ਸੁਣੋ ਤੇ ਸਿੱਖੋ
1. ਜ਼ਿਲ੍ਹਾ ਸੰਮੇਲਨ ਦੌਰਾਨ ਸਾਨੂੰ ਸੁਣਨ ਅਤੇ ਸਿੱਖਣ ਵਿਚ ਸ਼ਾਇਦ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਕਿਉਂ ਪਵੇ?
1 ਜਲਦੀ ਹੀ 2013 ਦਾ ਜ਼ਿਲ੍ਹਾ ਸੰਮੇਲਨ ਸ਼ੁਰੂ ਹੋਵੇਗਾ। ਦੁਨੀਆਂ ਭਰ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਪ੍ਰੋਗ੍ਰਾਮ ਤਿਆਰ ਕਰਨ ਵਿਚ ਬਹੁਤ ਮਿਹਨਤ ਕੀਤੀ ਜਾ ਚੁੱਕੀ ਹੈ। ਕੀ ਤੁਸੀਂ ਸੰਮੇਲਨ ਵਿਚ ਤਿੰਨੇ ਦਿਨ ਹਾਜ਼ਰ ਹੋਣ ਦੀਆਂ ਤਿਆਰੀਆਂ ਕਰ ਲਈਆਂ ਹਨ? ਵੱਡੇ ਸੰਮੇਲਨਾਂ ਵਿਚ ਧਿਆਨ ਭਟਕ ਸਕਦਾ ਹੈ, ਇਸ ਲਈ ਸਾਨੂੰ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਅਸੀਂ ਪ੍ਰੋਗ੍ਰਾਮ ਵੱਲ ਪੂਰਾ ਧਿਆਨ ਲਾਈਏ। ਸੰਮੇਲਨ ਦਾ ਪ੍ਰੋਗ੍ਰਾਮ ਮੰਡਲੀ ਦੀਆਂ ਮੀਟਿੰਗਾਂ ਨਾਲੋਂ ਜ਼ਿਆਦਾ ਲੰਬਾ ਹੋਣ ਕਰਕੇ ਜ਼ਰੂਰੀ ਹੈ ਕਿ ਅਸੀਂ ਪ੍ਰੋਗ੍ਰਾਮ ਵੱਲ ਧਿਆਨ ਲਾਉਣ ਦੀ ਪੂਰੀ ਕੋਸ਼ਿਸ਼ ਕਰੀਏ। ਨਾਲੇ ਸਫ਼ਰ ਕਰਕੇ ਕਈਆਂ ਨੂੰ ਸ਼ਾਇਦ ਥਕਾਵਟ ਹੋ ਜਾਵੇ। ਸਾਨੂੰ ਪੂਰਾ ਧਿਆਨ ਲਾਉਣ ਵਿਚ ਕਿਹੜੀ ਗੱਲ ਮਦਦ ਕਰੇਗੀ ਤਾਂਕਿ ਅਸੀਂ ਸੁਣ ਅਤੇ ਸਿੱਖ ਸਕੀਏ?—ਬਿਵ. 31:12.
2. ਸੰਮੇਲਨ ਦਾ ਪ੍ਰੋਗ੍ਰਾਮ ਸੁਣਨ ਵਾਸਤੇ ਅਸੀਂ ਆਪਣਾ ਮਨ ਕਿਵੇਂ ਤਿਆਰ ਕਰ ਸਕਦੇ ਹਾਂ?
2 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ: ਸਾਡੀ ਵੈੱਬਸਾਈਟ www.jw.org/pa ਉੱਤੇ ਸੰਮੇਲਨ ਦਾ ਪ੍ਰੋਗ੍ਰਾਮ ਪਾਇਆ ਜਾਵੇਗਾ। ਇਸ ਵਿਚ ਭਾਸ਼ਣਾਂ ਦੇ ਵਿਸ਼ੇ ਅਤੇ ਇਨ੍ਹਾਂ ਨਾਲ ਇਕ ਜਾਂ ਦੋ ਮੁੱਖ ਹਵਾਲੇ ਦਿੱਤੇ ਜਾਣਗੇ। ਜੇ ਸਾਡੇ ਕੋਲ ਇੰਟਰਨੈੱਟ ਕਨੈਕਸ਼ਨ ਹੈ, ਤਾਂ ਅਸੀਂ ਸੰਮੇਲਨ ਤੋਂ ਪਹਿਲਾਂ ਹੀ ਜਾਣਕਾਰੀ ਦੇਖ ਸਕਦੇ ਹਾਂ। ਇੱਦਾਂ ਕਰਨ ਨਾਲ ਅਸੀਂ ਆਪਣੇ ਮਨ ਨੂੰ ਸੁਣਨ ਲਈ ਤਿਆਰ ਕਰ ਸਕਦੇ ਹਾਂ ਜੋ ਸੰਮੇਲਨ ਉੱਤੇ ਦੱਸਿਆ ਜਾਵੇਗਾ। (ਅਜ਼. 7:10) ਕੀ ਤੁਸੀਂ ਆਪਣੀ ਪਰਿਵਾਰਕ ਸਟੱਡੀ ਦੌਰਾਨ ਸੰਮੇਲਨ ਦੇ ਪ੍ਰੋਗ੍ਰਾਮ ਉੱਤੇ ਚਰਚਾ ਕਰ ਸਕਦੇ ਹੋ ਤਾਂਕਿ ਸਾਰਾ ਪਰਿਵਾਰ ਸੰਮੇਲਨ ਵਿਚ ਹਾਜ਼ਰ ਹੋਣ ਲਈ ਉਤਾਵਲਾ ਹੋਵੇ?
3. ਧਿਆਨ ਨਾਲ ਸੁਣਨ ਵਿਚ ਸਾਡੀ ਕਿਹੜੀ ਗੱਲ ਮਦਦ ਕਰੇਗੀ?
3 ਸੰਮੇਲਨ ਦੌਰਾਨ: ਜੇ ਹੋ ਸਕੇ, ਤਾਂ ਪ੍ਰੋਗ੍ਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਬਾਥਰੂਮ ਜਾਓ। ਆਪਣਾ ਸੈੱਲ ਫ਼ੋਨ ਬੰਦ ਰੱਖੋ ਤਾਂਕਿ ਸੰਮੇਲਨ ਦੌਰਾਨ ਜੇ ਤੁਹਾਡੇ ਫ਼ੋਨ ਤੇ ਕੋਈ ਕਾਲ ਜਾਂ ਐੱਸ. ਐੱਮ. ਐੱਸ. ਕਰਦਾ ਹੈ, ਤਾਂ ਤੁਹਾਡਾ ਧਿਆਨ ਭੰਗ ਨਾ ਹੋਵੇ। ਨਾਲੇ ਤੁਹਾਨੂੰ ਵੀ ਕਿਸੇ ਨੂੰ ਕਾਲ ਜਾਂ ਐੱਸ. ਐੱਮ. ਐੱਸ. ਨਹੀਂ ਕਰਨਾ ਚਾਹੀਦਾ। ਜੇ ਤੁਹਾਨੂੰ ਆਪਣਾ ਫ਼ੋਨ ਆਨ ਰੱਖਣਾ ਪੈਂਦਾ ਹੈ, ਤਾਂ ਚੰਗਾ ਹੋਵੇਗਾ ਕਿ ਤੁਸੀਂ ਇਸ ਦੀ ਸੈਟਿੰਗ ਇਸ ਤਰ੍ਹਾਂ ਕਰੋ ਜਿਸ ਨਾਲ ਦੂਸਰਿਆਂ ਦਾ ਧਿਆਨ ਨਾ ਭਟਕੇ। ਜੇ ਤੁਸੀਂ ਸੰਮੇਲਨ ਦੌਰਾਨ ਇਲੈਕਟ੍ਰਾਨਿਕ ਟੈਬਲੇਟ ਵਰਤਦੇ ਹੋ, ਤਾਂ ਇਸ ਨੂੰ ਇਸ ਤਰੀਕੇ ਨਾਲ ਵਰਤੋ ਕਿ ਦੂਸਰਿਆਂ ਦਾ ਧਿਆਨ ਨਾ ਭਟਕੇ। ਪ੍ਰੋਗ੍ਰਾਮ ਦੌਰਾਨ ਖਾਣ-ਪੀਣ ਤੋਂ ਪਰਹੇਜ਼ ਕਰੋ। (ਉਪ. 3:1) ਭਾਸ਼ਣਕਾਰ ਵੱਲ ਆਪਣਾ ਧਿਆਨ ਲਾਈ ਰੱਖੋ। ਜਦੋਂ ਹਵਾਲੇ ਪੜ੍ਹੇ ਜਾਂਦੇ ਹਨ, ਤਾਂ ਨਾਲ-ਨਾਲ ਆਪਣੀ ਬਾਈਬਲ ਵਿਚ ਦੇਖੋ। ਛੋਟੇ-ਛੋਟੇ ਨੋਟਸ ਲਓ।
4. ਮਾਪੇ ਆਪਣੇ ਬੱਚਿਆਂ ਨੂੰ ਸੁਣਨ ਅਤੇ ਸਿੱਖਣ ਵਿਚ ਕਿਵੇਂ ਮਦਦ ਕਰ ਸਕਦੇ ਹਨ?
4 ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਸੁਣਨ ਅਤੇ ਸਿੱਖਣ। ਕਹਾਉਤਾਂ 29:15 ਵਿਚ ਲਿਖਿਆ ਹੈ: “ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।” ਇਸ ਲਈ ਚੰਗਾ ਹੋਵੇਗਾ ਕਿ ਸਾਰਾ ਪਰਿਵਾਰ ਇਕੱਠਾ ਬੈਠੇ ਤਾਂਕਿ ਮਾਪੇ ਦੇਖ ਸਕਣ ਕਿ ਬੱਚੇ ਪ੍ਰੋਗ੍ਰਾਮ ਵੱਲ ਪੂਰਾ ਧਿਆਨ ਲਾਉਣ, ਨਾ ਕਿ ਗੱਲਾਂ ਕਰਨ, ਐੱਸ. ਐੱਮ. ਐੱਸ. ਭੇਜਣ ਜਾਂ ਇੱਧਰ-ਉੱਧਰ ਘੁੰਮਣ। ਭਾਵੇਂ ਉਨ੍ਹਾਂ ਦੇ ਬੱਚੇ ਬਹੁਤ ਛੋਟੇ ਹੋਣ ਕਰਕੇ ਸਾਰੀਆਂ ਗੱਲਾਂ ਨਾ ਸਮਝ ਸਕਣ, ਤਾਂ ਵੀ ਬੱਚਿਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਜਾਗਦੇ ਰਹਿਣ ਅਤੇ ਚੁੱਪ-ਚਾਪ ਬੈਠਣ।
5. ਪ੍ਰੋਗ੍ਰਾਮ ਉੱਤੇ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ ਅਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ?
5 ਹਰ ਦਿਨ ਪ੍ਰੋਗ੍ਰਾਮ ਤੋਂ ਬਾਅਦ: ਰਾਤ ਨੂੰ ਜਲਦੀ ਸੌਂਵੋ ਤਾਂਕਿ ਤੁਸੀਂ ਚੰਗੀ ਤਰ੍ਹਾਂ ਆਰਾਮ ਕਰ ਸਕੋ। ਸੰਮੇਲਨ ਤੋਂ ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਇਹ ਗੱਲਾਂ ਯਾਦ ਰਹਿਣਗੀਆਂ। ਇਸ ਲਈ ਹਰ ਸ਼ਾਮ ਪਰਿਵਾਰ ਵਿਚ ਇਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। ਜੇ ਤੁਸੀਂ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਵਿਚ ਜਾਂਦੇ ਹੋ, ਤਾਂ ਕਿਉਂ ਨਾ ਆਪਣੇ ਨੋਟਸ ਨਾਲ ਲੈ ਕੇ ਜਾਓ ਅਤੇ ਇਕ-ਦੋ ਗੱਲਾਂ ਸਾਂਝੀਆਂ ਕਰੋ ਜੋ ਖ਼ਾਸ ਕਰਕੇ ਤੁਹਾਨੂੰ ਚੰਗੀਆਂ ਲੱਗੀਆਂ। ਸੰਮੇਲਨ ਤੋਂ ਬਾਅਦ ਤੁਸੀਂ ਸ਼ਾਇਦ ਪਰਿਵਾਰਕ ਸਟੱਡੀ ਦੌਰਾਨ ਕੁਝ ਸਮੇਂ ਲਈ ਇਨ੍ਹਾਂ ਗੱਲਾਂ ਉੱਤੇ ਚਰਚਾ ਕਰ ਸਕਦੇ ਹੋ ਕਿ ਤੁਸੀਂ ਸਿੱਖੀਆਂ ਗੱਲਾਂ ਨੂੰ ਆਪਣੇ ਪਰਿਵਾਰ ਵਿਚ ਕਿਵੇਂ ਲਾਗੂ ਕਰ ਸਕਦੇ ਹੋ। ਇਸ ਦੇ ਨਾਲ-ਨਾਲ ਤੁਸੀਂ ਹਰ ਹਫ਼ਤੇ ਨਵੇਂ ਰਿਲੀਜ਼ ਹੋਏ ਪ੍ਰਕਾਸ਼ਨ ਪੜ੍ਹ ਸਕਦੇ ਹੋ।
6. ਕੀ ਸੰਮੇਲਨ ਵਿਚ ਸਿਰਫ਼ ਹਾਜ਼ਰ ਹੋਣਾ ਹੀ ਕਾਫ਼ੀ ਹੈ? ਸਮਝਾਓ।
6 ਦਾਅਵਤ ਤੇ ਜਾਣ ਦਾ ਉਦੋਂ ਤਕ ਕੋਈ ਫ਼ਾਇਦਾ ਨਹੀਂ ਹੁੰਦਾ ਜਦੋਂ ਤਕ ਖਾ-ਪੀ ਕੇ ਉਸ ਨੂੰ ਹਜ਼ਮ ਨਾ ਕੀਤਾ ਜਾਵੇ। ਇਹੀ ਗੱਲ ਅਸੀਂ ਜ਼ਿਲ੍ਹਾ ਸੰਮੇਲਨ ਬਾਰੇ ਵੀ ਕਹਿ ਸਕਦੇ ਹਾਂ ਜਿੱਥੇ ਸਾਨੂੰ ਪਰਮੇਸ਼ੁਰ ਬਾਰੇ ਕਾਫ਼ੀ ਕੁਝ ਸਿਖਾਇਆ ਜਾਵੇਗਾ। ਪ੍ਰੋਗ੍ਰਾਮ ਤੋਂ ਪੂਰਾ ਫ਼ਾਇਦਾ ਲੈਣ ਲਈ ਆਓ ਅਸੀਂ ਸੰਮੇਲਨ ਦੇ ਹਰ ਦਿਨ ਹਾਜ਼ਰ ਹੋਈਏ, ਧਿਆਨ ਨਾਲ ਸੁਣੀਏ ਅਤੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ।