ਯਹੋਵਾਹ ਦੇ ਗਵਾਹਾਂ ਦਾ 2003 “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨ
1 ਯਹੋਵਾਹ ਨੇ ਆਪਣੇ ਵਫ਼ਾਦਾਰ ਨਬੀ ਯਸਾਯਾਹ ਰਾਹੀਂ ਹੁਕਮ ਦਿੱਤਾ: “ਹੇ ਮੇਰੀ ਪਰਜਾ, ਮੇਰੀ ਵੱਲ ਧਿਆਨ ਦਿਓ, ਹੇ ਮੇਰੀ ਉਮੱਤ, ਮੇਰੀ ਵੱਲ ਕੰਨ ਲਾਓ!” (ਯਸਾ. 51:4) ਕੀ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਇਨ੍ਹਾਂ ਅੰਤਿਮ ਭੈੜੇ ਸਮਿਆਂ ਵਿਚ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਯਹੋਵਾਹ ਦੇ ਹੁਕਮਾਂ ਵੱਲ ਧਿਆਨ ਦੇਣ ਦੀ ਲੋੜ ਹੈ? ਯਹੋਵਾਹ ਵੱਲ ‘ਕੰਨ ਲਾਉਣ’ ਦਾ ਇਕ ਤਰੀਕਾ ਹੈ ਭਗਤੀ ਕਰਨ ਲਈ ਇਕੱਠੇ ਹੋਣ ਦੇ ਉਸ ਦੇ ਹੁਕਮ ਨੂੰ ਮੰਨਣਾ। ਸਾਡੇ ਸਾਲਾਨਾ ਜ਼ਿਲ੍ਹਾ ਸੰਮੇਲਨਾਂ ਵਿਚ ਮਿਲਦੇ ਇਸ ਖ਼ਾਸ ਮੌਕੇ ਦੀ ਅਸੀਂ ਬੇਸਬਰੀ ਨਾਲ ਉਡੀਕ ਕਰਦੇ ਹਾਂ! ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਫਿਰ ਤੋਂ ਭਾਰਤ ਵਿਚ ਸਾਲ 2003 ਵਿਚ ਕਈ ਜ਼ਿਲ੍ਹਾ ਸੰਮੇਲਨਾਂ ਦਾ ਇੰਤਜ਼ਾਮ ਕੀਤਾ ਹੈ।
2 ਪਿਛਲੇ ਸਾਲ ਭਾਰਤ ਵਿਚ ਅਧਿਆਤਮਿਕ ਤੌਰ ਤੇ ਤਰੋਤਾਜ਼ਾ ਕਰਨ ਵਾਲੇ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨਾਂ ਵਿਚ 33,372 ਲੋਕ ਹਾਜ਼ਰ ਹੋਏ ਸਨ। ਇਹ ਦੇਖ ਕੇ ਸਾਨੂੰ ਬੜੀ ਖ਼ੁਸ਼ੀ ਹੋਈ ਕਿ ਇਨ੍ਹਾਂ ਨੌਂ ਜ਼ਿਲ੍ਹਾ ਸੰਮੇਲਨਾਂ ਵਿਚ 807 ਜਣਿਆਂ ਨੇ ਬਪਤਿਸਮਾ ਲੈ ਕੇ ਯਹੋਵਾਹ ਨੂੰ ਆਪਣੇ ਸਮਰਪਣ ਦਾ ਸਬੂਤ ਦਿੱਤਾ। ਇਨ੍ਹਾਂ ਸੰਮੇਲਨਾਂ ਵਿਚ ਕੀਤੇ ਗਏ ਇੰਤਜ਼ਾਮਾਂ ਨੇ ਭੈਣਾਂ-ਭਰਾਵਾਂ ਦੇ ਦਿਲਾਂ ਨੂੰ ਗਹਿਰਾਈ ਨਾਲ ਛੂਹ ਲਿਆ। ਚਾਰ ਸ਼ਹਿਰਾਂ (ਚਿੰਨਈ, ਕੋਚੀ, ਮੁੰਬਈ ਅਤੇ ਸਿਕੰਦਰਾਬਾਦ) ਦੇ ਭੈਣ-ਭਰਾਵਾਂ ਨੇ ਦੇਸ਼ ਭਰ ਤੋਂ ਆਏ ਹਜ਼ਾਰਾਂ ਦੂਜੇ ਭੈਣ-ਭਰਾਵਾਂ ਦਾ ਸੁਆਗਤ ਕੀਤਾ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਭੈਣ-ਭਰਾਵਾਂ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਸੰਮੇਲਨਾਂ ਵਿਚ ਇੰਨੇ ਸਾਰੇ ਲੋਕਾਂ ਨੂੰ ਦੇਖਿਆ। ਨਿਰਸੰਦੇਹ, ਸਾਰੇ ਭੈਣ-ਭਰਾਵਾਂ ਨੇ ਇਕ-ਦੂਜੇ ਦੀ ਸੰਗਤ ਅਤੇ ਅਧਿਆਤਮਿਕ ਭੋਜਨ ਦਾ ਆਨੰਦ ਮਾਣਿਆ। ਅਜਿਹੀ ਹੌਸਲਾ-ਅਫ਼ਜ਼ਾਈ ਹਾਸਲ ਕਰ ਕੇ ਕੀ ਅਸੀਂ ਪਿਆਰ ਅਤੇ ਚੰਗੇ ਕੰਮਾਂ ਵਿਚ ਵਧਦੇ ਜਾਣ ਲਈ ਉਤਸ਼ਾਹਿਤ ਨਹੀਂ ਹੁੰਦੇ? ਇਸ ਮਨਭਾਉਂਦੇ ਸਮੇਂ ਦੌਰਾਨ ਅਸੀਂ ਪਰਮੇਸ਼ੁਰ ਦੀ ਮਹਿਮਾ ਕਰਨ ਵਿਚ ਦੂਜਿਆਂ ਦੀ ਮਦਦ ਕਰਨ ਲਈ ਚੰਗੀ ਤਰ੍ਹਾਂ ਤਿਆਰ ਅਤੇ ਪ੍ਰੇਰਿਤ ਹੋਏ ਹਾਂ।—2 ਕੁਰਿੰ. 6:1, 2.
3 ਸਾਲ 2003 ਵਿਚ ਹੋਣ ਵਾਲੇ ਜ਼ਿਲ੍ਹਾ ਸੰਮੇਲਨ ਦੀ ਉਡੀਕ ਕਰਦੇ ਹੋਏ, ਅਸੀਂ ਆਪਣੇ ਅਨਮੋਲ ਭਾਈਚਾਰੇ ਦਾ ਆਨੰਦ ਲੈਣ ਅਤੇ ਆਪਣੀ ਇਸ ਏਕਤਾ ਲਈ ਯਹੋਵਾਹ ਦਾ ਧੰਨਵਾਦ ਕਰਨ ਦੇ ਮੌਕਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ। ਜ਼ਿਲ੍ਹਾ ਸੰਮੇਲਨਾਂ ਲਈ ਕੀਤੇ ਜਾ ਰਹੇ ਇੰਤਜ਼ਾਮਾਂ ਤੋਂ ਪੂਰਾ-ਪੂਰਾ ਫ਼ਾਇਦਾ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ?
4 ਹਰ ਰੋਜ਼ ਹਾਜ਼ਰ ਹੋਵੋ: ਮਾਤਬਰ ਅਤੇ ਬੁੱਧਵਾਨ ਨੌਕਰ ਰਾਹੀਂ ਦਿੱਤੀ ਜਾਂਦੀ ਸਿੱਖਿਆ ਤੋਂ ਪੂਰਾ ਫ਼ਾਇਦਾ ਲੈਣ ਲਈ ਸਾਨੂੰ ਪੂਰੇ ਪ੍ਰੋਗ੍ਰਾਮ ਵਿਚ ਹਾਜ਼ਰ ਰਹਿਣਾ ਚਾਹੀਦਾ ਹੈ। (ਮੱਤੀ 24:45) ਕੀ ਸੰਮੇਲਨ ਵਿਚ ਰੋਜ਼ ਆਉਣ ਲਈ ਤੁਹਾਨੂੰ ਆਪਣੇ ਮਾਲਕ ਤੋਂ ਛੁੱਟੀਆਂ ਲੈਣ ਦੀ ਲੋੜ ਹੈ? ਜਦੋਂ ਨਹਮਯਾਹ ਯਰੂਸ਼ਲਮ ਦੀਆਂ ਕੰਧਾਂ ਨੂੰ ਬਣਾਉਣ ਲਈ ਯਰੂਸ਼ਲਮ ਜਾਣਾ ਚਾਹੁੰਦਾ ਸੀ, ਤਾਂ ਉਸ ਨੇ ਰਾਜਾ ਅਰਤਹਸ਼ਸ਼ਤਾ ਤੋਂ ਇਜਾਜ਼ਤ ਮੰਗਣ ਤੋਂ ਪਹਿਲਾਂ “ਅਕਾਸ਼ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ” ਸੀ। (ਨਹ. 2:4) ਉਸੇ ਤਰ੍ਹਾਂ ਤੁਸੀਂ ਵੀ ਸੰਮੇਲਨ ਵਿਚ ਤਿੰਨੋਂ ਦਿਨ ਹਾਜ਼ਰ ਹੋਣ ਲਈ ਆਪਣੇ ਮਾਲਕ ਤੋਂ ਛੁੱਟੀਆਂ ਮੰਗਣ ਦੀ ਹਿੰਮਤ ਵਾਸਤੇ ਯਹੋਵਾਹ ਨੂੰ ਪ੍ਰਾਰਥਨਾ ਕਰੋ। ਉਦੋਂ ਕੀ ਜੇ ਤੁਹਾਡਾ ਮਾਲਕ ਤੁਹਾਨੂੰ ਛੁੱਟੀ ਦੇਣ ਤੋਂ ਨਾਂਹ ਕਰ ਦਿੰਦਾ ਹੈ? ਤੁਸੀਂ ਸ਼ਾਇਦ ਉਸ ਨੂੰ ਸਮਝਾ ਸਕਦੇ ਹੋ ਕਿ ਸੰਮੇਲਨ ਵਿਚ ਸਾਨੂੰ ਈਮਾਨਦਾਰ, ਮਿਹਨਤੀ ਅਤੇ ਭਰੋਸੇਯੋਗ ਕਾਮੇ ਬਣਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਤੇ ਸ਼ਾਇਦ ਉਹ ਤੁਹਾਨੂੰ ਛੁੱਟੀ ਦੇ ਦੇਵੇ। ਇਸ ਤੋਂ ਇਲਾਵਾ, ਜੇ ਸਾਡੇ ਪਰਿਵਾਰ ਦੇ ਮੈਂਬਰ ਯਹੋਵਾਹ ਦੇ ਗਵਾਹ ਨਹੀਂ ਹਨ, ਤਾਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਆਪਣੇ ਸੰਮੇਲਨ ਦੀਆਂ ਯੋਜਨਾਵਾਂ ਬਾਰੇ ਦੱਸ ਦੇਣਾ ਚੰਗੀ ਗੱਲ ਹੋਵੇਗੀ।
5 ਕਮਰੇ ਬੁੱਕ ਕਰਨ ਦਾ ਨਵਾਂ ਇੰਤਜ਼ਾਮ: ਵੱਡੇ ਜ਼ਿਲ੍ਹਾ ਸੰਮੇਲਨ ਵਿਚ ਆਉਣ ਵਾਲੇ ਸੈਂਕੜੇ ਭੈਣ-ਭਰਾਵਾਂ ਲਈ ਕਮਰੇ ਬੁੱਕ ਕਰਨੇ ਹਮੇਸ਼ਾ ਇਕ ਵੱਡੀ ਜ਼ਿੰਮੇਵਾਰੀ ਦਾ ਕੰਮ ਰਿਹਾ ਹੈ। ਹੁਣ ਜ਼ਿਆਦਾਤਰ ਭੈਣ-ਭਰਾ ਹੋਟਲਾਂ ਜਾਂ ਡਾਰਮਿਟਰੀਆਂ ਵਿਚ ਰਹਿਣਾ ਪਸੰਦ ਕਰਦੇ ਹਨ। ਹਾਲਾਂਕਿ ਨਿਵਾਸ ਵਿਭਾਗ ਹੁਣ ਤਕ ਖ਼ੁਸ਼ੀ-ਖ਼ੁਸ਼ੀ ਭੈਣਾਂ-ਭਰਾਵਾਂ ਲਈ ਘੱਟ ਰੇਟ ਤੇ ਹੋਟਲਾਂ ਵਿਚ ਕਮਰਿਆਂ ਦੀ ਬੁਕਿੰਗ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਹਨ, ਪਰ ਜ਼ਿਆਦਾਤਰ ਭੈਣ-ਭਰਾ ਆਪਣੇ ਠਹਿਰਨ ਦੇ ਇੰਤਜ਼ਾਮ ਆਪ ਕਰਨੇ ਚਾਹੁੰਦੇ ਹਨ।
6 ਠਹਿਰਨ ਦਾ ਇੰਤਜ਼ਾਮ ਕਰਨ ਵਿਚ ਸਾਰਿਆਂ ਦੀ ਮਦਦ ਕਰਨ ਅਤੇ ਨਿਵਾਸ ਵਿਭਾਗ ਦੇ ਕੰਮ ਨੂੰ ਆਸਾਨ ਕਰਨ ਲਈ, ਬਰਾਂਚ ਆਫਿਸ ਨੇ ਇਸ ਸਾਲ “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨਾਂ ਵਿਚ ਹਾਜ਼ਰ ਹੋਣ ਵਾਲਿਆਂ ਲਈ ਇਕ ਨਵਾਂ ਪ੍ਰਬੰਧ ਕੀਤਾ ਹੈ। ਅਸੀਂ ਫ਼ੈਸਲਾ ਕੀਤਾ ਹੈ ਕਿ ਨਿਵਾਸ ਵਿਭਾਗ ਅਗਾਹਾਂ ਤੋਂ ਹੋਟਲਾਂ ਵਿਚ ਕਮਰਿਆਂ ਦੀ ਬੁਕਿੰਗ ਨਹੀਂ ਕਰੇਗਾ। ਇਸ ਦੀ ਬਜਾਇ, ਨਿਵਾਸ ਵਿਭਾਗ ਹੋਟਲਾਂ ਅਤੇ ਉਨ੍ਹਾਂ ਦੇ ਰੇਟਾਂ ਦੀ ਲਿਸਟ ਕਲੀਸਿਯਾਵਾਂ ਨੂੰ ਘੱਲੇਗਾ, ਤਾਂਕਿ ਭੈਣ-ਭਰਾ ਆਪਣੇ ਠਹਿਰਨ ਦੇ ਇੰਤਜ਼ਾਮ ਕਰਨ ਲਈ ਹੋਟਲ ਨਾਲ ਸਿੱਧਾ ਸੰਪਰਕ ਕਰ ਸਕਣ। ਇਹ ਪ੍ਰਬੰਧ ਡਾਰਮਿਟਰੀ ਵਿਚ ਰਹਿਣ ਦੇ ਚਾਹਵਾਨ ਭੈਣ-ਭਰਾਵਾਂ ਉੱਤੇ ਲਾਗੂ ਨਹੀਂ ਹੁੰਦਾ। ਉਹ ਅਜੇ ਵੀ ਸੰਮੇਲਨ ਨਿਵਾਸ ਵਿਭਾਗ ਰਾਹੀਂ ਬੁਕਿੰਗ ਕਰ ਸਕਦੇ ਹਨ।
7 ਡਾਰਮਿਟਰੀਆਂ: ਕਲੀਸਿਯਾਵਾਂ ਨੂੰ ਹੋਟਲਾਂ ਸੰਬੰਧੀ ਪਹਿਲੀ ਲਿਸਟ ਘੱਲਣ ਤੋਂ ਮਹੀਨੇ ਕੁ ਬਾਅਦ ਡਾਰਮਿਟਰੀਆਂ ਬਾਰੇ ਜਾਣਕਾਰੀ ਵੀ ਭੇਜ ਦਿੱਤੀ ਜਾਵੇਗੀ। ਡਾਰਮਿਟਰੀਆਂ ਵਿਚ ਰਹਿਣ ਦੇ ਚਾਹਵਾਨ ਭੈਣ-ਭਰਾਵਾਂ ਨੂੰ ਲਿਸਟ ਵਿਚ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਸੰਮੇਲਨ ਨਿਵਾਸ ਵਿਭਾਗ ਦੁਆਰਾ ਕਲੀਸਿਯਾਵਾਂ ਨੂੰ ਭੇਜੀ ਜਾਵੇਗੀ।
8 ਖ਼ਾਸ ਲੋੜਾਂ: ਆਮ ਤੌਰ ਤੇ ਲੋੜਵੰਦ ਭੈਣ-ਭਰਾਵਾਂ—ਪਾਇਨੀਅਰਾਂ, ਬਿਰਧ ਭੈਣ-ਭਰਾਵਾਂ, ਬੀਮਾਰਾਂ ਜਾਂ ਗ਼ਰੀਬ ਪ੍ਰਕਾਸ਼ਕਾਂ—ਲਈ ਖ਼ਾਸ ਇੰਤਜ਼ਾਮ ਉਨ੍ਹਾਂ ਦੀ ਕਲੀਸਿਯਾ ਹੀ ਕਰਦੀ ਹੈ। ਅਜਿਹੇ ਭੈਣ-ਭਰਾਵਾਂ ਦੇ ਹਾਲਾਤਾਂ ਤੋਂ ਵਾਕਫ਼ ਬਜ਼ੁਰਗਾਂ ਅਤੇ ਦੂਜੇ ਭੈਣ-ਭਰਾਵਾਂ ਨੇ ਪਿਆਰ ਨਾਲ ਉਨ੍ਹਾਂ ਦੀ ਮਦਦ ਕੀਤੀ ਹੈ ਜਿਸ ਦੇ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਜਾਂਦੀ ਹੈ। ਉਹ ਅਕਸਰ ਇਨ੍ਹਾਂ ਲੋੜਵੰਦ ਭੈਣ-ਭਰਾਵਾਂ ਨੂੰ ਆਪਣੇ ਨਾਲ ਸੰਮੇਲਨ ਵਿਚ ਲੈ ਕੇ ਜਾਂਦੇ ਹਨ। ਉਨ੍ਹਾਂ ਨੇ ਦੂਜੇ ਤਰੀਕਿਆਂ ਨਾਲ ਵੀ ਅਜਿਹੇ ਭੈਣ-ਭਰਾਵਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ, ਜਿਵੇਂ ਕਿ ਸੰਮੇਲਨ ਵਿਚ ਜਾਣ ਦੇ ਇੰਤਜ਼ਾਮ ਕਰਨ ਵਿਚ ਉਨ੍ਹਾਂ ਦੀ ਮਦਦ ਕਰਨੀ ਜਾਂ ਆਪਣੀ ਹੈਸੀਅਤ ਅਨੁਸਾਰ ਪੈਸੇ ਪੱਖੋਂ ਗ਼ਰੀਬ ਭੈਣ-ਭਰਾਵਾਂ ਦੀ ਮਦਦ ਕਰਨੀ। (ਯਾਕੂ. 2:15-17; 1 ਯੂਹੰ. 3:18) ਸਾਨੂੰ ਯਕੀਨ ਹੈ ਕਿ ਤੁਸੀਂ ਅੱਗੋਂ ਵੀ ਅਜਿਹੇ ਭੈਣ-ਭਰਾਵਾਂ ਦੀ ਮਦਦ ਕਰਦੇ ਰਹੋਗੇ। (ਯੂਹੰ. 13:35) ਪਰ ਸੰਮੇਲਨ ਨਿਵਾਸ ਵਿਭਾਗ ਅਜਿਹੇ ਲੋੜਵੰਦਾਂ ਲਈ ਠਹਿਰਨ ਦੀਆਂ ਥਾਵਾਂ ਦਾ ਇੰਤਜ਼ਾਮ ਕਰਨਾ ਜਾਰੀ ਰੱਖੇਗਾ ਜਿਹੜੇ ਨਾ ਤਾਂ ਆਪ ਇਸ ਲੋੜ ਨੂੰ ਪੂਰਾ ਕਰ ਸਕਦੇ ਹਨ ਅਤੇ ਨਾ ਹੀ ਇਸ ਮਾਮਲੇ ਵਿਚ ਕਲੀਸਿਯਾ ਦੇ ਭੈਣ-ਭਰਾ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਅਜਿਹੇ ਭੈਣ-ਭਰਾ ਆਪਣੀ ਕਲੀਸਿਯਾ ਵਿਚ ਸੰਮੇਲਨ ਕੋਆਰਡੀਨੇਟਰ ਤੋਂ ਲੋੜਵੰਦਾਂ ਲਈ ਨਿਵਾਸ ਦਰਖ਼ਾਸਤ ਫਾਰਮ (Special Needs Room Request Form) ਮੰਗ ਸਕਦੇ ਹਨ ਅਤੇ ਉਸ ਨੂੰ ਆਪਣੇ ਹਾਲਾਤਾਂ ਬਾਰੇ ਦੱਸ ਸਕਦੇ ਹਨ।
9 ਇਹ ਫਾਰਮ ਸਿਰਫ਼ ਉਨ੍ਹਾਂ ਭੈਣ-ਭਰਾਵਾਂ ਲਈ ਹਨ ਜੋ ਸੱਚ-ਮੁੱਚ ਲੋੜਵੰਦ ਹਨ। ਉਨ੍ਹਾਂ ਨੂੰ ਇਹ ਫਾਰਮ ਭਰ ਕੇ ਸੰਮੇਲਨ ਕੋਆਰਡੀਨੇਟਰ ਨੂੰ ਦੇ ਦੇਣਾ ਚਾਹੀਦਾ ਹੈ, ਤਾਂਕਿ ਉਹ ਦੇਖ ਸਕੇ ਕਿ ਫਾਰਮ ਪੂਰੀ ਤਰ੍ਹਾਂ ਤੇ ਸਹੀ-ਸਹੀ ਭਰਿਆ ਹੋਇਆ ਹੈ ਅਤੇ ਭੈਣ ਜਾਂ ਭਰਾ ਨੇ ਆਪਣੇ ਹਾਲਾਤਾਂ ਬਾਰੇ ਸਹੀ ਜਾਣਕਾਰੀ ਦਿੱਤੀ ਹੈ ਜਾਂ ਨਹੀਂ। ਹਾਲਾਂਕਿ ਕੋਆਰਡੀਨੇਟਰ ਇਹ ਫਾਰਮ ਸੰਮੇਲਨ ਨਿਵਾਸ ਵਿਭਾਗ ਨੂੰ ਭੇਜਦਾ ਹੈ, ਪਰ ਠਹਿਰਨ ਦੀ ਜਗ੍ਹਾ ਦੇ ਇੰਤਜ਼ਾਮ ਬਾਰੇ ਨਿਵਾਸ ਵਿਭਾਗ ਆਪ ਭੈਣ ਜਾਂ ਭਰਾ ਨੂੰ ਜਾਣਕਾਰੀ ਭੇਜੇਗਾ। ਲੋੜਵੰਦ ਭੈਣ-ਭਰਾਵਾਂ ਦੇ ਹਾਲਾਤਾਂ ਅਨੁਸਾਰ ਉਨ੍ਹਾਂ ਨੂੰ ਭੈਣ-ਭਰਾਵਾਂ ਦੇ ਘਰਾਂ ਜਾਂ ਹੋਟਲਾਂ ਵਿਚ ਠਹਿਰਾਇਆ ਜਾਵੇਗਾ। ਕਿਰਪਾ ਕਰ ਕੇ ਯਾਦ ਰੱਖੋ ਕਿ ਸਿਰਫ਼ ਉਨ੍ਹਾਂ ਗ਼ਰੀਬ ਭੈਣ-ਭਰਾਵਾਂ ਨੂੰ ਹੀ ਦੂਜੇ ਭੈਣ-ਭਰਾਵਾਂ ਦੇ ਘਰਾਂ ਵਿਚ ਠਹਿਰਾਇਆ ਜਾਵੇਗਾ ਜੋ ਹੋਟਲਾਂ ਦਾ ਖ਼ਰਚਾ ਨਹੀਂ ਭਰ ਸਕਦੇ। ਇਹ ਘਰ ਉਨ੍ਹਾਂ ਲਈ ਨਹੀਂ ਹਨ ਜੋ ਘੁੰਮਣ-ਫਿਰਨ ਆਦਿ ਲਈ ਮੁਫ਼ਤ ਵਿਚ ਰਹਿਣਾ ਜਾਂ ਆਪਣੇ ਪੈਸੇ ਬਚਾਉਣ ਖ਼ਾਤਰ ਸਸਤੇ ਕਮਰੇ ਚਾਹੁੰਦੇ ਹਨ। ਨਾਲੇ ਇਹ ਘਰ ਸਿਰਫ਼ ਸੰਮੇਲਨ ਦੇ ਦਿਨਾਂ ਲਈ ਹੀ ਹਨ। ਸੰਮੇਲਨ ਤੋਂ ਪਹਿਲਾਂ ਜਾਂ ਬਾਅਦ ਵਿਚ ਘੁੰਮਣ-ਫਿਰਨ ਲਈ ਆਪਣੇ ਭੈਣ-ਭਰਾਵਾਂ ਦੇ ਘਰਾਂ ਵਿਚ ਜ਼ਿਆਦਾ ਦਿਨ ਰਹਿਣ ਦੀ ਉਮੀਦ ਨਾ ਰੱਖੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਉਨ੍ਹਾਂ ਦੀ ਪਰਾਹੁਣਚਾਰੀ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਹੋਵੋਗੇ ਜੋ ਚੰਗੀ ਗੱਲ ਨਹੀਂ ਹੈ।
10 ਕਿਸੇ ਹੋਰ ਸੰਮੇਲਨ ਵਿਚ ਜਾਣਾ: ਜੇ ਤੁਹਾਡੇ ਹਾਲਾਤ ਅਜਿਹੇ ਹਨ ਕਿ ਤੁਸੀਂ ਆਪਣੇ ਨਿਰਧਾਰਿਤ ਸੰਮੇਲਨ ਵਿਚ ਨਹੀਂ ਜਾ ਸਕਦੇ ਅਤੇ ਕਿਸੇ ਹੋਰ ਸੰਮੇਲਨ ਵਿਚ ਜਾਣਾ ਚਾਹੁੰਦੇ ਹੋ ਜਿਸ ਲਈ ਤੁਹਾਨੂੰ ਹੋਟਲ ਵਿਚ ਕਮਰਾ ਬੁੱਕ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਮਿਲੋ। ਉਹ ਤੁਹਾਨੂੰ ਉਸ ਸੰਮੇਲਨ ਦੇ ਮੁੱਖ ਦਫ਼ਤਰ ਦਾ ਪਤਾ ਦੱਸ ਸਕਦਾ ਹੈ। ਤੁਸੀਂ ਆਪਣੀ ਬੇਨਤੀ ਉਸ ਢੁਕਵੇਂ ਪਤੇ ਤੇ ਭੇਜ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਕ ਟਿਕਟਾਂ ਲੱਗਿਆ ਲਿਫ਼ਾਫ਼ਾ ਭੇਜੋ ਜਿਸ ਉੱਤੇ ਤੁਹਾਡਾ ਪਤਾ ਲਿਖਿਆ ਹੋਵੇ। ਫਿਰ ਉਸ ਸ਼ਹਿਰ ਦਾ ਨਿਵਾਸ ਵਿਭਾਗ ਤੁਹਾਨੂੰ ਹੋਟਲਾਂ ਅਤੇ ਉਨ੍ਹਾਂ ਦੇ ਰੇਟਾਂ ਦੀ ਨਵੀਂ ਲਿਸਟ ਭੇਜ ਦੇਵੇਗਾ।
11 ਅਸੀਂ ਇਕ ਤਮਾਸ਼ਾ ਹਾਂ: ਕੀ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਅਤੇ ਦੁਨੀਆਂ ਦੇ ਲੋਕਾਂ ਵਿਚ ਕੋਈ ਫ਼ਰਕ ਨਜ਼ਰ ਆਉਂਦਾ ਹੈ? ਹਾਂ ਜ਼ਰੂਰ! ਪਰ ਕੁਝ ਹੋਟਲਾਂ ਦੇ ਮੈਨੇਜਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਭੈਣ-ਭਰਾ ਕਮਰੇ ਬੁੱਕ ਕਰ ਕੇ ਮੁੱਕਰ ਗਏ ਸਨ ਜਾਂ ਕਈ ਵਾਰੀ ਉਨ੍ਹਾਂ ਨੇ ਅਜਿਹੀਆਂ ਸਹੂਲਤਾਂ ਦੀ ਮੰਗ ਕੀਤੀ ਹੈ ਜੋ ਉਨ੍ਹਾਂ ਦੇ ਖ਼ਰਚਿਆਂ ਵਿਚ ਸ਼ਾਮਲ ਨਹੀਂ ਸਨ। ਕੁਝ ਮੈਨੇਜਰਾਂ ਨੇ ਕਿਹਾ ਕਿ ਉਹ ਭਵਿੱਖ ਵਿਚ ਸੰਮੇਲਨਾਂ ਦੌਰਾਨ ਯਹੋਵਾਹ ਦੇ ਗਵਾਹਾਂ ਨੂੰ ਆਪਣੇ ਹੋਟਲਾਂ ਵਿਚ ਨਹੀਂ ਠਹਿਰਾਉਣਗੇ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਵਿੱਚੋਂ ਕਈ ਭੈਣ-ਭਰਾ ਇਸ ਗੱਲ ਨੂੰ ਭੁੱਲ ਗਏ ਹਨ ਕਿ ਲੋਕ ਸਾਨੂੰ ਦੇਖ ਰਹੇ ਹਨ ਅਤੇ ਸਾਡੇ ਚਾਲ-ਚਲਣ ਦਾ ਯਹੋਵਾਹ ਦੇ ਨਾਂ ਉੱਤੇ ਅਸਰ ਪੈਂਦਾ ਹੈ।
12 ਪਰ ਖ਼ੁਸ਼ੀ ਦੀ ਗੱਲ ਹੈ ਕਿ ਹੋਟਲਾਂ ਦੇ ਮੈਨੇਜਰਾਂ ਨੇ ਜ਼ਿਆਦਾਤਰ ਵਧੀਆ ਟਿੱਪਣੀਆਂ ਕੀਤੀਆਂ ਹਨ। ਇਕ ਸ਼ਹਿਰ ਵਿਚ ਮੈਨੇਜਰ ਨੇ ਕਿਹਾ: “ਸਾਡਾ ਹਮੇਸ਼ਾ ਵੱਡੇ-ਵੱਡੇ ਇਕੱਠਾਂ ਨਾਲ ਵਾਹ ਪੈਂਦਾ ਰਿਹਾ ਹੈ, ਪਰ ਤੁਸੀਂ ਸਭ ਤੋਂ ਜ਼ਿਆਦਾ ਸਹਿਯੋਗ ਦਿੰਦੇ ਹੋ ਅਤੇ ਪਿਆਰ ਨਾਲ ਪੇਸ਼ ਆਉਂਦੇ ਹੋ।” “ਪਿਛਲੇ ਹਫ਼ਤੇ ਸਾਡੇ ਹੋਟਲ ਵਿਚ ਇਕ ਹੋਰ ਧਾਰਮਿਕ ਗਰੁੱਪ ਠਹਿਰਿਆ ਸੀ। ਪਰ ਤੁਹਾਡੇ ਅਤੇ ਉਨ੍ਹਾਂ ਵਿਚ ਫ਼ਰਕ ਸਾਫ਼ ਨਜ਼ਰ ਆਉਂਦਾ ਹੈ।” “ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡੇ ਲਈ ਕੋਈ ਪਰੇਸ਼ਾਨੀ ਖੜ੍ਹੀ ਨਹੀਂ ਕਰੋਗੇ।” ਕੀ ਅਜਿਹੀਆਂ ਟਿੱਪਣੀਆਂ ਇਸ ਗੱਲ ਦਾ ਸਬੂਤ ਨਹੀਂ ਹਨ ਕਿ ‘ਉੱਪਰਲੀ ਬੁੱਧ’ ਦਾ ਸਾਡੀ ਸ਼ਖ਼ਸੀਅਤ ਉੱਤੇ ਕਿੰਨਾ ਚੰਗਾ ਅਸਰ ਪੈਂਦਾ ਹੈ? (ਯਾਕੂ. 3:17) ਅਸੀਂ ‘ਜਗਤ ਲਈ ਇੱਕ ਤਮਾਸ਼ਾ’ ਬਣੇ ਹੋਏ ਹਾਂ, ਇਸ ਲਈ ਸਾਡੇ ਚਾਲ-ਚਲਣ ਤੋਂ ਹਰ ਵੇਲੇ ਨਜ਼ਰ ਆਉਣਾ ਚਾਹੀਦਾ ਹੈ ਕਿ ਅਸੀਂ ਇਕ ਮਹਾਨ ਅਤੇ ਪ੍ਰਤਾਪੀ ਪਰਮੇਸ਼ੁਰ ਯਹੋਵਾਹ ਦੇ ਸੇਵਕ ਹਾਂ।—1 ਕੁਰਿੰ. 4:9.
13 “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ,” ਇਸ ਲਈ ਸਾਨੂੰ ਅਧਿਆਤਮਿਕ ਗੱਲਾਂ ਉੱਤੇ ਧਿਆਨ ਲਾਈ ਰੱਖਣ ਲਈ ਜ਼ਿਲ੍ਹਾ ਸੰਮੇਲਨਾਂ ਦੀ ਬਹੁਤ ਲੋੜ ਹੈ। (1 ਕੁਰਿੰ. 7:31) ਹਰ ਰੋਜ਼ ਹਾਜ਼ਰ ਹੋਣ ਲਈ ਸਾਨੂੰ ਸਖ਼ਤ ਜਤਨ ਕਰਨ ਦੀ ਲੋੜ ਪਵੇਗੀ, ਪਰ ਇਸ ਦਾ ਸਾਨੂੰ ਹੀ ਫ਼ਾਇਦਾ ਹੋਵੇਗਾ। ਇਸ ਸਾਲ ਦਾ “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨ ਦ੍ਰਿੜ੍ਹ ਰਹਿਣ ਵਿਚ ਸਾਡੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂਕਿ ਅਸੀਂ ਉਸ ਸਮੇਂ ਦੀ ਉਡੀਕ ਕਰਦੇ ਰਹੀਏ ਜਦੋਂ ਯਹੋਵਾਹ ਸ਼ਤਾਨ ਦੀ ਦੁਨੀਆਂ ਨੂੰ ਨਾਸ਼ ਕਰ ਦੇਵੇਗਾ। ਆਓ ਆਪਾਂ ਕਿਸੇ ਵੀ ਚੀਜ਼ ਨੂੰ ਯਹੋਵਾਹ ਦੀ ਸਿੱਖਿਆ ਲੈਣ ਵਿਚ ਰੁਕਾਵਟ ਨਾ ਬਣਨ ਦੇਈਏ।—ਯਸਾ. 51:4, 5.
[ਸਫ਼ੇ 3 ਉੱਤੇ ਡੱਬੀ]
ਪ੍ਰੋਗ੍ਰਾਮ ਦਾ ਸਮਾਂ
ਸ਼ੁੱਕਰਵਾਰ ਅਤੇ ਸ਼ਨੀਵਾਰ
ਸਵੇਰੇ 9:30 ਤੋਂ ਸ਼ਾਮ 5:00 ਵਜੇ ਤਕ
ਐਤਵਾਰ
ਸਵੇਰੇ 9:30 ਤੋਂ ਸ਼ਾਮ 4:05 ਵਜੇ ਤਕ