ਯਹੋਵਾਹ ਨਾਲ ਰਿਸ਼ਤਾ ਬਰਕਰਾਰ ਰੱਖਣ ਵਿਚ ਮਦਦਗਾਰ ਸਰਕਟ ਅਸੈਂਬਲੀ
1. ਯਹੋਵਾਹ ਨੇ ਕਿਹੜਾ ਇਕ ਪ੍ਰਬੰਧ ਕੀਤਾ ਹੈ ਜਿਸ ਦੀ ਮਦਦ ਨਾਲ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹਾਂ?
1 ਯਹੋਵਾਹ ਸਾਨੂੰ ਭਰਪੂਰ ਜਾਣਕਾਰੀ, ਸਿਖਲਾਈ ਤੇ ਹੌਸਲਾ ਦਿੰਦਾ ਹੈ ਤਾਂਕਿ ਅਸੀਂ ਉਸ ਦੇ ਹੁਕਮ ਅਨੁਸਾਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕੀਏ। (ਮੱਤੀ 24:14; 2 ਤਿਮੋ. 4:17) ਸਾਲਾਨਾ ਸਰਕਟ ਅਸੈਂਬਲੀ ਅਜਿਹਾ ਇਕ ਪ੍ਰਬੰਧ ਹੈ ਜਿੱਥੇ ਸਾਨੂੰ ਇਹ ਸਭ ਕੁਝ ਮਿਲਦਾ ਹੈ। 2010 ਸੇਵਾ ਸਾਲ ਦੇ ਸਰਕਟ ਸੰਮੇਲਨਾਂ ਦਾ ਪ੍ਰੋਗ੍ਰਾਮ ਰੋਮੀਆਂ 8:5 ਅਤੇ ਯਹੂਦਾਹ 17-19 ʼਤੇ ਆਧਾਰਿਤ ਹੈ ਜਿਸ ਦਾ ਵਿਸ਼ਾ ਹੈ “ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਬਰਕਰਾਰ ਰੱਖੋ।” ਇਹ ਸੰਮੇਲਨ 31 ਅਗਸਤ 2009 ਤੋਂ ਸ਼ੁਰੂ ਹੋਣਗੇ।
2. (ੳ) ਸਰਕਟ ਅਸੈਂਬਲੀ ਤੋਂ ਸਾਨੂੰ ਕੀ ਲਾਭ ਹੋਣਗੇ? (ਅ) ਤੁਹਾਨੂੰ ਪਿਛਲੀਆਂ ਸਰਕਟ ਅਸੈਂਬਲੀਆਂ ਤੋਂ ਪ੍ਰਚਾਰ ਕਰਨ ਸੰਬੰਧੀ ਕਿਵੇਂ ਮਦਦ ਮਿਲੀ ਹੈ?
2 ਸਰਕਟ ਅਸੈਂਬਲੀ ਸਾਡੀ ਕਿੱਦਾਂ ਮਦਦ ਕਰੇਗੀ: ਪ੍ਰੋਗ੍ਰਾਮ ਸਾਨੂੰ ਉਨ੍ਹਾਂ ਖ਼ਤਰਿਆਂ ਯਾਨੀ ਗੱਲਾਂ ਤੋਂ ਖ਼ਬਰਦਾਰ ਕਰੇਗਾ ਜੋ ਸਾਡਾ ਸਮਾਂ ਬਰਬਾਦ ਕਰ ਸਕਦੀਆਂ ਤੇ ਅਹਿਮ ਕੰਮਾਂ ਤੋਂ ਸਾਡਾ ਧਿਆਨ ਹਟਾ ਸਕਦੀਆਂ ਹਨ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਦੁਨੀਆਂ ਵਰਗਾ ਆਜ਼ਾਦ ਰਵੱਈਆ ਰੱਖਣ ਤੋਂ ਕਿਵੇਂ ਬਚ ਸਕਦੇ ਹਾਂ ਤੇ ਰੱਬ ਨੂੰ ਮੰਨਣ ਵਾਲਾ ਇਨਸਾਨ ਕਿਹੋ ਜਿਹਾ ਹੁੰਦਾ ਹੈ। ਐਤਵਾਰ ਦੀ ਭਾਸ਼ਣ-ਲੜੀ ਤੋਂ ਸਿੱਖਾਂਗੇ ਕਿ ਵਧ ਰਹੇ ਦਬਾਅ ਤੇ ਨਿਹਚਾ ਦੀਆਂ ਸਖ਼ਤ ਅਜ਼ਮਾਇਸ਼ਾਂ ਆਉਣ ਤੇ ਅਸੀਂ ਖ਼ੁਦ ਜਾਂ ਪਰਿਵਾਰ ਵਜੋਂ ਰੱਬ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਕੀ ਕਰ ਸਕਦੇ ਹਾਂ। ਇਹ ਪ੍ਰੋਗ੍ਰਾਮ ਆਪਣੇ ਮਨਾਂ ਦੀ ਰਾਖੀ ਕਰਨ, ਆਪਣੀ ਨਿਹਚਾ ਤਕੜੀ ਰੱਖਣ ਅਤੇ ਧਿਆਨ ਉਨ੍ਹਾਂ ਵਧੀਆ ਬਰਕਤਾਂ ਉੱਤੇ ਲਾਉਣ ਵਿਚ ਸਾਡੀ ਮਦਦ ਕਰੇਗਾ ਜੋ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਣ ਵਾਲਿਆਂ ਨੂੰ ਮਿਲਣਗੀਆਂ।
3. ਤੁਹਾਡੀ ਅਗਲੀ ਸਰਕਟ ਅਸੈਂਬਲੀ ਕਦੋਂ ਹੈ ਤੇ ਤੁਹਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?
3 ਜਿਉਂ ਹੀ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਅਗਲੀ ਸਰਕਟ ਅਸੈਂਬਲੀ ਕਦੋਂ ਤੇ ਕਿੱਥੇ ਹੈ, ਤਾਂ ਦੋਵੇਂ ਦਿਨ ਹਾਜ਼ਰ ਹੋਣ ਦੇ ਇੰਤਜ਼ਾਮ ਕਰੋ ਤੇ ਧਿਆਨ ਨਾਲ ਪ੍ਰੋਗ੍ਰਾਮ ਸੁਣਨ ਦਾ ਪੱਕਾ ਇਰਾਦਾ ਕਰੋ। ਭਰੋਸਾ ਰੱਖੋ ਕਿ ਯਹੋਵਾਹ ਜਤਨ ਕਰਨ ਵਾਲਿਆਂ ਨੂੰ ਜ਼ਰੂਰ ਬਰਕਤਾਂ ਦਿੰਦਾ ਹੈ।—ਕਹਾ. 21:5.
4. ਅਸੀਂ ਅਗਲੀ ਸਰਕਟ ਅਸੈਂਬਲੀ ਵਿਚ ਕਿਸ ਚੀਜ਼ ਦੀ ਆਸ ਰੱਖ ਸਕਦੇ ਹਾਂ?
4 ਵਾਕਈ, ਯਹੋਵਾਹ ਹਰ ਚੰਗੀ ਦਾਤ ਦਿੰਦਾ ਹੈ। ਮਾਤਬਰ ਨੌਕਰ ਦੁਆਰਾ ਤਿਆਰ ਕੀਤੇ ਗਏ ਇਸ ਪ੍ਰੋਗ੍ਰਾਮ ਵਿਚ ਸਾਨੂੰ ਆਪਣੀ ਮਸੀਹੀ ਸੇਵਕਾਈ ਪੂਰੀ ਕਰਨ ਲਈ ਵਧੀਆ ਸੁਝਾਅ ਮਿਲਣਗੇ। ਅਸੀਂ ਯਹੋਵਾਹ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੇ ਲਈ ਪਿਆਰ ਨਾਲ ਅਜਿਹੇ ਪ੍ਰਬੰਧ ਕਰਦਾ ਹੈ ਤਾਂਕਿ “ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰਖੀਏ।”—ਇਬ. 10:23-25; ਯਾਕੂ. 1:17.