ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ
ਇਨ੍ਹਾਂ ‘ਭੈੜੇ ਸਮਿਆਂ’ ਵਿਚ ਸਾਨੂੰ ਪਰਮੇਸ਼ੁਰੀ ਬੁੱਧ ਦੀ ਲੋੜ ਹੈ ਤਾਂਕਿ ਸਾਡੇ ਉੱਤੇ ਹਮੇਸ਼ਾ ਯਹੋਵਾਹ ਦੀ ਮਿਹਰ ਬਣੀ ਰਹੇ। (2 ਤਿਮੋ. 3:1) 2005 ਸੇਵਾ ਸਾਲ ਵਿਚ ਹੋਣ ਵਾਲੇ ਸਰਕਟ ਸੰਮੇਲਨ ਵਿਚ ਸਾਨੂੰ ਚੰਗੀਆਂ ਸਲਾਹਾਂ ਤੇ ਉਤਸ਼ਾਹ ਦਿੱਤਾ ਜਾਵੇਗਾ। ਸੰਮੇਲਨ ਦਾ ਵਿਸ਼ਾ ਹੋਵੇਗਾ: “ਪਰਮੇਸ਼ੁਰ ਦੀ ਬੁੱਧ ਅਨੁਸਾਰ ਚੱਲੋ।”—ਯਾਕੂ. 3:17.
“ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰੀ ਬੁੱਧ ਦਾ ਸਬੂਤ ਦੇਣਾ” ਨਾਮਕ ਪਹਿਲੀ ਭਾਸ਼ਣ-ਲੜੀ ਵਿਚ ਦੱਸਿਆ ਜਾਵੇਗਾ ਕਿ ਪਵਿੱਤਰ, ਮਿਲਣਸਾਰ, ਸ਼ੀਲ ਸੁਭਾਅ ਅਤੇ ਹਠ ਤੋਂ ਰਹਿਤ ਇਨਸਾਨ ਬਣਨ ਲਈ ਸਾਨੂੰ ਕੀ ਕਰਨਾ ਪਵੇਗਾ। ਫਿਰ ਸਰਕਟ ਨਿਗਾਹਬਾਨ ਪਰਮੇਸ਼ੁਰੀ ਬੁੱਧ ਦੇ ਤਿੰਨ ਪਹਿਲੂਆਂ ਉੱਤੇ ਚਰਚਾ ਕਰੇਗਾ। ਪਹਿਲੇ ਦਿਨ ਦਾ ਆਖ਼ਰੀ ਭਾਸ਼ਣ ਜ਼ਿਲ੍ਹਾ ਨਿਗਾਹਬਾਨ ਦੇਵੇਗਾ। ਇਸ ਵਿਚ ਸਮਝਾਇਆ ਜਾਵੇਗਾ ਕਿ ਮਸੀਹੀ ਪ੍ਰਚਾਰਕ ਪਰਮੇਸ਼ੁਰੀ ਬੁੱਧ ਦਾ ਪ੍ਰਚਾਰ ਕਰਨ ਦੇ ਯੋਗ ਹਨ ਭਾਵੇਂ ਕੁਝ ਲੋਕ ਉਨ੍ਹਾਂ ਦੀ ਨਿੰਦਿਆ ਕਰਦੇ ਹੋਏ ਕਹਿੰਦੇ ਹਨ ਕਿ ਉਹ “ਵਿਦਵਾਨ ਨਹੀਂ ਸਗੋਂ ਆਮ ਵਿੱਚੋਂ ਹਨ।”—ਰਸੂ. 4:13.
ਦੂਸਰੇ ਦਿਨ ਤੇ ਇਕ ਹੋਰ ਭਾਸ਼ਣ-ਲੜੀ “ਗੁਣਕਾਰ ਕੰਮਾਂ ਵਿਚ ਲੱਗੇ ਰਹੋ” ਵਿਚ ਸਪੱਸ਼ਟ ਕੀਤਾ ਜਾਵੇਗਾ ਕਿ ਕਿਹੜੀਆਂ ਗੱਲਾਂ ਸਾਨੂੰ ਅਧਿਆਤਮਿਕ ਤੌਰ ਤੇ ਕਮਜ਼ੋਰ ਕਰ ਸਕਦੀਆਂ ਹਨ ਅਤੇ ਇਨ੍ਹਾਂ ਤੋਂ ਅਸੀਂ ਕਿਵੇਂ ਬਚਣਾ ਹੈ। ਇਸ ਵਿਚ ਇਹ ਵੀ ਦੱਸਿਆ ਜਾਵੇਗਾ ਕਿ ਅਸੀਂ ਕਲੀਸਿਯਾ ਸਭਾਵਾਂ ਵਿਚ, ਪ੍ਰਚਾਰ ਦੌਰਾਨ ਅਤੇ ਘਰ ਵਿਚ ਦੂਸਰਿਆਂ ਦੀ ਹੌਸਲਾ-ਅਫ਼ਜ਼ਾਈ ਕਿਵੇਂ ਕਰ ਸਕਦੇ ਹਾਂ। ਪਬਲਿਕ ਭਾਸ਼ਣ “ਪਰਮੇਸ਼ੁਰੀ ਬੁੱਧ ਦੇ ਲਾਭ” ਸਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਪਰਮੇਸ਼ੁਰ ਦੇ ਅਸੂਲ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਨਾਲ ਸਾਨੂੰ ਕਿੰਨੇ ਸਾਰੇ ਫ਼ਾਇਦੇ ਹੁੰਦੇ ਹਨ। ਸੰਮੇਲਨ ਦਾ ਆਖ਼ਰੀ ਭਾਸ਼ਣ “ਪਰਮੇਸ਼ੁਰ ਦੀ ਬੁੱਧ ਉੱਤੇ ਚੱਲਣ ਨਾਲ ਅਸੀਂ ਸੁਰੱਖਿਅਤ ਰਹਿੰਦੇ ਹਾਂ” ਸਾਡੇ ਇਰਾਦੇ ਨੂੰ ਹੋਰ ਪੱਕਾ ਕਰੇਗਾ ਕਿ ਅਸੀਂ ਇਨ੍ਹਾਂ ਅੰਤਿਮ ਦਿਨਾਂ ਵਿਚ ਯਹੋਵਾਹ ਦੀ ਹੀ ਬੁੱਧ ਉੱਤੇ ਭਰੋਸਾ ਰੱਖਾਂਗੇ।
ਨਵੇਂ ਚੇਲਿਆਂ ਦਾ ਬਪਤਿਸਮਾ ਹਰ ਸੰਮੇਲਨ ਦੀ ਸ਼ਾਨ ਹੁੰਦੀ ਹੈ। ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਦੇ ਭਾਗ ਪੇਸ਼ ਕੀਤੇ ਜਾਣਗੇ ਅਤੇ ਪਹਿਰਾਬੁਰਜ ਦੇ ਅਧਿਐਨ ਲੇਖ ਉੱਤੇ ਚਰਚਾ ਕੀਤੀ ਜਾਵੇਗੀ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਾਰੇ ਉਸ ਦੀ ਬੁੱਧ ਮੁਤਾਬਕ ਚੱਲ ਕੇ ਲਾਭ ਹਾਸਲ ਕਰੀਏ। ਇਸ ਸਰਕਟ ਸੰਮੇਲਨ ਵਿਚ ਮਿਲਣ ਵਾਲੀਆਂ ਸਲਾਹਾਂ ਅਤੇ ਹੌਸਲਾ-ਅਫ਼ਜ਼ਾਈ ਸਾਨੂੰ ਅਧਿਆਤਮਿਕ ਤੌਰ ਤੇ ਮਾਲਾ-ਮਾਲ ਕਰ ਦੇਣਗੀਆਂ।—ਕਹਾ. 3:13-18.