ਅਸਰਦਾਰ ਵਿਡਿਓ ਜਿਹੜੇ ਗਵਾਹੀ ਦਿੰਦੇ ਹਨ
1 “ਸਾਡਾ ਮੁੰਡਾ ਤੁਰਨ ਤੋਂ ਪਹਿਲਾਂ ਹੀ ਇਹ ਵਿਡਿਓ ਦੇਖਦਾ ਆਇਆ ਹੈ। ਉਹ ਇਸ ਨੂੰ ਵਾਰ-ਵਾਰ ਦੇਖਦਾ ਹੈ। ਅਸੀਂ ਅਜਿਹੇ ਔਜ਼ਾਰਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਸਾਡੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਦੇ ਹਨ!” ਇਹ ਮਸੀਹੀ ਮਾਂ ਕਿਸ ਵਿਡਿਓ ਦੀ ਗੱਲ ਕਰ ਰਹੀ ਸੀ? ਇਹ ਵਿਡਿਓ ਸੀ ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ (ਅੰਗ੍ਰੇਜ਼ੀ)। ਇਕ ਮਾਂ ਜੋ ਗਵਾਹ ਨਹੀਂ ਸੀ, ਦੇ ਮੁੰਡੇ ਨੇ ਕਿਸੇ ਦੇ ਘਰ ਨੂਹ ਵਿਡਿਓ ਦੇਖਿਆ ਸੀ। ਉਸ ਮਾਂ ਨੇ ਸ਼ਾਖ਼ਾ ਦਫ਼ਤਰ ਨੂੰ 4,000 ਰੁਪਏ ਚੰਦੇ ਦੇ ਤੌਰ ਤੇ ਭੇਜੇ ਅਤੇ ਬੱਚਿਆਂ ਵਾਸਤੇ ਬਣਾਈਆਂ ਗਈਆਂ ਹੋਰ ਵਿਡਿਓ ਫ਼ਿਲਮਾਂ ਬਾਰੇ ਪੁੱਛਿਆ। ਯਹੋਵਾਹ ਦੇ ਸੰਗਠਨ ਦੁਆਰਾ ਬਣਾਏ ਵਿਡਿਓ ਬੱਚਿਆਂ ਅਤੇ ਵੱਡਿਆਂ ਦੋਵਾਂ ਉੱਤੇ ਜ਼ਬਰਦਸਤ ਪ੍ਰਭਾਵ ਪਾਉਂਦੇ ਹਨ।
2 ਪਰਿਵਾਰ ਵਿਚ: ਇਕ ਗਵਾਹ ਪਰਿਵਾਰ ਨੇ ਯਹੋਵਾਹ ਦੇ ਗਵਾਹ ਨਾਜ਼ੀ ਹਮਲੇ ਵਿਰੁੱਧ ਦ੍ਰਿੜ੍ਹ ਖੜ੍ਹੇ ਰਹੇ (ਅੰਗ੍ਰੇਜ਼ੀ) ਵਿਡਿਓ ਦੇਖਿਆ। ਮਾਂ ਨੇ ਬਾਅਦ ਵਿਚ ਕਿਹਾ: “ਮੈਂ ਸਾਰਾ ਦਿਨ ਸੋਚਦੀ ਰਹੀ ਕਿ ਯਹੋਵਾਹ ਨੇ ਕਿਵੇਂ ਸਾਧਾਰਣ ਲੋਕਾਂ ਨੂੰ ਮੁਸ਼ਕਲ ਹਾਲਾਤ ਸਹਿਣ ਦੀ ਤਾਕਤ ਬਖ਼ਸ਼ੀ! ਉਨ੍ਹਾਂ ਦੇ ਹਾਲਾਤਾਂ ਨੇ ਮੈਨੂੰ ਯਾਦ ਕਰਾਇਆ ਕਿ ਮੇਰੀਆਂ ਸਮੱਸਿਆਵਾਂ ਉਨ੍ਹਾਂ ਦੀ ਤੁਲਨਾ ਵਿਚ ਕੁਝ ਵੀ ਨਹੀਂ ਹਨ। ਇਹ ਵਿਡਿਓ ਦੇਖ ਕੇ ਬੱਚਿਆਂ ਨੂੰ ਹੋਰ ਜ਼ਿਆਦਾ ਸਪੱਸ਼ਟ ਤਰੀਕੇ ਨਾਲ ਇਹ ਸਮਝਣ ਵਿਚ ਮਦਦ ਮਿਲੀ ਹੈ ਕਿ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਕਿੰਨੀ ਲੋੜ ਹੈ। ਬਾਅਦ ਵਿਚ ਇਸ ਵਿਡਿਓ ਉੱਤੇ ਚਰਚਾ ਕਰ ਕੇ ਅਸੀਂ ਆਪਣੀਆਂ ਕੁੜੀਆਂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਭਾਵੇਂ ਜਿਹੜੇ ਮਰਜ਼ੀ ਦਬਾਅ ਤੇ ਸਤਾਹਟਾਂ ਆਉਣ, ਉਨ੍ਹਾਂ ਦਾ ਉਹ ਕਿੱਦਾਂ ਡੱਟ ਕੇ ਸਾਮ੍ਹਣਾ ਕਰ ਸਕਦੀਆਂ ਹਨ।”
3 ਸਕੂਲ ਵਿਚ: ਇਕ ਕਿਸ਼ੋਰ ਗਵਾਹ ਨੇ ਇਕ ਰਿਪੋਰਟ ਦੇ ਤੌਰ ਤੇ ਆਪਣੀ ਕਲਾਸ ਨੂੰ ਦ੍ਰਿੜ੍ਹ ਰਹੇ ਵਿਡਿਓ ਦਾ ਕੁਝ ਹਿੱਸਾ ਦਿਖਾਇਆ। ਉਸ ਦੀ ਅਧਿਆਪਕਾ ਨੇ ਕਿਹਾ ਕਿ ਉਹ ਪਹਿਲਾਂ ਗਵਾਹਾਂ ਨੂੰ ਪਸੰਦ ਨਹੀਂ ਕਰਦੀ ਸੀ। ਵਿਡਿਓ ਦੇਖਣ ਤੋਂ ਬਾਅਦ ਉਸ ਨੇ ਕਿਹਾ: “ਇਸ ਵਿਡਿਓ ਨੇ ਯਹੋਵਾਹ ਦੇ ਗਵਾਹਾਂ ਬਾਰੇ ਮੇਰੇ ਨਜ਼ਰੀਏ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਮੈਂ ਵਾਅਦਾ ਕਰਦੀ ਹਾਂ ਕਿ ਅਗਲੀ ਵਾਰ ਜਦੋਂ ਗਵਾਹ ਮੇਰੇ ਘਰ ਆਉਣਗੇ, ਤਾਂ ਮੈਂ ਉਨ੍ਹਾਂ ਦੀ ਗੱਲ ਜ਼ਰੂਰ ਸੁਣਾਂਗੀ ਤੇ ਉਨ੍ਹਾਂ ਨਾਲ ਬਾਈਬਲ ਸਟੱਡੀ ਵੀ ਕਰਾਂਗੀ!” ਸਾਡੇ ਬਾਰੇ ਉਸ ਦੇ ਨਜ਼ਰੀਏ ਨੂੰ ਕਿਸ ਗੱਲ ਨੇ ਬਦਲਿਆ? ਉਸ ਨੇ ਕਿਹਾ ਕਿ ਸਾਡੇ “ਸੱਚੇ ਪਿਆਰ ਤੇ ਵਫ਼ਾਦਾਰੀ” ਨੇ ਉਸ ਦੇ ਨਜ਼ਰੀਏ ਨੂੰ ਬਦਲ ਦਿੱਤਾ।
4 ਸੇਵਕਾਈ ਵਿਚ: ਇਕ ਭੈਣ ਇਕ ਔਰਤ ਨੂੰ ਮਿਲੀ ਜੋ ਸਾਹਿੱਤ ਲੈਣ ਤੋਂ ਹਿਚਕਿਚਾ ਰਹੀ ਸੀ ਹਾਲਾਂਕਿ ਉਹ ਸਾਡੇ ਬਾਰੇ ਤੇ ਸਾਡੇ ਵਿਸ਼ਵਾਸਾਂ ਬਾਰੇ ਕਈ ਸਵਾਲ ਪੁੱਛ ਰਹੀ ਸੀ। ਅਗਲੀ ਵਾਰ ਭੈਣ ਆਪਣੇ ਨਾਲ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਨਾਮਕ ਵਿਡਿਓ ਲੈ ਕੇ ਗਈ ਅਤੇ ਉਸ ਔਰਤ ਤੇ ਉਸ ਦੇ ਪਤੀ ਨੂੰ ਦਿਖਾਇਆ। ਦੋਵੇਂ ਇਸ ਵਿਡਿਓ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਬਾਈਬਲ ਸਟੱਡੀ ਕਰਨ ਲਈ ਮੰਨ ਗਏ। ਵਿਡਿਓ ਨੇ ਉਨ੍ਹਾਂ ਨੂੰ ਚੰਗੀ ਗਵਾਹੀ ਦਿੱਤੀ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਆਪਣੀਆਂ ਜ਼ਿੰਦਗੀਆਂ ਨੂੰ ਢਾਲਣਾ ਸ਼ੁਰੂ ਕਰ ਦਿੱਤਾ।
5 ਇਨ੍ਹਾਂ ਸਾਰੀਆਂ ਵਿਡਿਓ ਫ਼ਿਲਮਾਂ ਤੋਂ ਪੂਰਾ ਲਾਭ ਉਠਾਉਣ ਲਈ ਕੀ ਤੁਸੀਂ ਇਨ੍ਹਾਂ ਨੂੰ ਵਰਤ ਰਹੇ ਹੋ?