍ਹਾਂ ਕੁਝ ਭੈਣ-ਭਰਾਵਾਂ ਕੋਲੋਂ ਉਨ੍ਹਾਂ ਦੇ ਵਿਚਾਰ ਪੁੱਛੋ ਜਿਨ੍ਹਾਂ ਨੇ ਆਪਣੀ ਜਵਾਨੀ ਦੇ ਸਾਲਾਂ ਵਿਚ ਪਾਇਨੀਅਰੀ ਕੀਤੀ ਸੀ, ਤਾਂ ਉਨ੍ਹਾਂ ਦਾ ਇਹੀ ਜਵਾਬ ਹੋਵੇਗਾ: “ਉਹ ਸਾਲ ਮੇਰੀ ਜ਼ਿੰਦਗੀ ਦੇ ਬਿਹਤਰੀਨ ਸਾਲ ਸਨ!” ਆਪਣੀ ਜਵਾਨੀ ਵਿਚ ਪੂਰੇ ਸਮੇਂ ਦੀ ਸੇਵਕਾਈ ਕਰਨ ਨਾਲ ਮਿਲੀਆਂ ਖ਼ੁਸ਼ੀਆਂ ਮਾਣਨ ਵਾਲੇ ਇਕ ਭਰਾ ਨੇ ਕਿਹਾ: “ਜਵਾਨੀ ਦੇ ਦਿਨਾਂ ਉੱਤੇ ਮੁੜ ਝਾਤ ਮਾਰਨ ਨਾਲ ਮੈਨੂੰ ਬੜੀ ਸੰਤੁਸ਼ਟੀ ਮਿਲਦੀ ਹੈ ਤੇ ਮੈਂ ਕਹਿ ਸਕਦਾ ਹਾਂ ਕਿ ਮੈਂ ਇਸ ਵਧੀਆ ਸਲਾਹ ਉੱਤੇ ਧਿਆਨ ਦਿੱਤਾ ਸੀ: ‘ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।’” (ਉਪ. 12:1) ਜੇ ਤੁਸੀਂ ਆਪਣੀ ਜਵਾਨੀ ਵਿਚ ਇਹ ਖ਼ੁਸ਼ੀ ਮਾਣਨੀ ਚਾਹੁੰਦੇ ਹੋ, ਤਾਂ ਤੁਹਾਨੂੰ ਅਤੇ ਤੁਹਾਡੇ ਮਾਪਿਆਂ ਨੂੰ ਹੁਣ ਤੋਂ ਹੀ ਧਿਆਨ ਨਾਲ ਯੋਜਨਾ ਬਣਾਉਣ ਦੀ ਲੋੜ ਹੈ।
3 ਮਾਪਿਓ, ਪੂਰੇ ਸਮੇਂ ਦੀ ਸੇਵਕਾਈ ਕਰਨ ਦੀ ਪ੍ਰੇਰਣਾ ਦਿਓ: ਯਹੋਵਾਹ ਪਰਵਾਹ ਕਰਨ ਵਾਲੇ ਪਿਤਾ ਵਾਂਗ ਸਾਨੂੰ ਸਹੀ ਰਾਹ ਦਿਖਾਉਂਦਾ ਹੈ। (ਯਸਾ. 30:21) ਅਜਿਹੀ ਪ੍ਰੇਮਮਈ ਅਗਵਾਈ ਦੇਣ ਦੁਆਰਾ ਉਹ ਮਸੀਹੀ ਮਾਪਿਆਂ ਲਈ ਵਧੀਆ ਮਿਸਾਲ ਕਾਇਮ ਕਰਦਾ ਹੈ। ਆਪਣੇ ਬੱਚਿਆਂ ਨੂੰ ਆਪਣੀ ਮਰਜ਼ੀ ਨਾਲ ਰਾਹ ਚੁਣਨ ਦੇਣ ਦੀ ਬਜਾਇ, ਤੁਸੀਂ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਨੂੰ ਕਿਸ ਰਾਹ ਤੇ ਜਾਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਨੂੰ ਯਹੋਵਾਹ ਦੀ ਬਰਕਤ ਮਿਲੇ। ਫਿਰ ਜਦੋਂ ਉਹ ਵੱਡੇ ਹੋ ਜਾਣਗੇ, ਤਾਂ ਤੁਹਾਡੀ ਸਿੱਖਿਆ ਉਨ੍ਹਾਂ ਦੀ “ਭਲੇ ਬੁਰੇ ਦੀ ਜਾਚ” ਕਰਨ ਵਿਚ ਮਦਦ ਕਰੇਗੀ। (ਇਬ. 5:14) ਵੱਡੇ ਆਪਣੇ ਤਜਰਬੇ ਤੋਂ ਜਾਣਦੇ ਹਨ ਕਿ ਉਹ ਆਪਣੀ ਸਮਝ ਉੱਤੇ ਭਰੋਸਾ ਨਹੀਂ ਕਰ ਸਕਦੇ; ਉਨ੍ਹਾਂ ਨੂੰ ਆਪਣੇ ਮਾਰਗਾਂ ਨੂੰ ਸਿੱਧਾ ਕਰਨ ਲਈ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। (ਕਹਾ. 3:5, 6) ਜ਼ਿੰਦਗੀ ਵਿਚ ਘੱਟ ਤਜਰਬਾ ਹੋਣ ਕਰਕੇ ਨੌਜਵਾਨਾਂ ਨੂੰ ਇਸ ਤਰ੍ਹਾਂ ਕਰਨ ਦੀ ਜ਼ਿਆਦਾ ਲੋੜ ਹੈ।
4 ਮਾਪਿਓ, ਜਦੋਂ ਤੁਹਾਡੇ ਬੱਚੇ ਕਿਸ਼ੋਰ ਉਮਰ ਦੇ ਹੁੰਦੇ ਹਨ ਜਾਂ ਉਸ ਤੋਂ ਵੀ ਪਹਿਲਾਂ ਉਨ੍ਹਾਂ ਨਾਲ ਗੱਲ ਕਰੋ ਕਿ ਉਹ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹਨ। ਸਕੂਲ ਸਲਾਹਕਾਰ, ਅਧਿਆਪਕ ਅਤੇ ਸਹਿਪਾਠੀ ਉਨ੍ਹਾਂ ਨੂੰ ਦੁਨਿਆਵੀ ਤੇ ਭੌਤਿਕਵਾਦੀ ਕੰਮਾਂ ਵਿਚ ਲੱਗਣ ਲਈ ਪ੍ਰਭਾਵਿਤ ਕਰ ਸਕਦੇ ਹਨ। ਆਪਣੇ ਬੱਚਿਆਂ ਨੂੰ ਉਹ ਕੋਰਸ ਚੁਣਨ ਵਿਚ ਮਦਦ ਦਿਓ ਜਿਨ੍ਹਾਂ ਨਾਲ ਉਨ੍ਹਾਂ ਨੂੰ ਵਿਵਹਾਰਕ ਸਿਖਲਾਈ ਮਿਲੇ ਅਤੇ ਜਿਨ੍ਹਾਂ ਦੀ ਸਹਾਇਤਾ ਨਾਲ ਉਹ ਰਾਜ ਹਿਤਾਂ ਨੂੰ ਤਿਆਗੇ ਬਿਨਾਂ ਆਪਣੀਆਂ ਭੌਤਿਕ ਲੋੜਾਂ ਪੂਰੀਆਂ ਕਰ ਸਕਣ। (1 ਤਿਮੋ. 6:6-11) ਸਕੂਲ ਵਿਚ ਪੜ੍ਹਨ ਦੇ ਨਾਲ-ਨਾਲ ਕੋਈ ਕੰਮ ਵੀ ਸਿੱਖਿਆ ਜਾ ਸਕਦਾ ਹੈ ਤਾਂਕਿ ਨਿਯਮਿਤ ਪਾਇਨੀਅਰੀ ਕਰਦੇ ਸਮੇਂ ਆਪਣੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।
5 ਨੌਜਵਾਨਾਂ ਨੂੰ ਛੇਤੀ ਵਿਆਹ ਨਾ ਕਰਾਉਣ ਲਈ ਉਤਸ਼ਾਹਿਤ ਕਰੋ। ਜੇ ਉਹ ਬਾਅਦ ਵਿਚ ਵਿਆਹ ਕਰਨ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਵਿਆਹੁਤਾ ਜ਼ਿੰਦਗੀ ਦੀਆਂ ਭਾਰੀਆਂ ਜ਼ਿੰਮੇਵਾਰੀਆਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਾਂਭ ਸਕਣਗੇ। ਪਾਇਨੀਅਰੀ ਕਰਨ, ਜਿੱਥੇ ਜ਼ਿਆਦਾ ਜ਼ਰੂਰਤ ਹੈ ਉੱਥੇ ਸੇਵਾ ਕਰਨ ਅਤੇ ਬੈਥਲ ਸੇਵਾ ਬਾਰੇ ਉਤਸ਼ਾਹਜਨਕ ਗੱਲਾਂ ਕਰਨ ਨਾਲ ਆਪਣੇ ਬੱਚਿਆਂ ਵਿਚ ਛੋਟੀ ਉਮਰ ਤੋਂ ਹੀ ਆਪਣੀਆਂ ਜ਼ਿੰਦਗੀਆਂ ਇਸ ਤਰੀਕੇ ਨਾਲ ਇਸਤੇਮਾਲ ਕਰਨ ਦੀ ਇੱਛਾ ਪੈਦਾ ਕਰੋ ਜਿਸ ਨਾਲ ਯਹੋਵਾਹ ਨੂੰ ਖ਼ੁਸ਼ੀ ਮਿਲੇ, ਦੂਜਿਆਂ ਦਾ ਫ਼ਾਇਦਾ ਹੋਵੇ ਅਤੇ ਉਨ੍ਹਾਂ ਨੂੰ ਵੀ ਖ਼ੁਸ਼ੀ ਮਿਲੇ।
6 ਨੌਜਵਾਨੋ, ਪੂਰੇ ਸਮੇਂ ਦੀ ਸੇਵਕਾਈ ਨੂੰ ਪਹਿਲ ਦਿਓ: ਨੌਜਵਾਨੋ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿ ਪਾਇਨੀਅਰੀ ਕਿਸ ਤਰ੍ਹਾਂ ਦਾ ਕੰਮ ਹੈ। ਸਾਲ ਦੇ ਕਿਸੇ ਵੀ ਮਹੀਨੇ ਦੌਰਾਨ ਅਤੇ ਸਕੂਲ ਦੀਆਂ ਛੁੱਟੀਆਂ ਦੌਰਾਨ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਹੈ, ਤੁਸੀਂ ਸਹਿਯੋਗੀ ਪਾਇਨੀਅਰੀ ਕਰ ਕੇ ਦੇਖ ਸਕਦੇ ਹੋ। ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਾਇਨੀਅਰ ਸੇਵਾ ਕਰਨ ਨਾਲ ਸੱਚ-ਮੁੱਚ ਕਿੰਨੀ ਸੰਤੁਸ਼ਟੀ ਮਿਲਦੀ ਹੈ! ਕੀ ਤੁਸੀਂ ਹੁਣ ਤੋਂ ਲੈ ਕੇ ਸਕੂਲ ਦੀਆਂ ਛੁੱਟੀਆਂ ਖ਼ਤਮ ਹੋਣ ਤਕ ਸਹਿਯੋਗੀ ਪਾਇਨੀਅਰੀ ਕਰਨ ਦੀ ਯੋਜਨਾ ਬਣਾ ਸਕਦੇ ਹੋ?
7 ਜੇ ਤੁਸੀਂ ਪਰਮੇਸ਼ੁਰ ਦੇ ਸੰਗਠਨ ਵਿਚ ਇਕ ਨੌਜਵਾਨ ਭਰਾ ਹੋ, ਤਾਂ ਸਹਾਇਕ ਸੇਵਕ ਬਣਨ ਦੇ ਯੋਗ ਹੋਣ ਬਾਰੇ ਵੀ ਗੰਭੀਰਤਾ ਨਾਲ ਸੋਚੋ। (1 ਤਿਮੋ. 3:8-10, 12) ਇਸ ਤੋਂ ਇਲਾਵਾ, ਤੁਸੀਂ ਹੁਣੇ ਤੋਂ ਹੀ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਢੁਕਵੀਂ ਉਮਰ ਦੇ ਹੋ ਕੇ ਬੈਥਲ ਸੇਵਾ ਲਈ ਅਰਜ਼ੀ ਭਰਨੀ ਚਾਹੋਗੇ ਜਾਂ ਸੇਵਕਾਈ ਸਿਖਲਾਈ ਸਕੂਲ ਵਿਚ ਸਿਖਲਾਈ ਲੈਣੀ ਚਾਹੋਗੇ। ਪਾਇਨੀਅਰੀ ਕਰਨ ਨਾਲ ਤੁਸੀਂ ਬਹੁਤ ਸਾਰੀਆਂ ਫ਼ਾਇਦੇਮੰਦ ਗੱਲਾਂ ਸਿੱਖੋਗੇ, ਜਿਵੇਂ ਕਿ ਕਿਵੇਂ ਆਪਣੇ ਸਾਰੇ ਕੰਮ ਸਮੇਂ ਸਿਰ ਅਤੇ ਤਰਤੀਬ ਨਾਲ ਕਰਨੇ ਹਨ, ਦੂਜਿਆਂ ਨਾਲ ਮਿਲ ਕੇ ਕਿਵੇਂ ਰਹਿਣਾ ਹੈ ਅਤੇ ਆਪਣੀ ਜ਼ਿੰਮੇਵਾਰੀ ਕਿਵੇਂ ਚੰਗੀ ਤਰ੍ਹਾਂ ਸੰਭਾਲਣੀ ਹੈ। ਇਹ ਸਭ ਕੁਝ ਤੁਹਾਨੂੰ ਬਾਅਦ ਵਿਚ ਮਿਲਣ ਵਾਲੇ ਸੇਵਾ ਦੇ ਵੱਡੇ ਮੌਕਿਆਂ ਲਈ ਤਿਆਰ ਕਰੇਗਾ।
8 ਪੂਰੇ ਸਮੇਂ ਦੀ ਸੇਵਕਾਈ ਵਿਚ ਸਫ਼ਲ ਹੋਣ ਲਈ ਪਰਮੇਸ਼ੁਰੀ ਕੰਮਾਂ ਪ੍ਰਤੀ ਮਿਹਨਤੀ ਰਵੱਈਆ ਦਿਖਾਉਣਾ ਬਹੁਤ ਜ਼ਰੂਰੀ ਹੈ। ਪੌਲੁਸ ਰਸੂਲ ਨੇ ਅਜਿਹਾ ਰਵੱਈਆ ਦਿਖਾਉਣ ਦੀ ਪ੍ਰੇਰਣਾ ਦਿੱਤੀ ਸੀ ਅਤੇ ਇਸ ਤੋਂ ਮਿਲਣ ਵਾਲੀਆਂ ਬਰਕਤਾਂ ਬਾਰੇ ਵੀ ਦੱਸਿਆ ਸੀ: “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, . . . ਕਿਉਂਕਿ ਤੁਸੀਂ ਜਾਣਦੇ ਹੋ ਭਈ ਤੁਹਾਨੂੰ ਪ੍ਰਭੁ ਤੋਂ ਅਧਕਾਰ ਦਾ ਫਲ ਮਿਲੇਗਾ।” (ਕੁਲੁ. 3:23, 24) ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਪੂਰੇ ਸਮੇਂ ਦੀ ਸੇਵਕਾਈ ਵਿਚ ਤੁਹਾਨੂੰ ਬਹੁਤ ਸਾਰੀਆਂ ਖ਼ੁਸ਼ੀਆਂ ਦੇਵੇ!