1999 “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਮਹਾਂ-ਸੰਮੇਲਨ
1 ਜਦੋਂ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚਣ ਵਾਲੇ ਹੀ ਸਨ, ਤਾਂ ਮੂਸਾ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਪਰਮੇਸ਼ੁਰ ਦੀਆਂ ਹਿਦਾਇਤਾਂ ਦੀ ਕਦਰ ਕਰਨ। ਉਸ ਨੇ ਉਨ੍ਹਾਂ ਨੂੰ ਕਿਹਾ: “ਜੋ ਉਹ ਤੁਹਾਡੇ ਲਈ ਕੋਈ ਫੋਕੀ ਜਿਹੀ ਗੱਲ ਨਹੀਂ ਹੈ ਸਗੋਂ ਉਹੀ ਤੁਹਾਡਾ ਜੀਵਨ ਹੈ।” (ਬਿਵ. 32:45-47) ਕੀ ਅਸੀਂ ਯਹੋਵਾਹ ਦੇ ਧੰਨਵਾਦੀ ਨਹੀਂ ਹਾਂ ਕਿ ਸਾਡੀਆਂ ਜ਼ਿੰਦਗੀਆਂ ਉਸ ਦੀਆਂ ਨਜ਼ਰਾਂ ਵਿਚ ਇੰਨੀਆਂ ਕੀਮਤੀ ਹਨ ਕਿ ਉਹ ਆਪਣੇ ਅਨਮੋਲ ਬਚਨ ਰਾਹੀਂ ਸਾਨੂੰ ਲਗਾਤਾਰ ਮਾਰਗ-ਦਰਸ਼ਨ ਦਿੰਦਾ ਹੈ? ਇਸ ਲਈ ਅਸੀਂ ਤਿੰਨ-ਦਿਨਾ “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਮਹਾਂ-ਸੰਮੇਲਨ ਦੀ ਅਤੇ ਉਸ ਵਿਚ ਯਹੋਵਾਹ ਸਾਨੂੰ ਜੋ ਸਿੱਖਿਆ ਦੇਣ ਵਾਲਾ ਹੈ, ਉਸ ਦੀ ਉਤਸੁਕਤਾਪੂਰਵਕ ਉਡੀਕ ਕਰਦੇ ਹਾਂ।
2 ਇਸ ਸਾਲ ਪੂਰੇ ਭਾਰਤ ਵਿਚ 27 ਅਲੱਗ-ਅਲੱਗ ਥਾਵਾਂ ਤੇ ਜ਼ਿਲ੍ਹਾ ਮਹਾਂ-ਸੰਮੇਲਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇਸ਼ ਵਿਚ ਪਹਿਲੀ ਵਾਰ ਮੀਜ਼ੋ ਭਾਸ਼ਾ ਵਿਚ ਇਕ-ਦਿਨਾ ਮਹਾਂ-ਸੰਮੇਲਨ ਕੀਤਾ ਜਾਵੇਗਾ।
3 ਯਕੀਨਨ ਤੁਸੀਂ ਹਰ ਰੋਜ਼ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਦਾ ਪਹਿਲਾਂ ਹੀ ਪ੍ਰਬੰਧ ਕਰ ਲਿਆ ਹੋਵੇਗਾ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉੱਥੇ ਹਾਜ਼ਰ ਹੋਵੋ। ਭਰੋਸਾ ਰੱਖੋ ਕਿ ਉਹ ਆਪਣੇ ਹਰ ਸੇਵਕ ਦੁਆਰਾ ਸੰਮੇਲਨ ਵਿਚ ਹਾਜ਼ਰ ਹੋਣ ਲਈ ਕੀਤੇ ਗਏ ਜਤਨਾਂ ਨੂੰ ਅਤੇ ਤਿਆਗ ਨੂੰ ਦੇਖਦਾ ਹੈ ਅਤੇ ਉਹ ਇਨ੍ਹਾਂ ਦੀ ਕਦਰ ਕਰਦਾ ਹੈ ਅਤੇ ਇਨ੍ਹਾਂ ਨੂੰ ਯਾਦ ਰੱਖਦਾ ਹੈ। (ਇਬ. 6:10) ਹਰ ਦਿਨ ਸ਼ੁਰੂਆਤੀ ਗੀਤ ਤੋਂ ਲੈ ਕੇ ਸਮਾਪਤੀ ਪ੍ਰਾਰਥਨਾ ਤਕ ਮਹਾਂ-ਸੰਮੇਲਨ ਵਿਚ ਹਾਜ਼ਰ ਰਹਿਣ ਦੁਆਰਾ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਅਸੀਂ ਉਸ ਦੀਆਂ ਗੱਲਾਂ ਦੀ ਕਦਰ ਕਰਦੇ ਹਾਂ। (ਬਿਵ. 4:10) ਅਸੀਂ ਆਪਣੇ ਉਨ੍ਹਾਂ ਬਹੁਤ ਸਾਰੇ ਭਰਾਵਾਂ ਦੀ ਵੀ ਕਦਰ ਕਰਦੇ ਹਾਂ ਜਿਨ੍ਹਾਂ ਨੇ ਇਸ ਮਹਾਂ-ਸੰਮੇਲਨ ਨੂੰ ਤਿਆਰ ਕਰਨ ਵਿਚ ਸਖ਼ਤ ਮਿਹਨਤ ਕੀਤੀ ਹੈ।
4 ਮਹਾਂ-ਸੰਮੇਲਨ ਦੀ ਹਰ ਥਾਂ ਤੇ ਪਰਮੇਸ਼ੁਰ ਦੇ ਹਜ਼ਾਰਾਂ ਹੀ ਲੋਕਾਂ ਨੂੰ ਇਕੱਠਾ ਕਰਨ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਉਣ ਅਤੇ ਚੰਗੇ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ। ਮਹਾਂ-ਸੰਮੇਲਨ ਦੇ ਪ੍ਰਬੰਧ ਬੜੇ ਪਿਆਰ ਨਾਲ ਕੀਤੇ ਗਏ ਹਨ, ਇਸ ਲਈ ਸਾਨੂੰ ਸਹਿਯੋਗ ਦੇਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ, ਤਾਂਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰ. 14:40) ਹੇਠਾਂ ਜਾਣਕਾਰੀ ਅਤੇ ਯਾਦ-ਦਹਾਨੀਆਂ ਦਿੱਤੀਆਂ ਗਈਆਂ ਹਨ ਤਾਂਕਿ ਤੁਸੀਂ ਮਹਾਂ-ਸੰਮੇਲਨ ਵਿਚ ਪੂਰੀ ਤਰ੍ਹਾਂ ਤਿਆਰ ਹੋ ਕੇ ਆ ਸਕੋ ਅਤੇ ਅਧਿਆਤਮਿਕ ਭੋਜਨ ਤੇ ਮਸੀਹੀ ਭਾਈਚਾਰੇ ਦਾ ਆਨੰਦ ਮਾਣ ਸਕੋ।
ਮਹਾਂ-ਸੰਮੇਲਨ ਤੋਂ ਪਹਿਲਾਂ
5 ਜਿਨ੍ਹਾਂ ਲੋਕਾਂ ਨੂੰ ਤੁਸੀਂ ਬਾਈਬਲ ਅਧਿਐਨ ਕਰਵਾਉਂਦੇ ਹੋ, ਕੀ ਉਨ੍ਹਾਂ ਨੂੰ ਅਤੇ ਦੂਸਰੇ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਲਈ ਨਿੱਜੀ ਇੰਤਜ਼ਾਮ ਕਰਨ ਵਾਸਤੇ ਕਿਸੇ ਸਹਾਇਤਾ ਦੀ ਲੋੜ ਹੈ? ਉਹ ਮਹਾਂ-ਸੰਮੇਲਨ ਵਿਚ ਜੋ ਦੇਖਣਗੇ ਅਤੇ ਸੁਣਨਗੇ ਉਸ ਨਾਲ ਸ਼ਾਇਦ ਉਹ ਯਹੋਵਾਹ ਦੇ ਉਪਾਸਕ ਬਣਨ ਲਈ ਪ੍ਰੇਰਿਤ ਹੋ ਜਾਣ। (1 ਕੁਰਿੰ. 14:25) ਜੇ ਕਿਸੇ ਵਿਅਕਤੀ ਨੂੰ, ਖ਼ਾਸ ਕਰਕੇ ਕਲੀਸਿਯਾ ਦੇ ਬਿਰਧ ਮੈਂਬਰਾਂ ਨੂੰ ਆਪਣੇ ਰਹਿਣ ਦਾ ਜਾਂ ਆਉਣ-ਜਾਣ ਦਾ ਪ੍ਰਬੰਧ ਕਰਨ ਲਈ ਮਦਦ ਦੀ ਜ਼ਰੂਰਤ ਹੈ, ਤਾਂ ਇਸ ਬਾਰੇ ਬਜ਼ੁਰਗਾਂ ਨੂੰ ਪਤਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਬੜੇ ਪਿਆਰ ਨਾਲ ਦੇਖਣਾ ਹੈ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ।—ਗਲਾ. 6:10.
6 ਕੀ ਤੁਹਾਡੇ ਰਹਿਣ ਦਾ ਪੱਕਾ ਇੰਤਜ਼ਾਮ ਹੋ ਗਿਆ ਹੈ? ਜੇਕਰ ਤੁਸੀਂ ਹੋਟਲ ਵਿਚ ਠਹਿਰ ਰਹੇ ਹੋ, ਤਾਂ ਕੀ ਤੁਹਾਨੂੰ ਕਮਰੇ ਦਾ ਨੰਬਰ ਮਿਲ ਗਿਆ ਹੈ ਅਤੇ ਕੀ ਤੁਸੀਂ ਹੋਟਲ ਵਾਲਿਆਂ ਨੂੰ ਪੇਸ਼ਗੀ ਭੇਜ ਦਿੱਤੀ ਹੈ?
7 ਜੇਕਰ ਤੁਹਾਨੂੰ ਕਿਸੇ ਖ਼ਾਸ ਮਹਾਂ-ਸੰਮੇਲਨ ਬਾਰੇ ਜਾਣਕਾਰੀ ਚਾਹੀਦੀ ਹੈ, ਤਾਂ ਕਲੀਸਿਯਾ ਦਾ ਸੈਕਟਰੀ ਤੁਹਾਨੂੰ ਉਸ ਮਹਾਂ-ਸੰਮੇਲਨ ਦੀ ਥਾਂ ਦਾ ਪਤਾ ਦੇ ਸਕਦਾ ਹੈ। ਕਿਰਪਾ ਕਰ ਕੇ ਹਾਲ ਦੀ ਮੈਨੇਜਮੈਂਟ ਨੂੰ ਨਾ ਤਾਂ ਫ਼ੋਨ ਕਰੋ ਅਤੇ ਨਾ ਹੀ ਚਿੱਠੀ ਲਿਖੋ।
8 ਕਿਉਂਕਿ ਮਹਾਂ-ਸੰਮੇਲਨ ਵਿਚ ਮੁਢਲੀ ਡਾਕਟਰੀ ਸਹਾਇਤਾ ਵਿਭਾਗ ਸਿਰਫ਼ ਸੰਕਟਕਾਲੀਨ ਇਲਾਜ ਲਈ ਹੈ, ਇਸ ਲਈ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਮਹਾਂ-ਸੰਮੇਲਨ ਵਿਚ ਆਪਣੇ ਨਾਲ ਐਸਪਰੀਨ ਗੋਲੀਆਂ, ਮਲ੍ਹਮ-ਪੱਟੀਆਂ, ਇਨਹੇਲਰ (Inhaler), ਪਾਚਕ ਦਵਾਈਆਂ ਆਦਿ ਲਿਆਓ ਜੇਕਰ ਤੁਸੀਂ ਸੋਚਦੇ ਹੋ ਕਿ ਅਜਿਹੀਆਂ ਚੀਜ਼ਾਂ ਦੀ ਲੋੜ ਪੈ ਸਕਦੀ ਹੈ। ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਪਿਆਰੇ ਨੂੰ ਦਿਲ ਦੀ ਬੀਮਾਰੀ ਜਾਂ ਸ਼ੂਗਰ ਦੀ ਬੀਮਾਰੀ ਹੈ ਜਾਂ ਦੌਰੇ ਪੈਂਦੇ ਹਨ, ਤਾਂ ਜਿਵੇਂ ਤੁਸੀਂ ਘਰ ਵਿਚ ਜਾਂ ਛੁੱਟੀਆਂ ਤੇ ਜਾਣ ਵੇਲੇ ਆਪਣੇ ਕੋਲ ਦਵਾਈ ਰੱਖਦੇ ਹੋ, ਉਸੇ ਤਰ੍ਹਾਂ ਕਿਰਪਾ ਕਰ ਕੇ ਮਹਾਂ-ਸੰਮੇਲਨ ਵਿਚ ਵੀ ਲੋੜੀਂਦੀ ਦਵਾਈ ਆਪਣੇ ਨਾਲ ਲੈ ਕੇ ਆਓ। ਪਰਿਵਾਰ ਦਾ ਜਿਹੜਾ ਮੈਂਬਰ ਜਾਂ ਨਜ਼ਦੀਕੀ ਮਿੱਤਰ ਮਰੀਜ਼ ਦੀ ਸਥਿਤੀ ਨੂੰ ਸਮਝਦਾ ਹੈ, ਉਸ ਲਈ ਚੰਗਾ ਹੋਵੇਗਾ ਜੇ ਉਹ ਹਰ ਸਮੇਂ ਮਰੀਜ਼ ਦੇ ਨਾਲ ਰਹੇ, ਕਿਉਂਕਿ ਲੋੜ ਪੈਣ ਤੇ ਉਹੀ ਚੰਗੇ ਤਰੀਕੇ ਨਾਲ ਮਦਦ ਕਰ ਸਕਦਾ ਹੈ।
9 ਮਹਾਂ-ਸੰਮੇਲਨ ਨੂੰ ਆਉਂਦੇ-ਜਾਂਦੇ ਸਮੇਂ ਤੁਹਾਨੂੰ ਗ਼ੈਰ-ਰਸਮੀ ਗਵਾਹੀ ਦੇਣ ਦੇ ਮੌਕੇ ਮਿਲਣਗੇ। ਕੀ ਤੁਸੀਂ ਦੂਸਰਿਆਂ ਨਾਲ ਸੱਚਾਈ ਸਾਂਝੀ ਕਰਨ ਲਈ ਤਿਆਰ ਰਹੋਗੇ? ਅਸੀਂ ਸਾਰੇ ਹੀ, ਛੋਟੇ ਬੱਚੇ ਵੀ, ਪਟਰੋਲ ਪੰਪਾਂ ਤੇ ਕੰਮ ਕਰਨ ਵਾਲਿਆਂ ਨੂੰ, ਚੁੰਗੀ ਲੈਣ ਵਾਲਿਆਂ ਨੂੰ ਅਤੇ ਹੋਰ ਦੂਸਰਿਆਂ ਨੂੰ ਟ੍ਰੈਕਟ ਦੇ ਸਕਦੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਸਫ਼ਰ ਵਿਚ ਮਿਲਦੇ ਹੋ। ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਰਸਾਲੇ, ਬਰੋਸ਼ਰ ਜਾਂ ਹੋਰ ਦੂਜਾ ਸਾਹਿੱਤ ਦੇਣ ਦੇ ਮੌਕੇ ਵੀ ਮਿਲਣਗੇ। ਲੋਕਾਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਲਈ ਤਿਆਰ ਰਹੋ, ਜਿਨ੍ਹਾਂ ਨੂੰ ਅਸੀਂ ਘਰ-ਘਰ ਦੀ ਸੇਵਕਾਈ ਦੌਰਾਨ ਸ਼ਾਇਦ ਨਾ ਮਿਲ ਸਕੀਏ।
ਮਹਾਂ-ਸੰਮੇਲਨ ਦੌਰਾਨ
10 ਜਦੋਂ ਹਰ ਦਿਨ ਮਹਾਂ-ਸੰਮੇਲਨ ਹਾਲ ਦੇ ਦਰਵਾਜ਼ੇ ਖੁੱਲ੍ਹਦੇ ਹਨ, ਤਾਂ ਤੁਸੀਂ ਸਿਰਫ਼ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਜਾਂ ਆਪਣੇ ਗਰੁੱਪ ਦੇ ਮੈਂਬਰਾਂ ਲਈ ਹੀ ਸੀਟਾਂ ਮੱਲ ਸਕਦੇ ਹੋ। ਬਿਰਧ ਭੈਣ-ਭਰਾਵਾਂ ਦੀ ਸਹੂਲਤ ਲਈ ਸੀਟਾਂ ਰਾਖਵੀਆਂ ਹੋਣਗੀਆਂ ਅਤੇ ਅਪਾਹਜ ਅਤੇ ਵੀਲ੍ਹਚੇਅਰ ਉੱਤੇ ਬੈਠੇ ਭੈਣ-ਭਰਾਵਾਂ ਲਈ ਥਾਂ ਅਲੱਗ ਰੱਖੀ ਜਾਵੇਗੀ ਤਾਂਕਿ ਉਹ ਆਰਾਮ ਨਾਲ ਬਾਹਰ ਆ ਜਾ ਸਕਣ। ਜਿਨ੍ਹਾਂ ਨੂੰ ਮੌਸਮ ਕਰਕੇ ਕੋਈ ਬੀਮਾਰੀ ਜਾਂ ਅਲਰਜੀ ਹੋ ਜਾਂਦੀ ਹੈ, ਉਨ੍ਹਾਂ ਲਈ ਮਹਾਂ-ਸੰਮੇਲਨ ਵਾਲੀ ਥਾਂ ਤੇ ਅਲੱਗ ਕਮਰਿਆਂ ਦਾ ਪ੍ਰਬੰਧ ਕਰਨਾ ਮੁਮਕਿਨ ਨਹੀਂ ਹੈ। ਹਰ ਦਿਨ ਆਪਣੀ ਸੀਟ ਛੱਡਣ ਤੋਂ ਪਹਿਲਾਂ ਕਿਰਪਾ ਕਰ ਕੇ ਚੈੱਕ ਕਰੋ ਕਿ ਤੁਸੀਂ ਆਪਣਾ ਸਾਰਾ ਸਾਮਾਨ ਲੈ ਲਿਆ ਹੈ ਜਾਂ ਨਹੀਂ।
11 ਜ਼ਿਲ੍ਹਾ ਮਹਾਂ-ਸੰਮੇਲਨਾਂ ਵਿਚ ਇੰਨੀ ਵੱਡੀ ਗਿਣਤੀ ਵਿਚ ਇਕੱਠਾ ਹੋਣ ਕਰਕੇ ਸਾਡੇ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਅਸੀਂ ਉਸ ਜਗ੍ਹਾ ਦੇ ਨਿਯਮਾਂ, ਅੱਗ ਸੰਬੰਧੀ ਨਿਯਮਾਂ ਅਤੇ ਦੂਸਰੇ ਸੁਰੱਖਿਆ ਦੇ ਨਿਯਮਾਂ ਦਾ ਪਾਲਣ ਕਰੀਏ। ਇਸ ਲਈ ਲਾਂਘਿਆਂ ਅਤੇ ਬਾਹਰ ਜਾਣ ਦੇ ਰਸਤਿਆਂ ਵਿਚ ਖੜ੍ਹੇ ਨਾ ਹੋਵੋ ਅਤੇ ਭੀੜ ਨਾ ਪਾਓ। ਜੇ ਮਹਾਂ-ਸੰਮੇਲਨ ਵਿਚ ਕੋਈ ਸੰਕਟਕਾਲੀਨ ਸਥਿਤੀ ਪੈਦਾ ਹੋ ਜਾਂਦੀ ਹੈ, ਤਾਂ ਹਾਲ ਨੂੰ ਫ਼ੌਰਨ ਖਾਲੀ ਕਰਨ ਦੀ ਲੋੜ ਪੈ ਸਕਦੀ ਹੈ।
12 ਕੀ ਤੁਸੀਂ ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਬਪਤਿਸਮਾ ਲੈ ਰਹੇ ਹੋ? ਸਿਨੱਚਰਵਾਰ ਸਵੇਰ ਦੇ ਸੈਸ਼ਨ ਵਿਚ, ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ ਅਤੇ ਸੇਵਾਦਾਰ ਤੁਹਾਨੂੰ ਉਨ੍ਹਾਂ ਸੀਟਾਂ ਬਾਰੇ ਦੱਸਣਗੇ। ਜੇਕਰ ਸੰਭਵ ਹੋਵੇ, ਤਾਂ ਕਿਰਪਾ ਕਰ ਕੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀਆਂ ਸੀਟਾਂ ਉੱਤੇ ਆ ਕੇ ਬੈਠ ਜਾਓ। ਆਪਣੀ ਬਾਈਬਲ, ਗੀਤ-ਪੁਸਤਕ, ਤੌਲੀਆ ਅਤੇ ਉਚਿਤ ਕੱਪੜੇ ਨਾਲ ਲੈ ਕੇ ਆਓ। ਅਜਿਹੇ ਸ਼ਾਨਦਾਰ ਮੌਕੇ ਤੇ ਇਹੋ ਜਿਹੀਆਂ ਟੀ-ਸ਼ਰਟਾਂ ਜਿਨ੍ਹਾਂ ਤੇ ਕੁਝ ਲਿਖਿਆ ਹੋਇਆ ਹੈ ਅਤੇ ਹੋਰ ਇਹੋ ਜਿਹਾ ਪਹਿਰਾਵਾ ਪਾਉਣਾ ਢੁਕਵਾਂ ਨਹੀਂ ਹੈ। ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਨਾਲ ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਵਿੱਚੋਂ ਸਵਾਲਾਂ ਦਾ ਪੁਨਰ-ਵਿਚਾਰ ਕਰ ਰਹੇ ਬਜ਼ੁਰਗਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਹਰੇਕ ਵਿਅਕਤੀ ਇਨ੍ਹਾਂ ਨੁਕਤਿਆਂ ਨੂੰ ਸਮਝਦਾ ਹੈ। ਕਿਉਂਕਿ ਬਪਤਿਸਮਾ ਯਹੋਵਾਹ ਪਰਮੇਸ਼ੁਰ ਨੂੰ ਕੀਤਾ ਗਿਆ ਨਿੱਜੀ ਸਮਰਪਣ ਦਾ ਪ੍ਰਤੀਕ ਹੈ, ਇਸ ਲਈ ਉਮੀਦਵਾਰਾਂ ਨੂੰ ਇਕ ਦੂਜੇ ਦਾ ਹੱਥ ਫੜ ਕੇ ਬਪਤਿਸਮਾ ਨਹੀਂ ਲੈਣਾ ਚਾਹੀਦਾ।
13 ਮਹਾਂ-ਸੰਮੇਲਨ ਵਿਚ ਤੁਸੀਂ ਕੈਮਰੇ, ਵਿਡਿਓ ਕੈਮਰੇ ਅਤੇ ਟੇਪ ਰਿਕਾਰਡਰ ਇਸਤੇਮਾਲ ਕਰ ਸਕਦੇ ਹੋ। ਫਿਰ ਵੀ, ਉਨ੍ਹਾਂ ਨੂੰ ਐਸੀ ਜਗ੍ਹਾ ਨਾ ਰੱਖੋ ਜਾਂ ਇਸਤੇਮਾਲ ਨਾ ਕਰੋ ਜਿੱਥੇ ਆਉਣ-ਜਾਣ ਵਾਲਿਆਂ ਨੂੰ ਮੁਸ਼ਕਲ ਹੋਵੇ, ਦੂਸਰੇ ਹਾਜ਼ਰੀਨ ਪ੍ਰੋਗ੍ਰਾਮ ਨਾ ਦੇਖ ਸਕਣ ਜਾਂ ਉਨ੍ਹਾਂ ਦਾ ਧਿਆਨ ਭੰਗ ਹੋਵੇ। ਇਨ੍ਹਾਂ ਨੂੰ ਕਿਸੇ ਬਿਜਲਈ ਜਾਂ ਸਾਉਂਡ ਸਿਸਟਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ।
14 ਸੈਲੂਲਰ ਫੋਨਾਂ ਅਤੇ ਪੇਜਰਾਂ ਦਾ ਇਸਤੇਮਾਲ ਵੱਧਦਾ ਜਾ ਰਿਹਾ ਹੈ, ਇਸ ਲਈ ਕਿਰਪਾ ਕਰ ਕੇ ਧਿਆਨ ਰੱਖੋ ਕਿ ਇਨ੍ਹਾਂ ਨਾਲ ਤੁਹਾਡਾ ਜਾਂ ਤੁਹਾਡੇ ਆਲੇ-ਦੁਆਲੇ ਬੈਠੇ ਲੋਕਾਂ ਦਾ ਪ੍ਰੋਗ੍ਰਾਮ ਤੋਂ ਧਿਆਨ ਭੰਗ ਨਾ ਹੋਵੇ। ਜਦੋਂ ਤੁਸੀਂ ਹਾਜ਼ਰੀਨ ਵਿਚ ਬੈਠੇ ਹੋ, ਤਾਂ ਇਨ੍ਹਾਂ ਦੀ ਘੰਟੀ ਦੀ ਆਵਾਜ਼ ਉੱਚੀ ਨਹੀਂ ਹੋਣੀ ਚਾਹੀਦੀ। ਪ੍ਰੋਗ੍ਰਾਮ ਦੌਰਾਨ ਜੇਕਰ ਤੁਸੀਂ ਸੈਲੂਲਰ ਫ਼ੋਨ ਇਸਤੇਮਾਲ ਕਰਨਾ ਹੈ, ਤਾਂ ਕਿਰਪਾ ਕਰ ਕੇ ਆਡੀਟੋਰੀਅਮ ਤੋਂ ਬਾਹਰ ਜਾ ਕੇ ਇਸ ਨੂੰ ਇਸਤੇਮਾਲ ਕਰੋ।
15 ਸਮਾਂ ਬਚਾਉਣ ਲਈ ਅਤੇ ਸੌਖ ਲਈ, ਸੋਸਾਇਟੀ ਨੇ ਕਿਹਾ ਹੈ ਕਿ ਸਾਨੂੰ ਹਰ ਦਿਨ ਮਹਾਂ-ਸੰਮੇਲਨ ਵਿਚ ਆਪਣਾ-ਆਪਣਾ ਦੁਪਹਿਰ ਦਾ ਖਾਣਾ ਲੈ ਕੇ ਆਉਣਾ ਚਾਹੀਦਾ ਹੈ। ਜ਼ਿਆਦਾਤਰ ਭਰਾਵਾਂ ਨੇ ਇਸ ਹਿਦਾਇਤ ਨੂੰ ਮੰਨਿਆ ਹੈ ਅਤੇ ਉਨ੍ਹਾਂ ਨੇ ਪਾਇਆ ਹੈ ਕਿ ਇੰਟਰਵਲ ਦੌਰਾਨ ਉਹ ਆਪਣੇ ਪਰਿਵਾਰਾਂ ਨਾਲ ਬੈਠ ਕੇ ਖਾਣਾ ਖਾ ਸਕਦੇ ਹਨ। ਬਹੁਤ ਸਾਰਿਆਂ ਨੇ ਕਿਹਾ ਹੈ ਕਿ ਇਸ ਨਾਲ ਇੰਟਰਵਲ ਦੌਰਾਨ ਆਰਾਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣ ਦਾ ਆਨੰਦ ਮਿਲਿਆ ਹੈ। ਇਸ ਲਈ ਸਮੇਂ ਤੋਂ ਪਹਿਲਾਂ ਹੀ ਖਾਣ-ਪੀਣ ਦੀਆਂ ਚੀਜ਼ਾਂ ਖ਼ਰੀਦਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਨੂੰ ਇਕ ਛੋਟੇ ਡੱਬੇ ਵਿਚ ਪੈਕ ਕਰਨਾ ਚਾਹੀਦਾ ਹੈ ਜੋ ਕਿ ਸੀਟ ਹੇਠਾਂ ਫਿਟ ਹੋ ਸਕੇ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਹਿਦਾਇਤ ਨੂੰ ਮੰਨਣ। ਪਿਛਲੇ ਸਾਲ, ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਭੈਣ-ਭਰਾ ਸੈਸ਼ਨ ਦੌਰਾਨ ਆਡੀਟੋਰੀਅਮ ਤੋਂ ਬਾਹਰ ਜਾ ਕੇ ਅਤੇ ਮਹਾਂ-ਸੰਮੇਲਨ ਸਥਾਨ ਦੇ ਅੰਦਰ ਜਾਂ ਬਾਹਰ ਲੱਗੇ ਹੋਏ ਖਾਣ-ਪੀਣ ਦੇ ਸਾਮਾਨ ਦੇ ਸਟਾਲਾਂ ਤੇ ਜਾਂਦੇ ਹਨ। ਇਸ ਨਾਲ ਨਾ ਸਿਰਫ਼ ਹਾਜ਼ਰੀਨਾਂ ਦਾ ਧਿਆਨ ਭੰਗ ਹੁੰਦਾ ਹੈ ਬਲਕਿ ਮੰਚ ਤੋਂ ਜੋ ਕੁਝ ਪੇਸ਼ ਕੀਤਾ ਜਾ ਰਿਹਾ ਹੈ, ਇਹ ਉਸ ਲਈ ਵੀ ਅਨਾਦਰ ਦਿਖਾਉਂਦਾ ਹੈ। ਅਜਿਹੀਆਂ ਥਾਵਾਂ ਤੋਂ ਜੇਕਰ ਤੁਸੀਂ ਖਾਣ-ਪੀਣ ਦੀਆਂ ਚੀਜ਼ਾਂ ਲੈਣੀਆਂ ਚਾਹੁੰਦੇ ਹੋ, ਤਾਂ ਇਸ ਵਿਚ ਕੋਈ ਹਰਜ਼ ਨਹੀਂ ਹੈ, ਪਰ ਚੰਗਾ ਹੈ ਜੇ ਤੁਸੀਂ ਇੰਟਰਵਲ ਦੌਰਾਨ ਚੀਜ਼ਾਂ ਖ਼ਰੀਦੋ। ਇਹ ਵੀ ਯਾਦ ਰੱਖਣਾ ਚੰਗਾ ਹੈ ਕਿ ਖਾਣ-ਪੀਣ ਦੇ ਸਟਾਲਾਂ ਦੇ ਆਲੇ-ਦੁਆਲੇ ਭੀੜ-ਭੜੱਕਾ ਦੁਨਿਆਵੀ ਲੋਕਾਂ ਨੂੰ ਆਕਰਸ਼ਿਤ ਕਰ ਸਕਦਾ ਹੈ ਜਿਨ੍ਹਾਂ ਦੇ ਇਰਾਦੇ ਸ਼ਾਇਦ ਠੀਕ ਨਾ ਹੋਣ। ਇਸ ਲਈ, ਅਸੀਂ ਬੇਨਤੀ ਕਰਦੇ ਹਾਂ ਕਿ ਹਰ ਕੋਈ ਮਹਾਂ-ਸੰਮੇਲਨ ਵਿਚ ਹਰ ਦਿਨ ਆਪਣਾ ਖਾਣ-ਪੀਣ ਦਾ ਸਾਮਾਨ ਲਿਆਉਣ ਦੀ ਕੋਸ਼ਿਸ਼ ਕਰੇ। ਜਿਹੜੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਤੁਹਾਡੇ ਨਾਲ ਆਏ ਹਨ, ਉਨ੍ਹਾਂ ਨੂੰ ਵੀ ਆਪਣਾ ਖਾਣਾ ਨਾਲ ਲੈ ਕੇ ਆਉਣਾ ਚਾਹੀਦਾ ਹੈ। ਕੱਚ ਦੇ ਭਾਂਡੇ ਅਤੇ ਸ਼ਰਾਬ ਮਹਾਂ-ਸੰਮੇਲਨ ਸਥਾਨ ਤੇ ਲਿਆਉਣ ਦੀ ਇਜਾਜ਼ਤ ਨਹੀਂ ਹੈ।
16 ਕੀ ਤੁਸੀਂ ਹਰ ਦਿਨ ਸ਼ਾਮ ਨੂੰ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਹਾਲ ਨੂੰ ਸਾਫ਼ ਕਰਨ ਵਿਚ ਮਦਦ ਕਰ ਸਕਦੇ ਹੋ? ਜਾਂ ਕੀ ਤੁਸੀਂ ਮਹਾਂ-ਸੰਮੇਲਨ ਦੇ ਕਿਸੇ ਇਕ ਵਿਭਾਗ ਵਿਚ ਕੰਮ ਕਰ ਸਕਦੇ ਹੋ? ਜੇਕਰ ਤੁਸੀਂ ਮਦਦ ਕਰ ਸਕਦੇ ਹੋ, ਤਾਂ ਕਿਰਪਾ ਕਰ ਕੇ ਮਹਾਂ-ਸੰਮੇਲਨ ਦੇ ਸਵੈ-ਇੱਛੁਕ ਸੇਵਾ ਵਿਭਾਗ ਨੂੰ ਮਿਲੋ। 16 ਸਾਲ ਦੀ ਉਮਰ ਤੋਂ ਛੋਟੇ ਬੱਚੇ ਆਪਣੇ ਮਾਤਾ-ਪਿਤਾ ਜਾਂ ਕਿਸੇ ਦੂਜੇ ਜ਼ਿੰਮੇਵਾਰ ਵਿਅਕਤੀ ਨਾਲ ਕੰਮ ਕਰ ਸਕਦੇ ਹਨ। ਬੇਸ਼ੱਕ, ਹਰ ਕੋਈ ਜੋ ਹਾਲ ਵਿਚ ਕੂੜਾ-ਕਰਕਟ ਪਿਆ ਦੇਖਦਾ ਹੈ, ਉਹ ਉਸ ਨੂੰ ਚੁੱਕ ਕੇ ਕਚਰੇ ਦੇ ਡੱਬੇ ਵਿਚ ਸੁੱਟ ਕੇ ਹਾਲ ਨੂੰ ਸਾਫ਼ ਕਰਨ ਵਿਚ ਮਦਦ ਕਰ ਸਕਦਾ ਹੈ।
17 ਸਾਨੂੰ ਮਹਾਂ-ਸੰਮੇਲਨਾਂ ਵਿਚ ਉਚਿਤ ਪਹਿਰਾਵੇ ਅਤੇ ਸ਼ਿੰਗਾਰ ਕਰਨ ਬਾਰੇ ਵਧੀਆ ਮਾਰਗ-ਦਰਸ਼ਨ ਦਿੱਤਾ ਗਿਆ ਹੈ। ਉਦਾਹਰਣ ਲਈ, ਸਾਨੂੰ ਇਸ ਬਾਰੇ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰਾਂ ਵਿਚ ਨਿਰਦੇਸ਼ਨ ਦਿੱਤਾ ਗਿਆ ਹੈ, ਸਾਡੇ ਸਾਹਿੱਤ ਵਿਚ ਤਸਵੀਰਾਂ ਦਿੱਤੀਆਂ ਗਈਆਂ ਹਨ ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਸਾਡੇ ਕੋਲ ਬਾਈਬਲ ਹੈ ਜਿਸ ਵਿਚ ਯਹੋਵਾਹ ਇਸ ਬਾਰੇ ਸਾਨੂੰ ਆਪਣੇ ਵਿਚਾਰ ਦੱਸਦਾ ਹੈ। (ਰੋਮੀ. 12:2; 1 ਤਿਮੋ. 2:9, 10) ਲੋਕ ਜਾਣਦੇ ਹਨ ਕਿ ਅਸੀਂ ਕੌਣ ਹਾਂ ਅਤੇ ਅਸੀਂ ਉਨ੍ਹਾਂ ਦੇ ਸ਼ਹਿਰ ਵਿਚ ਕਿਉਂ ਇਕੱਠੇ ਹੋਏ ਹਾਂ। ਇਸ ਲਈ, ਸਾਡਾ ਪਹਿਰਾਵਾ ਅਤੇ ਸ਼ਿੰਗਾਰ ਆਪਣੇ ਆਪ ਵਿਚ ਹੀ ਇਕ ਪ੍ਰਭਾਵਸ਼ਾਲੀ ਗਵਾਹੀ ਹੈ। ਇਸ ਮਾਮਲੇ ਵਿਚ ਜ਼ਿਆਦਾਤਰ ਯਹੋਵਾਹ ਦੇ ਲੋਕਾਂ ਨੇ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ। ਫਿਰ ਵੀ, ਕਦੀ-ਕਦਾਈਂ ਅਸੀਂ ਮਹਾਂ-ਸੰਮੇਲਨਾਂ ਵਿਚ ਹਾਜ਼ਰ ਹੋਏ ਕੁਝ ਵਿਅਕਤੀਆਂ ਦੇ ਪਹਿਰਾਵੇ ਅਤੇ ਸ਼ਿੰਗਾਰ ਵਿਚ ਸੰਸਾਰ ਦੀ ਆਤਮਾ ਨੂੰ ਦੇਖਦੇ ਹਾਂ। ਜੇਕਰ ਇਕ ਭੈਣ ਜਾਂ ਭਰਾ ਅਸ਼ਲੀਲ ਕਿਸਮ ਦੇ ਕੱਪੜੇ ਪਾਉਂਦਾ ਹੈ, ਤਾਂ ਇਹ ਉਸ ਦੇ ਇਕ ਅਧਿਆਤਮਿਕ ਵਿਅਕਤੀ ਹੋਣ ਦੇ ਦਾਅਵੇ ਨੂੰ ਗ਼ਲਤ ਸਾਬਤ ਕਰ ਸਕਦਾ ਹੈ। ਇਕ ਉਚਿਤ, ਸਾਫ਼-ਸੁਥਰੀ ਦਿੱਖ ਹੀ ਸਭ ਤੋਂ ਜ਼ਿਆਦਾ ਆਕਰਸ਼ਕ ਹੁੰਦੀ ਹੈ। ਇਸ ਲਈ, ਪਰਿਵਾਰ ਦੇ ਸਿਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਸ ਦੇ ਪਰਿਵਾਰ ਦੇ ਮੈਂਬਰ ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਜਾ ਰਹੇ ਹਨ। ਇਹ ਉਸ ਵੇਲੇ ਵੀ ਲਾਗੂ ਹੁੰਦਾ ਹੈ ਜਦੋਂ ਅਸੀਂ ਮਹਾਂ-ਸੰਮੇਲਨ ਸਥਾਨ ਤੋਂ ਕਿਸੇ ਹੋਰ ਜਗ੍ਹਾ ਤੇ ਜਾਂਦੇ ਹਾਂ। ਦਿਨ ਦੇ ਸੈਸ਼ਨ ਤੋਂ ਪਹਿਲਾਂ ਅਤੇ ਬਾਅਦ ਵਿਚ ਬੈਜ ਕਾਰਡ ਲਗਾਉਣ ਨਾਲ ਸਾਡੀ ਪਛਾਣ ਯਹੋਵਾਹ ਦੇ ਸ਼ੁੱਧ ਲੋਕਾਂ ਵਜੋਂ ਹੋਵੇਗੀ।—ਮਰਕੁਸ 8:38 ਦੀ ਤੁਲਨਾ ਕਰੋ।
18 ਬੁੱਧੀਮਾਨ ਰਾਜਾ ਸੁਲੇਮਾਨ ਇਹ ਕਹਿਣ ਲਈ ਪ੍ਰੇਰਿਤ ਹੋਇਆ ਸੀ ਕਿ “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ” ਅਤੇ “ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।” (ਕਹਾ. 22:15; 29:15) ਸੈਸ਼ਨ ਦੌਰਾਨ ਜੋ ਭੈਣ-ਭਰਾ ਪ੍ਰੋਗ੍ਰਾਮ ਤੋਂ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਲਈ ਛੋਟੇ ਬੱਚਿਆਂ ਨੇ ਬਹੁਤ ਪਰੇਸ਼ਾਨੀ ਖੜ੍ਹੀ ਕੀਤੀ ਹੈ। ਪਿਛਲੇ ਸਾਲ ਦੇ ਮਹਾਂ-ਸੰਮਲੇਨਾਂ ਦੌਰਾਨ ਕੁਝ ਛੋਟੇ ਬੱਚਿਆਂ ਨੂੰ ਭੱਜਦੇ-ਦੌੜਦੇ ਦੇਖਿਆ ਗਿਆ ਸੀ ਤੇ ਉਨ੍ਹਾਂ ਦੀ ਕੋਈ ਨਿਗਰਾਨੀ ਨਹੀਂ ਕਰ ਰਿਹਾ ਸੀ। ਇਸ ਦੇ ਨਾਲ ਹੀ ਨਾਲ ਕੁਝ ਨੌਜਵਾਨਾਂ ਨੂੰ ਆਡੀਟੋਰੀਅਮ ਤੋਂ ਬਾਹਰ ਇਧਰ-ਉਧਰ ਅਤੇ ਪਖਾਨਿਆਂ ਦੇ ਕੋਲ ਘੁੰਮਦੇ-ਫਿਰਦੇ ਦੇਖਿਆ ਗਿਆ ਸੀ। ਇਹ ਜ਼ਾਹਰ ਹੈ ਕਿ ਇਹ ਬੱਚੇ ਅਤੇ ਨੌਜਵਾਨ ਅਧਿਆਤਮਿਕ ਪ੍ਰੋਗ੍ਰਾਮ ਤੋਂ ਫ਼ਾਇਦਾ ਨਹੀਂ ਪ੍ਰਾਪਤ ਕਰ ਰਹੇ ਸਨ ਜੋ ਕਿ ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਸੀ। ਬੱਚਿਆਂ ਦੇ ਆਚਰਣ ਲਈ ਮਾਪੇ ਯਹੋਵਾਹ ਸਾਮ੍ਹਣੇ ਜ਼ਿੰਮੇਵਾਰ ਹਨ, ਇਸ ਲਈ ਪਿਤਾ ਜਾਂ ਮਾਤਾ ਸਿਰਫ਼ ਉਦੋਂ ਹੀ ਯਕੀਨੀ ਹੋ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਚੰਗਾ ਵਰਤਾਉ ਕਰ ਰਹੇ ਹਨ ਅਤੇ ਯਹੋਵਾਹ ਦੀਆਂ ਹਿਦਾਇਤਾਂ ਨੂੰ ਸੁਣ ਰਹੇ ਹਨ ਜੇਕਰ ਉਹ ਉਨ੍ਹਾਂ ਦੇ ਨਾਲ ਬੈਠੇ ਹੋਣਗੇ। ਸੇਵਾਦਾਰ ਧਿਆਨ ਭੰਗ ਕਰਨ ਵਾਲੇ ਕਿਸੇ ਵੀ ਬੱਚੇ ਕੋਲ ਜਾ ਕੇ ਬੇਨਤੀ ਕਰਨਗੇ ਕਿ ਉਹ ਇਸ ਤਰ੍ਹਾਂ ਨਾ ਕਰਨ ਅਤੇ ਉਨ੍ਹਾਂ ਨੂੰ ਪਿਆਰ ਨਾਲ ਯਾਦ ਕਰਾਉਣਗੇ ਕਿ ਉਹ ਪ੍ਰੋਗ੍ਰਾਮ ਵੱਲ ਧਿਆਨ ਦੇਣ।
19 ਕਿਉਂਕਿ ਅਸੀਂ ਆਪਣੇ ਮਹਾਂ-ਸੰਮੇਲਨਾਂ ਵਿਚ ਬਾਹਰ ਦੇ ਲੋਕਾਂ ਦਾ ਸੁਆਗਤ ਕਰਦੇ ਹਾਂ, ਇਸ ਲਈ ਬੱਚਿਆਂ ਦੀ ਅਤੇ ਨਿੱਜੀ ਸਾਮਾਨ ਦੀ ਨਿਗਰਾਨੀ ਕਰਨੀ ਚੰਗੀ ਗੱਲ ਹੈ। ਸਾਡੇ ਬੱਚੇ ਯਹੋਵਾਹ ਵੱਲੋਂ ਇਕ ਕੀਮਤੀ ਤੋਹਫ਼ਾ ਹਨ। ਪਰ ਅਸੀਂ ਜਾਣਦੇ ਹਾਂ ਕਿ ਸੰਸਾਰ ਦੇ ਲੋਕ ਸ਼ਤਾਨ ਵਾਂਗ ਦੂਸਰਿਆਂ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ, ਕਿਰਪਾ ਕਰ ਕੇ ਧਿਆਨ ਰੱਖੋ ਕਿ ਤੁਹਾਡੇ ਬੱਚੇ ਸਾਰਾ ਸਮਾਂ ਕਿੱਥੇ ਹੁੰਦੇ ਹਨ। ਇਸ ਤੋਂ ਇਲਾਵਾ ਕੈਮਰੇ, ਪਰਸ ਅਤੇ ਦੂਸਰੀਆਂ ਕੀਮਤੀ ਚੀਜ਼ਾਂ ਹਰ ਵੇਲੇ ਆਪਣੇ ਨਾਲ ਰੱਖੋ ਅਤੇ ਇਨ੍ਹਾਂ ਨੂੰ ਆਪਣੀ ਸੀਟ ਤੇ ਨਾ ਛੱਡੋ। ਯਕੀਨੀ ਹੋਵੋ ਕਿ ਤੁਹਾਡੀ ਗੱਡੀ ਹਰ ਵੇਲੇ ਲਾਕ ਹੈ ਅਤੇ ਨਿੱਜੀ ਸਾਮਾਨ ਨੂੰ ਡਿੱਕੀ ਵਿਚ ਰੱਖੋ ਜਾਂ ਆਪਣੇ ਨਾਲ ਲੈ ਕੇ ਜਾਓ। ਇਸ ਤਰ੍ਹਾਂ ਕਰਨ ਨਾਲ ਕਿਸੇ ਵੀ ਵਿਅਕਤੀ ਨੂੰ ਤੁਹਾਡੀ ਗੱਡੀ ਦਾ ਤਾਲਾ ਤੋੜ ਕੇ ਚੋਰੀ ਕਰਨ ਦਾ ਮੌਕਾ ਨਹੀਂ ਮਿਲੇਗਾ।
20 ਜਿਸ ਹੋਟਲ ਵਿਚ ਤੁਸੀਂ ਕਮਰਾ ਬੁੱਕ ਕੀਤਾ ਹੈ, ਜੇ ਉੱਥੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਸਥਾਨਕ ਨਿਵਾਸ ਵਿਭਾਗ ਤੁਹਾਡੀ ਮਦਦ ਕਰਨ ਲਈ ਉਤਸੁਕ ਹੈ। ਜਦੋਂ ਤੁਸੀਂ ਮਹਾਂ-ਸੰਮੇਲਨ ਵਿਚ ਹੀ ਹੁੰਦੇ ਹੋ, ਤਾਂ ਕਿਰਪਾ ਕਰ ਕੇ ਕੋਈ ਵੀ ਸਮੱਸਿਆ ਪੈਦਾ ਹੋਣ ਤੇ ਤੁਰੰਤ ਨਿਵਾਸ ਵਿਭਾਗ ਨੂੰ ਸੂਚਿਤ ਕਰੋ। ਇਸ ਮਾਮਲੇ ਨੂੰ ਸੁਲਝਾਉਣ ਵਿਚ ਭਰਾ ਤੁਹਾਡੀ ਮਦਦ ਕਰ ਕੇ ਖ਼ੁਸ਼ ਹੋਣਗੇ ਤਾਂਕਿ ਤੁਸੀਂ ਮਹਾਂ-ਸੰਮੇਲਨ ਦਾ ਪੂਰਾ ਆਨੰਦ ਮਾਣ ਸਕੋ। ਇਸ ਤੋਂ ਇਲਾਵਾ, ਨਿਵਾਸ ਨਾਲ ਸੰਬੰਧਿਤ ਹੇਠ ਦਿੱਤੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ:
▪ ਕਿਉਂਕਿ ਬਹੁਤ ਸਾਰੇ ਯਹੋਵਾਹ ਦੇ ਲੋਕ ਹੋਟਲਾਂ ਵਿਚ ਰਹਿੰਦੇ ਹਨ, ਇਸ ਕਰਕੇ ਅਜਿਹੇ ਕਮਰੇ ਮਿਲਣੇ ਸੰਭਵ ਨਹੀਂ ਹਨ ਜਿੱਥੇ ਸਿਗਰਟ ਪੀਣ ਦੀ ਮਨਾਹੀ ਹੈ, ਭਾਵੇਂ ਕਿ ਤੁਸੀਂ ਕਮਰਾ ਬੁੱਕ ਕਰਵਾਉਣ ਵੇਲੇ ਇਸ ਦੀ ਦਰਖ਼ਾਸਤ ਵੀ ਕੀਤੀ ਸੀ। ਪਿਛਲੇ ਸਾਲ, ਸਾਨੂੰ ਰਿਪੋਰਟਾਂ ਮਿਲੀਆਂ ਹਨ ਕਿ ਕੁਝ ਭਰਾ ਹੋਰ ਜ਼ਿਆਦਾ ਸਹੂਲਤਾਂ ਲੈਣ ਲਈ ਹੋਟਲ ਦੇ ਕਰਮਚਾਰੀਆਂ ਨਾਲ ਲੜ ਰਹੇ ਸਨ।
▪ ਜਿਸ ਹੋਟਲ ਵਿਚ ਤੁਸੀਂ ਰਹਿ ਰਹੇ ਹੋ ਉੱਥੇ ਕਿਰਪਾ ਕਰ ਕੇ ਕਮਰਾ ਲੈਣ ਦਾ ਅਤੇ ਕਮਰਾ ਛੱਡਣ ਦਾ ਸਮਾਂ ਪਤਾ ਕਰੋ। ਜੇਕਰ ਤੁਸੀਂ ਪਹਿਲਾਂ ਹੀ ਬੇਨਤੀ ਕਰਦੇ ਹੋ, ਤਾਂ ਸ਼ਾਇਦ ਹੋਟਲ ਦੇ ਕਰਮਚਾਰੀ ਤੁਹਾਨੂੰ ਕਮਰੇ ਵਿਚ ਨਿਯਤ ਸਮੇਂ ਤੋਂ ਜਲਦੀ ਆਉਣ ਜਾਂ ਦੇਰੀ ਨਾਲ ਕਮਰਾ ਛੱਡਣ ਦੀ ਇਜਾਜ਼ਤ ਦੇਣ।
▪ ਆਪਣੇ ਨਾਲ ਜ਼ਿਆਦਾ ਪੈਸੇ ਲੈ ਕੇ ਜਾਣਾ ਹੁਣ ਇੰਨਾ ਸੁਰੱਖਿਅਤ ਨਹੀਂ ਹੈ। ਤੁਹਾਡੇ ਲਈ ਇਹ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਰੈਸਤੋਰਾਂ ਜਾਂ ਦੂਸਰੇ ਖ਼ਰਚਿਆਂ ਨੂੰ ਆਪਣੇ ਕਮਰੇ ਦੇ ਬਿਲ ਵਿਚ ਪਾ ਦਿਓ ਅਤੇ ਕਮਰਾ ਛੱਡਦੇ ਸਮੇਂ ਤੁਸੀਂ ਸਾਰੇ ਬਿਲ ਅਦਾ ਕਰ ਦਿਓ।
▪ ਬਹੁਤ ਸਾਰੇ ਹੋਟਲਾਂ ਵਿਚ ਟੈਲੀਵਿਯਨ ਅਤੇ ਵਿਡਿਓ ਸੇਵਾਵਾਂ ਰਾਹੀਂ ਅਜਿਹੇ ਬਹੁਤ ਸਾਰੇ ਚੈਨਲ ਉਪਲਬਧ ਹੁੰਦੇ ਹਨ ਜਿਨ੍ਹਾਂ ਤੇ ਅਨੁਚਿਤ ਪ੍ਰੋਗ੍ਰਾਮ ਦਿਖਾਏ ਜਾਂਦੇ ਹਨ। ਜੇਕਰ ਤੁਸੀਂ ਹੋਟਲ ਵਾਲਿਆਂ ਨੂੰ ਬੇਨਤੀ ਕਰੋ ਕਿ ਜਿੰਨਾ ਸਮਾਂ ਤੁਸੀਂ ਹੋਟਲ ਵਿਚ ਰਹਿੰਦੇ ਹੋ, ਉੱਨੇ ਸਮੇਂ ਤਕ ਉਹ ਤੁਹਾਡੇ ਕਮਰੇ ਵਿਚ ਕੁਝ ਚੈਨਲ ਬੰਦ ਕਰ ਦੇਣ, ਤਾਂ ਜ਼ਿਆਦਾਤਰ ਹੋਟਲ ਵਾਲੇ ਤੁਹਾਡੀ ਗੱਲ ਮੰਨ ਲੈਣਗੇ। ਜਿੱਦਾਂ ਤੁਸੀਂ ਘਰ ਵਿਚ ਆਪਣੇ ਬੱਚਿਆਂ ਦੀ ਟੈਲੀਵਿਯਨ ਦੇਖਣ ਵੇਲੇ ਨਿਗਰਾਨੀ ਕਰਦੇ ਹੋ, ਕਿਰਪਾ ਕਰ ਕੇ ਉਸੇ ਤਰ੍ਹਾਂ ਹੋਟਲ ਵਿਚ ਵੀ ਕਰੋ।
21 ਮਹਾਂ-ਸੰਮੇਲਨ ਦੇ ਸੈਸ਼ਨਾਂ ਦੌਰਾਨ ਭੈਣ-ਭਰਾਵਾਂ ਨੂੰ ਨੋਟ ਲੈਂਦੇ ਦੇਖ ਕੇ ਖ਼ੁਸ਼ੀ ਹੁੰਦੀ ਹੈ। ਸੰਖੇਪ ਨੋਟ ਲੈਣ ਨਾਲ ਤੁਹਾਨੂੰ ਮਨਨ ਕਰਨ ਵਿਚ ਮਦਦ ਮਿਲੇਗੀ ਅਤੇ ਤੁਸੀਂ ਮੁੱਖ ਨੁਕਤੇ ਯਾਦ ਰੱਖ ਸਕੋਗੇ। ਬਾਅਦ ਵਿਚ ਆਪਣੇ ਪਰਿਵਾਰ ਜਾਂ ਮਿੱਤਰਾਂ ਨਾਲ ਇਨ੍ਹਾਂ ਨੁਕਤਿਆਂ ਉੱਤੇ ਗੱਲ-ਬਾਤ ਕਰਨ ਨਾਲ ਮਹਾਂ-ਸੰਮੇਲਨ ਦੀਆਂ ਮੁੱਖ ਗੱਲਾਂ ਉੱਤੇ ਮਨਨ ਕਰਨ ਵਿਚ ਤੁਹਾਨੂੰ ਮਦਦ ਮਿਲੇਗੀ ਤਾਂਕਿ ਤੁਸੀਂ ਇਨ੍ਹਾਂ ਨੂੰ ਭੁੱਲ ਨਾ ਜਾਓ।
22 ਯਹੋਵਾਹ ਦੇ ਲੋਕਾਂ ਨੇ ਹਮੇਸ਼ਾ ਹੀ ਪਰਮੇਸ਼ੁਰੀ ਕੰਮਾਂ ਲਈ ਦਿਲ ਖੋਲ੍ਹ ਕੇ ਦਾਨ ਕੀਤਾ ਹੈ। (ਕੂਚ 36:5-7; 2 ਇਤ. 31:10; ਰੋਮੀ. 15:26, 27) ਵਿਸ਼ਵ-ਵਿਆਪੀ ਕੰਮ ਲਈ ਤੁਹਾਡੇ ਸਵੈ-ਇੱਛਾ ਨਾਲ ਦਿੱਤੇ ਗਏ ਚੰਦਿਆਂ ਨੂੰ ਮਹਾਂ-ਸੰਮੇਲਨ ਕਰਨ ਲਈ ਵੱਡੇ-ਵੱਡੇ ਹਾਲ ਕਿਰਾਏ ਤੇ ਲੈਣ ਲਈ ਅਤੇ ਦੂਸਰੇ ਖ਼ਰਚੇ ਪੂਰੇ ਕਰਨ ਲਈ ਵਰਤਿਆ ਜਾਂਦਾ ਹੈ। ਜੇਕਰ ਤੁਸੀਂ ਚੈੱਕ ਦੁਆਰਾ ਚੰਦਾ ਦਿੰਦੇ ਹੋ, ਤਾਂ ਕਿਰਪਾ ਕਰ ਕੇ ਚੈੱਕ “Watchtower Society” ਦੇ ਨਾਂ ਤੇ ਦਿਓ। ਇਸ ਦੇ ਨਾਲ ਇਕ ਚਿੱਠੀ ਨੱਥੀ ਕਰੋ ਕਿ ਇਹ ਚੰਦਾ ਸੋਸਾਇਟੀ ਦੇ corpus ਲਈ ਹੈ।
23 ਜਿਵੇਂ ਕਿ ਆਮੋਸ 3:7 ਵਿਚ ਲਿਖਿਆ ਹੋਇਆ ਹੈ, ਯਹੋਵਾਹ ਨੇ ਕਿਹਾ ਕਿ ਉਹ “ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” ਕਿਉਂਕਿ ਯਹੋਵਾਹ “ਭੇਤਾਂ ਦੀਆਂ ਗੱਲਾਂ ਪਰਗਟ” ਕਰਦਾ ਹੈ, ਉਸ ਨੇ ਬਾਈਬਲ ਵਿਚ ਕਈ ਸੌ ਭਵਿੱਖਬਾਣੀਆਂ ਰਿਕਾਰਡ ਕਰਵਾਈਆਂ ਹਨ ਜੋ ਸਹੀ-ਸਹੀ ਅਤੇ ਮੁਕੰਮਲ ਤੌਰ ਤੇ ਪੂਰੀਆਂ ਹੋਈਆਂ ਹਨ। (ਦਾਨੀ. 2:28, 47) ਅਜੇ ਹੋਰ ਵੀ ਮਹਾਨ ਵਾਅਦਿਆਂ ਦਾ ਪੂਰਾ ਹੋਣਾ ਬਾਕੀ ਹੈ। 1999-2000 “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਮਹਾਂ-ਸੰਮੇਲਨ ਪਰਮੇਸ਼ੁਰ ਦੇ ਵਾਅਦਿਆਂ ਵਿਚ ਤੁਹਾਡੀ ਨਿਹਚਾ ਨੂੰ ਮਜ਼ਬੂਤ ਕਰੇਗਾ। ਯਹੋਵਾਹ ਤੁਹਾਨੂੰ ਜੋ ਕਹਿੰਦਾ ਹੈ, ਉਸ ਨੂੰ ਧਿਆਨ ਨਾਲ ਸੁਣੋ। ਜੋ ਤੁਸੀਂ ਸੁਣੋਗੇ ਅਤੇ ਦੇਖੋਗੇ ਉਸ ਨੂੰ ਸੇਵਕਾਈ ਵਿਚ, ਕਲੀਸਿਯਾ ਵਿਚ ਅਤੇ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰੋ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਸ ਭਰਪੂਰ ਅਧਿਆਤਮਿਕ ਦਾਅਵਤ ਵਿਚ ਹਾਜ਼ਰ ਹੋਣ ਲਈ ਤੁਸੀਂ ਜੋ ਪ੍ਰਬੰਧ ਕੀਤੇ ਹਨ, ਉਨ੍ਹਾਂ ਉੱਤੇ ਯਹੋਵਾਹ ਦੀ ਭਰਪੂਰ ਬਰਕਤ ਹੋਵੇ!
[ਸਫ਼ੇ 3 ਉੱਤੇ ਸੁਰਖੀ]
ਸ਼ੁੱਕਰਵਾਰ, ਸਿਨੱਚਰਵਾਰ ਅਤੇ ਐਤਵਾਰ ਹਰ ਦਿਨ ਹਾਜ਼ਰ ਹੋਣ ਦੀ ਯੋਜਨਾ ਬਣਾਓ!