“ਨਿਕੰਮੀਆਂ ਗੱਲਾਂ” ਦਾ ਪਿੱਛਾ ਨਾ ਕਰੋ
1 ਅੱਜ ਪੱਤਰ-ਵਿਹਾਰ ਦਾ ਇਕ ਪ੍ਰਚਲਿਤ ਤਰੀਕਾ ਈ-ਮੇਲ ਹੈ। ਭਾਵੇਂ ਕਿ ਈ-ਮੇਲ ਰਾਹੀਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਨਿੱਜੀ ਤਜਰਬੇ ਅਤੇ ਵਿਚਾਰ ਸਾਂਝੇ ਕਰਨਾ ਗ਼ਲਤ ਨਹੀਂ ਹੈ, ਪਰ ਇਸ ਵਿਚ ਕਿਹੜੀਆਂ “ਨਿਕੰਮੀਆਂ ਗੱਲਾਂ” ਮੌਜੂਦ ਹੋ ਸਕਦੀਆਂ ਹਨ?—ਕਹਾ. 12:11.
2 ਈ-ਮੇਲ ਸੰਬੰਧੀ ਖ਼ਤਰੇ: ਕੁਝ ਭੈਣ-ਭਰਾ ਕਹਿੰਦੇ ਹਨ ਕਿ ਈ-ਮੇਲ ਰਾਹੀਂ ਨਵੀਂ-ਨਵੀਂ ਜਾਣਕਾਰੀ ਹਾਸਲ ਕਰਨ ਨਾਲ ਉਹ ਯਹੋਵਾਹ ਦੇ ਸੰਗਠਨ ਦੇ ਜ਼ਿਆਦਾ ਨਜ਼ਦੀਕ ਮਹਿਸੂਸ ਕਰਦੇ ਹਨ। ਉਹ ਸ਼ਾਇਦ ਈ-ਮੇਲ ਰਾਹੀਂ ਤਜਰਬੇ, ਬੈਥਲ ਵਿਚ ਹੋਈਆਂ ਘਟਨਾਵਾਂ, ਤਬਾਹੀਆਂ ਜਾਂ ਸਤਾਹਟਾਂ ਬਾਰੇ ਰਿਪੋਰਟਾਂ ਅਤੇ ਕਿੰਗਡਮ ਮਿਨਿਸਟਰੀ ਸਕੂਲ ਵਿਚ ਦਿੱਤੀ ਗਈ ਗੁਪਤ ਜਾਣਕਾਰੀ ਵੀ ਹਾਸਲ ਕਰਦੇ ਹਨ। ਦੂਸਰੇ ਲੋਕ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਬੜੀ ਕਾਹਲੀ ਨਾਲ ਅੱਗੋਂ ਦੂਸਰਿਆਂ ਨੂੰ ਘੱਲ ਦਿੰਦੇ ਹਨ ਤਾਂਕਿ ਆਪਣੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਇਹ ਜਾਣਕਾਰੀ ਦੇਣ ਦਾ ਸਿਹਰਾ ਉਨ੍ਹਾਂ ਦੇ ਸਿਰ ਪਵੇ।
3 ਕਈ ਵਾਰ, ਈ-ਮੇਲ ਰਾਹੀਂ ਤਜਰਬਿਆਂ ਅਤੇ ਜਾਣਕਾਰੀ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾਂਦਾ ਹੈ ਜਾਂ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਜਾਂ ਹੋ ਸਕਦਾ ਹੈ ਕਿ ਕੁਝ ਲੋਕ ਖ਼ਬਰ ਨੂੰ ਸਨਸਨੀਖੇਜ਼ ਬਣਾਉਣ ਲਈ ਉਸ ਵਿਚ ਇੰਨਾ ਮਿਰਚ-ਮਸਾਲਾ ਮਿਲਾਉਂਦੇ ਹਨ ਕਿ ਉਹ ਖ਼ਬਰ ਗ਼ਲਤ ਹੋ ਜਾਂਦੀ ਹੈ। ਅਜਿਹੀ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਅਕਸਰ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ। (ਕਹਾ. 29:20) ਕਈ ਵਾਰ ਲੋਕੀ ਇਹ ਜਾਣਦੇ ਹੋਏ ਕਿ ਕਹਾਣੀ ਸੱਚੀ ਨਹੀਂ ਹੋ ਸਕਦੀ, ਫਿਰ ਵੀ ਇਸ ਨੂੰ ਦੂਸਰਿਆਂ ਨੂੰ ਘੱਲ ਦਿੰਦੇ ਹਨ। ਇਸ ਤਰ੍ਹਾਂ ਦੀਆਂ ਗ਼ਲਤ ਜਾਂ ਭਰਮਾਊ ਰਿਪੋਰਟਾਂ ਨੂੰ “ਘੜਤ ਕਥਾਵਾਂ” ਕਿਹਾ ਜਾ ਸਕਦਾ ਹੈ ਜੋ ਸੱਚੀ ਭਗਤੀ ਦਾ ਹਿੱਸਾ ਨਹੀਂ ਹਨ।—1 ਤਿਮੋ. 4:6, 7, ਪਵਿੱਤਰ ਬਾਈਬਲ ਨਵਾਂ ਅਨੁਵਾਦ।
4 ਜੇ ਤੁਸੀਂ ਗ਼ਲਤ ਜਾਣਕਾਰੀ ਅੱਗੋਂ ਦੂਸਰਿਆਂ ਨੂੰ ਘੱਲਦੇ ਹੋ, ਤਾਂ ਇਸ ਨਾਲ ਉਨ੍ਹਾਂ ਨੂੰ ਸਦਮਾ ਪਹੁੰਚ ਸਕਦਾ ਹੈ ਜਾਂ ਗੜਬੜੀ ਪੈਦਾ ਹੋ ਸਕਦੀ ਹੈ ਜਿਸ ਲਈ ਤੁਸੀਂ ਜ਼ਿੰਮੇਵਾਰ ਠਹਿਰੋਗੇ। ਜਦੋਂ ਦਾਊਦ ਨੂੰ ਗ਼ਲਤ ਜਾਣਕਾਰੀ ਮਿਲੀ ਸੀ ਕਿ ਉਸ ਦੇ ਸਾਰੇ ਪੁੱਤਰ ਮਾਰੇ ਗਏ ਸਨ, ਤਾਂ ਉਸ ਨੇ ਡੂੰਘੇ ਸੋਗ ਵਿਚ “ਆਪਣੇ ਲੀੜੇ ਪਾੜ ਸੁੱਟੇ।” ਪਰ ਅਸਲ ਵਿਚ ਉਸ ਦਾ ਇਕ ਹੀ ਪੁੱਤਰ ਮਾਰਿਆ ਗਿਆ ਸੀ। ਇਕ ਪੁੱਤਰ ਦਾ ਮਰਨਾ ਹੀ ਬੜੀ ਦੁੱਖ ਦੀ ਗੱਲ ਸੀ, ਪਰ ਗ਼ਲਤ ਜਾਣਕਾਰੀ ਮਿਲਣ ਕਾਰਨ ਦਾਊਦ ਨੂੰ ਕਿੰਨਾ ਗਹਿਰਾ ਸਦਮਾ ਪਹੁੰਚਿਆ ਹੋਣਾ। (2 ਸਮੂ. 13:30-33) ਆਓ ਆਪਾਂ ਇੱਦਾਂ ਦਾ ਕੋਈ ਵੀ ਕੰਮ ਨਾ ਕਰੀਏ ਜਿਸ ਨਾਲ ਸਾਡੇ ਕਿਸੇ ਵੀ ਭੈਣ ਜਾਂ ਭਰਾ ਨੂੰ ਦੁੱਖ ਪਹੁੰਚੇ ਜਾਂ ਉਹ ਝੂਠ ਨੂੰ ਸੱਚ ਮੰਨ ਬੈਠਣ।
5 ਪਰਮੇਸ਼ੁਰ ਦਾ ਚੁਣਿਆ ਜ਼ਰੀਆ: ਚੇਤੇ ਰੱਖੋ ਕਿ ਸਾਡੇ ਸਵਰਗੀ ਪਿਤਾ ਨੇ ਸਾਨੂੰ ਜਾਣਕਾਰੀ ਦੇਣ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਨਿਯੁਕਤ ਕੀਤਾ ਹੈ। ਇਹ “ਨੌਕਰ” ਵਰਗ ਨਿਸ਼ਚਿਤ ਕਰਦਾ ਹੈ ਕਿ ਨਿਹਚਾਵਾਨਾਂ ਨੂੰ ਕਿਹੜੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹ ਜਾਣਕਾਰੀ ਕਦੋਂ “ਵੇਲੇ ਸਿਰ” ਦਿੱਤੀ ਜਾਵੇਗੀ। ਇਹ ਅਧਿਆਤਮਿਕ ਭੋਜਨ ਸਿਰਫ਼ ਪਰਮੇਸ਼ੁਰ ਦੇ ਸੰਗਠਨ ਦੁਆਰਾ ਹੀ ਮਿਲ ਸਕਦਾ ਹੈ। ਇਸ ਲਈ ਸਾਨੂੰ ਇੰਟਰਨੈੱਟ ਰਾਹੀਂ ਨਹੀਂ, ਸਗੋਂ ਹਮੇਸ਼ਾ ਪਰਮੇਸ਼ੁਰ ਦੇ ਚੁਣੇ ਹੋਏ ਜ਼ਰੀਏ ਦੁਆਰਾ ਸਹੀ ਜਾਣਕਾਰੀ ਲੈਣੀ ਚਾਹੀਦੀ ਹੈ।—ਮੱਤੀ 24:45.
6 ਇੰਟਰਨੈੱਟ ਵੈੱਬ ਸਾਈਟਾਂ: ਸਾਡਾ ਇਕ ਇੰਟਰਨੈੱਟ ਵੈੱਬ ਸਾਈਟ ਹੈ: www.watchtower.org. ਲੋਕਾਂ ਨੂੰ ਜਾਣਕਾਰੀ ਦੇਣ ਲਈ ਇਹ ਸਾਈਟ ਕਾਫ਼ੀ ਹੈ। ਕਿਸੇ ਵੀ ਭੈਣ-ਭਰਾ, ਕਮੇਟੀ ਜਾਂ ਕਲੀਸਿਯਾ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਵੱਖਰੀ ਵੈੱਬ ਸਾਈਟ ਬਣਾਉਣ ਦੀ ਲੋੜ ਨਹੀਂ ਹੈ। ਕਈਆਂ ਨੇ ਸਾਡੇ ਪ੍ਰਕਾਸ਼ਨਾਂ ਦੀ ਸਾਮੱਗਰੀ ਨੂੰ ਵੈੱਬ ਸਾਈਟਾਂ ਉੱਤੇ ਪੋਸਟ ਕੀਤਾ ਹੈ ਅਤੇ ਇਸ ਵਿਚ ਦਿੱਤੀਆਂ ਸਾਰੀਆਂ ਬਾਈਬਲ ਆਇਤਾਂ ਨੂੰ ਵੀ ਖੋਲ੍ਹ ਕੇ ਲਿਖਿਆ ਹੈ। ਉਨ੍ਹਾਂ ਨੇ ਭਰਾਵਾਂ ਨੂੰ ਚੰਦੇ ਦੇ ਆਧਾਰ ਉੱਤੇ ਸੰਮੇਲਨਾਂ ਦੇ ਭਾਸ਼ਣਾਂ ਦੀਆਂ ਰੂਪ-ਰੇਖਾਵਾਂ ਵੀ ਪੇਸ਼ ਕੀਤੀਆਂ ਹਨ। ਭਾਵੇਂ ਇਹ ਮੁਨਾਫ਼ਾ ਕਮਾਉਣ ਦੀ ਗੱਲ ਹੈ ਜਾਂ ਨਹੀਂ, ਪਰ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਨੂੰ ਇਲੈਕਟ੍ਰਾਨਿਕ ਡਾਕੂਮੈਂਟ ਦੇ ਤੌਰ ਤੇ ਤਿਆਰ ਕਰ ਕੇ ਵੰਡਣਾ ਗ਼ੈਰ-ਕਾਨੂੰਨੀ ਹੈ ਕਿਉਂਕਿ ਇਹ ਰਾਖਵੇਂ ਹੱਕ ਸੰਬੰਧੀ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਹਾਲਾਂਕਿ ਕੁਝ ਭੈਣ-ਭਰਾ ਸੋਚਦੇ ਹਨ ਕਿ ਅਜਿਹੀ ਸਾਮੱਗਰੀ ਪੇਸ਼ ਕਰਨ ਨਾਲ ਉਹ ਭਰਾਵਾਂ ਦੀ ਮਦਦ ਕਰ ਰਹੇ ਹਨ, ਪਰ ਇਹ ਸਹੀ ਨਹੀਂ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
7 ਇਲੈਕਟ੍ਰਾਨਿਕ ਸੰਚਾਰ ਮਾਧਿਅਮ ਨੂੰ ਸਮਝਦਾਰੀ ਨਾਲ ਅਤੇ ਸਹੀ ਤਰੀਕੇ ਨਾਲ ਵਰਤਣ ਦੁਆਰਾ ਅਸੀਂ ਆਪਣੇ ਮਨਾਂ ਨੂੰ ‘ਅਣਮੁੱਲ ਅਤੇ ਮਨ ਭਾਉਂਦੇ ਪਦਾਰਥਾਂ ਨਾਲ ਭਰਦੇ’ ਰਹਾਂਗੇ।—ਕਹਾ. 24:4.