1998 “ਈਸ਼ਵਰੀ ਜੀਵਨ ਦਾ ਰਾਹ” ਜ਼ਿਲ੍ਹਾ ਮਹਾਂ-ਸੰਮੇਲਨ
1 ਸਾਲ-ਬ-ਸਾਲ ਧਰਤੀ ਭਰ ਵਿਚ ਯਹੋਵਾਹ ਦੇ ਆਧੁਨਿਕ ਦਿਨ ਦੇ ਉਪਾਸਕ ਜ਼ਿਲ੍ਹਾ ਮਹਾਂ-ਸੰਮੇਲਨਾਂ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੋਣ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਨ। ਇਸ ਮਾਮਲੇ ਵਿਚ, ਉਹ ਪ੍ਰਾਚੀਨ ਇਸਰਾਏਲ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਵਰਗੀ ਭਾਵਨਾ ਦਿਖਾਉਂਦੇ ਹਨ ਜਿਨ੍ਹਾਂ ਨੇ ਯਰੂਸ਼ਲਮ ਵਿਚ ਯਹੋਵਾਹ ਦੀ ਉਪਾਸਨਾ ਕਰਨ ਲਈ ਜਾਂਦੇ ਸਮੇਂ ਖ਼ੁਸ਼ੀ ਨਾਲ ਜ਼ਬੂਰ 122 ਦੇ ਸ਼ਬਦ ਗਾਏ ਸਨ। ਉਸ ਜ਼ਬੂਰ ਦੀ ਪਹਿਲੀ ਆਇਤ ਕਹਿੰਦੀ ਹੈ: “ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ।” ਅਜਿਹੇ ਮੌਕਿਆਂ ਤੇ ਅਸੀਂ ਹੋਰ ਜ਼ਿਆਦਾ ਸਬੂਤ ਵੀ ਦੇਖਦੇ ਹਾਂ ਕਿ ਯਸਾਯਾਹ 2:2, 3 ਦੇ ਪ੍ਰੇਰਿਤ ਸ਼ਬਦਾਂ ਦੀ ਪੂਰਤੀ ਹੋ ਰਹੀ ਹੈ।
2 ਕਹਾਉਤਾਂ 10:29 ਵਿਚ ਸਾਨੂੰ ਯਾਦ ਦਿਲਾਇਆ ਜਾਂਦਾ ਹੈ ਕਿ “ਯਹੋਵਾਹ ਦਾ ਰਾਹ . . . ਪੱਕਾ ਕਿਲਾ ਹੈ।” ਇਸ ਸਾਲ ਦੇ ਮਹਾਂ-ਸੰਮੇਲਨ ਦਾ ਵਿਸ਼ਾ ਕਿੰਨਾ ਹੀ ਢੁਕਵਾਂ ਹੈ—“ਈਸ਼ਵਰੀ ਜੀਵਨ ਦਾ ਰਾਹ”! ਪੂਰੇ ਤਿੰਨ-ਦਿਨਾ ਕਾਰਜਕ੍ਰਮ ਦੌਰਾਨ ਇਹ ਵਿਸ਼ਾ ਕਿਵੇਂ ਵਿਕਸਿਤ ਕੀਤਾ ਜਾਵੇਗਾ? ਸਾਡੇ ਲਈ ਤਿਆਰ ਕੀਤੇ ਗਏ ਕਾਰਜਕ੍ਰਮ ਦੀ ਅਸੀਂ ਸਾਰੇ ਬਹੁਤ ਹੀ ਉਤਸੁਕਤਾ ਨਾਲ ਉਡੀਕ ਕਰਦੇ ਹਾਂ। ਅਤੇ ਮਹੱਤਵਪੂਰਣ ਮੁੱਦੇ ਪੇਸ਼ ਕੀਤੇ ਜਾਣਗੇ।
3 ਹਾਜ਼ਰ ਹੋਣ ਲਈ ਕੀਤੇ ਗਏ ਜਤਨ ਲਾਹੇਵੰਦ ਹਨ: ਅਫ਼ਰੀਕਾ ਦੇ ਕੁਝ ਭਾਗਾਂ ਵਿਚ ਹੋਏ ਯੁੱਧ ਅਤੇ ਗੜਬੜੀ ਦੇ ਕਾਰਨ ਉਸ ਮਹਾਂਦੀਪ ਵਿਚ ਸਾਡੇ ਬਹੁਤ ਸਾਰੇ ਭਰਾਵਾਂ ਨੇ ਬਿਪਤਾਵਾਂ ਦਾ ਸਾਮ੍ਹਣਾ ਕੀਤਾ ਹੈ। ਉਹ ਯਹੋਵਾਹ ਦੇ ਲੋਕਾਂ ਦੇ ਮਹਾਂ-ਸੰਮੇਲਨਾਂ ਨੂੰ ਆਪਣੇ ਜੀਵਨ ਵਿਚ ਅਤਿ ਜ਼ਰੂਰੀ ਵਿਚਾਰਦੇ ਹਨ। ਕੁਝ ਭਰਾਵਾਂ ਨੂੰ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਲਈ ਕਾਫ਼ੀ ਲੰਮਾ ਸਫ਼ਰ ਪੈਦਲ ਤੈ ਕਰਨਾ ਪੈਂਦਾ ਹੈ, ਫਿਰ ਵੀ ਉਹ ਇਕ ਵੀ ਮਹਾਂ-ਸੰਮੇਲਨ ਨੂੰ ਖੁੰਝਣਾ ਨਹੀਂ ਚਾਹੁੰਦੇ ਹਨ। ਕਾਂਗੋ ਲੋਕਤੰਤਰੀ ਗਣਰਾਜ (ਸਾਬਕਾ ਜ਼ੇਅਰ) ਵਿਚ ਇਕ 73-ਸਾਲਾ ਭਰਾ ਨੇ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਲਈ ਲਗਭਗ 450 ਕਿਲੋਮੀਟਰ ਦਾ ਸਫ਼ਰ ਪੈਦਲ ਤੈ ਕੀਤਾ। ਉਸ ਨੂੰ ਉੱਥੇ ਪਹੁੰਚਣ ਲਈ 16 ਦਿਨ ਲੱਗੇ। ਉਸ ਦੇ ਪੈਰ ਸੁੱਜੇ ਹੋਏ ਸਨ, ਪਰ ਉਹ ਉੱਥੇ ਆ ਕੇ ਖ਼ੁਸ਼ ਸੀ। ਮਹਾਂ-ਸੰਮੇਲਨ ਤੋਂ ਬਾਅਦ, ਵੱਡੀ ਖ਼ੁਸ਼ੀ ਅਤੇ ਅਧਿਆਤਮਿਕ ਮਜ਼ਬੂਤੀ ਪ੍ਰਾਪਤ ਕਰ ਕੇ, ਉਹ ਪੈਦਲ ਘਰ ਵਾਪਸ ਗਿਆ। ਸਾਲਾਂ ਤੋਂ ਉਹ ਇਸੇ ਤਰ੍ਹਾਂ ਕਰਦਾ ਆਇਆ ਹੈ!
4 ਮੋਜ਼ਾਮਬੀਕ ਵਿਚ ਇਕ ਜ਼ਿਲ੍ਹਾ ਨਿਗਾਹਬਾਨ ਅਤੇ ਉਸ ਦੀ ਪਤਨੀ ਸਰਕਟ ਸੰਮੇਲਨ ਵਿਚ ਹਾਜ਼ਰ ਹੋਣ ਲਈ ਇਕ ਉੱਚਾ ਪਹਾੜ ਚੜ੍ਹੇ ਅਤੇ ਇਕ ਵੱਡੇ ਰੇਗਿਸਤਾਨ-ਸਮਾਨ ਇਲਾਕੇ ਨੂੰ ਪੈਦਲ ਪਾਰ ਕੀਤਾ। ਉਨ੍ਹਾਂ ਨੇ 90 ਕਿਲੋਮੀਟਰ ਦਾ ਸਫ਼ਰ 45 ਘੰਟਿਆਂ ਵਿਚ ਤੈ ਕੀਤਾ। ਸੰਮੇਲਨ ਵਿਚ ਹਾਜ਼ਰ ਸਾਰੇ ਲੋਕ ਇਸ ਜੋੜੇ ਦੀ ਚੰਗੀ ਮਿਸਾਲ ਤੋਂ ਬਹੁਤ ਹੀ ਉਤਸ਼ਾਹਿਤ ਹੋਏ। ਦੂਸਰੇ ਅਨੇਕ ਪਰਿਵਾਰਾਂ ਨੇ ਵੀ ਹਾਜ਼ਰ ਹੋਣ ਲਈ ਅਜਿਹੇ ਜਤਨ ਕੀਤੇ ਸਨ। ਜ਼ਿਲ੍ਹਾ ਨਿਗਾਹਬਾਨ ਦੀ ਰਿਪੋਰਟ ਅਨੁਸਾਰ ਕੁਝ ਭਰਾਵਾਂ ਨੇ, ਜਿਨ੍ਹਾਂ ਵਿਚ ਇਕ 60-ਸਾਲਾ ਭਰਾ ਵੀ ਸ਼ਾਮਲ ਸੀ, 200 ਕਿਲੋਮੀਟਰ ਦਾ ਸਫ਼ਰ ਪੈਦਲ ਤੈ ਕੀਤਾ!
5 ਕੀ ਤੁਸੀਂ ਇਸ ਸਾਲ ਦੇ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਦੀਆਂ ਨਿਸ਼ਚਿਤ ਯੋਜਨਾਵਾਂ ਬਣਾਈਆਂ ਹਨ? ਸ਼ਾਇਦ ਤੁਹਾਨੂੰ ਲੰਮਾ ਸਫ਼ਰ ਪੈਦਲ ਤੈ ਕਰਨ ਦੀ ਲੋੜ ਨਾ ਪਵੇ, ਪਰੰਤੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਾਜ਼ਰ ਹੋਣ ਲਈ ਕੁਝ ਜਤਨ ਅਤੇ ਬਲੀਦਾਨ ਤਾਂ ਜ਼ਰੂਰ ਕਰਨੇ ਪੈਣਗੇ। ਸ਼ੁਰੂ ਤੋਂ ਲੈ ਕੇ ਅੰਤ ਤਕ ਪੂਰੇ ਕਾਰਜਕ੍ਰਮ ਵਿਚ ਹਾਜ਼ਰ ਹੋਣ ਦਾ ਪ੍ਰਬੰਧ ਕਰੋ। ਬਹੁਤ ਸਾਰੇ ਬਾਈਬਲ ਸਿੱਖਿਆਰਥੀ ਸਮਰਪਣ ਵੱਲ ਵੱਧ ਰਹੇ ਹਨ। ਮਹਾਂ-ਸੰਮੇਲਨ ਵਿਚ ਉਨ੍ਹਾਂ ਦੀ ਹਾਜ਼ਰੀ ਉਨ੍ਹਾਂ ਨੂੰ ਸਹੀ ਫ਼ੈਸਲਾ ਕਰਨ ਵਿਚ ਮਦਦ ਦੇਵੇਗੀ। ਕੀ ਤੁਸੀਂ ਆਪਣੇ ਬਾਈਬਲ ਸਿੱਖਿਆਰਥੀਆਂ ਨੂੰ ਅਤੇ ਦੂਜੇ ਰੁਚੀ ਰੱਖਣ ਵਾਲਿਆਂ ਨੂੰ ਤੁਹਾਡੇ ਨਾਲ ਹਾਜ਼ਰ ਹੋਣ ਲਈ ਸੱਦਾ ਦਿੱਤਾ ਹੈ?
6 ਤਿੰਨ-ਦਿਨਾ ਕਾਰਜਕ੍ਰਮ: ਇਸ ਸਾਲ ਭਾਰਤ ਵਿਚ ਕਾਰਜਕ੍ਰਮ 20 ਮਹਾਂ-ਸੰਮੇਲਨਾਂ ਵਿਚ ਪੇਸ਼ ਕੀਤਾ ਜਾਵੇਗਾ। ਅੰਗ੍ਰੇਜ਼ੀ ਤੋਂ ਇਲਾਵਾ, ਮਹਾਂ-ਸੰਮੇਲਨ ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਅਤੇ ਮਲਿਆਲਮ ਵਿਚ ਹੋਣਗੇ। ਇਸ ਅੰਤਰ-ਪੱਤਰ ਦੇ ਸਫ਼ਾ 6 ਉੱਤੇ ਇਨ੍ਹਾਂ ਮਹਾਂ-ਸੰਮੇਲਨਾਂ ਦੀ ਤਾਰੀਖ਼ ਅਤੇ ਪਤੇ ਦਿੱਤੇ ਗਏ ਹਨ।
7 ਖ਼ਾਸ ਸੂਚਨਾ: ਸ਼ੁੱਕਰਵਾਰ, ਸਿਨੱਚਰਵਾਰ, ਅਤੇ ਐਤਵਾਰ ਸਵੇਰ ਨੂੰ ਕਾਰਜਕ੍ਰਮ 9:30 ਵਜੇ ਸ਼ੁਰੂ ਹੋਵੇਗਾ। ਸ਼ੁੱਕਰਵਾਰ ਅਤੇ ਸਿਨੱਚਰਵਾਰ ਦਾ ਕਾਰਜਕ੍ਰਮ ਸ਼ਾਮ ਨੂੰ 5 ਵਜੇ, ਅਤੇ ਐਤਵਾਰ ਨੂੰ ਸ਼ਾਮ ਦੇ 4 ਵਜੇ ਸਮਾਪਤ ਹੋਵੇਗਾ। ਦਰਵਾਜ਼ੇ ਹਰ ਰੋਜ਼ ਸਵੇਰ ਨੂੰ 8 ਵਜੇ ਖੁੱਲ੍ਹਣਗੇ। ਕੇਵਲ ਉਨ੍ਹਾਂ ਭੈਣ-ਭਰਾਵਾਂ ਨੂੰ 8 ਵਜੇ ਤੋਂ ਪਹਿਲਾਂ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਦੀਆਂ ਕਾਰਜ-ਨਿਯੁਕਤੀਆਂ ਹਨ। ਪਰੰਤੂ, ਕਿਸੇ ਨੂੰ ਵੀ ਸਵੇਰ 8 ਵਜੇ ਤੋਂ ਪਹਿਲਾਂ ਸੀਟਾਂ ਮੱਲਣ ਦੀ ਇਜਾਜ਼ਤ ਨਹੀਂ ਹੋਵੇਗੀ।
8 ਮਹਾਂ-ਸੰਮੇਲਨ ਨੂੰ ਆਉਂਦੇ-ਜਾਂਦੇ ਸਮੇਂ ਸਾਨੂੰ ਗ਼ੈਰ-ਰਸਮੀ ਗਵਾਹੀ ਦੇਣ ਦੇ ਮੌਕਿਆਂ ਦੀ ਭਾਲ ਕਰਨੀ ਚਾਹੀਦੀ ਹੈ। ਪਟਰੋਲ-ਪੰਪ ਤੇ ਕੰਮ ਕਰਨ ਵਾਲੇ, ਦੁਕਾਨਦਾਰ, ਹੋਟਲ ਅਮਲਾ, ਅਤੇ ਵੇਟਰ ਸ਼ਾਇਦ ਰਾਜ ਸੰਦੇਸ਼ ਵਿਚ ਦਿਲਚਸਪੀ ਦਿਖਾਉਣ। ਇਸ ਦੀ ਤਿਆਰੀ ਵਿਚ ਆਪਣੇ ਨਾਲ ਟ੍ਰੈਕਟ, ਨਵੇਂ ਰਸਾਲੇ, ਬਰੋਸ਼ਰ, ਜਾਂ ਦੂਜਾ ਸਾਹਿੱਤ ਰੱਖੋ ਤਾਂਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਗਵਾਹੀ ਦੇਣ ਦੇ ਮੌਕਿਆਂ ਦਾ ਫ਼ਾਇਦਾ ਉਠਾ ਸਕੋ ਜਿਨ੍ਹਾਂ ਨੂੰ ਸ਼ਾਇਦ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਨਾ ਮਿਲੇ।—2 ਤਿਮੋ. 3:17.
9 “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ”: ਮਹਾਂ-ਸੰਮੇਲਨ ਵਿਚ ਹਾਜ਼ਰ ਲੋਕਾਂ ਲਈ ਲੂਕਾ 8:18 ਵਿਚ ਪਾਈ ਜਾਂਦੀ ਸਲਾਹ ਦੀ ਪੈਰਵੀ ਕਰਨੀ ਬੁੱਧੀਮਤਾ ਹੈ। ਸਾਰਿਆਂ ਨੂੰ ਬਾਈਬਲ ਦੇ ਨਾਲ-ਨਾਲ ਗੀਤ-ਪੁਸਤਕ ਅਤੇ ਇਕ ਨੋਟ-ਬੁੱਕ ਲਿਆਉਣ ਦਾ ਉਤਸ਼ਾਹ ਦਿੱਤਾ ਜਾਂਦਾ ਹੈ। ਹਰੇਕ ਭਾਸ਼ਣ ਦੇ ਮੁੱਖ ਮੁੱਦਿਆਂ ਨੂੰ ਧਿਆਨ ਨਾਲ ਸੁਣੋ, ਅਤੇ ਸੰਖਿਪਤ ਨੋਟ ਲਓ। ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਸਾਮੱਗਰੀ ਨੂੰ ਨਿੱਜੀ ਤੌਰ ਤੇ ਕਿਵੇਂ ਲਾਗੂ ਕਰ ਸਕਦੇ ਹੋ। ਮਹਾਂ-ਸੰਮੇਲਨ ਦੌਰਾਨ ਹਰ ਰਾਤ ਸੌਣ ਤੋਂ ਪਹਿਲਾਂ, ਕਿਉਂ ਨਾ ਤੁਸੀਂ ਨੋਟ ਕੀਤੀਆਂ ਗਈਆਂ ਗੱਲਾਂ ਨੂੰ ਦੁਬਾਰਾ ਪੜ੍ਹੋ ਅਤੇ ਵਿਚਾਰ ਕਰੋ ਕਿ ਤੁਸੀਂ ਯਹੋਵਾਹ ਵੱਲੋਂ ਦਿਖਾਏ ਗਏ ਜੀਵਨ ਦੇ ਰਾਹ ਉੱਤੇ ਕਿੰਨੀ ਕੁ ਚੰਗੀ ਤਰ੍ਹਾਂ ਨਾਲ ਚੱਲ ਰਹੇ ਹੋ।—ਕਹਾ. 4:10-13.
10 ਇਹ ਦੇਖਿਆ ਗਿਆ ਹੈ ਕਿ ਸੈਸ਼ਨ ਦੇ ਦੌਰਾਨ, ਕੁਝ ਭੈਣ-ਭਰਾ ਆਡੀਟੋਰੀਅਮ ਨੂੰ ਛੱਡ ਕੇ ਆਪਣੀਆਂ ਗੱਡੀਆਂ ਵਿਚ ਬੈਠ ਜਾਂਦੇ ਹਨ, ਅਤੇ ਇਸ ਤਰ੍ਹਾਂ ਕਾਰਜਕ੍ਰਮ ਤੋਂ ਲਾਭ ਪ੍ਰਾਪਤ ਨਹੀਂ ਕਰਦੇ ਹਨ। ਦੂਜਿਆਂ ਨੂੰ ਲਾਂਘਿਆਂ ਵਿਚ ਬਿਨਾਂ ਮਕਸਦ ਦੇ ਘੁੰਮਦਿਆਂ ਹੋਏ ਦੇਖਿਆ ਗਿਆ ਹੈ ਜਦ ਕਿ ਉਨ੍ਹਾਂ ਨੂੰ ਆਡੀਟੋਰੀਅਮ ਵਿਚ ਬੈਠ ਕੇ ਸੁਣਨਾ ਚਾਹੀਦਾ ਸੀ। ਨੌਜਵਾਨਾਂ ਦੇ ਸਮੂਹਾਂ ਨੂੰ ਦੁਪਹਿਰ ਦੇ ਸੈਸ਼ਨ ਦੌਰਾਨ ਮਹਾਂ-ਸੰਮੇਲਨ ਸਥਾਨ ਨੂੰ ਛੱਡਦੇ ਹੋਏ ਦੇਖਿਆ ਗਿਆ ਹੈ। ਬੀਤੇ ਸਮੇਂ ਵਿਚ ਯਹੋਵਾਹ ਦੇ ਕੁਝ ਸੇਵਕਾਂ ਨੇ ਗੰਭੀਰ ਗ਼ਲਤੀਆਂ ਕੀਤੀਆਂ ਹਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੀਆਂ ਯਾਦ-ਦਹਾਨੀਆਂ ਨੂੰ ਧਿਆਨ ਨਾਲ ਨਹੀਂ ਸੁਣਿਆ ਸੀ। ਯਕੀਨਨ ਅਸੀਂ ਅਜਿਹੀ ਗ਼ਲਤੀ ਕਰਨ ਤੋਂ ਬਚਣਾ ਚਾਹੁੰਦੇ ਹਾਂ। (2 ਰਾਜ. 17:13-15) “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਅਜਿਹੀ ਸਿੱਖਿਆ ਤਿਆਰ ਕੀਤੀ ਹੈ ਜਿਸ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ। ਇਹ ਖ਼ਾਸ ਤੌਰ ਤੇ ਮਹੱਤਵਪੂਰਣ ਹੈ ਕਿ ਅਸੀਂ ਤਿੰਨ ਦਿਨ ਦੇ ਮਹਾਂ-ਸੰਮੇਲਨ ਕਾਰਜਕ੍ਰਮ ਦੇ ਹਰੇਕ ਸੈਸ਼ਨ ਦੌਰਾਨ “ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ।” ਹਰ ਦਿਨ ਸਾਡੀ ਖ਼ਾਸ ਦਿਲਚਸਪੀ ਦਾ ਕੋਈ ਨਾ ਕੋਈ ਵਿਸ਼ਾ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਉਹ ਜਾਣਕਾਰੀ ਹੋਵੇਗੀ ਜੋ ਯਕੀਨਨ ਭਵਿੱਖ ਵਿਚ ਸਾਡੇ ਜੀਵਨ-ਢੰਗ ਉੱਤੇ ਲਾਭਦਾਇਕ ਅਸਰ ਪਾਏਗੀ। ਹੋਣ ਵਾਲੇ ਮਹਾਂ-ਸੰਮੇਲਨ ਵਿਚ ਯਹੋਵਾਹ ਜੋ ਅਧਿਆਤਮਿਕ ਗੱਲਾਂ ਸਿਖਾਵੇਗਾ, ਉਨ੍ਹਾਂ ਵੱਲ ਧਿਆਨ ਦੇਣ ਦੁਆਰਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੁਆਰਾ ਸਾਡੀ ਉਮੀਦ ਮਜ਼ਬੂਤ ਹੋਵੇਗੀ, ਤਾਂਕਿ “ਅਜਿਹਾ ਨਾ ਹੋਵੇ ਭਈ ਕਿਤੇ ਅਸੀਂ” ਈਸ਼ਵਰੀ ਜੀਵਨ ਦੇ ਰਾਹ ਤੋਂ “ਵਹਿ ਕੇ ਦੂਰ ਹੋ ਜਾਈਏ।”—ਮੱਤੀ 24:45; ਇਬ. 2:1.
11 ਪਹਿਰਾਵਾ ਜੋ ਯਹੋਵਾਹ ਲਈ ਆਦਰ ਦਿਖਾਉਂਦਾ ਹੈ: ਇਨ੍ਹਾਂ ਭੈੜੇ ਸਮਿਆਂ ਵਿਚ, ਸਾਨੂੰ ਹੋਰ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਇਸ ਜਗਤ ਦੀ ਆਤਮਾ ਦੁਆਰਾ ਪ੍ਰਭਾਵਿਤ ਨਾ ਹੋ ਜਾਈਏ। (1 ਕੁਰਿੰ. 2:12) ਸਾਡਾ ਪਹਿਰਾਵਾ ਅਤੇ ਸ਼ਿੰਗਾਰ ਉਚਿਤ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਉਸ ਪਰਮੇਸ਼ੁਰ ਦੀ ਮਹਿਮਾ ਨੂੰ ਪ੍ਰਤਿਬਿੰਬਤ ਕਰਨਾ ਚਾਹੀਦਾ ਹੈ ਜਿਸ ਦੀ ਅਸੀਂ ਉਪਾਸਨਾ ਕਰਦੇ ਹਾਂ। (1 ਤਿਮੋ. 2:9, 10) ਉਨ੍ਹਾਂ ਵਿਚ ਸ਼ਾਮਲ ਹੋਣ ਲਈ ਜੋ ‘ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਦੇ ਹਨ,’ ਸਾਨੂੰ ਮਹਿੰਗੇ ਕੱਪੜਿਆਂ ਦੀ ਲੋੜ ਨਹੀਂ ਹੈ। (ਤੀਤੁ. 2:10) ਜੂਨ 1, 1997, ਦੇ ਪਹਿਰਾਬੁਰਜ ਦੇ ਸਫ਼ੇ 21 ਅਤੇ 22 ਉੱਤੇ, ਪੈਰੇ 14-18 ਵਿਚ ਪਾਈ ਜਾਣ ਵਾਲੀ ਵਧੀਆ ਅਤੇ ਵਿਵਹਾਰਕ ਸ਼ਾਸਤਰ-ਸੰਬੰਧੀ ਸਲਾਹ ਉੱਤੇ ਧਿਆਨ ਦਿਓ। ਕਦੀ ਵੀ ਉਸ ਸ਼ਕਤੀਸ਼ਾਲੀ ਗਵਾਹੀ ਦੀ ਅਹਿਮੀਅਤ ਨੂੰ ਘੱਟ ਨਾ ਸਮਝੋ ਜੋ ਅਸੀਂ ਯਹੋਵਾਹ ਲਈ ਆਦਰ ਦਿਖਾਉਣ ਵਾਲੇ ਪਹਿਰਾਵੇ ਦੁਆਰਾ ਦੇ ਸਕਦੇ ਹਾਂ।
12 ਇਕ 16 ਸਾਲ ਦੀ ਗਵਾਹ ਨੇ ਦੱਸਿਆ ਕਿ ਜਦੋਂ ਇਕ ਸ਼ਾਮ ਨੂੰ ਸੈਸ਼ਨ ਤੋਂ ਬਾਅਦ ਉਹ ਅਤੇ ਉਸ ਦਾ ਭਰਾ ਇਕ ਰੈਸਤੋਰਾਂ ਵਿਚ ਗਏ, ਤਾਂ ਉੱਥੇ ਉਨ੍ਹਾਂ ਨੇ ਕੁਝ ਭੈਣ-ਭਰਾਵਾਂ ਨੂੰ ਅਨੁਚਿਤ ਕੱਪੜੇ ਪਾਏ ਹੋਏ ਦੇਖਿਆ। ਪਰ, ਰੈਸਤੋਰਾਂ ਦੇ ਬਹੁਤ ਸਾਰੇ ਗਾਹਕਾਂ ਨੇ ਉਨ੍ਹਾਂ ਗਵਾਹਾਂ ਨੂੰ ਦੇਖ ਕੇ ਚੰਗੀ ਪ੍ਰਤਿਕ੍ਰਿਆ ਦਿਖਾਈ ਜਿਨ੍ਹਾਂ ਨੇ ਸਾਫ਼-ਸੁਥਰੇ ਅਤੇ ਉਚਿਤ ਕੱਪੜੇ ਪਾਏ ਹੋਏ ਸਨ ਅਤੇ ਆਪਣੇ ਬੈਜ ਕਾਰਡ ਲਗਾਏ ਹੋਏ ਸਨ। ਇਸ ਦੇ ਕਾਰਨ ਕੁਝ ਗਾਹਕਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲਿਆ।
13 ਆਚਰਣ ਜੋ ਯਹੋਵਾਹ ਦੀ ਉਸਤਤ ਕਰਦਾ ਹੈ: ਅਸੀਂ ਜਾਣਦੇ ਹਾਂ ਕਿ ਸਾਡਾ ਆਚਰਣ ਸੱਚੀ ਉਪਾਸਨਾ ਬਾਰੇ ਦੂਜਿਆਂ ਦੇ ਵਿਚਾਰਾਂ ਉੱਤੇ ਅਸਰ ਪਾ ਸਕਦਾ ਹੈ। ਇਸ ਲਈ, ਅਸੀਂ ਚਾਹੁੰਦੇ ਹਾਂ ਕਿ ਸਾਡਾ ਆਚਰਣ ਹਮੇਸ਼ਾ ਅਜਿਹਾ ਹੋਵੇ ਜੋ ਖ਼ੁਸ਼ ਖ਼ਬਰੀ ਦੇ ਯੋਗ ਹੈ ਅਤੇ ਜੋ ਯਹੋਵਾਹ ਦੀ ਉਸਤਤ ਕਰਦਾ ਹੈ।—ਫ਼ਿਲਿ. 1:27.
14 ਪਿਛਲੇ ਸਾਲ, ਅੰਗੋਲਾ ਦੇ ਉੱਤਰੀ ਭਾਗ ਵਿਚ ਪਹਿਲੀ ਵਾਰ ਇਕ ਜ਼ਿਲ੍ਹਾ ਮਹਾਂ-ਸੰਮੇਲਨ ਹੋਇਆ ਸੀ। ਮਹਾਂ-ਸੰਮੇਲਨ ਦੇ ਦੂਜੇ ਦਿਨ ਤੇ, ਦੋ ਸਥਾਨਕ ਪੁਲਸ ਅਫ਼ਸਰਾਂ ਨੂੰ ਜਨਤਕ ਅਮਨ-ਅਮਾਨ ਕਾਇਮ ਰੱਖਣ ਲਈ ਮਹਾਂ-ਸੰਮੇਲਨ ਸਥਾਨ ਤੇ ਭੇਜਿਆ ਗਿਆ। ਉਹ ਉੱਥੇ ਪੂਰਾ ਦਿਨ ਰਹੇ। ਦਿਨ ਦੇ ਅੰਤ ਵਿਚ, ਉਨ੍ਹਾਂ ਨੇ ਜੋ ਗੱਲਾਂ ਸੁਣੀਆਂ ਅਤੇ ਜੋ ਚੰਗਾ ਆਚਰਣ ਦੇਖਿਆ ਉਸ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿੱਚੋਂ ਇਕ ਨੇ ਕਿਹਾ: “ਸਾਨੂੰ ਇੱਥੇ ਭੇਜਣ ਦੀ ਲੋੜ ਹੀ ਕੀ ਸੀ? ਅਸੀਂ ਜਾਣਦੇ ਹਾਂ ਕਿ ਯਹੋਵਾਹ ਦੇ ਗਵਾਹ ਆਪਣੇ ਇਕੱਠਾਂ ਵਿਚ ਅਮਨ-ਅਮਾਨ ਕਾਇਮ ਰੱਖਦੇ ਹਨ।”
15 ਇਕ ਅਫ਼ਰੀਕੀ ਦੇਸ਼ ਵਿਚ ਇਕ ਰਾਜਨੀਤਿਕ ਪਾਰਟੀ ਦਾ ਮੈਂਬਰ ਯੂਰਪ ਨੂੰ ਭੱਜ ਗਿਆ ਜਦੋਂ ਉਸ ਦੀ ਪਾਰਟੀ ਦੇ ਸਾਰੇ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ। ਉਸ ਨੇ ਬਹੁਤ ਸਾਰੀਆਂ ਨਿੱਜੀ ਸਮੱਸਿਆਵਾਂ ਦਾ ਸਾਮ੍ਹਣਾ ਕੀਤਾ ਅਤੇ ਉਹ ਬਹੁਤ ਹੀ ਨਿਰਉਤਸ਼ਾਹਿਤ ਹੋ ਗਿਆ ਸੀ। ਆਖ਼ਰਕਾਰ ਉਸ ਨੇ ਬਾਈਬਲ ਅਧਿਐਨ ਸਵੀਕਾਰ ਕੀਤਾ। ਜਦੋਂ ਉਹ ਪਹਿਲੀ ਵਾਰ ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਹਾਜ਼ਰ ਹੋਇਆ, ਤਾਂ ਉਹ ਇਹ ਦੇਖ ਕੇ ਪ੍ਰਭਾਵਿਤ ਹੋਇਆ ਕਿ ਅਲੱਗ-ਅਲੱਗ ਪਿਛੋਕੜਾਂ ਦੇ ਲੋਕ ਸ਼ਾਂਤੀ ਅਤੇ ਏਕਤਾ ਵਿਚ ਇਕ ਦੂਜੇ ਨਾਲ ਮਿਲ-ਜੁਲ ਰਹੇ ਸਨ। ਉਸ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਸੱਚਾਈ ਮਿਲ ਗਈ ਸੀ, ਅਤੇ ਮਹਾਂ-ਸੰਮੇਲਨ ਦੇ ਦੌਰਾਨ ਉਸ ਨੇ ਆਪਣੇ ਸਾਰੇ ਰਾਜਨੀਤਿਕ ਸੰਬੰਧ ਤੋੜਨ ਦਾ ਫ਼ੈਸਲਾ ਕੀਤਾ। ਬਾਅਦ ਵਿਚ ਉਸ ਨੇ ਬਪਤਿਸਮਾ ਲੈ ਲਿਆ, ਅਤੇ ਹੁਣ ਉਹ ਅਤੇ ਉਸ ਦੇ ਬੱਚੇ ਯਹੋਵਾਹ ਦੀ ਸੇਵਾ ਕਰ ਰਹੇ ਹਨ।
16 ਇਸ ਸਾਲ ਮਹਾਂ-ਸੰਮੇਲਨਾਂ ਵਿਚ ਸਾਡਾ ਆਚਰਣ ਉਨ੍ਹਾਂ ਲੋਕਾਂ ਉੱਤੇ ਕੀ ਅਸਰ ਪਾਏਗਾ ਜੋ ਸ਼ਾਇਦ ਪਹਿਲੀ ਵਾਰ ਮਹਾਂ-ਸੰਮੇਲਨ ਵਿਚ ਹਾਜ਼ਰ ਹੋ ਰਹੇ ਹਨ? ਕੀ ਉਹ ਸਹਿਯੋਗ ਦੀ ਭਾਵਨਾ ਦੇਖਣਗੇ ਜੋ ਅਸੀਂ ਸਵੈ-ਸੇਵਕਾਂ ਦੇ ਤੌਰ ਤੇ ਇਕੱਠੇ ਕੰਮ ਕਰਦੇ ਸਮੇਂ ਦਿਖਾਉਂਦੇ ਹਾਂ? ਕੀ ਉਹ ਸਾਡੇ ਆਲੇ-ਦੁਆਲੇ ਦੀ ਸਫ਼ਾਈ ਤੋਂ ਅਤੇ ਇਹ ਦੇਖਣ ਤੋਂ ਪ੍ਰਭਾਵਿਤ ਹੋਣਗੇ ਕਿ ਮਹਾਂ-ਸੰਮੇਲਨ ਸਥਾਨ ਨੂੰ ਛੱਡਣ ਤੋਂ ਪਹਿਲਾਂ ਅਸੀਂ ਅਤੇ ਸਾਡੇ ਬੱਚੇ ਉਹ ਸਾਰਾ ਕੂੜਾ-ਕਰਕਟ ਚੁੱਕਦੇ ਹਾਂ ਜੋ ਸ਼ਾਇਦ ਸਾਡੀਆਂ ਸੀਟਾਂ ਦੇ ਨੇੜੇ ਜਮ੍ਹਾ ਹੋ ਗਿਆ ਸੀ? ਨਿਵਾਸ ਸਥਾਨ ਅਤੇ ਮਹਾਂ-ਸੰਮੇਲਨ ਸਥਾਨ ਨੂੰ ਆਉਂਦੇ-ਜਾਂਦੇ ਸਮੇਂ ਕੀ ਉਹ ਸਾਡਾ ਚੰਗਾ ਆਚਰਣ ਦੇਖਣਗੇ? ਕੀ ਉਨ੍ਹਾਂ ਨੂੰ ਨਜ਼ਰ ਆਵੇਗਾ ਕਿ ਮਾਤਾ-ਪਿਤਾ ਹੋਣ ਦੇ ਨਾਤੇ, ਅਸੀਂ ਆਪਣੇ ਬੱਚਿਆਂ ਉੱਤੇ ਹਰ ਸਮੇਂ ਨਿਗਰਾਨੀ ਰੱਖਦੇ ਹਾਂ? ਆਓ ਅਸੀਂ ਨਿਸ਼ਚਿਤ ਕਰੀਏ ਕਿ ਅਸੀਂ ਉਨ੍ਹਾਂ ਸਭਨਾਂ ਉੱਤੇ ਚੰਗੇ ਤੋਂ ਚੰਗਾ ਪ੍ਰਭਾਵ ਪਾਈਏ ਜੋ ਸਾਨੂੰ ਦੇਖਦੇ ਹਨ।
17 ਮਹਾਂ-ਸੰਮੇਲਨ ਦਾ ਖ਼ਰਚਾ ਪੂਰਾ ਕਰਨਾ: ਅੱਜ ਦੀ ਭੌਤਿਕਵਾਦੀ ਦੁਨੀਆਂ ਵਿਚ ਕਿਸੇ ਸਟੇਡੀਅਮ ਜਾਂ ਮਹਾਂ-ਸੰਮੇਲਨ ਹਾਲ ਵਿਚ ਖੇਡ-ਮੁਕਾਬਲਿਆਂ ਜਾਂ ਕਿਸੇ ਸ਼ੋ ਦੀਆਂ ਟਿਕਟਾਂ ਬਹੁਤ ਮਹਿੰਗੀਆਂ ਹੋ ਸਕਦੀਆਂ ਹਨ। ਕੁਝ ਹੱਦ ਤਕ ਇਸ ਦਾ ਕਾਰਨ ਇਹ ਹੈ ਕਿ ਮਹਾਂਨਗਰਾਂ ਵਿਚ ਕਿਰਾਏ ਤੇ ਸਟੇਡੀਅਮ ਜਾਂ ਹਾਲ ਲੈਣਾ ਬਹੁਤ ਮਹਿੰਗਾ ਹੈ। ਮਹਾਂ-ਸੰਮੇਲਨਾਂ ਵਿਚ ਸੰਸਥਾ ਦੀ ਹਮੇਸ਼ਾ ਤੋਂ ਇਹ ਪਾਲਸੀ ਰਹੀ ਹੈ, “ਸੀਟਾਂ ਮੁਫ਼ਤ, ਕੋਈ ਚੰਦਾ ਨਹੀਂ।” ਤਾਂ ਫਿਰ, ਕਿਰਾਇਆ ਅਤੇ ਮਹਾਂ-ਸੰਮੇਲਨ ਦੇ ਦੂਜੇ ਖ਼ਰਚੇ ਕਿਵੇਂ ਪੂਰੇ ਕੀਤੇ ਜਾਣਗੇ? ਹਾਜ਼ਰ ਹੋਣ ਵਾਲਿਆਂ ਦੇ ਉਦਾਰ ਚੰਦੇ ਦੁਆਰਾ। ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਵੀ ਉਹ ਉਦਾਰਤਾ ਦੀ ਭਾਵਨਾ ਦਿਖਾਓਗੇ ਜੋ ਬੀਤੇ ਸਮੇਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੇ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੀ ਰੀਸ ਕਰਦੇ ਹੋਏ ਪ੍ਰਦਰਸ਼ਿਤ ਕੀਤੀ ਸੀ। (2 ਕੁਰਿੰ. 8:7) ਇਹ ਨਿਸ਼ਚਿਤ ਕਰਨ ਵਿਚ ਪੂਰੀ ਸਾਵਧਾਨੀ ਵਰਤੀ ਜਾਂਦੀ ਹੈ ਕਿ ਸਾਰੇ ਚੰਦਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ, ਇਨ੍ਹਾਂ ਦਾ ਲੇਖਾ-ਜੋਖਾ ਕੀਤਾ ਜਾਵੇ, ਅਤੇ ਇਨ੍ਹਾਂ ਨੂੰ ਨਿਯਤ ਮਕਸਦ ਲਈ ਵਰਤਿਆ ਜਾਵੇ। ਚੈੱਕ ਦੁਆਰਾ ਦਿੱਤਾ ਗਿਆ ਚੰਦਾ “Watchtower” ਦੇ ਨਾਂ ਤੇ ਹੋਣਾ ਚਾਹੀਦਾ ਹੈ।
18 ਸੀਟਾਂ ਦਾ ਪ੍ਰਬੰਧ: ਕਈ ਸਾਲਾਂ ਤੋਂ ਦਿੱਤੇ ਜਾ ਰਹੇ ਨਿਰਦੇਸ਼ਨ ਅਜੇ ਵੀ ਲਾਗੂ ਹੋਣਗੇ, ਅਰਥਾਤ, ਸੀਟਾਂ ਕੇਵਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਲਈ ਅਤੇ ਉਨ੍ਹਾਂ ਲਈ ਹੀ ਮੱਲੀਆਂ ਜਾ ਸਕਦੀਆਂ ਹਨ ਜੋ ਤੁਹਾਡੇ ਨਾਲ ਸ਼ਾਇਦ ਸਫ਼ਰ ਕਰ ਰਹੇ ਹੋਣ। ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਇਸ ਮਾਮਲੇ ਵਿਚ ਚੰਗਾ ਸੁਧਾਰ ਹੋਇਆ ਹੈ, ਅਤੇ ਇਸ ਕਾਰਨ ਮਹਾਂ-ਸੰਮੇਲਨਾਂ ਵਿਚ ਜ਼ਿਆਦਾ ਪ੍ਰੇਮਮਈ ਮਾਹੌਲ ਪੈਦਾ ਹੋਇਆ ਹੈ। ਜ਼ਿਆਦਾਤਰ ਥਾਵਾਂ ਤੇ ਕੁਝ ਸੀਟਾਂ ਦੂਜੀਆਂ ਨਾਲੋਂ ਜ਼ਿਆਦਾ ਪਹੁੰਚਣਯੋਗ ਹੁੰਦੀਆਂ ਹਨ। ਕਿਰਪਾ ਕਰ ਕੇ ਲਿਹਾਜ਼ ਦਿਖਾਓ, ਅਤੇ ਜ਼ਿਆਦਾ ਅਨੁਕੂਲ ਸੀਟਾਂ ਬਿਰਧ ਲੋਕਾਂ ਲਈ ਅਤੇ ਉਨ੍ਹਾਂ ਲਈ ਖਾਲੀ ਛੱਡੋ ਜਿਨ੍ਹਾਂ ਦੇ ਹਾਲਾਤ ਇਨ੍ਹਾਂ ਨੂੰ ਲਾਜ਼ਮੀ ਬਣਾਉਂਦੇ ਹਨ। ਯਾਦ ਰੱਖੋ ਕਿ ‘ਪ੍ਰੇਮ ਆਪ ਸੁਆਰਥੀ ਨਹੀਂ’ ਹੁੰਦਾ ਹੈ।—1 ਕੁਰਿੰ. 13:4, 5; ਫ਼ਿਲਿ. 2:4.
19 ਕੈਮਰੇ, ਵਿਡਿਓ ਕੈਮਰੇ, ਅਤੇ ਟੇਪ ਰਿਕਾਰਡਰ: ਕੈਮਰਿਆਂ ਅਤੇ ਰਿਕਾਰਡਿੰਗ ਸਾਜ਼-ਸਾਮਾਨ ਨੂੰ ਮਹਾਂ-ਸੰਮੇਲਨਾਂ ਵਿਚ ਵਰਤਿਆ ਜਾ ਸਕਦਾ ਹੈ। ਪਰੰਤੂ, ਤੁਹਾਨੂੰ ਇਨ੍ਹਾਂ ਦੀ ਵਰਤੋਂ ਦੁਆਰਾ ਦੂਜਿਆਂ ਦਾ ਧਿਆਨ ਭੰਗ ਨਹੀਂ ਕਰਨਾ ਚਾਹੀਦਾ ਹੈ। ਸੈਸ਼ਨਾਂ ਦੇ ਦੌਰਾਨ ਤਸਵੀਰਾਂ ਲੈਂਦੇ ਹੋਏ ਇਧਰ-ਉਧਰ ਘੁੰਮਣਾ ਦੂਜਿਆਂ ਦਾ ਧਿਆਨ ਭੰਗ ਕਰੇਗਾ ਜੋ ਕਾਰਜਕ੍ਰਮ ਉੱਤੇ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਵੀ ਪ੍ਰਕਾਰ ਦੇ ਰਿਕਾਰਡਿੰਗ ਸਾਜ਼-ਸਾਮਾਨ ਨੂੰ ਬਿਜਲਈ ਪ੍ਰਣਾਲੀ ਜਾਂ ਸਾਉਂਡ ਸਿਸਟਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ, ਨਾ ਹੀ ਇਨ੍ਹਾਂ ਨੂੰ ਲਾਂਘਿਆਂ, ਰਸਤਿਆਂ, ਜਾਂ ਦੂਜਿਆਂ ਦੀ ਦ੍ਰਿਸ਼ਟੀ ਵਿਚ ਰੁਕਾਵਟ ਪਾਉਣੀ ਚਾਹੀਦੀ ਹੈ।
20 ਪ੍ਰਥਮ ਡਾਕਟਰੀ ਸਹਾਇਤਾ: ਪ੍ਰਥਮ ਡਾਕਟਰੀ ਸਹਾਇਤਾ ਵਿਭਾਗ ਸਿਰਫ਼ ਸੰਕਟਕਾਲੀਨ ਸਥਿਤੀ ਵਾਸਤੇ ਹੈ। ਕਿਰਪਾ ਕਰ ਕੇ ਆਪਣੇ ਨਾਲ ਐਸਪਰੀਨ ਗੋਲੀਆਂ, ਪਾਚਕ ਦਵਾਈਆਂ, ਮਲ੍ਹਮ-ਪੱਟੀਆਂ, ਬਕਸੂਏ, ਆਦਿ ਲਿਆਓ, ਕਿਉਂਕਿ ਅਜਿਹੀਆਂ ਚੀਜ਼ਾਂ ਮਹਾਂ-ਸੰਮੇਲਨ ਵਿਚ ਨਹੀਂ ਦਿੱਤੀਆਂ ਜਾਣਗੀਆਂ। ਜਿਨ੍ਹਾਂ ਨੂੰ ਦੌਰੇ, ਇਨਸੁਲੀਨ ਸਦਮੇ, ਦਿਲ ਦੀਆਂ ਸਮੱਸਿਆਵਾਂ, ਆਦਿ ਦਾ ਖ਼ਤਰਾ ਰਹਿੰਦਾ ਹੈ, ਉਨ੍ਹਾਂ ਨੂੰ ਆਪਣੇ ਨਾਲ ਲੋੜੀਂਦੀ ਦਵਾਈ ਲਿਆਉਣੀ ਚਾਹੀਦੀ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਜਾਂ ਕਲੀਸਿਯਾ ਦਾ ਕੋਈ ਮੈਂਬਰ ਰਹਿਣਾ ਚਾਹੀਦਾ ਹੈ ਜੋ ਉਨ੍ਹਾਂ ਦੀ ਸਥਿਤੀ ਨੂੰ ਸਮਝਦਾ ਹੈ ਅਤੇ ਅਚਾਨਕ ਸਮੱਸਿਆ ਉੱਠਣ ਤੇ ਸਹਾਇਤਾ ਦੇ ਸਕਦਾ ਹੈ। ਮਹਾਂ-ਸੰਮੇਲਨਾਂ ਵਿਚ ਉਦੋਂ ਸਮੱਸਿਆਵਾਂ ਉੱਠੀਆਂ ਹਨ ਜਦੋਂ ਚਿਰਕਾਲੀ ਸਿਹਤ ਸਮੱਸਿਆਵਾਂ ਵਾਲੇ ਵਿਅਕਤੀਆਂ ਨਾਲ ਕੋਈ ਨਹੀਂ ਸੀ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਜੇਕਰ ਖ਼ਾਸ ਸਿਹਤ ਸੰਬੰਧੀ ਜ਼ਰੂਰਤਾਂ ਵਾਲੇ ਕੁਝ ਵਿਅਕਤੀਆਂ ਦੇ ਪਰਿਵਾਰ ਵਿਚ ਅਜਿਹੇ ਮੈਂਬਰ ਨਹੀਂ ਹਨ ਜੋ ਉਨ੍ਹਾਂ ਦੀ ਸਹਾਇਤਾ ਕਰ ਸਕਣ, ਤਾਂ ਇਸ ਸਥਿਤੀ ਬਾਰੇ ਬਜ਼ੁਰਗਾਂ ਨੂੰ ਸੂਚਿਤ ਕਰਨ ਦੀ ਲੋੜ ਪਵੇਗੀ ਅਤੇ ਬਜ਼ੁਰਗਾਂ ਨੂੰ ਮਦਦ ਲਈ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ। ਜਿਨ੍ਹਾਂ ਨੂੰ ਵਾਤਾਵਰਣ ਸੰਬੰਧੀ ਬੀਮਾਰੀ ਜਾਂ ਅਲਰਜੀ ਹੈ, ਉਨ੍ਹਾਂ ਲਈ ਮਹਾਂ-ਸੰਮੇਲਨਾਂ ਵਿਚ ਖ਼ਾਸ ਕਮਰਿਆਂ ਦਾ ਪ੍ਰਬੰਧ ਕਰਨਾ ਮੁਮਕਿਨ ਨਹੀਂ ਹੈ।
21 ਮਹਾਂ-ਸੰਮੇਲਨ ਵਿਚ ਭੋਜਨ: ਹਾਜ਼ਰ ਸਾਰੇ ਵਿਅਕਤੀਆਂ ਨੂੰ ਦੁਪਹਿਰ ਦੀ ਥੋੜ੍ਹੇ ਸਮੇਂ ਦੀ ਛੁੱਟੀ ਦੌਰਾਨ ਬਾਹਰ ਜਾ ਕੇ ਖਾਣਾ ਖ਼ਰੀਦਣ ਦੀ ਬਜਾਇ ਆਪਣੇ ਨਾਲ ਆਪਣਾ ਖਾਣਾ ਲਿਆਉਣਾ ਚਾਹੀਦਾ ਹੈ। ਹਲਕਾ ਭੋਜਨ ਜੋ ਪੌਸ਼ਟਿਕ ਹੋਵੇ ਅਤੇ ਲਿਆਉਣ ਲਈ ਆਸਾਨ ਹੋਵੇ ਸ਼ਾਇਦ ਕਾਫ਼ੀ ਹੋਵੇਗਾ। ਜੁਲਾਈ 1995 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਵਿਚ ਕੁਝ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਕਿਹੜੀਆਂ ਚੀਜ਼ਾਂ ਲਿਆ ਸਕਦੇ ਹਾਂ। ਕੱਚ ਦੇ ਬਰਤਨ ਜਾਂ ਸ਼ਰਾਬ ਮਹਾਂ-ਸੰਮੇਲਨ ਸਥਾਨ ਤੇ ਨਹੀਂ ਲਿਆਏ ਜਾਣੇ ਚਾਹੀਦੇ ਹਨ। ਖਾਣੇ ਦੇ ਡੱਬੇ ਜਾਂ ਬੈਗ ਇੰਨੇ ਛੋਟੇ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਨੂੰ ਆਪਣੀ ਸੀਟ ਹੇਠਾਂ ਰੱਖਿਆ ਜਾ ਸਕੇ। ਹਾਜ਼ਰੀਨ ਵਿੱਚੋਂ ਕਈਆਂ ਨੂੰ ਕਾਰਜਕ੍ਰਮ ਦੌਰਾਨ ਖਾਂਦੇ-ਪੀਂਦੇ ਦੇਖਿਆ ਗਿਆ ਹੈ। ਇੰਜ ਕਰਨਾ ਮਹਾਂ-ਸੰਮੇਲਨ ਲਈ ਨਿਰਾਦਰ ਦਿਖਾਉਂਦਾ ਹੈ।
22 ਅਸੀਂ ਕਿੰਨੇ ਖ਼ੁਸ਼ ਹਾਂ ਕਿ 1998 “ਈਸ਼ਵਰੀ ਜੀਵਨ ਦਾ ਰਾਹ” ਮਹਾਂ-ਸੰਮੇਲਨ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ! ਕੀ ਤੁਸੀਂ ਹਾਜ਼ਰ ਹੋਣ ਦੇ ਸਾਰੇ ਪ੍ਰਬੰਧ ਕਰ ਲਏ ਹਨ? ਰੱਬ ਕਰੇ ਕਿ ਤੁਹਾਡਾ ਸਫ਼ਰ ਸੁਰੱਖਿਅਤ ਰਹੇ ਅਤੇ ਤੁਸੀਂ ਤਾਜ਼ਗੀ ਪ੍ਰਾਪਤ ਕਰ ਕੇ ਘਰ ਵਾਪਸ ਜਾਓ, ਇਹ ਦ੍ਰਿੜ੍ਹ ਇਰਾਦਾ ਕਰਦੇ ਹੋਏ ਕਿ ਤੁਸੀਂ ਯਹੋਵਾਹ ਦੀ ਬਹੁਮੁੱਲੀ ਸੇਵਾ ਵਿਚ ਅੱਗੇ ਵਧਦੇ ਜਾਓਗੇ ਅਤੇ ਈਸ਼ਵਰੀ ਜੀਵਨ ਦੇ ਰਾਹ ਉੱਤੇ ਚੱਲਦੇ ਜਾਓਗੇ ਅਤੇ ਇਸ ਤਰ੍ਹਾਂ ਸਦੀਪਕ ਬਰਕਤ ਪ੍ਰਾਪਤ ਕਰੋਗੇ।
[ਸਫ਼ੇ 6 ਉੱਤੇ ਡੱਬੀ]
ਮਹਾਂ-ਸੰਮੇਲਨ ਸੰਬੰਧੀ ਯਾਦ-ਦਹਾਨੀਆਂ
▪ ਬਪਤਿਸਮਾ: ਸਿਨੱਚਰਵਾਰ ਸਵੇਰ ਨੂੰ ਕਾਰਜਕ੍ਰਮ ਆਰੰਭ ਹੋਣ ਤੋਂ ਪਹਿਲਾਂ, ਬਪਤਿਸਮੇ ਦੇ ਉਮੀਦਵਾਰਾਂ ਨੂੰ ਨਿਯਤ ਸੀਟਾਂ ਤੇ ਬੈਠੇ ਹੋਣਾ ਚਾਹੀਦਾ ਹੈ। ਬਪਤਿਸਮਾ ਲੈਣ ਦੀ ਯੋਜਨਾ ਬਣਾਉਣ ਵਾਲੇ ਹਰੇਕ ਵਿਅਕਤੀ ਨੂੰ ਉਚਿਤ ਕੱਪੜੇ ਅਤੇ ਇਕ ਤੌਲੀਆ ਲਿਆਉਣਾ ਚਾਹੀਦਾ ਹੈ। ਬੀਤੇ ਸਮੇਂ ਵਿਚ ਕੁਝ ਭੈਣ-ਭਰਾਵਾਂ ਨੇ ਅਜਿਹੇ ਕੱਪੜੇ ਪਾਏ ਜੋ ਉਚਿਤ ਨਹੀਂ ਸਨ ਅਤੇ ਜਿਨ੍ਹਾਂ ਨੇ ਇਸ ਮੌਕੇ ਦੀ ਮਹੱਤਤਾ ਨੂੰ ਘਟਾਇਆ। ਬਪਤਿਸਮੇ ਦੇ ਉਮੀਦਵਾਰਾਂ ਨਾਲ ਆਪਣੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ ਵਿੱਚੋਂ ਸਵਾਲਾਂ ਦਾ ਪੁਨਰ-ਵਿਚਾਰ ਕਰ ਰਹੇ ਬਜ਼ੁਰਗਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਹਰੇਕ ਵਿਅਕਤੀ ਇਨ੍ਹਾਂ ਨੁਕਤਿਆਂ ਨੂੰ ਸਮਝਦਾ ਹੈ। ਇਕ ਵਿਅਕਤੀ ਦੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਉਸ ਦੇ ਅਤੇ ਯਹੋਵਾਹ ਦੇ ਦਰਮਿਆਨ ਇਕ ਨੇੜਲਾ ਅਤੇ ਨਿੱਜੀ ਮਾਮਲਾ ਹੈ। ਇਸ ਲਈ, ਉਮੀਦਵਾਰਾਂ ਲਈ ਇਕ ਦੂਜੇ ਨਾਲ ਜੱਫੀ ਪਾ ਕੇ ਜਾਂ ਹੱਥ ਫੜ ਕੇ ਬਪਤਿਸਮਾ ਲੈਣਾ ਉਚਿਤ ਨਹੀਂ ਹੈ।
▪ ਬੈਜ ਕਾਰਡ: ਕਿਰਪਾ ਕਰ ਕੇ ਮਹਾਂ-ਸੰਮੇਲਨ ਦੇ ਸ਼ਹਿਰ ਵਿਚ ਅਤੇ ਮਹਾਂ-ਸੰਮੇਲਨ ਵਿਚ ਆਉਂਦਿਆਂ ਜਾਂਦਿਆਂ 1998 ਬੈਜ ਕਾਰਡ ਨੂੰ ਹਰ ਸਮੇਂ ਲਗਾਈ ਰੱਖੋ। ਇਹ ਅਕਸਰ ਸਾਨੂੰ ਚੰਗੀ ਗਵਾਹੀ ਦੇਣ ਦੇ ਮੌਕੇ ਦਿੰਦਾ ਹੈ। ਬੈਜ ਕਾਰਡ ਅਤੇ ਹੋਲਡਰ ਆਪਣੀ ਕਲੀਸਿਯਾ ਦੁਆਰਾ ਹਾਸਲ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਇਹ ਮਹਾਂ-ਸੰਮੇਲਨ ਵਿਚ ਉਪਲਬਧ ਨਹੀਂ ਹੋਣਗੇ। ਆਪਣੇ ਅਤੇ ਆਪਣੇ ਪਰਿਵਾਰ ਲਈ ਕਾਰਡ ਮਹਾਂ-ਸੰਮੇਲਨ ਤੋਂ ਕਾਫ਼ੀ ਸਮਾਂ ਪਹਿਲਾਂ ਲੈ ਲਓ। ਆਪਣਾ ਚਾਲੂ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਆਪਣੇ ਨਾਲ ਲੈ ਜਾਣਾ ਯਾਦ ਰੱਖੋ।
▪ ਨਿਵਾਸ ਦਾ ਪ੍ਰਬੰਧ: ਜੇਕਰ ਤੁਹਾਨੂੰ ਇਸ ਸੰਬੰਧ ਵਿਚ ਕੋਈ ਸਮੱਸਿਆ ਪੇਸ਼ ਆਵੇ, ਤਾਂ ਕਿਰਪਾ ਕਰ ਕੇ ਬਿਨਾਂ ਝਿਜਕੇ ਨਿਵਾਸ ਵਿਭਾਗ ਨੂੰ ਉਦੋਂ ਹੀ ਸੂਚਿਤ ਕਰੋ ਜਦੋਂ ਤੁਸੀਂ ਅਜੇ ਮਹਾਂ-ਸੰਮੇਲਨ ਵਿਚ ਮੌਜੂਦ ਹੁੰਦੇ ਹੋ, ਤਾਂਕਿ ਉਹ ਮਾਮਲੇ ਨੂੰ ਫੌਰਨ ਸੁਲਝਾਉਣ ਵਿਚ ਤੁਹਾਡੀ ਮਦਦ ਕਰ ਸਕਣ। ਹਰੇਕ ਕਲੀਸਿਯਾ ਦੇ ਸੈਕਟਰੀ ਨੂੰ ਨਿਵਾਸ ਦਰਖ਼ਾਸਤ ਫਾਰਮਾਂ ਨੂੰ ਜਲਦੀ-ਜਲਦੀ ਉਪਯੁਕਤ ਮਹਾਂ-ਸੰਮੇਲਨ ਮੁੱਖ ਦਫ਼ਤਰਾਂ ਦੇ ਪਤੇ ਤੇ ਭੇਜਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕਿਸੇ ਕਮਰੇ ਨੂੰ ਕੈਂਸਲ ਕਰਨਾ ਪਵੇ, ਤਾਂ ਕਿਰਪਾ ਕਰ ਕੇ ਮਹਾਂ-ਸੰਮੇਲਨ ਦੇ ਨਿਵਾਸ ਵਿਭਾਗ ਨੂੰ ਤੁਰੰਤ ਸੂਚਿਤ ਕਰੋ ਤਾਂਕਿ ਕਮਰਾ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਜਾ ਸਕੇ।
▪ ਸਵੈ-ਇੱਛੁਕ ਸੇਵਾ: ਕੀ ਤੁਸੀਂ ਮਹਾਂ-ਸੰਮੇਲਨ ਵਿਚ ਕਿਸੇ ਵਿਭਾਗ ਵਿਚ ਸਹਾਇਤਾ ਕਰਨ ਲਈ ਕੁਝ ਸਮਾਂ ਕੱਢ ਸਕਦੇ ਹੋ? ਆਪਣੇ ਭਰਾਵਾਂ ਦੀ ਸੇਵਾ ਕਰਨਾ, ਚਾਹੇ ਸਿਰਫ਼ ਕੁਝ ਹੀ ਘੰਟਿਆਂ ਲਈ, ਬਹੁਤ ਸਹਾਇਕ ਹੋਵੇਗਾ ਅਤੇ ਨਿੱਜੀ ਤੌਰ ਤੇ ਕਾਫ਼ੀ ਸੰਤੁਸ਼ਟੀ ਦਿੰਦਾ ਹੈ। ਜੇਕਰ ਤੁਸੀਂ ਸਹਾਇਤਾ ਕਰ ਸਕਦੇ ਹੋ, ਤਾਂ ਮਹਾਂ-ਸੰਮੇਲਨ ਵਿਚ ਸਵੈ-ਇੱਛੁਕ ਸੇਵਾ ਵਿਭਾਗ ਕੋਲ ਜਾਓ। 16 ਸਾਲ ਦੀ ਉਮਰ ਤੋਂ ਛੋਟੇ ਬੱਚੇ ਵੀ ਆਪਣੀ ਮਾਤਾ ਜਾਂ ਪਿਤਾ ਜਾਂ ਕਿਸੇ ਦੂਜੇ ਜ਼ਿੰਮੇਵਾਰ ਬਾਲਗ ਨਾਲ ਕੰਮ ਕਰ ਕੇ ਚੰਗਾ ਯੋਗਦਾਨ ਪਾ ਸਕਦੇ ਹਨ।
▪ ਚੌਕਸੀ ਦੇ ਸ਼ਬਦ: ਨਿਸ਼ਚਿਤ ਕਰੋ ਕਿ ਤੁਹਾਡੀ ਗੱਡੀ ਹਰ ਸਮੇਂ ਲਾਕ ਹੋਵੇ, ਅਤੇ ਕਦੇ ਵੀ ਕੋਈ ਚੀਜ਼ ਨਜ਼ਰਾਂ ਦੇ ਸਾਮ੍ਹਣੇ ਨਾ ਰੱਖੋ, ਕਿ ਕੋਈ ਵਿਅਕਤੀ ਲਾਕ ਤੋੜਨ ਲਈ ਲਲਚਾਇਆ ਨਾ ਜਾਵੇ। ਚੋਰ ਅਤੇ ਜੇਬ-ਕਤਰੇ ਵੱਡੇ ਇਕੱਠਾਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹਨ। ਆਪਣੀ ਸੀਟ ਉੱਤੇ ਕੋਈ ਵੀ ਕੀਮਤੀ ਚੀਜ਼ ਛੱਡਣੀ ਬੁੱਧੀਮਤਾ ਨਹੀਂ ਹੋਵੇਗੀ। ਤੁਸੀਂ ਨਿਸ਼ਚਿਤ ਨਹੀਂ ਹੋ ਸਕਦੇ ਹੋ ਕਿ ਤੁਹਾਡੇ ਆਲੇ-ਦੁਆਲੇ ਹਰੇਕ ਵਿਅਕਤੀ ਇਕ ਮਸੀਹੀ ਹੈ। ਅਸੀਂ ਕਿਉਂ ਕਿਸੇ ਨੂੰ ਲਲਚਾਈਏ? ਬਾਹਰਲਿਆਂ ਵਿਅਕਤੀਆਂ ਦੁਆਰਾ ਬੱਚਿਆਂ ਨੂੰ ਲੁਭਾ ਕੇ ਲੈ ਜਾਣ ਦੇ ਜਤਨਾਂ ਦੀਆਂ ਰਿਪੋਰਟਾਂ ਮਿਲੀਆਂ ਹਨ। ਆਪਣੇ ਬੱਚਿਆਂ ਨੂੰ ਹਮੇਸ਼ਾ ਆਪਣੀਆਂ ਨਜ਼ਰਾਂ ਦੇ ਸਾਮ੍ਹਣੇ ਰੱਖੋ।
ਬਹੁਤ ਸਾਰੇ ਹੋਟਲਾਂ ਵਿਚ ਉਪਲਬਧ ਟੈਲੀਵਿਯਨ ਅਤੇ ਵਿਡਿਓ ਸੇਵਾਵਾਂ ਅਕਸਰ ਅਸ਼ਲੀਲ ਕਾਰਜਕ੍ਰਮ ਪੇਸ਼ ਕਰਦੀਆਂ ਹਨ। ਬੱਚਿਆਂ ਨੂੰ ਕਮਰੇ ਵਿਚ ਬਿਨਾਂ ਨਿਗਰਾਨੀ ਦੇ ਟੈਲੀਵਿਯਨ ਦੇਖਣ ਦੀ ਇਜਾਜ਼ਤ ਨਾ ਦਿਓ।
ਕਿਰਪਾ ਕਰ ਕੇ ਮਹਾਂ-ਸੰਮੇਲਨ ਸੰਬੰਧੀ ਕਿਸੇ ਵੀ ਮਾਮਲੇ ਬਾਰੇ ਜਾਣਕਾਰੀ ਹਾਸਲ ਕਰਨ ਲਈ, ਮਹਾਂ-ਸੰਮੇਲਨ ਆਡੀਟੋਰੀਅਮ ਦੀ ਮੈਨੇਜਮੈਂਟ ਨੂੰ ਫ਼ੋਨ ਨਾ ਕਰੋ ਅਤੇ ਨਾ ਹੀ ਚਿੱਠੀ ਲਿਖੋ। ਜੇਕਰ ਜਾਣਕਾਰੀ ਬਜ਼ੁਰਗਾਂ ਤੋਂ ਉਪਲਬਧ ਨਹੀਂ ਹੈ, ਤਾਂ ਤੁਸੀਂ ਕਿਸੇ ਖ਼ਾਸ ਮਹਾਂ-ਸੰਮੇਲਨ ਦੇ ਪਤੇ ਤੇ ਲਿਖ ਸਕਦੇ ਹੋ, ਜੋ ਕਿ ਮਈ 1998 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 5 ਉੱਤੇ ਦਿੱਤੇ ਗਏ ਹਨ। ਜੇਕਰ ਤੁਸੀਂ ਕੋਇੰਬੇਟੂਰ ਜਾਂ ਮਦੁਰਾਈ ਮਹਾਂ-ਸੰਮੇਲਨਾਂ ਵਿਚ ਹਾਜ਼ਰ ਹੋਣ ਦੀ ਯੋਜਨਾ ਬਣਾ ਰਹੇ ਹੋ, ਤਾਂ ਮਹਾਂ-ਸੰਮੇਲਨ ਮੁੱਖ ਦਫ਼ਤਰਾਂ ਦੇ ਪਤੇ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਸਫ਼ਾ 7 ਉੱਤੇ ਦਿੱਤੇ ਗਏ ਹਨ।