ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ
1 ਇਸ ਡਾਵਾਂ-ਡੋਲ ਦੁਨੀਆਂ ਵਿਚ ਨਿਹਚਾ ਵਿਚ ਦ੍ਰਿੜ੍ਹ ਖੜ੍ਹੇ ਰਹਿਣ ਲਈ ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਅਸੀਂ ਹਰ ਰੋਜ਼ ਇਹ ਭਰੋਸਾ ਕਿਵੇਂ ਦਿਖਾ ਸਕਦੇ ਹਾਂ? ਯਹੋਵਾਹ ਉੱਤੇ ਭਰੋਸਾ ਰੱਖਣ ਨਾਲ ਸਾਡੀ ਆਪਣੀ ਜ਼ਿੰਦਗੀ ਅਤੇ ਪਰਿਵਾਰਕ ਜ਼ਿੰਦਗੀ ਤੇ ਕੀ ਅਸਰ ਪੈਂਦਾ ਹੈ? ਇਹ ਸ਼ਤਾਨ ਦੀ ਦੁਨੀਆਂ ਦੇ ਪ੍ਰਭਾਵ ਤੋਂ ਬਚਣ ਵਿਚ ਕਿਵੇਂ ਸਾਡੀ ਮਦਦ ਕਰਦਾ ਹੈ? 2003 ਸੇਵਾ ਸਾਲ ਦਾ ਸਰਕਟ ਸੰਮੇਲਨ ਪ੍ਰੋਗ੍ਰਾਮ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਾ ਹੈ। ਇਸ ਦਾ ਵਿਸ਼ਾ ਹੈ “ਯਹੋਵਾਹ ਉੱਤੇ ਭਰੋਸਾ ਰੱਖੋ ਅਤੇ ਭਲਿਆਈ ਕਰੋ।”—ਜ਼ਬੂ. 37:3.
2 ਅਸੀਂ ਸਿਰਫ਼ ਖ਼ਾਸ ਮੌਕਿਆਂ ਤੇ ਜਾਂ ਮੁਸ਼ਕਲ ਸਮਿਆਂ ਵਿਚ ਹੀ ਯਹੋਵਾਹ ਉੱਤੇ ਭਰੋਸਾ ਨਹੀਂ ਦਿਖਾਉਂਦੇ। ਅਸੀਂ ਹਰ ਰੋਜ਼ ਇਹ ਭਰੋਸਾ ਦਿਖਾਉਂਦੇ ਹਾਂ। “ਹਰ ਵੇਲੇ ਯਹੋਵਾਹ ਉੱਤੇ ਭਰੋਸਾ ਰੱਖੋ” ਨਾਮਕ ਪਹਿਲੇ ਭਾਸ਼ਣ ਵਿਚ ਇਸੇ ਗੱਲ ਉੱਤੇ ਜ਼ੋਰ ਦਿੱਤਾ ਜਾਵੇਗਾ। (ਜ਼ਬੂ. 62:8) ਚਾਰ ਭਾਗਾਂ ਦੀ ਭਾਸ਼ਣ-ਲੜੀ “ਯਹੋਵਾਹ ਉੱਤੇ ਆਪਣੇ ਭਰੋਸੇ ਦਾ ਸਬੂਤ ਦੇਣਾ” ਵਿਚ ਦੱਸਿਆ ਜਾਵੇਗਾ ਕਿ ਅਸੀਂ ਆਪਣੇ ਵਿਆਹ ਨੂੰ ਸਫ਼ਲ ਬਣਾਉਣ, ਪਰਿਵਾਰ ਵਿਚ ਉੱਠਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਆਪਣੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਦੇ ਸੰਬੰਧ ਵਿਚ ਕਿਵੇਂ ਬਾਈਬਲ-ਆਧਾਰਿਤ ਜਾਣਕਾਰੀ ਲੱਭ ਕੇ ਇਸ ਨੂੰ ਲਾਗੂ ਕਰ ਸਕਦੇ ਹਾਂ।
3 ਸ਼ਤਾਨ ਦੀ ਦੁਨੀਆਂ ਸਹੀ ਅਤੇ ਗ਼ਲਤ ਬਾਰੇ ਆਪਣੇ ਵਿਚਾਰਾਂ ਨੂੰ ਸਾਡੇ ਉੱਤੇ ਥੋਪਣ ਅਤੇ ਸਾਨੂੰ ਉਲਝਣ ਵਿਚ ਪਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਸਾਡੇ ਲਈ ਕੀ ਜ਼ਰੂਰੀ ਹੈ ਤੇ ਕੀ ਨਹੀਂ। (ਯਸਾ. 5:20) “ਜ਼ਿੰਦਗੀ ਦੀਆਂ ਵਿਅਰਥ ਚੀਜ਼ਾਂ ਤੋਂ ਬਚੋ” ਅਤੇ “ਬੁਰਿਆਈ ਤੋਂ ਦੂਰ ਰਹੋ, ਭਲਿਆਈ ਕਰੋ” ਭਾਸ਼ਣ ਯਹੋਵਾਹ ਦੇ ਉੱਚੇ ਮਿਆਰਾਂ ਤੇ ਚੱਲਣ ਦੇ ਸਾਡੇ ਇਰਾਦੇ ਨੂੰ ਪੱਕਾ ਕਰਨਗੇ।—ਆਮੋ. 5:14.
4 ਜਦੋਂ ਯਹੋਵਾਹ ਇਸ ਦੁਨੀਆਂ ਦਾ ਅੰਤ ਕਰੇਗਾ, ਤਾਂ ਉਸ ਦੇ ਸੇਵਕਾਂ ਨੂੰ ਉਸ ਉੱਤੇ ਪੂਰਾ ਭਰੋਸਾ ਰੱਖਣ ਦੀ ਲੋੜ ਪਵੇਗੀ। ਇਸ ਬਾਰੇ ਪਬਲਿਕ ਭਾਸ਼ਣ ਵਿਚ ਦੱਸਿਆ ਜਾਵੇਗਾ ਜਿਸ ਦਾ ਵਿਸ਼ਾ ਹੈ, “ਦੁੱਖਾਂ-ਤਕਲੀਫ਼ਾਂ ਤੋਂ ਜਲਦੀ ਹੀ ਛੁਟਕਾਰਾ।” ਉਸ ਤੋਂ ਬਾਅਦ ਸਾਨੂੰ ਆਪਣੇ ਆਪ ਦੀ ਜਾਂਚ ਕਰਨ ਦਾ ਸੱਦਾ ਦਿੱਤਾ ਜਾਵੇਗਾ ਕਿ “ਕੀ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਜਾਓਗੇ?” ਪ੍ਰੋਗ੍ਰਾਮ ਦਾ ਆਖ਼ਰੀ ਭਾਸ਼ਣ ਸਾਨੂੰ ਇਹ ਉਤਸ਼ਾਹ ਦੇਵੇਗਾ: “ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਰੱਖੋ।”
5 ਬਪਤਿਸਮੇ ਦਾ ਭਾਸ਼ਣ ਹਰ ਸੰਮੇਲਨ ਦੀ ਖ਼ਾਸੀਅਤ ਹੁੰਦਾ ਹੈ। ਜੇ ਕੋਈ ਪ੍ਰਕਾਸ਼ਕ ਬਪਤਿਸਮਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਛੇਤੀ ਤੋਂ ਛੇਤੀ ਪ੍ਰਧਾਨ ਨਿਗਾਹਬਾਨ ਨੂੰ ਦੱਸਣਾ ਚਾਹੀਦਾ ਹੈ ਤਾਂਕਿ ਜ਼ਰੂਰੀ ਇੰਤਜ਼ਾਮ ਕੀਤੇ ਜਾ ਸਕਣ।
6 ਇਨ੍ਹਾਂ ਬਦਲਦੇ ਸਮਿਆਂ ਵਿਚ ਯਹੋਵਾਹ ਹੀ ਸਾਡੀ ਭਰੋਸੇ ਅਤੇ ਦ੍ਰਿੜ੍ਹਤਾ ਨਾਲ ਖੜ੍ਹੇ ਰਹਿਣ ਵਿਚ ਮਦਦ ਕਰ ਸਕਦਾ ਹੈ। (ਜ਼ਬੂ. 118:8, 9) ਆਓ ਆਪਾਂ ਸਰਕਟ ਸੰਮੇਲਨ ਦੇ ਪੂਰੇ ਪ੍ਰੋਗ੍ਰਾਮ ਵਿਚ ਹਾਜ਼ਰ ਹੋ ਕੇ ਆਪਣੇ ਭਰੋਸੇ ਨੂੰ ਪੱਕਾ ਕਰੀਏ।