“ਮੈਂ ਦ੍ਰਿੜ੍ਹ ਹਾਂ! ਮੈਂ ਦ੍ਰਿੜ੍ਹ ਹਾਂ! ਮੈਂ ਦ੍ਰਿੜ੍ਹ ਹਾਂ!
1 ਇਹ ਸ਼ਬਦ ਇਕ ਵਫ਼ਾਦਾਰ ਮਸੀਹੀ ਨੇ ਕਹੇ ਜਿਹੜਾ ਨਾਜ਼ੀਆਂ ਵੱਲੋਂ ਕੀਤੇ ਗਏ ਸਰਬਨਾਸ਼ ਤੋਂ ਬਚ ਗਿਆ ਸੀ। ਇਹ ਸ਼ਬਦ ਉਨ੍ਹਾਂ ਹਜ਼ਾਰਾਂ ਗਵਾਹਾਂ, ਜਿਨ੍ਹਾਂ ਵਿੱਚੋਂ ਕਈ ਜੀਉਂਦੇ ਹਨ ਤੇ ਕਈ ਮਰ ਚੁੱਕੇ ਹਨ, ਦੇ ਦ੍ਰਿੜ੍ਹ ਇਰਾਦੇ ਬਾਰੇ ਦੱਸਦੇ ਹਨ ਜਿਹੜੇ ਨਾਜ਼ੀ ਅਤਿਆਚਾਰ ਦੇ ਬਾਵਜੂਦ ਵੀ ਆਪਣੇ ਵਿਸ਼ਵਾਸਾਂ ਖ਼ਾਤਰ ਦ੍ਰਿੜ੍ਹ ਖੜ੍ਹੇ ਰਹੇ। (ਅਫ਼. 6:11, 13) ਉਨ੍ਹਾਂ ਦੇ ਹੌਸਲੇ ਅਤੇ ਜਿੱਤ ਦੀ ਸ਼ਾਨਦਾਰ ਕਹਾਣੀ ਯਹੋਵਾਹ ਦੇ ਗਵਾਹ ਨਾਜ਼ੀ ਹਮਲੇ ਵਿਰੁੱਧ ਦ੍ਰਿੜ੍ਹ ਖੜ੍ਹੇ ਰਹੇ (ਅੰਗ੍ਰੇਜ਼ੀ) ਨਾਮਕ ਵਿਡਿਓ ਵਿਚ ਸੁਣਾਈ ਗਈ ਹੈ ਜੋ ਤੁਹਾਡੇ ਦਿਲ ਨੂੰ ਛੂਹ ਲਵੇਗੀ। ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਇਸ ਵਿਡਿਓ ਨੂੰ ਦੇਖਣ ਅਤੇ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਇਕ-ਦੂਜੇ ਨਾਲ ਸਾਂਝਿਆਂ ਕਰਨ।
2 ਜ਼ਰਾ ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ: (1) ਯਹੋਵਾਹ ਦੇ ਗਵਾਹ ਕਿਹੜੇ ਕਾਰਨਾਂ ਕਰਕੇ ਨਾਜ਼ੀਆਂ ਖ਼ਿਲਾਫ਼ ਦ੍ਰਿੜ੍ਹ ਖੜ੍ਹੇ ਰਹੇ? (2ੳ) “ਹੇਲ ਹਿਟਲਰ” ਕਹਿਣ ਦੇ ਸੰਬੰਧ ਵਿਚ ਕੀ ਮਤਭੇਦ ਸੀ ਅਤੇ ਕਿਉਂ? (2ਅ) ਇਸ ਨੇ ਗਵਾਹ ਪਰਿਵਾਰਾਂ ਨੂੰ ਕਿੱਦਾਂ ਪ੍ਰਭਾਵਿਤ ਕੀਤਾ? (3) ਕਿੰਨੇ ਗਵਾਹ ਨਜ਼ਰਬੰਦੀ ਕੈਂਪਾਂ ਵਿਚ ਭੇਜੇ ਗਏ ਸਨ, ਉੱਥੇ ਉਨ੍ਹਾਂ ਦੀ ਪਛਾਣ ਕਿੱਦਾਂ ਕੀਤੀ ਜਾਂਦੀ ਸੀ ਅਤੇ ਗਸਤਾਪੋ ਯਾਨੀ ਖੁਫ਼ੀਆ ਪੁਲਸ ਨੇ ਉਨ੍ਹਾਂ ਨਾਲ ਕਿੱਦਾਂ ਦਾ ਸਲੂਕ ਕੀਤਾ? (4) ਆਜ਼ਾਦ ਹੋਣ ਲਈ ਸਾਡੇ ਭਰਾ ਕਿਹੜੀ ਕੀਮਤ ਚੁਕਾਉਣ ਲਈ ਤਿਆਰ ਨਹੀਂ ਸਨ? (5ੳ) ਯਹੋਵਾਹ ਦੇ ਗਵਾਹਾਂ ਨੇ ਹਿਟਲਰ ਦੀ ਹਕੂਮਤ ਦੇ ਅਤਿਆਚਾਰਾਂ ਖ਼ਿਲਾਫ਼ ਕਿੱਦਾਂ ਤੇ ਕਦੋਂ ਆਵਾਜ਼ ਉਠਾਈ? (5ਅ) ਉਨ੍ਹਾਂ ਦੇ ਇਸ ਤਰ੍ਹਾਂ ਕਰਨ ਤੇ ਹਿਟਲਰ ਨੇ ਕੀ ਕੀਤਾ? (6) ਯਹੋਵਾਹ ਦੇ ਲੋਕਾਂ ਦੀ ਏਕਤਾ ਨੇ ਕਿੱਦਾਂ ਸਰੀਰਕ ਤੇ ਅਧਿਆਤਮਿਕ ਤੌਰ ਤੇ ਉਨ੍ਹਾਂ ਦੀ ਅਤੇ ਦੂਜਿਆਂ ਦੀ ਜਾਨ ਬਚਾਈ? (7) ਨਜ਼ਰਬੰਦੀ ਕੈਂਪ ਵਿਚ ਕਿਹੜਾ ਰਾਜ ਗੀਤ ਲਿਖਿਆ ਗਿਆ ਸੀ? (8) ਵਫ਼ਾਦਾਰ ਆਦਮੀਆਂ, ਔਰਤਾਂ ਅਤੇ ਨੌਜਵਾਨਾਂ ਦੀਆਂ ਕਿਹੜੀਆਂ ਮਿਸਾਲਾਂ ਤੁਹਾਨੂੰ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਯਹੋਵਾਹ ਪ੍ਰਤੀ ਖਰਿਆਈ ਬਣਾਈ ਰੱਖਣ ਲਈ ਪ੍ਰੇਰਦੀਆਂ ਹਨ? (ਯੀਅਰਬੁੱਕ 1999 ਦੇ ਸਫ਼ੇ 144-7 ਵੀ ਦੇਖੋ।) (9) ਇਹ ਵਿਡਿਓ ਦੇਖਣ ਤੋਂ ਬਾਅਦ, ਤੁਸੀਂ ਇਕ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸੰਸਾਰ ਦਾ ਹਿੱਸਾ ਨਾ ਹੋਣ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ?
3 ਦ੍ਰਿੜ੍ਹ ਖੜ੍ਹੇ ਰਹੇ ਵਿਡਿਓ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਜੋਸ਼ੀਲੀਆਂ ਤੇ ਹੌਸਲਾਦਾਇਕ ਮਿਸਾਲਾਂ ਮਸੀਹੀ ਤੇ ਗ਼ੈਰ-ਮਸੀਹੀ ਨੌਜਵਾਨਾਂ ਦੋਵਾਂ ਦੀ ਮਦਦ ਕਰ ਸਕਦੀਆਂ ਹਨ ਕਿ ਉਹ ਲੋਕਾਂ ਦੀ ਤੰਗਦਿਲੀ, ਹਾਣੀਆਂ ਦੇ ਦਬਾਅ ਅਤੇ ਜ਼ਮੀਰ ਨੂੰ ਸਾਫ਼ ਰੱਖਣ ਵਰਗੇ ਅਹਿਮ ਮਸਲਿਆਂ ਦਾ ਸਾਮ੍ਹਣਾ ਕਰ ਸਕਣ। ਜੇ ਤੁਸੀਂ ਮਿਡਲ ਜਾਂ ਹਾਈ ਸਕੂਲ ਵਿਚ ਪੜ੍ਹਦੇ ਹੋ, ਤਾਂ ਕੀ ਤੁਸੀਂ ਆਪਣੇ ਅਧਿਆਪਕਾਂ ਨੂੰ ਇਸ ਵਿਡਿਓ ਵਿਚ ਪਾਈ ਜਾਂਦੀ ਜਾਣਕਾਰੀ ਨੂੰ ਕਲਾਸ ਵਿਚ ਇਸਤੇਮਾਲ ਕਰਨ ਦਾ ਮੌਕਾ ਦੇ ਸਕਦੇ ਹੋ? ਸ਼ਾਇਦ ਤੁਸੀਂ ਉਨ੍ਹਾਂ ਨੂੰ ਇਹ ਵਿਡਿਓ ਦੇਖਣ ਲਈ ਦੇ ਸਕਦੇ ਹੋ ਅਤੇ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਇਸ ਵਿਚ ਅਜਿਹਾ ਇਤਿਹਾਸ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਜਾਂ ਇਹ ਇਕ ਡਾਕੂਮੈਂਟਰੀ ਫਿਲਮ ਹੈ ਜਿਸ ਤੋਂ ਅਸੀਂ ਇਕ ਨੈਤਿਕ ਸਬਕ ਸਿੱਖ ਸਕਦੇ ਹਾਂ।
4 ਦ੍ਰਿੜ੍ਹ ਖੜ੍ਹੇ ਰਹੇ ਵਿਡਿਓ ਇਕ ਵਧੀਆ ਔਜ਼ਾਰ ਹੈ ਜਿਸ ਦੀ ਮਦਦ ਨਾਲ ਅਸੀਂ ਦਿਖਾ ਸਕਦੇ ਹਾਂ ਕਿ ਪਰਮੇਸ਼ੁਰੀ ਸਿੱਖਿਆ ਸਾਨੂੰ ਕਿੱਦਾਂ ਸਹੀ ਕੰਮਾਂ ਲਈ ਦ੍ਰਿੜ੍ਹ ਰਹਿਣ ਦੁਆਰਾ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਅਧਿਆਤਮਿਕ ਤਾਕਤ ਦੇ ਸਕਦੀ ਹੈ। (1 ਕੁਰਿੰ. 16:13) ਸੱਚਾਈ ਵਿਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਹ ਵਿਡਿਓ ਦਿਖਾਓ।