ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ
ਅਸੀਂ ਜਾਣਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਸਾਡਾ ਪਿਆਰ ਤੇ ਸਾਡੀ ਅਣਵੰਡੀ ਭਗਤੀ ਲੈਣ ਦਾ ਹੱਕਦਾਰ ਹੈ। ਪਰ ਇਹ ਦੁਨੀਆਂ ਸਾਨੂੰ ਭਰਮਾ ਕੇ ਪਰਮੇਸ਼ੁਰ ਨਾਲ ਸਾਡੇ ਗੂੜ੍ਹੇ ਰਿਸ਼ਤੇ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦੀ ਹੈ। (ਯੂਹੰ. 17:14) ਸਾਲ 2001 ਦਾ ਨਵਾਂ ਸਰਕਟ ਸੰਮੇਲਨ ਯਹੋਵਾਹ ਦੇ ਨਾਲ ਸਾਡੇ ਪਿਆਰ ਨੂੰ ਹੋਰ ਵੀ ਗੂੜ੍ਹਾ ਕਰੇਗਾ। ਨਾਲੇ ਇਹ ਸਾਡੀ ਅਧਿਆਤਮਿਕਤਾ ਨੂੰ ਖ਼ਤਰੇ ਵਿਚ ਪਾਉਣ ਵਾਲੀਆਂ ਸੰਸਾਰ ਦੀਆਂ ਚੀਜ਼ਾਂ ਦਾ ਵਿਰੋਧ ਕਰਨ ਵਿਚ ਵੀ ਸਾਨੂੰ ਤਕੜਿਆਂ ਕਰੇਗਾ। ਇਸ ਪ੍ਰੋਗ੍ਰਾਮ ਦਾ ਵਿਸ਼ਾ ਹੋਵੇਗਾ: “ਸੰਸਾਰ ਦੀਆਂ ਵਸਤਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਪ੍ਰੇਮ ਕਰੋ।”—1 ਯੂਹੰ. 2:15-17.
ਯਹੋਵਾਹ ਲਈ ਸਾਡਾ ਦਿਲੀ ਪਿਆਰ ਸਾਨੂੰ ਉਸ ਬਾਰੇ ਗਵਾਹੀ ਦੇਣ ਲਈ ਮਜਬੂਰ ਕਰਦਾ ਹੈ। ਫਿਰ ਵੀ, ਪਰਮੇਸ਼ੁਰ ਦੇ ਕਈ ਲੋਕਾਂ ਲਈ ਪ੍ਰਚਾਰ ਕਰਨਾ ਕੋਈ ਸੌਖੀ ਗੱਲ ਨਹੀਂ ਹੈ। “ਪਰਮੇਸ਼ੁਰ ਲਈ ਪ੍ਰੇਮ ਸਾਨੂੰ ਆਪਣੀ ਸੇਵਕਾਈ ਵਿਚ ਪ੍ਰੇਰਦਾ ਹੈ” ਨਾਮਕ ਭਾਸ਼ਣ ਦੱਸੇਗਾ ਕਿ ਕਿਵੇਂ ਪ੍ਰਚਾਰ ਵਿਚ ਪੂਰਾ ਹਿੱਸਾ ਲੈਣ ਲਈ ਬਹੁਤ ਸਾਰੇ ਭੈਣ-ਭਰਾਵਾਂ ਨੇ ਆਪਣੇ ਸ਼ਰਮੀਲੇਪਣ ਉੱਤੇ ਕਾਬੂ ਪਾਇਆ ਹੈ ਤੇ ਕਿਵੇਂ ਦੂਜੀਆਂ ਕਈ ਔਕੜਾਂ ਨੂੰ ਪਾਰ ਕੀਤਾ ਹੈ।
ਦੁਨੀਆਂ ਦੇ ਡਿੱਗਦੇ ਜਾ ਰਹੇ ਮਿਆਰ ਸਾਡੇ ਤੇ ਕਿਵੇਂ ਅਸਰ ਪਾਉਂਦੇ ਹਨ? ਜਿਨ੍ਹਾਂ ਕੰਮਾਂ ਨੂੰ ਪਹਿਲਾਂ ਬੁਰਾ ਸਮਝਿਆ ਜਾਂਦਾ ਸੀ, ਹੁਣ ਉਹ ਆਮ ਹੋ ਗਏ ਹਨ। “ਯਹੋਵਾਹ ਦੇ ਪ੍ਰੇਮੀ ਬੁਰਿਆਈ ਤੋਂ ਨਫ਼ਰਤ ਕਰਦੇ ਹਨ” ਨਾਮਕ ਭਾਸ਼ਣ ਅਤੇ “ਅਸੀਂ ਸੰਸਾਰ ਦੀਆਂ ਵਸਤਾਂ ਨੂੰ ਕਿਵੇਂ ਵਿਚਾਰਦੇ ਹਾਂ?” ਨਾਮਕ ਭਾਸ਼ਣ-ਲੜੀ ਗ਼ਲਤ ਇੱਛਾਵਾਂ ਤੋਂ ਦੂਰ ਰਹਿਣ ਦੇ ਸਾਡੇ ਇਰਾਦੇ ਨੂੰ ਹੋਰ ਵੀ ਮਜ਼ਬੂਤ ਬਣਾਏਗੀ।
ਪ੍ਰੋਗ੍ਰਾਮ ਵਿਚ ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਸੇਵਾ ਸਭਾ ਦਾ ਇਕ ਨਮੂਨਾ ਪੇਸ਼ ਕੀਤਾ ਜਾਵੇਗਾ ਤੇ ਨਾਲ ਹੀ ਉਸ ਹਫ਼ਤੇ ਦੇ ਪਹਿਰਾਬੁਰਜ ਅਧਿਐਨ ਦਾ ਸਾਰ ਪੇਸ਼ ਕੀਤਾ ਜਾਵੇਗਾ। “ਪ੍ਰੇਮ ਅਤੇ ਨਿਹਚਾ ਸੰਸਾਰ ਉੱਤੇ ਕਿਵੇਂ ਜਿੱਤ ਪਾਉਂਦੇ ਹਨ” ਨਾਮਕ ਪਬਲਿਕ ਭਾਸ਼ਣ ਯਿਸੂ ਵਾਂਗ ਦੁਨੀਆਂ ਦੇ ਦਬਾਵਾਂ ਦਾ ਵਿਰੋਧ ਕਰਨ ਵਿਚ ਸਾਡੀ ਹਿੰਮਤ ਵਧਾਏਗਾ। (ਯੂਹੰ. 16:33) ਇਸ ਸੰਮੇਲਨ ਵਿਚ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਬੁਲਾਉਣਾ ਨਾ ਭੁੱਲੋ। ਜੇ ਕੋਈ ਬਪਤਿਸਮਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਛੇਤੀ ਤੋਂ ਛੇਤੀ ਪ੍ਰਧਾਨ ਨਿਗਾਹਬਾਨ ਨੂੰ ਦੱਸਣਾ ਚਾਹੀਦਾ ਹੈ ਤਾਂਕਿ ਲੋੜੀਂਦੇ ਇੰਤਜ਼ਾਮ ਕੀਤੇ ਜਾ ਸਕਣ।
ਇਹ ਸਰਕਟ ਸੰਮੇਲਨ ਸਾਡਾ ਧਿਆਨ ਇਸ ਗੱਲ ਵੱਲ ਖਿੱਚੇਗਾ ਕਿ ਸਾਨੂੰ ਯਹੋਵਾਹ ਦੀਆਂ ਭਰਪੂਰ ਬਰਕਤਾਂ ਦਾ ਆਨੰਦ ਮਾਣਨ ਲਈ ਕਿਸ ਚੀਜ਼ ਨਾਲ ਪਿਆਰ ਕਰਨਾ ਚਾਹੀਦਾ ਹੈ। ਇਸ ਲਈ, ਕੋਈ ਵੀ ਭਾਸ਼ਣ ਸੁਣਨ ਤੋਂ ਨਾ ਖੁੰਝੋ!