ਯਹੋਵਾਹ ਦੀ ਵਡਿਆਈ ਕਰਨ ਲਈ ਇਕੱਠੇ ਹੋਣਾ
1. ਜ਼ਿਲ੍ਹਾ ਸੰਮੇਲਨ ਦਾ ਕੀ ਵਿਸ਼ਾ ਹੈ ਅਤੇ ਯਹੋਵਾਹ ਦੀ ਵਡਿਆਈ ਕਿਉਂ ਕੀਤੀ ਜਾਣੀ ਚਾਹੀਦੀ ਹੈ?
1 ਯਹੋਵਾਹ ਸਰਬਸ਼ਕਤੀਮਾਨ ਅਤੇ ਇਨਸਾਫ਼ਪਸੰਦ ਪਰਮੇਸ਼ੁਰ ਹੈ; ਉਹ ਪਿਆਰ ਦੀ ਮੂਰਤ ਹੈ ਅਤੇ ਉਸ ਦੀ ਬੁੱਧੀ ਅਪਰੰਪਾਰ ਹੈ। ਸਾਡਾ ਸਿਰਜਣਹਾਰ, ਜੀਵਨਦਾਤਾ ਅਤੇ ਦੁਨੀਆਂ ਦਾ ਪਾਤਸ਼ਾਹ ਹੋਣ ਦੇ ਨਾਤੇ ਉਹੀ ਸਾਡੀ ਭਗਤੀ ਲੈਣ ਦਾ ਹੱਕਦਾਰ ਹੈ। (ਜ਼ਬੂ. 36:9; ਪਰ. 4:11; 15:3, 4) ਇਸ ਸਾਲ, “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨ ਸਾਨੂੰ ਸੱਚੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰਨ ਲਈ ਹੋਰ ਮਜ਼ਬੂਤ ਕਰੇਗਾ।—ਜ਼ਬੂ. 86:8-10.
2, 3. ਚੰਗੀ ਯੋਜਨਾ ਬਣਾਉਣ ਨਾਲ ਅਸੀਂ ਪ੍ਰੋਗ੍ਰਾਮ ਤੋਂ ਕਿਵੇਂ ਪੂਰਾ ਲਾਭ ਉਠਾ ਸਕਾਂਗੇ?
2 ਚੰਗੀ ਯੋਜਨਾ ਬਣਾਉਣੀ ਜ਼ਰੂਰੀ: ਯਹੋਵਾਹ ਨੇ ਸਾਡੇ ਲਈ ਜਿਹੜੀ ਅਧਿਆਤਮਿਕ ਦਾਅਵਤ ਤਿਆਰ ਕੀਤੀ ਹੈ, ਉਸ ਤੋਂ ਪੂਰਾ ਲਾਭ ਉਠਾਉਣ ਲਈ ਸਾਨੂੰ ਚੰਗੀ ਯੋਜਨਾ ਬਣਾਉਣ ਦੀ ਲੋੜ ਹੈ। (ਅਫ਼. 5:15, 16) ਕੀ ਤੁਸੀਂ ਸੰਮੇਲਨ ਵਾਲੇ ਸ਼ਹਿਰ ਨੂੰ ਜਾਣ-ਆਉਣ ਅਤੇ ਉੱਥੇ ਰਹਿਣ ਦਾ ਪ੍ਰਬੰਧ ਕਰ ਲਿਆ ਹੈ? ਕੀ ਤੁਸੀਂ ਕੰਮ ਤੋਂ ਜਾਂ ਸਕੂਲ ਤੋਂ ਛੁੱਟੀ ਲੈ ਲਈ ਹੈ? ਇਹ ਜ਼ਰੂਰੀ ਪ੍ਰਬੰਧ ਕਰਨ ਵਿਚ ਦੇਰ ਨਾ ਕਰੋ। ਜੇ ਤੁਸੀਂ ਕੰਮ ਜਾਂ ਸਕੂਲ ਤੋਂ ਛੁੱਟੀ ਮੰਗਣ ਵਿਚ ਜ਼ਿਆਦਾ ਦੇਰ ਕਰੋਗੇ, ਤਾਂ ਹੋ ਸਕਦਾ ਕਿ ਤੁਹਾਨੂੰ ਇਸ ਖ਼ੁਸ਼ੀ ਭਰੇ ਸੰਮੇਲਨ ਦੇ ਕੁਝ ਹਿੱਸੇ ਤੋਂ ਖੁੰਝਣਾ ਪਵੇ। ਸਾਨੂੰ ਸਾਰਿਆਂ ਨੂੰ ਹਰ ਸੈਸ਼ਨ ਵਿਚ ਮੌਜੂਦ ਰਹਿਣ ਦੀ ਲੋੜ ਹੈ।
3 ਹਰ ਦਿਨ ਸੰਮੇਲਨ ਹਾਲ ਵਿਚ ਜਲਦੀ ਪਹੁੰਚਣ ਦਾ ਟੀਚਾ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਸੀਟ ਤੇ ਬੈਠ ਸਕੋਗੇ ਅਤੇ ਪ੍ਰੋਗ੍ਰਾਮ ਤੋਂ ਪੂਰਾ ਲਾਭ ਉਠਾਉਣ ਲਈ ਤਿਆਰ ਹੋਵੋਗੇ। ਹਾਲ ਦੇ ਦਰਵਾਜ਼ੇ ਹਰ ਦਿਨ ਸਵੇਰੇ 8 ਵਜੇ ਖੋਲ੍ਹੇ ਜਾਣਗੇ। ਕਿਰਪਾ ਕਰ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਤੁਹਾਡੇ ਨਾਲ ਸਫ਼ਰ ਕਰਨ ਵਾਲੇ ਭੈਣ-ਭਰਾਵਾਂ ਤੋਂ ਇਲਾਵਾ ਹੋਰ ਕਿਸੇ ਲਈ ਸੀਟਾਂ ਬੁੱਕ ਨਾ ਕਰੋ।
4. ਸਾਰਿਆਂ ਨੂੰ ਕਿਉਂ ਦਰਖ਼ਾਸਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਦੁਪਹਿਰ ਦਾ ਖਾਣਾ ਨਾਲ ਲੈ ਕੇ ਆਉਣ?
4 ਸਾਰਿਆਂ ਨੂੰ ਦਰਖ਼ਾਸਤ ਕੀਤੀ ਜਾਂਦੀ ਹੈ ਕਿ ਉਹ ਇੰਟਰਵਲ ਦੌਰਾਨ ਹੋਟਲਾਂ ਵਿਚ ਜਾ ਕੇ ਖਾਣਾ ਖਾਣ ਦੀ ਬਜਾਇ, ਆਪਣਾ ਦੁਪਹਿਰ ਦਾ ਖਾਣਾ ਨਾਲ ਲੈ ਕੇ ਆਉਣ। ਇਸ ਤਰ੍ਹਾਂ ਕਰਨ ਨਾਲ ਸੰਮੇਲਨ ਹਾਲ ਤੋਂ ਬਾਹਰ ਨਿਕਲਣ ਲਈ ਹਫ਼ੜਾ-ਦਫ਼ੜੀ ਨਹੀਂ ਮਚੇਗੀ ਅਤੇ ਸਾਰਿਆਂ ਨੂੰ ਇਕ ਦੂਸਰੇ ਨਾਲ ਮਿਲਣ-ਗਿਲਣ ਲਈ ਜ਼ਿਆਦਾ ਸਮਾਂ ਮਿਲੇਗਾ। (ਜ਼ਬੂ. 133:1-3) ਕਿਰਪਾ ਕਰ ਕੇ ਯਾਦ ਰੱਖੋ ਕਿ ਕੱਚ ਦੇ ਭਾਂਡੇ-ਬੋਤਲਾਂ ਅਤੇ ਸ਼ਰਾਬ ਸੰਮੇਲਨ ਹਾਲ ਵਿਚ ਲਿਆਉਣ ਦੀ ਇਜਾਜ਼ਤ ਨਹੀਂ ਹੈ।
5. ਅਸੀਂ ਸੰਮੇਲਨ ਉੱਤੇ ਚਿੱਤ ਲਾਉਣ ਲਈ ਹੁਣ ਤੋਂ ਹੀ ਕੀ ਕਰ ਸਕਦੇ ਹਾਂ?
5 ਧਿਆਨ ਨਾਲ ਸੁਣੋ ਅਤੇ ਸਿੱਖੋ: ਅਜ਼ਰਾ ਨੇ ਪਰਮੇਸ਼ੁਰ ਦੇ ਬਚਨ ਉੱਤੇ ਆਪਣਾ ਪੂਰਾ ਮਨ ਲਾਇਆ ਸੀ। (ਅਜ਼. 7:10) ਉਸ ਨੇ ਯਹੋਵਾਹ ਦੀਆਂ ਸਿੱਖਿਆਵਾਂ ਉੱਤੇ ਚਿੱਤ ਲਾਇਆ। (ਕਹਾ. 2:2) ਅਸੀਂ ਘਰੋਂ ਨਿਕਲਣ ਤੋਂ ਪਹਿਲਾਂ ਹੀ ਸੰਮੇਲਨ ਦੇ ਵਿਸ਼ੇ ਉੱਤੇ ਮਨਨ ਕਰਨ ਅਤੇ ਆਪਣੇ ਪਰਿਵਾਰ ਨਾਲ ਇਸ ਦੀ ਚਰਚਾ ਕਰਨ ਦੁਆਰਾ ਸੰਮੇਲਨ ਉੱਤੇ ਚਿੱਤ ਲਾ ਸਕਦੇ ਹਾਂ।
6. ਅਸੀਂ ਆਪਣਾ ਧਿਆਨ ਪ੍ਰੋਗ੍ਰਾਮ ਉੱਤੇ ਕਿਵੇਂ ਲਾਈ ਰੱਖ ਸਕਦੇ ਹਾਂ? (ਡੱਬੀ ਦੇਖੋ।)
6 ਵੱਡੇ ਹਾਲ ਵਿਚ ਕਈ ਚੀਜ਼ਾਂ ਜਾਂ ਆਵਾਜ਼ਾਂ ਸਾਡਾ ਧਿਆਨ ਭੰਗ ਕਰ ਸਕਦੀਆਂ ਹਨ ਅਤੇ ਅਸੀਂ ਭਾਸ਼ਣਕਾਰ ਦੁਆਰਾ ਦਿੱਤੀ ਜਾ ਰਹੀ ਅਹਿਮ ਜਾਣਕਾਰੀ ਨੂੰ ਨਹੀਂ ਸੁਣ ਪਾਉਂਦੇ। ਨਾਲ ਦਿੱਤੀ ਗਈ ਡੱਬੀ ਵਿਚ ਕਈ ਸੁਝਾਅ ਦਿੱਤੇ ਗਏ ਹਨ ਜੋ ਸਾਨੂੰ ਧਿਆਨ ਨਾਲ ਸੁਣਨ ਵਿਚ ਮਦਦ ਕਰ ਸਕਦੇ ਹਨ।
7, 8. ਅਸੀਂ ਦੂਸਰਿਆਂ ਨੂੰ ਪਰੇਸ਼ਾਨ ਨਾ ਕਰਨ ਲਈ ਕੀ ਕਰ ਸਕਦੇ ਹਾਂ ਅਤੇ ਸਾਨੂੰ ਕੀ ਕਰਨ ਦੀ ਠਾਣ ਲੈਣੀ ਚਾਹੀਦੀ ਹੈ?
7 ਦੂਸਰਿਆਂ ਨੂੰ ਪਰੇਸ਼ਾਨ ਨਾ ਕਰੋ: ਭਾਵੇਂ ਕਿ ਪ੍ਰੋਗ੍ਰਾਮ ਦੌਰਾਨ ਕੈਮਰੇ ਤੇ ਕੈਮਕੋਰਡਰ ਇਸਤੇਮਾਲ ਕੀਤੇ ਜਾ ਸਕਦੇ ਹਨ, ਪਰ ਭੈਣ-ਭਰਾਵਾਂ ਨੂੰ ਆਪਣੀਆਂ ਸੀਟਾਂ ਤੇ ਬੈਠ ਕੇ ਇਨ੍ਹਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਤਾਂਕਿ ਦੂਸਰਿਆਂ ਦਾ ਧਿਆਨ ਭੰਗ ਨਾ ਹੋਵੇ। ਸੈੱਲ ਫ਼ੋਨ ਅਤੇ ਪੇਜਰ ਇਸ ਤਰੀਕੇ ਨਾਲ ਸੈੱਟ ਕੀਤੇ ਜਾਣੇ ਚਾਹੀਦੇ ਹਨ ਕਿ ਦੂਸਰਿਆਂ ਨੂੰ ਪਰੇਸ਼ਾਨੀ ਨਾ ਹੋਵੇ। ਪਰ ਕੁਝ ਸੰਮੇਲਨਾਂ ਵਿਚ ਦੇਖਿਆ ਗਿਆ ਹੈ ਕਿ ਕੁਝ ਭੈਣ-ਭਰਾ ਸੈਸ਼ਨ ਦੌਰਾਨ ਇੱਧਰ-ਉੱਧਰ ਘੁੰਮ ਕੇ ਦੂਸਰਿਆਂ ਦਾ ਧਿਆਨ ਭੰਗ ਕਰਦੇ ਹਨ। ਕੁਝ ਲੋਕ ਸੰਮੇਲਨ ਵਿਚ ਦੇਰੀ ਨਾਲ ਆਉਂਦੇ ਹਨ ਅਤੇ ਉਨ੍ਹਾਂ ਕਰਕੇ ਦੂਸਰੇ ਭੈਣ-ਭਰਾ ਕੁਝ ਮਿੰਟਾਂ ਲਈ ਪ੍ਰੋਗ੍ਰਾਮ ਨੂੰ ਚੰਗੀ ਤਰ੍ਹਾਂ ਨਹੀਂ ਸੁਣ ਪਾਉਂਦੇ। ਕਿਰਪਾ ਕਰ ਕੇ ਅਟੈਂਡੈਂਟ ਦੇ ਨਿਰਦੇਸ਼ਨ ਨੂੰ ਮੰਨੋ ਅਤੇ ਚੇਅਰਮੈਨ ਦੇ ਕਹਿਣ ਤੇ ਆਪਣੀਆਂ ਸੀਟਾਂ ਤੇ ਬੈਠ ਜਾਓ।
8 ਅਸੀਂ ਕਿੰਨੇ ਉਤਸ਼ਾਹ ਨਾਲ ਇਸ ਸੰਮੇਲਨ ਦੀ ਉਡੀਕ ਕਰ ਰਹੇ ਹਾਂ ਜਦੋਂ ਅਸੀਂ ਯਹੋਵਾਹ ਦੀ ਵਡਿਆਈ ਕਰਨ ਲਈ ਇਕੱਠੇ ਹੋਵਾਂਗੇ! ਆਓ ਆਪਾਂ ਠਾਣ ਲਈਏ ਕਿ ਅਸੀਂ ਉਸ ਦੀ ਵਡਿਆਈ ਕਰਨ ਲਈ ਹਰ ਸੈਸ਼ਨ ਵਿਚ ਮੌਜੂਦ ਰਹਾਂਗੇ, ਪ੍ਰੋਗ੍ਰਾਮ ਨੂੰ ਧਿਆਨ ਨਾਲ ਸੁਣਾਂਗੇ ਅਤੇ ਜੋ ਕੁਝ ਅਸੀਂ ਸਿੱਖਾਂਗੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ।—ਬਿਵ. 31:12.
[ਸਫ਼ੇ 3 ਉੱਤੇ ਡੱਬੀ]
ਸੰਮੇਲਨ ਵਿਚ ਧਿਆਨ ਨਾਲ ਸੁਣਨਾ
▪ ਭਾਸ਼ਣਾਂ ਦੇ ਵਿਸ਼ਿਆਂ ਉੱਤੇ ਸੋਚ-ਵਿਚਾਰ ਕਰੋ
▪ ਆਪਣੀ ਬਾਈਬਲ ਖੋਲ੍ਹ ਕੇ ਦੱਸੀਆਂ ਆਇਤਾਂ ਪੜ੍ਹੋ
▪ ਭਾਸ਼ਣ ਦੇ ਖ਼ਾਸ-ਖ਼ਾਸ ਨੁਕਤੇ ਲਿਖ ਲਓ
▪ ਕੁਝ ਖ਼ਾਸ ਨੁਕਤੇ ਚੁਣੋ ਜਿਨ੍ਹਾਂ ਨੂੰ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ
▪ ਤੁਸੀਂ ਜੋ ਕੁਝ ਸਿੱਖਿਆ, ਉਸ ਉੱਤੇ ਪੁਨਰ-ਵਿਚਾਰ ਕਰੋ