ਸਿਖਾਉਣ ਲਈ ਵਿਡਿਓ ਦਿਖਾਓ
1. ਯਹੋਵਾਹ ਨੇ ਆਪਣੇ ਭਗਤਾਂ ਨੂੰ ਸਿਖਾਉਣ ਲਈ ਕੀ ਵਰਤਿਆ ਅਤੇ ਉਨ੍ਹਾਂ ਤੇ ਕੀ ਅਸਰ ਪਿਆ?
1 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਭਗਤਾਂ ਨੂੰ ਜ਼ਰੂਰੀ ਜਾਣਕਾਰੀ ਦੇਣ ਲਈ ਦਰਸ਼ਣ ਅਤੇ ਸੁਪਨੇ ਦਿਖਾਏ ਸਨ। ਮਿਸਾਲ ਲਈ, ਹਿਜ਼ਕੀਏਲ ਨੇ ਦਰਸ਼ਣ ਵਿਚ ਯਹੋਵਾਹ ਦਾ ਅਲੌਕਿਕ ਰਥ ਦੇਖਿਆ ਸੀ। (ਹਿਜ਼. 1:1-28) ਸੋਚੋ ਕਿ ਵਿਸ਼ਵ ਸ਼ਕਤੀਆਂ ਦੇ ਉਤਾਰ-ਚੜ੍ਹਾਅ ਦਾ ਸੁਪਨਾ ਦੇਖ ਕੇ ਦਾਨੀਏਲ ਤੇ ਕੀ ਅਸਰ ਪਿਆ ਹੋਵੇਗਾ। (ਦਾਨੀ. 7:1-15, 28) ਨਾਲੇ “ਪ੍ਰਭੁ ਦੇ ਦਿਨ” ਵਿਚ ਹੋਣ ਵਾਲੀਆਂ ਗੱਲਾਂ ਸੰਬੰਧੀ ਯੂਹੰਨਾ ਰਸੂਲ ਦੇ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੇ ਦਰਸ਼ਣ ਬਾਰੇ ਕੀ? (ਪਰ. 1:1, 10) ਯਹੋਵਾਹ ਨੇ ਉਨ੍ਹਾਂ ਸਾਰਿਆਂ ਨੂੰ ਸਿਖਾਉਣ ਲਈ ਰੰਗਦਾਰ ਅਤੇ ਪ੍ਰਭਾਵਸ਼ਾਲੀ ਚੀਜ਼ਾਂ ਵਰਤੀਆਂ ਜੋ ਜ਼ਿੰਦਗੀ ਭਰ ਲਈ ਉਨ੍ਹਾਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਈਆਂ।
2. ਹੋਰਨਾਂ ਨੂੰ ਬਾਈਬਲ ਸੱਚਾਈਆਂ ਸਿਖਾਉਣ ਲਈ ਅਸੀਂ ਕੀ ਵਰਤ ਸਕਦੇ ਹਾਂ?
2 ਜੇ ਅਸੀਂ ਪ੍ਰਭਾਵਸ਼ਾਲੀ ਤਰੀਕੇ ਨਾਲ ਹੋਰਨਾਂ ਨੂੰ ਬਾਈਬਲ ਸੱਚਾਈਆਂ ਸਮਝਾਉਣੀਆਂ ਚਾਹੁੰਦੇ ਹਾਂ ਜਿਨ੍ਹਾਂ ਨੂੰ ਉਹ ਆਸਾਨੀ ਨਾਲ ਭੁਲਾ ਨਾ ਸਕਣ, ਤਾਂ ਅਸੀਂ ਉਨ੍ਹਾਂ ਨੂੰ ਸਿਖਾਉਣ ਲਈ ਵਿਡਿਓ ਵਰਤ ਸਕਦੇ ਹਾਂ। ਵੱਖੋ-ਵੱਖਰੇ ਵਿਸ਼ਿਆਂ ਤੇ ਤਿਆਰ ਕੀਤੇ ਇਹ ਵਿਡਿਓ ਬਾਈਬਲ ਵਿਚ, ਯਹੋਵਾਹ ਦੇ ਸੰਗਠਨ ਵਿਚ ਅਤੇ ਉਨ੍ਹਾਂ ਸਿਧਾਂਤਾਂ ਵਿਚ ਸਾਡਾ ਭਰੋਸਾ ਪੈਦਾ ਕਰਦੇ ਹਨ ਜਿਨ੍ਹਾਂ ਤੇ ਚੱਲ ਕੇ ਅਸੀਂ ਬਿਹਤਰ ਮਸੀਹੀ ਬਣਦੇ ਹਾਂ। ਕੁਝ ਤਰੀਕਿਆਂ ਤੇ ਗੌਰ ਕਰੋ ਜਿਨ੍ਹਾਂ ਰਾਹੀਂ ਅਸੀਂ ਸਿੱਖਿਆ ਦੇਣ ਲਈ ਵਿਡਿਓ ਵਰਤ ਸਕਦੇ ਹਾਂ। ਅੱਗੇ ਕੁਝ ਵਿਡਿਓ ਦੱਸੇ ਗਏ ਹਨ ਜੋ ਦਿਖਾਏ ਜਾ ਸਕਦੇ ਹਨ।
3. ਸੰਗਠਨ ਵੱਲ ਬਾਈਬਲ ਵਿਦਿਆਰਥੀ ਦਾ ਧਿਆਨ ਖਿੱਚਣ ਲਈ ਅਸੀਂ ਕੀ ਵਰਤ ਸਕਦੇ ਹਾਂ?
3 ਸੇਵਕਾਈ ਵਿਚ: ਕੀ ਤੁਸੀਂ ਆਪਣੇ ਬਾਈਬਲ ਵਿਦਿਆਰਥੀ ਨੂੰ ਆਪਣੇ ਵਿਸ਼ਵ-ਵਿਆਪੀ ਮਸੀਹੀ ਭਾਈਚਾਰੇ ਬਾਰੇ ਦੱਸਦੇ ਰਹਿੰਦੇ ਹੋ? ਉਸ ਨੂੰ ਸਾਡਾ ਭਾਈਚਾਰਾ (ਅੰਗ੍ਰੇਜ਼ੀ) ਨਾਮਕ ਵਿਡਿਓ ਦਿਖਾਓ। ਤੁਸੀਂ ਜਾਂ ਤਾਂ ਉਸ ਨੂੰ ਇਹ ਵਿਡਿਓ ਦੇਖਣ ਲਈ ਦੇ ਸਕਦੇ ਹੋ ਜਾਂ ਅਗਲੀ ਵਾਰ ਇਕੱਠੇ ਬੈਠ ਕੇ ਦੇਖ ਸਕਦੇ ਹੋ। ਫਿਰ ਜੂਨ 2002 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਸਵਾਲਾਂ ਤੇ ਚਰਚਾ ਕਰੋ।
4. ਨੌਜਵਾਨ ਗਵਾਹ ਆਪਣੇ ਸਕੂਲ ਵਿਚ ਕਿਹੜੇ ਸਿੱਖਿਆਦਾਇਕ ਵਿਡਿਓ ਦਿਖਾ ਸਕਦੇ ਹਨ?
4 ਨੌਜਵਾਨੋ, ਤੁਸੀਂ ਆਪਣੇ ਅਧਿਆਪਕ ਨੂੰ ਕਲਾਸ ਵਿਚ ਵਿਡਿਓ ਯਹੋਵਾਹ ਦੇ ਗਵਾਹ ਨਾਜ਼ੀ ਹਮਲੇ ਵਿਰੁੱਧ ਦ੍ਰਿੜ੍ਹ ਖੜ੍ਹੇ ਰਹੇ (ਅੰਗ੍ਰੇਜ਼ੀ) ਜਾਂ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ—ਸੋਵੀਅਤ ਸੰਘ ਵਿਚ ਯਹੋਵਾਹ ਦੇ ਗਵਾਹ (ਅੰਗ੍ਰੇਜ਼ੀ) ਦਿਖਾਉਣ ਲਈ ਪੁੱਛ ਸਕਦੇ ਹੋ। ਫਿਰ ਤੁਸੀਂ ਕਲਾਸ ਵਿਚ ਇਸ ਵਿਡਿਓ ਉੱਤੇ ਚਰਚਾ ਕਰਨ ਲਈ ਇਕ ਪ੍ਰਸ਼ਨ-ਪਰਚਾ ਤਿਆਰ ਕਰਨ ਦੀ ਇਜਾਜ਼ਤ ਮੰਗ ਸਕਦੇ ਹੋ। ਤੁਸੀਂ ਜੂਨ 2001 ਜਾਂ ਫਰਵਰੀ 2003 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਸਵਾਲਾਂ ਨੂੰ ਆਪਣੀ ਕਲਾਸ ਮੁਤਾਬਕ ਢਾਲ਼ ਸਕਦੇ ਹੋ।
5. ਕਿਹੜਾ ਵਿਡਿਓ ਪਰਿਵਾਰਕ ਅਧਿਐਨ ਵਿਚ ਦੇਖਿਆ ਜਾ ਸਕਦਾ ਹੈ?
5 ਪਰਿਵਾਰਾਂ ਤੇ ਦੋਸਤਾਂ ਨਾਲ: ਮਾਪਿਓ, ਤੁਹਾਡੇ ਬੱਚਿਆਂ ਨੂੰ ਵਿਡਿਓ ਨੌਜਵਾਨ ਪੁੱਛਦੇ ਹਨ—ਮੈਂ ਸੱਚੇ ਦੋਸਤ ਕਿਵੇਂ ਬਣਾ ਸਕਦਾ ਹਾਂ? (ਅੰਗ੍ਰੇਜ਼ੀ) ਦੇਖਿਆਂ ਕਿੰਨਾ ਕੁ ਚਿਰ ਹੋ ਗਿਆ ਹੈ? ਕਿਉਂ ਨਾ ਤੁਸੀਂ ਅਗਲੇ ਪਰਿਵਾਰਕ ਅਧਿਐਨ ਵਿਚ ਇਸ ਨੂੰ ਦੁਬਾਰਾ ਦੇਖੋ? ਫਿਰ ਖੁੱਲ੍ਹ ਕੇ ਇਸ ਉੱਤੇ ਚਰਚਾ ਕਰੋ। ਚਰਚਾ ਨੂੰ ਰੋਚਕ ਬਣਾਉਣ ਲਈ ਅਪ੍ਰੈਲ 2002 ਦੀ ਸਾਡੀ ਰਾਜ ਸੇਵਕਾਈ ਵਿਚ ਸਵਾਲ ਦਿੱਤੇ ਗਏ ਹਨ।
6. ਤੁਸੀਂ ਆਪਣੇ ਦੋਸਤਾਂ ਨਾਲ ਵਧੀਆ ਸਮਾਂ ਗੁਜ਼ਾਰਨ ਦਾ ਇੰਤਜ਼ਾਮ ਕਿਵੇਂ ਕਰ ਸਕਦੇ ਹੋ?
6 ਕੀ ਤੁਸੀਂ ਕਲੀਸਿਯਾ ਵਿਚ ਆਪਣੇ ਕੁਝ ਦੋਸਤਾਂ ਨੂੰ ਆਪਣੇ ਘਰ ਬੁਲਾਉਣਾ ਚਾਹੁੰਦੇ ਹੋ? ਯਹੋਵਾਹ ਦੇ ਅਧਿਕਾਰ ਦਾ ਆਦਰ ਕਰੋ (ਅੰਗ੍ਰੇਜ਼ੀ) ਵਿਡਿਓ ਇਕੱਠਿਆਂ ਦੇਖਣ ਨਾਲ ਤੁਹਾਡੀ ਸ਼ਾਮ ਵਧੀਆ ਬੀਤੇਗੀ, ਖ਼ਾਸਕਰ ਜੇ ਤੁਸੀਂ ਵਿਡਿਓ ਦੇਖਣ ਤੋਂ ਬਾਅਦ ਸਤੰਬਰ 2004 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਸਵਾਲਾਂ ਨੂੰ ਵਰਤ ਕੇ ਸਿੱਖੀਆਂ ਗੱਲਾਂ ਤੇ ਵਿਚਾਰ ਕਰਦੇ ਹੋ।
7. ਤੁਸੀਂ ਹੋਰ ਕਿਨ੍ਹਾਂ ਨੂੰ ਵਿਡਿਓ ਦਿਖਾਉਣ ਬਾਰੇ ਸੋਚ ਸਕਦੇ ਹੋ?
7 ਹੋਰ ਵਧੀਆ ਮੌਕੇ: ਹੋਰ ਕਿਨ੍ਹਾਂ ਤਰੀਕਿਆਂ ਨਾਲ ਤੁਸੀਂ 20 ਵੱਖੋ-ਵੱਖਰੇ ਵਿਡਿਓ ਇਸਤੇਮਾਲ ਕਰ ਸਕਦੇ ਹੋ? ਜਿਨ੍ਹਾਂ ਲੋਕਾਂ ਨਾਲ ਤੁਸੀਂ ਬਾਕਾਇਦਾ ਪੁਨਰ-ਮੁਲਾਕਾਤਾਂ ਕਰਦੇ ਹੋ, ਕੀ ਉਨ੍ਹਾਂ ਨੂੰ ਇਕ-ਦੋ ਵਿਡਿਓ ਦਿਖਾ ਕੇ ਉਨ੍ਹਾਂ ਦੀ ਰੁਚੀ ਵਧਾਈ ਜਾ ਸਕਦੀ ਹੈ? ਕੀ ਤੁਸੀਂ ਕਿਸੇ ਨਰਸਿੰਗ ਹੋਮ ਜਾਂ ਬਿਰਧ ਆਸ਼ਰਮ ਵਿਚ ਵਿਡਿਓ ਦਿਖਾਉਣ ਦਾ ਇੰਤਜ਼ਾਮ ਕਰ ਸਕਦੇ ਹੋ? ਕੀ ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਸਹਿਕਰਮੀਆਂ ਨੂੰ ਇਹ ਵਿਡਿਓ ਦਿਖਾਉਣ ਨਾਲ ਉਨ੍ਹਾਂ ਦਾ ਗਵਾਹਾਂ ਪ੍ਰਤੀ ਆਦਰ ਵਧੇਗਾ? ਸਾਡੇ ਵਿਡਿਓ ਅਸਰਕਾਰੀ, ਸਿੱਖਿਆਦਾਇਕ ਅਤੇ ਗੁਣਕਾਰੀ ਹਨ। ਸਿੱਖਿਆ ਦੇਣ ਲਈ ਇਨ੍ਹਾਂ ਨੂੰ ਵਰਤੋ।