‘ਸੁਣ ਕੇ ਆਪਣੇ ਗਿਆਨ ਨੂੰ ਵਧਾਓ’
1 ਕਹਾਉਤਾਂ ਦੀ ਕਿਤਾਬ ਵਿਚ ਬੁੱਧ ਨੂੰ ਇਹ ਪੁਕਾਰਦੇ ਹੋਏ ਦਰਸਾਇਆ ਗਿਆ ਹੈ: “ਸੁਣੋ, ਮੈਂ ਉੱਤਮ ਗੱਲਾਂ ਆਖਾਂਗੀ, ਅਤੇ ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁਲ੍ਹਣਗੇ, ਮੱਤ ਅਤੇ ਦਨਾਈ ਮੇਰੀ ਹੈ, . . . ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ। ਜਿਹੜਾ ਮੈਨੂੰ ਲੱਭਦਾ ਹੈ, ਉਹ ਜੀਉਣ ਲੱਭਦਾ ਹੈ, ਅਤੇ ਯਹੋਵਾਹ ਤੋਂ ਕਿਰਪਾ ਪਾਵੇਗਾ।” (ਕਹਾ. 8:6, 14, 32, 35) ਇਹ ਸ਼ਬਦ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਵਿਚ ਮਿਲਣ ਵਾਲੇ ਗਿਆਨ ਨੂੰ ਚੰਗੀ ਤਰ੍ਹਾਂ ਬਿਆਨ ਕਰਦੇ ਹਨ।
2 ਵਿਸ਼ਵ-ਵਿਆਪੀ ਭਾਈਚਾਰੇ ਦੀਆਂ ਲੋੜਾਂ ਦਾ ਪਤਾ ਲਾਇਆ ਗਿਆ ਹੈ ਤੇ ਉਨ੍ਹਾਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਸੰਮੇਲਨ ਦੇ ਪ੍ਰੋਗ੍ਰਾਮ ਨੂੰ ਤਿਆਰ ਕੀਤਾ ਗਿਆ ਹੈ। ਜੇ ਅਸੀਂ ਸੰਮੇਲਨ ਵਿਚ ਮਿਲਣ ਵਾਲੇ ਅਧਿਆਤਮਿਕ ਗਿਆਨ ਤੇ ਵਿਵਹਾਰਕ ਸੁਝਾਵਾਂ ਨੂੰ ਲਾਗੂ ਕਰਾਂਗੇ, ਤਾਂ ਇਹ ਸਾਡੀ ਖ਼ੁਸ਼ੀ ਹਾਸਲ ਕਰਨ, ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਅਤੇ ਸਦਾ ਦੀ ਜ਼ਿੰਦਗੀ ਨੂੰ ਜਾਂਦੇ ਰਾਹ ਉੱਤੇ ਚੱਲਦੇ ਰਹਿਣ ਵਿਚ ਮਦਦ ਕਰਨਗੇ। ਇਸ ਲਈ ਸਾਡੇ ਕੋਲ ‘ਸੁਣ ਕੇ ਆਪਣੇ ਗਿਆਨ ਨੂੰ ਵਧਾਉਣ’ ਦਾ ਚੰਗਾ ਕਾਰਨ ਹੈ।—ਕਹਾ. 1:5.
3 ਪ੍ਰੋਗ੍ਰਾਮ ਤੋਂ ਪਹਿਲਾਂ: ਦੱਸੀਆਂ ਜਾਣ ਵਾਲੀਆਂ ਗੱਲਾਂ ਤੋਂ ਪੂਰਾ-ਪੂਰਾ ਫ਼ਾਇਦਾ ਉਠਾਉਣ ਲਈ ਸਾਨੂੰ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੀਆਂ ਸੀਟਾਂ ਉੱਤੇ ਬੈਠਣ ਅਤੇ ਆਪਣੇ ਮਨ ਨੂੰ ਇਕਾਗਰ ਕਰਨ ਦੀ ਲੋੜ ਹੈ। ਇਸ ਦੇ ਲਈ ਸਾਨੂੰ ਚੰਗੀ ਤਿਆਰੀ ਕਰਨੀ ਚਾਹੀਦੀ ਹੈ। ਹਰ ਕੰਮ ਸਵੇਰੇ ਜਲਦੀ ਸ਼ੁਰੂ ਕਰੋ। ਰਾਤ ਨੂੰ ਜਲਦੀ ਸੌਵੋਂ। ਸਵੇਰ ਨੂੰ ਜਲਦੀ ਉੱਠੋ ਤਾਂਕਿ ਤੁਹਾਡੇ ਸਾਰੇ ਗਰੁੱਪ ਨੂੰ ਤਿਆਰ ਹੋਣ ਅਤੇ ਨਾਸ਼ਤਾ ਕਰਨ ਲਈ ਕਾਫ਼ੀ ਸਮਾਂ ਮਿਲੇ। ਸੰਮੇਲਨ ਦੀ ਜਗ੍ਹਾ ਤੇ ਜਲਦੀ ਪਹੁੰਚੋ ਤਾਂਕਿ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਸੀਟਾਂ ਲੱਭ ਸਕੋ ਅਤੇ ਹੋਰ ਜ਼ਰੂਰੀ ਗੱਲਾਂ ਵੱਲ ਧਿਆਨ ਦੇ ਸਕੋ। ਹਾਲ ਦੇ ਦਰਵਾਜ਼ੇ ਸਵੇਰੇ 8:00 ਵਜੇ ਖੋਲ੍ਹ ਦਿੱਤੇ ਜਾਣਗੇ ਅਤੇ ਪ੍ਰੋਗ੍ਰਾਮ ਹਰ ਰੋਜ਼ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।
4 ਇਕੱਠੇ ਹੋਣ ਦਾ ਮੁੱਖ ਮਕਸਦ ਹੈ “ਸੰਗਤਾਂ ਵਿਚ” ਯਹੋਵਾਹ ਦੀ ਮਹਿਮਾ ਕਰਨਾ, ਇਸ ਲਈ ਹਰੇਕ ਸੈਸ਼ਨ ਇਸ ਤਰੀਕੇ ਨਾਲ ਸ਼ੁਰੂ ਹੋਣਾ ਚਾਹੀਦਾ ਹੈ ਜਿਸ ਨਾਲ ਸਾਡੇ ਪਰਮੇਸ਼ੁਰ ਦੀ ਮਹਿਮਾ ਹੋਵੇ। (ਜ਼ਬੂ. 26:12) ਇਸ ਲਈ ਸ਼ੁਰੂਆਤੀ ਗੀਤ ਦੀ ਘੋਸ਼ਣਾ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਆਪਣੀਆਂ-ਆਪਣੀਆਂ ਸੀਟਾਂ ਉੱਤੇ ਬੈਠਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਗੱਲ ਬਾਈਬਲ ਦੀ ਇਸ ਸਲਾਹ ਨਾਲ ਮੇਲ ਖਾਂਦੀ ਹੈ: “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰ. 14:40) ਸਾਡੇ ਸਾਰਿਆਂ ਲਈ ਇਸ ਦਾ ਕੀ ਮਤਲਬ ਹੈ? ਜਦੋਂ ਤੁਸੀਂ ਸੰਗੀਤ ਦੌਰਾਨ ਸਭਾਪਤੀ ਨੂੰ ਸਟੇਜ ਉੱਤੇ ਬੈਠੇ ਹੋਏ ਦੇਖਦੇ ਹੋ, ਤਾਂ ਤੁਰੰਤ ਆਪਣੀ ਸੀਟ ਤੇ ਬੈਠ ਜਾਓ। ਇਸ ਨਾਲ ਤੁਹਾਨੂੰ ਯਹੋਵਾਹ ਦੀ ਉਸਤਤ ਕਰਨ ਲਈ ਹਰੇਕ ਸੈਸ਼ਨ ਦਾ ਸ਼ੁਰੂਆਤੀ ਗੀਤ ਦਿਲੋਂ ਗਾਉਣ ਦਾ ਮੌਕਾ ਮਿਲੇਗਾ।—ਜ਼ਬੂ. 149:1.
5 ਪ੍ਰੋਗ੍ਰਾਮ ਦੌਰਾਨ: ਅਜ਼ਰਾ ਨੇ ‘ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ ਉਹ ਦੇ ਉੱਤੇ ਚੱਲਨ ਉੱਤੇ ਮਨ ਲਾਇਆ ਸੀ।’ (ਅਜ਼. 7:10) ਅਸੀਂ ਯਹੋਵਾਹ ਤੋਂ ਮਿਲਣ ਵਾਲੇ ਗਿਆਨ ਨੂੰ ਪ੍ਰਾਪਤ ਕਰਨ ਲਈ ਕਿੱਦਾਂ ਮਨ ਲਗਾ ਸਕਦੇ ਹਾਂ? ਜਦੋਂ ਤੁਸੀਂ ਛਪੇ ਹੋਏ ਪ੍ਰੋਗ੍ਰਾਮ ਉੱਤੇ ਦਿੱਤੇ ਵੱਖੋ-ਵੱਖਰੇ ਹਿੱਸਿਆਂ ਦੇ ਸਿਰਲੇਖਾਂ ਨੂੰ ਪੜ੍ਹਦੇ ਹੋ, ਤਾਂ ਆਪਣੇ ਆਪ ਤੋਂ ਪੁੱਛੋ, ‘ਇਸ ਪ੍ਰੋਗ੍ਰਾਮ ਦੇ ਜ਼ਰੀਏ ਯਹੋਵਾਹ ਮੈਨੂੰ ਕੀ ਦੱਸ ਰਿਹਾ ਹੈ? ਮੈਂ ਇਸ ਜਾਣਕਾਰੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਫ਼ਾਇਦੇ ਲਈ ਕਿੱਦਾਂ ਵਰਤ ਸਕਦਾ ਹਾਂ?’ (ਯਸਾ. 30:21; ਅਫ਼. 5:17) ਪੂਰੇ ਸੰਮੇਲਨ ਦੌਰਾਨ ਆਪਣੇ ਆਪ ਤੋਂ ਇਹ ਸਵਾਲ ਪੁੱਛਦੇ ਰਹੋ। ਉਨ੍ਹਾਂ ਗੱਲਾਂ ਨੂੰ ਨੋਟ ਕਰ ਲਓ ਜਿਨ੍ਹਾਂ ਨੂੰ ਤੁਸੀਂ ਬਾਅਦ ਵਿਚ ਵਰਤ ਸਕਦੇ ਹੋ। ਹਰ ਰੋਜ਼ ਸੈਸ਼ਨ ਦੇ ਅਖ਼ੀਰ ਵਿਚ ਇਨ੍ਹਾਂ ਗੱਲਾਂ ਦੀ ਚਰਚਾ ਕਰਨ ਲਈ ਸਮਾਂ ਕੱਢੋ। ਇਸ ਨਾਲ ਤੁਹਾਨੂੰ ਜਾਣਕਾਰੀ ਨੂੰ ਚੇਤੇ ਰੱਖਣ ਤੇ ਅਮਲ ਵਿਚ ਲਿਆਉਣ ਵਿਚ ਮਦਦ ਮਿਲੇਗੀ।
6 ਇੱਕੋ ਵੇਲੇ ਕਈ ਘੰਟਿਆਂ ਤਕ ਮਨ ਨੂੰ ਟਿਕਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ। ਕਿਹੜੀ ਗੱਲ ਸਾਡੀ ਆਪਣੇ ਮਨ ਨੂੰ ਭਟਕਣ ਤੋਂ ਰੋਕਣ ਵਿਚ ਮਦਦ ਕਰ ਸਕਦੀ ਹੈ? ਆਪਣੀ ਨਜ਼ਰ ਦੀ ਤਾਕਤ ਦਾ ਫ਼ਾਇਦਾ ਉਠਾਓ। ਕਾਫ਼ੀ ਹੱਦ ਤਕ, ਅਸੀਂ ਜਿਸ ਚੀਜ਼ ਉੱਤੇ ਆਪਣੀ ਨਜ਼ਰ ਟਿਕਾਉਂਦੇ ਹਾਂ, ਸਾਡਾ ਧਿਆਨ ਵੀ ਉੱਧਰ ਹੀ ਲੱਗ ਜਾਂਦਾ ਹੈ। (ਮੱਤੀ 6:22) ਇਸ ਲਈ ਕਿਸੇ ਵੀ ਤਰ੍ਹਾਂ ਦੀ ਆਵਾਜ਼ ਜਾਂ ਹਰਕਤ ਕਰਕੇ ਆਪਣਾ ਸਿਰ ਇੱਧਰ-ਉੱਧਰ ਨਾ ਘੁੰਮਾਓ। ਆਪਣੀ ਨਜ਼ਰ ਭਾਸ਼ਣਕਾਰ ਉੱਤੇ ਟਿਕਾਈ ਰੱਖੋ। ਜਦੋਂ ਕੋਈ ਆਇਤ ਪੜ੍ਹੀ ਜਾਂਦੀ ਹੈ, ਤਾਂ ਤੁਸੀਂ ਵੀ ਨਾਲ-ਨਾਲ ਆਪਣੀ ਬਾਈਬਲ ਵਿੱਚੋਂ ਦੇਖੋ ਅਤੇ ਜਦੋਂ ਉਸ ਆਇਤ ਉੱਤੇ ਚਰਚਾ ਕੀਤੀ ਜਾਂਦੀ ਹੈ, ਤਾਂ ਆਪਣੀ ਬਾਈਬਲ ਖੁੱਲ੍ਹੀ ਰੱਖੋ।
7 ਜਦੋਂ ਪ੍ਰੋਗ੍ਰਾਮ ਚੱਲ ਰਿਹਾ ਹੁੰਦਾ ਹੈ, ਤਾਂ ਮਸੀਹੀ ਪਿਆਰ ਸਾਨੂੰ ਪ੍ਰੇਰਿਤ ਕਰੇਗਾ ਕਿ ਅਸੀਂ ਦੂਜਿਆਂ ਨੂੰ ਪਰੇਸ਼ਾਨ ਨਾ ਕਰੀਏ। (1 ਕੁਰਿੰ. 13:5) ਇਹ “ਚੁੱਪ ਕਰਨ” ਅਤੇ ਸੁਣਨ ਦਾ ਵੇਲਾ ਹੈ। (ਉਪ. 3:7) ਇਸ ਲਈ ਬੇਲੋੜੀਆਂ ਗੱਲਾਂ ਨਾ ਕਰੋ ਤੇ ਇੱਧਰ-ਉੱਧਰ ਨਾ ਘੁੰਮੋ। ਪਹਿਲਾਂ ਹੀ ਯੋਜਨਾ ਬਣਾਓ ਕਿ ਤੁਸੀਂ ਵਾਰ-ਵਾਰ ਬਾਥਰੂਮ ਨਹੀਂ ਜਾਓਗੇ। ਜੇ ਤੁਹਾਨੂੰ ਕੋਈ ਗੰਭੀਰ ਬੀਮਾਰੀ ਨਹੀਂ ਹੈ, ਤਾਂ ਪ੍ਰੋਗ੍ਰਾਮ ਦੌਰਾਨ ਕੁਝ ਖਾਓ-ਪੀਓ ਨਾ। ਜੋ ਆਪਣੇ ਨਾਲ ਮੋਬਾਈਲ ਫ਼ੋਨ, ਪੇਜਰ, ਵਿਡਿਓ ਕੈਮਰੇ ਅਤੇ ਕੈਮਰੇ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਇਹ ਚੀਜ਼ਾਂ ਇਸ ਤਰੀਕੇ ਨਾਲ ਇਸਤੇਮਾਲ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਦੂਜਿਆਂ ਦਾ ਧਿਆਨ ਭੰਗ ਹੋਵੇ। ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਬੈਠਣਾ ਚਾਹੀਦਾ ਹੈ ਤਾਂਕਿ ਉਹ ਉਨ੍ਹਾਂ ਉੱਤੇ ਚੰਗੀ ਤਰ੍ਹਾਂ ਨਿਗਰਾਨੀ ਰੱਖ ਸਕਣ। ਇਹ ਗੱਲ ਕਿਸ਼ੋਰ ਬੱਚਿਆਂ ਤੇ ਵੀ ਲਾਗੂ ਹੁੰਦੀ ਹੈ।—ਕਹਾ. 29:15.
8 ਕਈ ਦਹਾਕਿਆਂ ਤੋਂ ਸੰਮੇਲਨਾਂ ਵਿਚ ਆ ਰਹੇ ਇਕ ਬਜ਼ੁਰਗ ਨੇ ਪਿਛਲੇ ਸਾਲ ਕਿਹਾ: “ਮੈਂ ਦੇਖਿਆ ਹੈ ਕਿ ਇਹ ਸੰਮੇਲਨ ਇਕ ਵੱਖਰੇ ਕਾਰਨ ਕਰਕੇ ਖ਼ਾਸ ਸੀ। ਹਾਜ਼ਰੀਨ ਵਿਚ ਲਗਭਗ ਸਾਰੇ ਹੀ, ਇੱਥੋਂ ਤਕ ਕਿ ਬੱਚੇ ਵੀ ਭਾਸ਼ਣਾਂ ਦੇ ਖ਼ਾਸ-ਖ਼ਾਸ ਨੁਕਤੇ ਲਿਖ ਰਹੇ ਸਨ। ਇਹ ਦੇਖ ਕੇ ਮੈਨੂੰ ਬੜੀ ਖ਼ੁਸ਼ੀ ਹੋਈ। ਬਾਈਬਲਾਂ ਦੀ ਚੰਗੀ ਵਰਤੋਂ ਕੀਤੀ ਗਈ ਜਦੋਂ ਭਾਸ਼ਣਕਾਰ ਉਨ੍ਹਾਂ ਨੂੰ ਕੋਈ ਵੀ ਹਵਾਲਾ ਖੋਲ੍ਹਣ ਦਾ ਸੱਦਾ ਦਿੰਦਾ ਸੀ।” ਇਸ ਤਰ੍ਹਾਂ ਧਿਆਨ ਲਾ ਕੇ ਸੁਣਨਾ ਸੱਚ-ਮੁੱਚ ਤਾਰੀਫ਼ ਦੇ ਕਾਬਲ ਹੈ। ਇਸ ਨਾਲ ਨਾ ਸਿਰਫ਼ ਸਾਨੂੰ ਤੇ ਸੰਮੇਲਨ ਵਿਚ ਆਏ ਸਾਡੇ ਸੰਗੀ ਭੈਣ-ਭਰਾਵਾਂ ਨੂੰ ਫ਼ਾਇਦੇ ਹੁੰਦੇ ਹਨ, ਸਗੋਂ ਸਭ ਤੋਂ ਵੱਧ ਸਾਡੇ ਮਹਾਨ ਸਿੱਖਿਅਕ, ਯਹੋਵਾਹ ਪਰਮੇਸ਼ੁਰ ਦੀ ਵੀ ਮਹਿਮਾ ਹੁੰਦੀ ਹੈ।—ਯਸਾ. 30:20.