ਆਪਣੀ ਸਮਝ ਦੀ ਰਾਖੀ ਕਰੋ
1. ਸਾਲ 2013 ਦੇ ਸੇਵਾ ਸਾਲ ਦੀ ਸਰਕਟ ਅਸੈਂਬਲੀ ਦਾ ਵਿਸ਼ਾ ਕੀ ਹੈ ਅਤੇ ਇਸ ਪ੍ਰੋਗ੍ਰਾਮ ਦਾ ਮਕਸਦ ਕੀ ਹੈ?
1 ਯਿਸੂ ਨੇ ਆਪਣੇ ਚੇਲਿਆਂ ਨੂੰ ਯਹੋਵਾਹ ਨਾਲ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰਨ ਲਈ ਕਿਹਾ। (ਮੱਤੀ 22:37, 38) ਇਸ ਸਾਲ ਦੇ ਜ਼ਿਲ੍ਹਾ ਸੰਮੇਲਨ ਅਤੇ ਅਸੈਂਬਲੀਆਂ ਦੇ ਪ੍ਰੋਗ੍ਰਾਮ ਸਾਡੇ ਅੰਦਰਲੇ ਇਨਸਾਨ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੇ ਗਏ ਹਨ। ਤੁਹਾਨੂੰ ਯਾਦ ਹੋਵੇਗਾ ਕਿ ਜ਼ਿਲ੍ਹਾ ਸੰਮੇਲਨ ਦਾ ਵਿਸ਼ਾ ਸੀ: “ਆਪਣੇ ਮਨ ਦੀ ਵੱਡੀ ਚੌਕਸੀ ਕਰ!” 2013 ਦੇ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਦਾ ਵਿਸ਼ਾ ਹੈ: ‘ਆਪਣੀ ਜ਼ਮੀਰ ਨੂੰ ਸਾਫ਼ ਰੱਖੋ।’ ਅਗਲੇ ਮਹੀਨੇ ਸਰਕਟ ਅਸੈਂਬਲੀ ਦੀ ਲੜੀ ਸ਼ੁਰੂ ਹੋਵੇਗੀ ਜਿਸ ਦਾ ਵਿਸ਼ਾ ਹੋਵੇਗਾ: “ਆਪਣੀ ਸਮਝ ਦੀ ਰਾਖੀ ਕਰੋ” ਜੋ ਮੱਤੀ 22:37 ʼਤੇ ਆਧਾਰਿਤ ਹੈ। ਇਹ ਪ੍ਰੋਗ੍ਰਾਮ ਸਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਅਸੀਂ ਆਪਣੀਆਂ ਸੋਚਾਂ ਦੀ ਜਾਂਚ ਕਰੀਏ ਤਾਂਕਿ ਅਸੀਂ ਯਹੋਵਾਹ ਨੂੰ ਹੋਰ ਜ਼ਿਆਦਾ ਖ਼ੁਸ਼ ਕਰ ਸਕੀਏ।
2. ਪ੍ਰੋਗ੍ਰਾਮ ਦੌਰਾਨ ਕਿਹੜੇ ਖ਼ਾਸ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
2 ਸਾਨੂੰ ਕੀ ਦੱਸਿਆ ਜਾਵੇਗਾ: ਜਦੋਂ ਅਸੀਂ ਸਰਕਟ ਅਸੈਂਬਲੀ ਦਾ ਪ੍ਰੋਗ੍ਰਾਮ ਸੁਣਾਂਗੇ, ਤਾਂ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਜਵਾਬ ਪ੍ਰੋਗ੍ਰਾਮ ਦੀਆਂ ਮੁੱਖ ਗੱਲਾਂ ਹੋਣਗੀਆਂ:
• ਅਸੀਂ ‘ਇਨਸਾਨੀ ਸੋਚ’ ਤੋਂ ਕਿਵੇਂ ਬਚ ਸਕਦੇ ਹਾਂ?
• ਅਸੀਂ ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਤੋਂ ਪਰਦਾ ਕਿਵੇਂ ਹਟਾ ਸਕਦੇ ਹਾਂ?
• ਅਸੀਂ ਕਿਹੋ ਜਿਹੀ ਸੋਚਣੀ ਰੱਖਣੀ ਚਾਹੁੰਦੇ ਹਾਂ?
• ਸਹੀ ਤਰ੍ਹਾਂ ਸੋਚ-ਵਿਚਾਰ ਕਰਨ ਦੇ ਕੀ ਫ਼ਾਇਦੇ ਹਨ?
• ਅਸੀਂ ਯਹੋਵਾਹ ਨੂੰ ਆਪਣੀ ਸੋਚ ਨੂੰ ਕਿਵੇਂ ਢਾਲਣ ਦਿੰਦੇ ਹਾਂ?
• ਪਰਿਵਾਰ ਦੀ ਖ਼ੁਸ਼ੀ ਬਣਾਈ ਰੱਖਣ ਲਈ ਪਤੀ, ਪਤਨੀ, ਮਾਪੇ ਅਤੇ ਬੱਚੇ ਕੀ ਕੁਝ ਕਰ ਸਕਦੇ ਹਨ?
• ਅਸੀਂ ਯਹੋਵਾਹ ਦੇ ਦਿਨ ਲਈ ਕਿਵੇਂ ਤਿਆਰ ਰਹਿ ਸਕਦੇ ਹਾਂ?
• ਆਪਣੇ ਮਨ ਨੂੰ ਤਿਆਰ ਕਰਨ ਦਾ ਕੀ ਮਤਲਬ ਹੈ?
• ਉਨ੍ਹਾਂ ਨੂੰ ਕਿਹੜੇ ਫ਼ਾਇਦੇ ਹੋਣਗੇ ਜੋ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹਨ?
3. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਸਰਕਟ ਅਸੈਂਬਲੀ ਦੇ ਦੋਵੇਂ ਦਿਨ ʼਤੇ ਹਾਜ਼ਰ ਹੋ ਕੇ ਧਿਆਨ ਨਾਲ ਸੁਣੀਏ ਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰੀਏ?
3 ਸ਼ੈਤਾਨ ਸਾਡੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। (2 ਕੁਰਿੰ. 11:3) ਇਸ ਲਈ ਸਾਨੂੰ ਆਪਣੀਆਂ ਸੋਚਾਂ ਦੀ ਰਾਖੀ ਕਰਨ ਲਈ ਜੱਦੋ-ਜਹਿਦ ਕਰਨੀ ਚਾਹੀਦੀ ਹੈ। ਸਾਨੂੰ ਮਸੀਹ ਦਾ ਮਨ ਪਾਉਣ ਅਤੇ ਇਸ ਬੁਰੇ ਸੰਸਾਰ ਦੇ ਪ੍ਰਭਾਵਾਂ ਵਿਰੁੱਧ ਲੜਦੇ ਰਹਿਣ ਦੀ ਲੋੜ ਹੈ। (1 ਕੁਰਿੰ. 2:16) ਇਸ ਕਰਕੇ ਤੁਸੀਂ ਹੁਣ ਤੋਂ ਹੀ ਦੋਵੇਂ ਦਿਨ ਦੇ ਪ੍ਰੋਗ੍ਰਾਮ ʼਤੇ ਹਾਜ਼ਰ ਹੋਣ ਲਈ ਤਿਆਰੀਆਂ ਕਰੋ। ਪ੍ਰੋਗ੍ਰਾਮ ਵੱਲ ਪੂਰਾ ਧਿਆਨ ਦਿਓ। ਇਸ ਜ਼ਰੂਰੀ ਜਾਣਕਾਰੀ ਨੂੰ ਜ਼ਿੰਦਗੀ ਵਿਚ ਲਾਗੂ ਕਰਨ ਨਾਲ ਜੋਸ਼ੀਲੇ ਪ੍ਰਚਾਰਕ ਬਣਨ ਵਿਚ ਸਾਨੂੰ ਮਦਦ ਮਿਲੇਗੀ।— 1 ਪਤ. 1:13.