ਪਰਮੇਸ਼ੁਰ ਦਾ ਬਚਨ ਸਿਖਾਉਣ ਲਈ ਫ਼ਾਇਦੇਮੰਦ ਹੈ
1. 2014 ਦੇ ਸੇਵਾ ਸਾਲ ਦੇ ਸਰਕਟ ਸੰਮੇਲਨ ਦਾ ਵਿਸ਼ਾ ਕੀ ਹੈ ਅਤੇ ਪ੍ਰੋਗ੍ਰਾਮ ਵਿਚ ਕਿਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ?
1 ਸਾਡਾ “ਗੁਰੂ” ਯਹੋਵਾਹ ਬ੍ਰਹਿਮੰਡ ਵਿਚ ਸਭ ਤੋਂ ਵਧੀਆ ਸਿਖਾਉਣ ਵਾਲਾ ਹੈ। (ਯਸਾ. 30:20, 21) ਪਰ ਯਹੋਵਾਹ ਸਾਨੂੰ ਕਿਵੇਂ ਸਿਖਾਉਂਦਾ ਹੈ? ਉਸ ਨੇ ਸਾਨੂੰ ਸਭ ਕਿਤਾਬਾਂ ਨਾਲੋਂ ਉੱਤਮ ਕਿਤਾਬ, ਆਪਣਾ ਬਚਨ ਬਾਈਬਲ, ਦਿੱਤੀ ਹੈ। ਪਰਮੇਸ਼ੁਰ ਦੀ ਸਿੱਖਿਆ ਦਾ ਸਾਡੇ ਸਰੀਰ, ਮਨ ਤੇ ਜਜ਼ਬਾਤਾਂ ਉੱਤੇ ਕੀ ਅਸਰ ਪੈਂਦਾ ਹੈ ਤੇ ਪਰਮੇਸ਼ੁਰ ਦੇ ਨੇੜੇ ਹੋਣ ਵਿਚ ਇਹ ਸਿੱਖਿਆ ਕਿਵੇਂ ਮਦਦ ਕਰਦੀ ਹੈ? ਇਸ ਦਾ ਜਵਾਬ 2014 ਦੇ ਸੇਵਾ ਸਾਲ ਦੇ ਸਰਕਟ ਸੰਮੇਲਨ ਵਿਚ ਦਿੱਤਾ ਜਾਵੇਗਾ। ਇਸ ਪ੍ਰੋਗ੍ਰਾਮ ਦਾ ਵਿਸ਼ਾ ਹੈ, “ਪਰਮੇਸ਼ੁਰ ਦਾ ਬਚਨ ਸਿਖਾਉਣ ਲਈ ਫ਼ਾਇਦੇਮੰਦ ਹੈ” ਜੋ ਕਿ 2 ਤਿਮੋਥਿਉਸ 3:16 ʼਤੇ ਆਧਾਰਿਤ ਹੈ।
2. ਕਿਨ੍ਹਾਂ ਸਵਾਲਾਂ ਦੇ ਜਵਾਬ ਦੇ ਕੇ ਖ਼ਾਸ ਗੱਲਾਂ ਦੱਸੀਆਂ ਜਾਣਗੀਆਂ?
2 ਇਨ੍ਹਾਂ ਖ਼ਾਸ ਗੱਲਾਂ ʼਤੇ ਗੌਰ ਕਰੋ: ਪ੍ਰੋਗ੍ਰਾਮ ਦੀਆਂ ਖ਼ਾਸ ਗੱਲਾਂ ਹੇਠ ਦਿੱਤੇ ਸਵਾਲਾਂ ਦੇ ਜਵਾਬ ਦੇ ਕੇ ਦੱਸੀਆਂ ਜਾਣਗੀਆਂ:
• ਸਾਡੀ ਜ਼ਿੰਦਗੀ ʼਤੇ ਪਰਮੇਸ਼ੁਰ ਦੀ ਸਿੱਖਿਆ ਦਾ ਕੀ ਅਸਰ ਪੈਂਦਾ ਹੈ? (ਯਸਾ. 48:17, 18)
• ਜੇ ਅਸੀਂ ਯਹੋਵਾਹ ਦੀ ਸੇਵਾ ਫੁੱਲ-ਟਾਈਮ ਕਰਨ ਲਈ ਤਬਦੀਲੀਆਂ ਕਰਦੇ ਹਾਂ, ਤਾਂ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ? (ਮਲਾ. 3:10)
• ਜਦੋਂ ਅਸੀਂ “ਅਜੀਬ ਸਿੱਖਿਆਵਾਂ” ਸੁਣਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਇਬ. 13:9)
ਅਸੀਂ ਯਿਸੂ ਦੇ “ਸਿੱਖਿਆ ਦੇਣ ਦੇ ਢੰਗ” ਦੀ ਰੀਸ ਕਿਵੇਂ ਕਰ ਸਕਦੇ ਹਾਂ? (ਮੱਤੀ 7:28, 29)
• ਮੰਡਲੀ ਵਿਚ ਸਿਖਾਉਣ ਵਾਲਿਆਂ ਨੂੰ ਆਪਣੇ ਆਪ ਨੂੰ ਸਿਖਾਉਣ ਦੀ ਕਿਉਂ ਲੋੜ ਹੈ? (ਰੋਮੀ. 2:21)
• ਪਰਮੇਸ਼ੁਰ ਦਾ ਬਚਨ ਕਿਨ੍ਹਾਂ ਗੱਲਾਂ ਲਈ ਫ਼ਾਇਦੇਮੰਦ ਹੈ? (2 ਤਿਮੋ. 3:16)
• ਕੌਮਾਂ ਨੂੰ ‘ਹਿਲਾਏ’ ਜਾਣ ਦਾ ਲੋਕਾਂ ਉੱਤੇ ਕੀ ਅਸਰ ਪੈਂਦਾ ਹੈ? (ਹੱਜ. 2:6, 7)
• ਯਹੋਵਾਹ ਨੂੰ ਸਾਡੇ ਉੱਤੇ ਕੀ ਭਰੋਸਾ ਹੈ? (ਅਫ਼. 5:1)
• ਯਹੋਵਾਹ ਦੀ ਸਿੱਖਿਆ ਲੈਂਦੇ ਰਹਿਣ ਲਈ ਸਾਨੂੰ ਮਿਹਨਤ ਕਿਉਂ ਕਰਦੇ ਰਹਿਣਾ ਚਾਹੀਦਾ ਹੈ? (ਲੂਕਾ 13:24)
3. ਸੰਮੇਲਨ ਵਿਚ ਹਾਜ਼ਰ ਹੋ ਕੇ ਧਿਆਨ ਨਾਲ ਸੁਣਨਾ ਕਿਉਂ ਜ਼ਰੂਰੀ ਹੈ?
3 ਸੰਮੇਲਨ ਦਾ ਵਿਸ਼ਾ 2 ਤਿਮੋਥਿਉਸ 3:16 ʼਤੇ ਆਧਾਰਿਤ ਹੈ। ਇਹ ਸ਼ਬਦ ਲਿਖਣ ਤੋਂ ਪਹਿਲਾਂ ਪੌਲੁਸ ਨੇ ਕਿਹਾ ਸੀ ਕਿ ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ। ਉਸ ਨੇ ਲਿਖਿਆ: “ਦੁਸ਼ਟ ਅਤੇ ਫਰੇਬੀ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾਣਗੇ ਅਤੇ ਉਹ ਦੂਸਰਿਆਂ ਨੂੰ ਵੀ ਗੁਮਰਾਹ ਕਰਨਗੇ ਤੇ ਆਪ ਵੀ ਗੁਮਰਾਹ ਹੋਣਗੇ।” (2 ਤਿਮੋ. 3:13) ਕਿੰਨਾ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਸਿੱਖਿਆ ਲਈਏ ਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ। ਇਸ ਲਈ ਆਓ ਆਪਾਂ ਇਸ ਸੰਮੇਲਨ ਵਿਚ ਹਾਜ਼ਰ ਹੋ ਕੇ ਧਿਆਨ ਨਾਲ ਸੁਣਨ ਦਾ ਪੱਕਾ ਇਰਾਦਾ ਕਰੀਏ।