ਜ਼ਿਲ੍ਹਾ ਸੰਮੇਲਨ—ਆਨੰਦ ਕਰਨ ਦਾ ਸਮਾਂ!
1 ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨ ਵੱਡਾ ਆਨੰਦ ਮਨਾਉਣ ਦੇ ਮੌਕੇ ਹੁੰਦੇ ਹਨ। ਸੌ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਇਨ੍ਹਾਂ ਇਕੱਠਾਂ ਨੇ ਸਾਡੇ ਸੰਗਠਨ ਵਿਚ ਹੋ ਰਹੇ ਵਾਧੇ ਵਿਚ ਆਪਣਾ ਬੜਾ ਯੋਗਦਾਨ ਪਾਇਆ ਹੈ। ਅਸੀਂ ਦੇਖਿਆ ਹੈ ਕਿ ਰਾਜ ਦੇ ਕੰਮ ਦੀ ਸ਼ੁਰੂਆਤ ਛੋਟੇ ਪੈਮਾਨੇ ਤੇ ਹੋਈ ਸੀ, ਪਰ ਅੱਜ ਯਹੋਵਾਹ ਦੀ ਬਰਕਤ ਨਾਲ ਇਹ ਕੰਮ ਪੂਰੀ ਦੁਨੀਆਂ ਵਿਚ ਹੋ ਰਿਹਾ ਹੈ। ਆਧੁਨਿਕ ਸਮੇਂ ਵਿਚ ਸੰਨ 1893 ਨੂੰ ਸ਼ਿਕਾਗੋ, ਇਲੀਨਾਇ ਵਿਚ ਸਾਡੇ ਪਹਿਲੇ ਸੰਮੇਲਨ ਵਿਚ 360 ਲੋਕ ਹਾਜ਼ਰ ਹੋਏ ਸਨ ਜਿਨ੍ਹਾਂ ਵਿੱਚੋਂ 70 ਜਣਿਆਂ ਨੇ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲਿਆ ਸੀ। ਪਿਛਲੇ ਸਾਲ ਦੁਨੀਆਂ ਭਰ ਵਿਚ ਹੋਏ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਜ਼ਿਲ੍ਹਾ ਸੰਮੇਲਨਾਂ ਵਿਚ ਕੁੱਲ 94,54,055 ਲੋਕ ਹਾਜ਼ਰ ਹੋਏ ਤੇ 1,29,367 ਲੋਕਾਂ ਨੇ ਬਪਤਿਸਮਾ ਲਿਆ। ਖ਼ੁਸ਼ੀ ਮਨਾਉਣ ਦਾ ਕਿੰਨਾ ਸ਼ਾਨਦਾਰ ਕਾਰਨ!
2 ਬਾਈਬਲ ਸਮਿਆਂ ਤੋਂ ਹੀ ਪਰਮੇਸ਼ੁਰ ਦੇ ਲੋਕਾਂ ਦੇ ਇਹੋ ਜਿਹੇ ਇਕੱਠ ਇਕ ਮੁੱਖ ਜ਼ਰੀਆ ਰਹੇ ਹਨ ਜਿਨ੍ਹਾਂ ਦੁਆਰਾ ਯਹੋਵਾਹ ਆਪਣੇ ਲੋਕਾਂ ਨੂੰ ਸਿਖਾਉਂਦਾ ਹੈ। ਅਜ਼ਰਾ ਤੇ ਨਹਮਯਾਹ ਦੇ ਸਮੇਂ ਵਿਚ ਲੋਕ ਬਿਵਸਥਾ ਨੂੰ “ਪੌਹ ਫੁੱਟਨ ਤੋਂ ਲੈ ਕੇ ਅੱਧੇ ਦਿਨ ਤਕ” ਸੁਣਦੇ ਰਹੇ ਸਨ। (ਨਹ. 8:2, 3) ਉਸ ਮੌਕੇ ਉੱਤੇ ਬਿਵਸਥਾ ਦੀ ਬਿਹਤਰ ਸਮਝ ਹਾਸਲ ਕਰ ਕੇ ਲੋਕਾਂ ਨੇ “ਵੱਡਾ ਅਨੰਦ” ਕੀਤਾ ਸੀ। (ਨਹ. 8:8, 12) ਅਸੀਂ ਵੀ ਆਨੰਦ ਕਰਦੇ ਹਾਂ ਕਿ ਇਹ ਸੰਮੇਲਨ ਸਾਨੂੰ “ਵੇਲੇ ਸਿਰ” ਚੰਗੀਆਂ ਹਿਦਾਇਤਾਂ ਅਤੇ ਅਧਿਆਤਮਿਕ ਭੋਜਨ ਪ੍ਰਾਪਤ ਕਰਨ ਦਾ ਵਧੀਆ ਮੌਕਾ ਦਿੰਦੇ ਹਨ ਜੋ ਯਹੋਵਾਹ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮੁਹੱਈਆ ਕਰਦਾ ਹੈ। (ਮੱਤੀ 24:45) ਕਿਉਂਕਿ ਯਿਸੂ ਨੇ ਕਿਹਾ ਸੀ ਕਿ ਇਨਸਾਨ ‘ਹਰੇਕ ਵਾਕ ਜਿਹੜਾ ਪਰਮੇਸ਼ੁਰ ਦੇ ਮੁੱਖੋਂ ਨਿਕਲਦਾ ਹੈ’ ਉੱਤੇ ਜੀਉਂਦਾ ਰਹਿੰਦਾ ਹੈ, ਇਸੇ ਲਈ ਸੰਮੇਲਨ ਸਾਡੀ ਅਧਿਆਤਮਿਕ ਖ਼ੁਸ਼ਹਾਲੀ ਲਈ ਜ਼ਰੂਰੀ ਹਨ।—ਮੱਤੀ 4:4.
3 ਹਾਜ਼ਰ ਹੋਣ ਦੇ ਬਹੁਤ ਸਾਰੇ ਫ਼ਾਇਦੇ ਹਨ: ਇਸ ਸਾਲ ਸਾਨੂੰ ਸਾਰਿਆਂ ਨੂੰ ਹੀ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਪੂਰੇ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਦਾ ਟੀਚਾ ਰੱਖਣਾ ਚਾਹੀਦਾ ਹੈ। ਸਾਨੂੰ ਹਰ ਰੋਜ਼ ਜਲਦੀ ਪਹੁੰਚਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਸਮਾਪਤੀ ਪ੍ਰਾਰਥਨਾ ਵਿਚ “ਆਮੀਨ!” ਕਹਿਣ ਤਕ ਉੱਥੇ ਰਹਿਣਾ ਚਾਹੀਦਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸ਼ਾਇਦ ਸਾਨੂੰ ਆਪਣੀ ਸਮਾਂ-ਸਾਰਣੀ ਵਿਚ ਫੇਰ-ਬਦਲ ਕਰਨਾ ਪਵੇ। ਸੰਮੇਲਨ ਵਿਚ ਹਾਜ਼ਰ ਹੋਣ ਲਈ ਕੰਮ ਤੋਂ ਛੁੱਟੀ ਲੈਣ ਵਿਚ ਕੁਝ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਪਰ ਸਾਨੂੰ ਸੰਮੇਲਨ ਵਿਚ ਜਾਣ ਦਾ ਪੱਕਾ ਇਰਾਦਾ ਕਰਨ ਦੀ ਲੋੜ ਹੈ ਤੇ ਛੁੱਟੀ ਲੈਣ ਵਿਚ ਦੇਰ ਨਹੀਂ ਕਰਨੀ ਚਾਹੀਦੀ। ਜੇ ਸਾਨੂੰ ਠਹਿਰਨ ਵਾਸਤੇ ਜਗ੍ਹਾ ਜਾਂ ਆਉਣ-ਜਾਣ ਵਾਸਤੇ ਇੰਤਜ਼ਾਮ ਕਰਨ ਦੀ ਲੋੜ ਹੈ, ਤਾਂ ਸਾਨੂੰ ਪਹਿਲਾਂ ਹੀ ਇਹ ਇੰਤਜ਼ਾਮ ਕਰ ਲੈਣੇ ਚਾਹੀਦੇ ਹਨ। ਸਾਡੇ ਜਤਨ ਵਿਅਰਥ ਨਹੀਂ ਜਾਣਗੇ!
4 ਯਹੋਵਾਹ ਦੇ ਲੋਕ ਸੰਮੇਲਨ ਵਿਚ ਹਾਜ਼ਰ ਹੋਣ ਤੋਂ ਮਿਲਣ ਵਾਲੀਆਂ ਬਰਕਤਾਂ ਦੀ ਤੁਲਨਾ ਰੁਪਏ-ਪੈਸੇ ਨਾਲ ਨਹੀਂ ਕਰਦੇ। ਉਨ੍ਹਾਂ ਲੋਕਾਂ ਦੀਆਂ ਕੁਝ ਉਦਾਹਰਣਾਂ ਤੇ ਗੌਰ ਕਰੋ ਜਿਨ੍ਹਾਂ ਨੇ ਨਿਊਯਾਰਕ ਸਿਟੀ ਵਿਚ 1958 ਨੂੰ ਹੋਏ ਯਹੋਵਾਹ ਦੇ ਗਵਾਹਾਂ ਦੇ “ਪਰਮੇਸ਼ੁਰੀ ਇੱਛਾ ਅੰਤਰਰਾਸ਼ਟਰੀ ਸੰਮੇਲਨ” ਵਿਚ ਹਾਜ਼ਰ ਹੋਣ ਦਾ ਪੱਕਾ ਇਰਾਦਾ ਕੀਤਾ ਸੀ। ਇਕ ਭਰਾ ਨੇ ਸੰਮੇਲਨ ਵਿਚ ਹਾਜ਼ਰ ਹੋਣ ਅਤੇ ਸੰਮੇਲਨ ਦੀ ਤਿਆਰੀ ਵਿਚ ਮਦਦ ਕਰਨ ਲਈ ਦੋ ਹਫ਼ਤਿਆਂ ਵਾਸਤੇ ਆਪਣਾ ਕਨਸਟ੍ਰੱਕਸ਼ਨ ਬਿਜ਼ਨਿਸ ਬੰਦ ਕਰ ਦਿੱਤਾ ਸੀ। ਵਰਜਿਨ ਟਾਪੂ ਦੇ ਇਕ ਭਰਾ ਨੇ ਆਪਣੀ ਪੰਜ ਏਕੜ ਜ਼ਮੀਨ ਵੇਚ ਦਿੱਤੀ ਤਾਂਕਿ ਉਸ ਦਾ ਛੇ ਮੈਂਬਰਾਂ ਦਾ ਪੂਰਾ ਪਰਿਵਾਰ ਸੰਮੇਲਨ ਵਿਚ ਹਾਜ਼ਰ ਹੋ ਸਕੇ। ਇਕ ਜਵਾਨ ਜੋੜੇ ਨੇ ਆਪਣੀ ਮੋਟਰ-ਬੋਟ ਵੇਚ ਦਿੱਤੀ ਤਾਂਕਿ ਉਹ ਆਪਣੇ ਤਿੰਨ ਬੱਚਿਆਂ ਨੂੰ ਸੰਮੇਲਨ ਵਿਚ ਲਿਜਾ ਸਕਣ ਜਿਨ੍ਹਾਂ ਦੀ ਉਮਰ ਦੋ ਮਹੀਨਿਆਂ ਤੋਂ ਲੈ ਕੇ ਸੱਤ ਸਾਲ ਸੀ। ਕੈਲੇਫ਼ੋਰਨੀਆ ਦੇ ਤਿੰਨ ਸਕੇ ਭਰਾਵਾਂ ਨੂੰ ਕਿਹਾ ਗਿਆ ਕਿ ਜੇ ਉਹ ਕੰਮ ਤੋਂ ਗ਼ੈਰ-ਹਾਜ਼ਰ ਰਹੇ, ਤਾਂ ਵਾਪਸ ਆਉਣ ਤੇ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਦੁਬਾਰਾ ਨਹੀਂ ਮਿਲਣਗੀਆਂ। ਪਰ ਉਨ੍ਹਾਂ ਨੂੰ ਇਹ ਧਮਕੀ ਉਸ ਯਾਦਗਾਰ ਸੰਮੇਲਨ ਵਿਚ ਜਾਣ ਤੋਂ ਨਹੀਂ ਰੋਕ ਸਕੀ।
5 ਯਹੋਵਾਹ ਸਾਡੇ ਜਤਨਾਂ ਤੇ ਬਰਕਤ ਪਾਉਂਦਾ ਹੈ: ਯਹੋਵਾਹ ਆਪਣੇ ਲੋਕਾਂ ਦੇ ਕੀਤੇ ਜਤਨਾਂ ਤੇ ਗੌਰ ਕਰਦਾ ਹੈ ਅਤੇ ਉਨ੍ਹਾਂ ਤੇ ਬਰਕਤਾਂ ਪਾਉਂਦਾ ਹੈ। (ਇਬ. 6:10) ਉਦਾਹਰਣ ਵਜੋਂ, 1950 ਵਿਚ “ਪਰਮੇਸ਼ੁਰੀ ਰਾਜ ਦਾ ਵਾਧਾ ਸੰਮੇਲਨ” (Theocracy’s Increase Assembly) ਵਿਚ ਹਾਜ਼ਰ ਹੋਏ ਲੋਕਾਂ ਨੇ “ਨਵੀਂ ਵਿਵਸਥਾ” (New Systems of Things) ਨਾਮਕ ਮਹੱਤਵਪੂਰਣ ਭਾਸ਼ਣ ਸੁਣਿਆ। ਭਰਾ ਫਰੈਡਰਿਕ ਫ਼੍ਰਾਂਜ਼ ਨੇ ਇਹ ਕਹਿੰਦੇ ਹੋਏ ਸਾਰਿਆਂ ਦੀ ਦਿਲਚਸਪੀ ਨੂੰ ਜਗਾਇਆ ਤੇ ਉਤਸ਼ਾਹਿਤ ਕੀਤਾ: “ਕੀ ਇਸ ਅੰਤਰਰਾਸ਼ਟਰੀ ਸੰਮੇਲਨ ਵਿਚ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਨਹੀਂ ਹੁੰਦੀ ਕਿ ਅੱਜ ਰਾਤ ਸਾਡੇ ਵਿਚ ਨਵੀਂ ਧਰਤੀ ਦੇ ਬਹੁਤ ਸਾਰੇ ਸੰਭਾਵੀ ਰਾਜਕੁਮਾਰ ਬੈਠੇ ਹੋਏ ਹਨ?” ਪੰਜਾਹ ਸਾਲਾਂ ਤੋਂ ਬਾਅਦ ਵੀ ਅਸੀਂ ਜ਼ਬੂਰ 45:16 ਦੀ ਇਸ ਸਪੱਸ਼ਟ ਕੀਤੀ ਗਈ ਸਮਝ ਪ੍ਰਾਪਤ ਕਰ ਕੇ ਖ਼ੁਸ਼ ਹੁੰਦੇ ਹਾਂ।
6 ਪਿਛਲੇ ਸਾਲ ਦੇ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਤੋਂ ਬਾਅਦ ਇਕ ਕਦਰਦਾਨ ਪਰਿਵਾਰ ਦੇ ਮੁਖੀ ਨੇ ਲਿਖਿਆ: “ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਜ਼ਿਲ੍ਹਾ ਸੰਮੇਲਨ ਨੇ ਸਾਡੀ ਜ਼ਿੰਦਗੀ ਨੂੰ ਤਬਾਹ ਹੋਣ ਤੋਂ ਬਚਾਇਆ ਹੈ। ਮੇਰਾ ਪਰਿਵਾਰ ਕੰਮ-ਕਾਰ ਦੇ ਸਿਲਸਿਲੇ ਵਿਚ ਇਸ ਸ਼ਹਿਰ ਵਿਚ ਆਇਆ ਸੀ ਜਿਸ ਕਰਕੇ ਸਾਡੀ ਅਧਿਆਤਮਿਕਤਾ ਕਮਜ਼ੋਰ ਹੁੰਦੀ ਚਲੀ ਗਈ। . . . ਅਸੀਂ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਅਸੀਂ ਸਾਰਿਆਂ ਨੇ ਸਭਾਵਾਂ ਵਿਚ ਜਾਣਾ ਤੇ ਸੇਵਕਾਈ ਵਿਚ ਹਿੱਸਾ ਲੈਣਾ ਵੀ ਛੱਡ ਦਿੱਤਾ। . . . ਇਸ ਸੰਮੇਲਨ ਨੇ ਸਾਨੂੰ ਤਰੋਤਾਜ਼ਾ ਕਰ ਦਿੱਤਾ ਹੈ ਅਤੇ ਅਸੀਂ ਇਕ ਵਾਰ ਫੇਰ ਅਧਿਆਤਮਿਕ ਟੀਚੇ ਰੱਖ ਰਹੇ ਹਾਂ ਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਦੇ ਇੰਤਜ਼ਾਮ ਕਰ ਰਹੇ ਹਾਂ।”
7 ਯਹੋਵਾਹ ਸਾਨੂੰ ਲੋੜੀਂਦਾ ਅਧਿਆਤਮਿਕ ਭੋਜਨ ਮੁਹੱਈਆ ਕਰ ਰਿਹਾ ਹੈ। ਸੰਮੇਲਨਾਂ ਵਿਚ ਉਹ ਸਾਨੂੰ ਭਰਪੂਰ ਮਾਤਰਾ ਵਿਚ ਭੋਜਨ ਦਿੰਦਾ ਹੈ। ਇਸ ਇੰਤਜ਼ਾਮ ਦੀ ਕਦਰਦਾਨੀ ਵਿਚ ਸਾਨੂੰ ਕੁਰਨੇਲਿਯੁਸ ਵਾਂਗ ਕਹਿਣਾ ਚਾਹੀਦਾ ਹੈ ਜਦੋਂ ਪਤਰਸ ਰਸੂਲ ਉਸ ਨੂੰ ਮਿਲਣ ਆਇਆ ਸੀ: “ਹੁਣ ਅਸੀਂ ਸੱਭੇ ਪਰਮੇਸ਼ੁਰ ਦੇ ਅੱਗੇ ਹਾਜ਼ਰ ਹਾਂ ਭਈ ਜੋ ਕੁਝ ਪ੍ਰਭੁ ਨੇ ਤੈਨੂੰ ਹੁਕਮ ਕੀਤਾ ਹੈ ਸੋ ਸੁਣੀਏ।” (ਰਸੂ. 10:33) ਆਓ ਆਪਾਂ ਇਸ ਸਾਲ ਦੇ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਦੇ ਹਰੇਕ ਸੈਸ਼ਨ ਵਿਚ “ਪਰਮੇਸ਼ੁਰ ਦੇ ਅੱਗੇ ਹਾਜ਼ਰ” ਹੋਣ ਦਾ ਟੀਚਾ ਰੱਖੀਏ ਤੇ ਆਨੰਦ ਕਰੀਏ!