“ਪਰਜਾ ਨੂੰ ਇਕੱਠਾ ਕਰੋ”
1. ਮਿਸਰ ਵਿੱਚੋਂ ਆਜ਼ਾਦ ਹੋਣ ਤੋਂ ਜਲਦੀ ਬਾਅਦ ਇਜ਼ਰਾਈਲੀ ਜਿਸ ਖ਼ਾਸ ਮੌਕੇ ਤੇ ਇਕੱਠੇ ਹੋਏ ਸਨ, ਅੱਜ ਦੇ ਸੰਮੇਲਨ ਉਸ ਮੌਕੇ ਵਰਗੇ ਕਿਵੇਂ ਹਨ?
1 ਮਿਸਰ ਦੇਸ਼ ਛੱਡਣ ਤੋਂ ਥੋੜ੍ਹੇ ਸਮੇਂ ਬਾਅਦ ਯਹੋਵਾਹ ਨੇ ਮੂਸਾ ਨੂੰ ਸੀਨਈ ਪਹਾੜ ਨੇੜੇ “ਪਰਜਾ ਨੂੰ ਇਕੱਠਾ” ਕਰਨ ਲਈ ਕਿਹਾ ਸੀ ਤਾਂਕਿ ਉਹ ਪਰਮੇਸ਼ੁਰ ਦੀਆਂ ਗੱਲਾਂ ਸੁਣ ਕੇ ਉਸ ਦਾ ਡਰ ਰੱਖਣ ਤੇ ਆਪਣੇ ਬੱਚਿਆਂ ਨੂੰ ਉਸ ਦੇ ਰਾਹਾਂ ʼਤੇ ਚੱਲਣਾ ਸਿਖਾਉਣ। (ਬਿਵ. 4:10-13) ਇਹ ਕਿੰਨਾ ਯਾਦਗਾਰ ਮੌਕਾ ਹੋਣਾ! ਉਨ੍ਹਾਂ ਦੀ ਨਿਹਚਾ ਵਾਕਈ ਮਜ਼ਬੂਤ ਹੋਈ ਹੋਣੀ! ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਯਹੋਵਾਹ ਦੇ ਲੋਕ ਵੱਡੇ ਸੰਮੇਲਨਾਂ ਅਤੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਇਕੱਠੇ ਹੋਣਗੇ ਤਾਂਕਿ ਉਹ ਯਹੋਵਾਹ ਤੋਂ ਸਿੱਖਿਆ ਲੈ ਸਕਣ। ਇਸ ਪ੍ਰੋਗ੍ਰਾਮ ਤੋਂ ਪੂਰਾ ਲਾਭ ਲੈਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
2. ਸੰਮੇਲਨ ਲਈ ਤਿਆਰ ਹੋਣ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ?
2 ਤਿਆਰ ਹੋਵੋ: ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਸੀਨਈ ਪਹਾੜ ʼਤੇ ਉਸ ਖ਼ਾਸ ਘਟਨਾ ਲਈ “ਤਿਆਰ ਰਹਿਣ।” (ਕੂਚ 19:10, 11) ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ, ਚਾਹੇ ਸਾਡਾ ਪ੍ਰੋਗ੍ਰਾਮ ਵਿਚ ਕੋਈ ਭਾਗ ਹੈ ਜਾਂ ਨਹੀਂ, ਸੰਮੇਲਨ ਵਿਚ ਹਾਜ਼ਰ ਹੋਣ ਲਈ ਚੰਗੀ ਤਿਆਰੀ ਕਰਨ ਦੀ ਲੋੜ ਹੈ। ਮਿਸਾਲ ਲਈ, ਕਈਆਂ ਨੂੰ ਕੰਮ ਤੋਂ ਛੁੱਟੀ ਲੈਣ ਦੀ ਲੋੜ ਹੈ। ਸ਼ਾਇਦ ਤੁਹਾਡੇ ਹਾਲਾਤ ਨਹਮਯਾਹ ਦੇ ਹਾਲਾਤਾਂ ਵਰਗੇ ਹਨ। ਉਹ ਰਾਜਾ ਅਰਤਹਸ਼ਸ਼ਤਾ ਦਾ ਸਾਕੀ ਸੀ, ਪਰ ਇਹ ਕੰਮ ਛੱਡ ਕੇ ਉਹ ਯਰੂਸ਼ਲਮ ਸ਼ਹਿਰ ਦੀਆਂ ਕੰਧਾਂ ਦੁਬਾਰਾ ਬਣਾਉਣ ਲਈ ਯਰੂਸ਼ਲਮ ਜਾਣਾ ਚਾਹੁੰਦਾ ਸੀ। ਉਹ ਜਾਣਦਾ ਸੀ ਕਿ ਰਾਜਾ ਸ਼ਾਇਦ ਉਸ ਨੂੰ ਜਾਣ ਦੀ ਇਜਾਜ਼ਤ ਨਾ ਦੇਵੇ। ਇਸ ਲਈ, ਨਹਮਯਾਹ ਨੇ ਪ੍ਰਾਰਥਨਾ ਕੀਤੀ ਅਤੇ ਹਿੰਮਤ ਕਰ ਕੇ ਸਲੀਕੇ ਨਾਲ ਰਾਜੇ ਅੱਗੇ ਬੇਨਤੀ ਕੀਤੀ। ਰਾਜੇ ਨੇ ਉਸ ਨੂੰ ਨਾ ਸਿਰਫ਼ ਇਜਾਜ਼ਤ ਦਿੱਤੀ, ਸਗੋਂ ਉਸ ਨੂੰ ਕੰਧਾਂ ਬਣਾਉਣ ਲਈ ਲੱਕੜਾਂ ਵੀ ਦਿੱਤੀਆਂ। (ਨਹ. 2:1-9) ਮਾਲਕ ਤੋਂ ਛੁੱਟੀ ਮੰਗਣ ਦੇ ਨਾਲ-ਨਾਲ ਕੀ ਤੁਸੀਂ ਸਫ਼ਰ ਕਰਨ ਅਤੇ ਰਹਿਣ ਦਾ ਪ੍ਰਬੰਧ ਕੀਤਾ ਹੈ? ਮੰਡਲੀ ਦੇ ਬਜ਼ੁਰਗ ਖ਼ੁਸ਼ੀ ਨਾਲ ਇਹ ਸਭ ਪ੍ਰਬੰਧ ਕਰਨ ਵਿਚ ਤੁਹਾਡੀ ਮਦਦ ਕਰਨਗੇ। ਹਰ ਦਿਨ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰੋ ਅਤੇ ਸੁਣੀਆਂ ਗੱਲਾਂ ਵੱਲ “ਹੋਰ ਵੀ ਧਿਆਨ” ਦੇਣ ਲਈ ਤਿਆਰ ਹੋਵੋ।—ਇਬ. 2:1.
3. ਅਸੀਂ ਸੰਮੇਲਨ ਲਈ ਆਪਣੇ ਦਿਲ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ?
3 ਤਿਆਰ ਰਹਿਣ ਲਈ ਇਕ ਹੋਰ ਜ਼ਰੂਰੀ ਗੱਲ ਹੈ ਕਿ ਅਸੀਂ ਆਪਣੇ ਦਿਲ ਨੂੰ ਵੀ ਤਿਆਰ ਕਰੀਏ ਤਾਂਕਿ ਅਸੀਂ ਗੱਲਾਂ ਸੁਣੀਏ ਤੇ ਸਿੱਖੀਏ। (ਅਜ਼. 7:10) ਸੰਮੇਲਨ ਦਾ ਪ੍ਰੋਗ੍ਰਾਮ jw.org ਵੈੱਬਸਾਈਟ ʼਤੇ ਪਹਿਲਾਂ ਹੀ ਪਾ ਦਿੱਤਾ ਜਾਵੇਗਾ। ਇਸ ਵਿਚ ਹਰ ਭਾਸ਼ਣ ਦਾ ਵਿਸ਼ਾ ਅਤੇ ਉਸ ਵਿਸ਼ੇ ਨਾਲ ਬਾਈਬਲ ਵਿੱਚੋਂ ਇਕ-ਦੋ ਮੁੱਖ ਹਵਾਲੇ ਵੀ ਦਿੱਤੇ ਜਾਣਗੇ। ਅਸੀਂ ਸੰਮੇਲਨ ਤੋਂ ਕੁਝ ਹਫ਼ਤੇ ਪਹਿਲਾਂ ਆਪਣੀ ਪਰਿਵਾਰਕ ਸਟੱਡੀ ਦੌਰਾਨ ਇਸ ਪ੍ਰੋਗ੍ਰਾਮ ਦੀ ਚਰਚਾ ਕਰ ਸਕਦੇ ਹਾਂ। ਕੁਝ ਪਬਲੀਸ਼ਰ ਪ੍ਰੋਗ੍ਰਾਮ ਦੀ ਕਾਪੀ ਬਣਾ ਲੈਂਦੇ ਹਨ ਤੇ ਇਸ ਨੂੰ ਸੰਮੇਲਨ ਦੌਰਾਨ ਨੋਟਸ ਲੈਣ ਲਈ ਵਰਤਦੇ ਹਨ।
4. ਸੰਮੇਲਨ ਦੇ ਸਮੇਂ ਮਾਪੇ ਆਪਣੇ ਬੱਚਿਆਂ ਨੂੰ ਕਿਵੇਂ ਸਿੱਖਿਆ ਦੇ ਸਕਦੇ ਹਨ?
4 ‘ਆਪਣੇ ਬੱਚਿਆਂ ਨੂੰ ਸਿਖਾਓ’: ਸੀਨਈ ਪਹਾੜ ਦੇ ਨੇੜੇ ਹੋਏ ਸੰਮੇਲਨ ਦਾ ਇਕ ਮਕਸਦ ਇਹ ਸੀ ਕਿ ਇਜ਼ਰਾਈਲੀ ਮਾਪੇ ‘ਆਪਣੇ ਬੱਚਿਆਂ ਨੂੰ ਸਿਖਾਉਣ।’ (ਬਿਵ. 4:10) ਅੱਜ ਵੀ ਮਾਪਿਆਂ ਨੂੰ ਸੰਮੇਲਨ ਵਿਚ ਆਪਣੇ ਬੱਚਿਆਂ ਨੂੰ ਸਿਖਾਉਣ ਦਾ ਵਧੀਆ ਮੌਕਾ ਮਿਲਦਾ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਨਾਲ ਬਿਠਾਉਣਾ ਚਾਹੀਦਾ ਹੈ ਅਤੇ ਧਿਆਨ ਨਾਲ ਸੁਣਨ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਹਰ ਦਿਨ ਤੋਂ ਬਾਅਦ ਅਤੇ ਪਰਿਵਾਰਕ ਸਟੱਡੀ ਦੌਰਾਨ ਪਰਿਵਾਰ ਸੰਮੇਲਨ ਵਿੱਚੋਂ ਸਿੱਖੀਆਂ ਗੱਲਾਂ ਦੀ ਚਰਚਾ ਕਰ ਸਕਦੇ ਹਨ।
5. ਸਾਨੂੰ ਆਉਣ ਵਾਲੇ ਸੰਮੇਲਨ ਤੋਂ ਕੀ ਲਾਭ ਹੋਵੇਗਾ?
5 ਸੀਨਈ ਪਹਾੜ ਦੇ ਨੇੜੇ ਹੋਏ ਵੱਡੇ ਸੰਮੇਲਨ ਸਦਕਾ ਇਜ਼ਰਾਈਲੀਆਂ ਨੇ ਇਸ ਗੱਲ ਦੀ ਅਹਿਮੀਅਤ ਸਮਝੀ ਕਿ ਉਹ ਪਰਮੇਸ਼ੁਰ ਦੇ ਖ਼ਾਸ ਲੋਕ ਸਨ। (ਬਿਵ. 4:7, 8) ਸਾਨੂੰ ਵੀ ਆਉਣ ਵਾਲੇ ਸੰਮੇਲਨ ਤੋਂ ਇਸੇ ਤਰ੍ਹਾਂ ਲਾਭ ਹੋਵੇਗਾ। ਤਿੰਨ ਦਿਨਾਂ ਲਈ ਅਸੀਂ ਸ਼ੈਤਾਨ ਦੀ ਦੁਸ਼ਟ ਦੁਨੀਆਂ ਵਿੱਚੋਂ ਨਿਕਲ ਕੇ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਸੰਗਤ ਦਾ ਆਨੰਦ ਮਾਣ ਸਕਾਂਗੇ ਜਿਸ ਨਾਲ ਸਾਡਾ ਹੌਸਲਾ ਵਧੇਗਾ ਤੇ ਅਸੀਂ ਤਰੋਤਾਜ਼ਾ ਹੋਵਾਂਗੇ। (ਯਸਾ. 35:7-9) ਯਹੋਵਾਹ ਦਾ ਦਿਨ ਬਹੁਤ ਜਲਦ ਆਉਣ ਵਾਲਾ ਹੈ, ਇਸ ਲਈ ਆਓ ਆਪਾਂ ਇਕ-ਦੂਜੇ ਨਾਲ ਇਕੱਠੇ ਹੋਣ ਤੇ ਇਕ-ਦੂਜੇ ਦਾ ਹੌਸਲਾ ਵਧਾਉਣ ਦੇ ਇਸ ਵਧੀਆ ਮੌਕੇ ਨੂੰ ਹੱਥੋਂ ਨਾ ਜਾਣ ਦੇਈਏ।—ਇਬ. 10:24, 25.