ਪਰਮੇਸ਼ੁਰ ਦੇ ਸੇਵਕਾਂ ਲਈ ਇਕ ਪ੍ਰਬੰਧ
1. ਸੰਨ 1938 ਵਿਚ ਕਿਹੜਾ ਨਵਾਂ ਪ੍ਰਬੰਧ ਸ਼ੁਰੂ ਕੀਤਾ ਗਿਆ ਸੀ ਤੇ ਉਸ ਦਾ ਕੀ ਮਕਸਦ ਸੀ?
1 ਸੰਨ 1938 ਵਿਚ ਯਹੋਵਾਹ ਦੀ ਸੰਸਥਾ ਨੇ ਇਕ ਨਵਾਂ ਪ੍ਰਬੰਧ ਕੀਤਾ। ਕਲੀਸਿਯਾਵਾਂ ਦੇ ਗਰੁੱਪਾਂ ਨੂੰ ਜ਼ੋਨ ਸੰਮੇਲਨਾਂ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੂੰ ਅੱਜ ਸਰਕਟ ਸੰਮੇਲਨ ਕਿਹਾ ਜਾਂਦਾ ਹੈ। ਇਸ ਦਾ ਮਕਸਦ? ਜਨਵਰੀ 1939 ਦਾ ਇਨਫ਼ਾਰਮੈਂਟ (ਹੁਣ ਸਾਡੀ ਰਾਜ ਸੇਵਕਾਈ) ਕਹਿੰਦਾ ਹੈ: “ਇਹ ਸੰਮੇਲਨ ਪ੍ਰਚਾਰ ਸੇਵਾ ਪੂਰੀ ਕਰਨ ਲਈ ਯਹੋਵਾਹ ਦੀ ਸੰਸਥਾ ਦਾ ਅਟੁੱਟ ਹਿੱਸਾ ਹਨ। ਉੱਥੋਂ ਮਿਲਦੀਆਂ ਹਿਦਾਇਤਾਂ ਸਾਡੇ ਸਾਰਿਆਂ ਲਈ ਜ਼ਰੂਰੀ ਹਨ ਤਾਂਕਿ ਅਸੀਂ ਉਹ ਕੰਮ ਸਹੀ ਤਰ੍ਹਾਂ ਕਰ ਸਕੀਏ ਜੋ ਸਾਨੂੰ ਸੌਂਪਿਆ ਗਿਆ ਹੈ।” ਜਦੋਂ ਅਸੀਂ ਗੌਰ ਕਰਦੇ ਹਾਂ ਕਿ 1938 ਵਿਚ ਪ੍ਰਚਾਰਕਾਂ ਦੀ ਗਿਣਤੀ 58,000 ਸੀ ਤੇ 2009 ਵਿਚ 70,00,000 ਹੈ, ਤਾਂ ਇਹ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਜ਼ੋਨ ਸੰਮੇਲਨ ਆਪਣਾ ਮਕਸਦ ਪੂਰਾ ਕਰ ਰਹੇ ਹਨ ਕਿਉਂਕਿ ਅਸੀਂ ‘ਸੌਂਪਿਆ ਗਿਆ ਕੰਮ’ ਪੂਰਾ ਕਰ ਪਾ ਰਹੇ ਹਾਂ!
2. ਨਵੇਂ ਸੇਵਾ ਸਾਲ ਦੌਰਾਨ ਸਰਕਟ ਸੰਮੇਲਨ ਵਿਚ ਕਿਹੜੇ ਭਾਸ਼ਣ ਦਿੱਤੇ ਜਾਣਗੇ?
2 ਨਵੇਂ ਸੇਵਾ ਸਾਲ ਦੇ ਸੰਮੇਲਨ ਦਾ ਵਿਸ਼ਾ: ਸਰਕਟ ਸੰਮੇਲਨਾਂ ਤੋਂ ਸਾਨੂੰ ਕਾਫ਼ੀ ਹੌਸਲਾ ਮਿਲਦਾ ਹੈ, ਇਸ ਕਰਕੇ ਅਸੀਂ ਸਤੰਬਰ ਵਿਚ ਸ਼ੁਰੂ ਹੋ ਰਹੇ ਪ੍ਰੋਗ੍ਰਾਮ ਲਈ ਉਤਾਵਲੇ ਹਾਂ। ਸੰਮੇਲਨ ਦਾ ਵਿਸ਼ਾ “ਤੁਸੀਂ ਜਗਤ ਦੇ ਨਹੀਂ ਹੋ” ਯੂਹੰਨਾ 15:19 ਤੋਂ ਲਿਆ ਗਿਆ ਹੈ। ਪਰਮੇਸ਼ੁਰ ਦੇ ਸੇਵਕਾਂ ਨੂੰ ਕਿਹੜੇ ਕੁਝ ਭਾਸ਼ਣਾਂ ਤੋਂ ਜ਼ਰੂਰ ਫ਼ਾਇਦਾ ਹੋਵੇਗਾ? ਸ਼ਨੀਵਾਰ ਨੂੰ “ਫੁੱਲ-ਟਾਈਮ ਸੇਵਾ ਸਾਨੂੰ ਕਿੱਦਾਂ ਬਚਾਈ ਰੱਖਦੀ ਹੈ?” ਨਾਂ ਦਾ ਭਾਸ਼ਣ ਦਿੱਤਾ ਜਾਵੇਗਾ। ਫਿਰ ਅਸੀਂ ਤਿੰਨ ਹਿੱਸਿਆਂ ਵਾਲੀ ਭਾਸ਼ਣ-ਲੜੀ ਸੁਣਾਂਗੇ ਜਿਸ ਵਿਚ ਸਾਨੂੰ ‘ਦਰਿੰਦੇ,’ ‘ਵੱਡੀ ਕੰਜਰੀ’ ਅਤੇ ‘ਵਪਾਰੀਆਂ’ ਤੋਂ ਬਚੇ ਰਹਿਣ ਦੀ ਸਲਾਹ ਦਿੱਤੀ ਜਾਵੇਗੀ। ਐਤਵਾਰ ਨੂੰ ਅਸੀਂ ਭਾਸ਼ਣ-ਲੜੀ ਸੁਣਾਂਗੇ ਜਿਸ ਦਾ ਵਿਸ਼ਾ ਹੋਵੇਗਾ: “ਯਹੋਵਾਹ ਨੂੰ ਪਿਆਰ ਕਰੋ, ਸੰਸਾਰ ਨੂੰ ਨਹੀਂ।” ਹੋਰ ਭਾਸ਼ਣ ਹੋਣਗੇ, “‘ਪਰਦੇਸੀਆਂ ਅਤੇ ਮੁਸਾਫ਼ਰਾਂ’ ਵਜੋਂ ਜੀਓ,” ਅਤੇ “ਹੌਂਸਲਾ ਰੱਖੋ, ਤੁਸੀਂ ਜਗਤ ਨੂੰ ਜਿੱਤ ਸਕਦੇ ਹੋ।”
3. ਸਰਕਟ ਸੰਮੇਲਨ ਵਿਚ ਜਾ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
3 ਇਕ ਭੈਣ ਪ੍ਰਚਾਰ ਵਿਚ ਢਿੱਲ-ਮੱਠ ਕਰਨ ਲੱਗ ਪਈ ਸੀ, ਪਰ ਹਾਲ ਹੀ ਦੇ ਇਕ ਸਰਕਟ ਸੰਮੇਲਨ ਵਿਚ ਜਾ ਕੇ ਪ੍ਰੋਗ੍ਰਾਮ ਸੁਣਨ ਤੋਂ ਬਾਅਦ ਉਸ ਨੇ ਆਪਣੇ ਹਾਲਾਤਾਂ ʼਤੇ ਦੁਬਾਰਾ ਗੌਰ ਕੀਤਾ ਤੇ ਲਿਖਿਆ ਕਿ ਉਸ ਨੇ “ਪ੍ਰਚਾਰ ਸੇਵਾ ਵਿਚ ਫਿਰ ਤੋਂ ਲੱਗਣ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਬਹਾਨੇ ਕਰਨੇ ਛੱਡ ਦਿੱਤੇ ਹਨ!” ਕੋਈ ਸ਼ੱਕ ਨਹੀਂ ਕਿ ਨਵੇਂ ਸੇਵਾ ਸਾਲ ਦਾ ਸਰਕਟ ਸੰਮੇਲਨ ਸਾਨੂੰ ਸੰਸਾਰ ਨੂੰ ਨਹੀਂ, ਸਗੋਂ ਯਹੋਵਾਹ ਨੂੰ ਪਿਆਰ ਕਰਨ ਵਿਚ ਮਦਦ ਦੇਵੇਗਾ। (1 ਯੂਹੰ. 2:15-17) ਸਰਕਟ ਸੰਮੇਲਨ ਪਰਮੇਸ਼ੁਰ ਦੇ ਸੇਵਕਾਂ ਲਈ ਪਿਆਰ ਭਰਿਆ ਪ੍ਰਬੰਧ ਹੈ, ਸੋ ਆਓ ਆਪਾਂ ਉੱਥੇ ਹਾਜ਼ਰ ਹੋ ਕੇ ਫ਼ਾਇਦਾ ਉਠਾਉਣ ਦਾ ਪੂਰਾ ਜਤਨ ਕਰੀਏ!