ਯਹੋਵਾਹ ਦੇ ਗਵਾਹਾਂ ਦਾ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਜ਼ਿਲ੍ਹਾ ਸੰਮੇਲਨ
1 “ਮੈਂ ਮਹਾ ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ।” (ਜ਼ਬੂ. 35:18) ਕਲਪਨਾ ਕਰੋ ਕਿ ਜੇ ਦਾਊਦ ਅੱਜ ਸਾਡੇ ਵਿਚ ਹੁੰਦਾ, ਤਾਂ ਉਹ ਸੰਮੇਲਨਾਂ ਵਿਚ ਲੱਖਾਂ ਹੀ ਲੋਕਾਂ ਨੂੰ ਇਕੱਠੇ ਹੋ ਕੇ ਸ਼ਾਂਤੀ ਨਾਲ ਪਰਮੇਸ਼ੁਰੀ ਸਿੱਖਿਆ ਲੈਂਦੇ ਹੋਏ ਦੇਖ ਕੇ ਕਿੰਨਾ ਖ਼ੁਸ਼ ਹੁੰਦਾ! ਭਾਰਤ ਵਿਚ ਨਵੰਬਰ 1999 ਦੇ ਅੱਧ ਤੋਂ ਲੈ ਕੇ ਜਨਵਰੀ 2000 ਦੇ ਸ਼ੁਰੂ ਤਕ “ਪਰਮੇਸ਼ੁਰ ਦਾ ਅਗੰਮ ਵਾਕ” ਨਾਮਕ ਕੁੱਲ 27 ਜ਼ਿਲ੍ਹਾ ਸੰਮੇਲਨ ਕੀਤੇ ਗਏ। ਕੀ ਤੁਸੀਂ ਵੀ ਇਨ੍ਹਾਂ ਸੰਮੇਲਨਾਂ ਵਿਚ ਹਾਜ਼ਰ ਹੋਏ 30,462 ਲੋਕਾਂ ਵਿਚ ਸ਼ਾਮਲ ਸੀ? ਇਸ ਸਾਲ ਦੇ ਅਖ਼ੀਰ ਵਿਚ ਵੀ ਜ਼ਿਲ੍ਹਾ ਸੰਮੇਲਨ ਕੀਤੇ ਜਾਣਗੇ ਜਿਨ੍ਹਾਂ ਦਾ ਵਿਸ਼ਾ ਹੈ—“ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ।” ਇਸ ਸੰਮੇਲਨ ਵਿਚ ਸਾਨੂੰ ਯਹੋਵਾਹ ਦੀ ਵਡਿਆਈ ਕਰਨ ਵਾਲੇ ਉਨ੍ਹਾਂ ਸੰਗੀ ਭੈਣ-ਭਰਾਵਾਂ ਨੂੰ ਮਿਲਣ ਦਾ ਨਵਾਂ ਮੌਕਾ ਮਿਲੇਗਾ ਜੋ “ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ” ਹਨ ਤੇ ਖ਼ੁਸ਼ੀ ਨਾਲ ਇਹ ਸੁਣਨ ਲਈ ਬੇਸਬਰੇ ਹਨ “ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।”—ਮੱਤੀ 5:3, ਨਿ ਵ; ਪਰ. 2:29.
2 ਆਪਣੇ ਠਹਿਰਨ ਦਾ ਪ੍ਰਬੰਧ ਕਰੋ: ਹਰੇਕ ਸੰਮੇਲਨ ਵਿਚ ਇਕ ਨਿਵਾਸ ਵਿਭਾਗ (Rooming Department) ਹੁੰਦਾ ਹੈ। ਜਿਸ ਸ਼ਹਿਰ ਵਿਚ ਸੰਮੇਲਨ ਹੋਣ ਵਾਲਾ ਹੈ, ਉੱਥੇ ਠਹਿਰਨ ਦੀ ਜਗ੍ਹਾ ਬਾਰੇ ਇਹ ਵਿਭਾਗ ਤੁਹਾਨੂੰ ਜਾਣਕਾਰੀ ਦੇਵੇਗਾ। ਤੁਹਾਨੂੰ ਆਪਣੇ ਰਹਿਣ ਦਾ ਕਾਫ਼ੀ ਸਮਾਂ ਪਹਿਲਾਂ ਹੀ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ। ਤੁਸੀਂ ਕਲੀਸਿਯਾ ਦੇ ਸੈਕਟਰੀ ਕੋਲੋਂ ਨਿਵਾਸ ਦਰਖ਼ਾਸਤ ਫਾਰਮ (Room Request form) ਲੈ ਸਕਦੇ ਹੋ। ਲੋੜੀਂਦੀ ਜਾਣਕਾਰੀ ਭਰਨ ਤੋਂ ਬਾਅਦ, ਤੁਸੀਂ ਇਹ ਫਾਰਮ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦੇ ਸਕਦੇ ਹੋ ਅਤੇ ਉਹ ਇਸ ਨੂੰ ਉਸ ਸੰਮੇਲਨ ਦੇ ਮੁੱਖ ਦਫ਼ਤਰ ਨੂੰ ਭੇਜ ਦੇਵੇਗਾ ਜਿੱਥੇ ਤੁਸੀਂ ਸੰਮੇਲਨ ਵਿਚ ਜਾ ਰਹੇ ਹੋ। ਆਪਣੀ ਦਰਖ਼ਾਸਤ ਦੇ ਨਾਲ ਹਮੇਸ਼ਾ ਟਿਕਟਾਂ ਲਗਾ ਕੇ ਇਕ ਲਿਫ਼ਾਫ਼ਾ ਭੇਜੋ ਤੇ ਉਸ ਉੱਤੇ ਆਪਣਾ ਪਤਾ ਲਿਖੋ। ਜੇ ਉਸ ਸ਼ਹਿਰ ਵਿਚ ਇਕ ਤੋਂ ਜ਼ਿਆਦਾ ਸੰਮੇਲਨ ਹੋਣ ਵਾਲੇ ਹਨ, ਤਾਂ ਤੁਸੀਂ ਆਪਣੀ ਦਰਖ਼ਾਸਤ ਵਿਚ ਉਸ ਸੰਮੇਲਨ ਦੀਆਂ ਤਾਰੀਖ਼ਾਂ ਲਿਖੋ ਜਿਸ ਵਿਚ ਤੁਸੀਂ ਜਾਣਾ ਹੈ।
3 ਬਿਰਧ ਅਤੇ ਖ਼ਾਸ ਲੋੜਵੰਦਾਂ ਦੀ ਦੇਖ-ਭਾਲ ਕਰਨੀ: ਜੇ ਕਲੀਸਿਯਾ ਵਿਚ ਕੋਈ ਬਿਰਧ, ਬੀਮਾਰ ਜਾਂ ਕੋਈ ਅਜਿਹਾ ਭੈਣ-ਭਰਾ ਹੈ ਜਿਸ ਨੂੰ ਖ਼ਾਸ ਦੇਖ-ਭਾਲ ਦੀ ਲੋੜ ਹੈ, ਤਾਂ ਉਨ੍ਹਾਂ ਦੇ ਹਾਲਾਤਾਂ ਨੂੰ ਜਾਣਨ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ, ਕਲੀਸਿਯਾ ਦੇ ਬਜ਼ੁਰਗ ਅਤੇ ਦੂਸਰੇ ਭੈਣ-ਭਰਾ ਉਨ੍ਹਾਂ ਨੂੰ ਸੰਮੇਲਨ ਵਿਚ ਆਉਣ-ਜਾਣ ਵਾਸਤੇ ਮਦਦ ਕਰਨ ਦੁਆਰਾ ਆਪਣਾ ਪਿਆਰ ਦਿਖਾ ਸਕਦੇ ਹਨ। (1 ਤਿਮੋਥਿਉਸ 5:4 ਦੀ ਤੁਲਨਾ ਕਰੋ।) ਇਸ ਗੱਲ ਦਾ ਧਿਆਨ ਰੱਖੋ ਕਿ ਉਹ ਸਹੀ ਜਗ੍ਹਾ ਤੇ ਆਰਾਮ ਨਾਲ ਬੈਠ ਸਕਣ ਜਿੱਥੋਂ ਉਹ ਪ੍ਰੋਗ੍ਰਾਮ ਦਾ ਪੂਰਾ-ਪੂਰਾ ਫ਼ਾਇਦਾ ਉਠਾ ਸਕਣ। ਕਿੰਨਾ ਚੰਗਾ ਹੋਵੇਗਾ ਜੇ ਭੈਣ-ਭਰਾ ਅਜਿਹੇ ਵਿਅਕਤੀ ਦੀ ਮਦਦ ਕਰਨ ਵਾਸਤੇ ਆਪ ਅੱਗੇ ਆਉਣ। ਉਹ ਉਨ੍ਹਾਂ ਦੀ ਖਾਣਾ ਖਾਣ, ਪਾਣੀ ਲਿਆ ਕੇ ਦੇਣ ਤੇ ਉਨ੍ਹਾਂ ਨੂੰ ਪਖਾਨੇ ਤਕ ਲੈ ਕੇ ਜਾਣ ਵਿਚ ਮਦਦ ਕਰ ਸਕਦੇ ਹਨ। ਬਿਰਧ ਜਾਂ ਖ਼ਾਸ ਲੋੜਵੰਦਾਂ ਦੀ ਦੇਖ-ਭਾਲ ਕਰ ਕੇ ਸਾਰੇ ਲੋਕ ਪ੍ਰੋਗ੍ਰਾਮ ਤੋਂ ਫ਼ਾਇਦਾ ਉਠਾ ਸਕਣਗੇ, ਖ਼ਾਸਕਰ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਕਲੀਸਿਯਾ ਦੇ ਪ੍ਰਕਾਸ਼ਕ ਫ਼ਾਇਦਾ ਉਠਾਉਣਗੇ ਜੋ ਹਰ ਵੇਲੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ।
4 ਤਿੰਨਾਂ ਦਿਨਾਂ ਦੌਰਾਨ ਸੰਮੇਲਨ ਵਿਚ ਹਾਜ਼ਰ ਹੋਣਾ: ਕੀ ਸ਼ਤਾਨ ਨੇ ਅਧਿਆਤਮਿਕ ਗੱਲਾਂ ਤੋਂ ਤੁਹਾਡਾ ਧਿਆਨ ਉਖੇੜਨ ਦੀ ਕੋਸ਼ਿਸ਼ ਕੀਤੀ ਹੈ? ਬੜੇ ਦੁੱਖ ਦੀ ਗੱਲ ਹੈ ਕਿ ਕਈ ਭੈਣ-ਭਰਾ ਅਤੇ ਉਨ੍ਹਾਂ ਦੇ ਪਰਿਵਾਰ ਸੰਮੇਲਨ ਵਿਚ ਮਿਲਣ ਵਾਲਾ ਲੋੜੀਂਦਾ ਅਧਿਆਤਮਿਕ ਭੋਜਨ ਨਹੀਂ ਲੈ ਰਹੇ। ਕਿਵੇਂ? ਉਹ ਸ਼ੁੱਕਰਵਾਰ ਦੇ ਸੈਸ਼ਨਾਂ ਵਿਚ ਨਹੀਂ ਆਉਂਦੇ। ਕਈ ਵਾਰ ਦੇਖਿਆ ਗਿਆ ਹੈ ਕਿ ਸਾਡੇ ਜ਼ਿਆਦਾਤਰ ਭੈਣ-ਭਰਾ ਸ਼ੁੱਕਰਵਾਰ ਨੂੰ ਮਿਲਣ ਵਾਲੀ ਅਧਿਆਤਮਿਕ ਸਿੱਖਿਆ ਅਤੇ ਭੈਣ-ਭਰਾਵਾਂ ਨਾਲ ਸੰਗਤੀ ਕਰਨ ਦੇ ਮੌਕੇ ਨੂੰ ਗੁਆ ਰਹੇ ਹਨ।
5 ਹੋ ਸਕਦਾ ਹੈ ਕਿ ਕੁਝ ਭਰਾ ਸੰਮੇਲਨ ਵਿਚ ਜਾਣ ਲਈ ਆਪਣੇ ਮਾਲਕ ਕੋਲੋਂ ਛੁੱਟੀ ਲੈਣ ਬਾਰੇ ਗੱਲ-ਬਾਤ ਕਰਨ ਤੋਂ ਝਿਜਕਣ। ਕੀ ਤੁਸੀਂ ਵੀ ਝਿਜਕਦੇ ਹੋ? ਜੇ ਹਾਂ, ਤਾਂ ਇਸ ਬਾਰੇ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਿਉਂ ਨਹੀਂ ਕਰਦੇ? ਆਪਣੇ ਮਾਲਕ ਨਾਲ ਗੱਲ ਕਰਨ ਦੀ ਹਿੰਮਤ ਪੈਦਾ ਕਰੋ। ਯਾਦ ਕਰੋ ਨਹਮਯਾਹ ਦਾ ਹਾਲ ਵੀ ਤੁਹਾਡੇ ਹੀ ਵਰਗਾ ਸੀ, ਪਰ ਰਾਜੇ ਨਾਲ ਗੱਲ ਕਰਨ ਨਾਲ ਉਸ ਦੀ ਸਮੱਸਿਆ ਦੂਰ ਹੋਈ। (ਨਹ. 2:1-6) ਆਪਣੇ ਸਵਰਗੀ ਪਿਤਾ ਵਿਚ ਨਿਹਚਾ ਰੱਖੋ ਜੋ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਹ ਜਾਣਦਾ ਹੈ ਕਿ ਤੁਸੀਂ ਰਾਜ ਹਿੱਤਾਂ ਨੂੰ ਪਹਿਲੀ ਥਾਂ ਦਿੰਦੇ ਹੋ, ਇਸ ਲਈ ਉਹ ਤੁਹਾਡੀ ਜ਼ਿੰਦਗੀ ਦੀਆਂ ਬਾਕੀ ਲੋੜਾਂ ਵੀ ਜ਼ਰੂਰ ਪੂਰੀਆਂ ਕਰੇਗਾ।—ਮੱਤੀ 6:32ਅ, 33.
6 ਸਾਡੇ ਸੰਮੇਲਨਾਂ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ? ਅਮਰੀਕਾ ਦੇ ਪੂਰਬੀ ਹਿੱਸੇ ਵਿਚ ਰਹਿਣ ਵਾਲੀ ਇਕ ਭੈਣ ਨੇ ਲਿਖਿਆ: “1999 ਦਾ ਜ਼ਿਲ੍ਹਾ ਸੰਮੇਲਨ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਭੈਣ-ਭਰਾਵਾਂ ਨੂੰ ਮਿਲ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਿਨ੍ਹਾਂ ਨੂੰ ਮੈਂ ਹਰ ਸਾਲ ਸਿਰਫ਼ ਇੱਕੋ ਹੀ ਵਾਰ ਮਿਲ ਪਾਉਂਦੀ ਹਾਂ। ਮੈਨੂੰ ਉਦੋਂ ਸੱਚਾਈ ਮਿਲੀ ਜਦੋਂ ਮੈਂ ਕਿਸ਼ੋਰ ਉਮਰ ਵਿਚ ਗਰਭਵਤੀ ਸੀ। ਮੈਨੂੰ ਅਜੇ ਵੀ ਉਹ ਦਿਨ ਯਾਦ ਹੈ ਜਦੋਂ ਮੈਨੂੰ ਸਟੱਡੀ ਕਰਾਉਣ ਵਾਲੀ ਭੈਣ ਮੈਨੂੰ ਪਹਿਲੀ ਵਾਰੀ ਸੰਮੇਲਨ ਵਿਚ ਲੈ ਕੇ ਗਈ। ਜਦੋਂ ਅਸੀਂ ਖੁੱਲ੍ਹੇ ਸਟੇਡੀਅਮ ਵਿਚ ਰਾਜ ਗੀਤ ‘ਹਜ਼ਾਰਾਂ ਲੱਖਾਂ ਭਰਾ’ (Myriads of Brothers) ਗਾ ਰਹੇ ਸੀ ਤਾਂ ਮੈਂ ਉੱਪਰ ਬੱਦਲਾਂ ਨੂੰ ਦੇਖਿਆ ਤੇ ਰੋਣ ਲੱਗ ਪਈ। ‘ਆਪਣੇ ਆਲੇ-ਦੁਆਲੇ ਇਨ੍ਹਾਂ ਸਾਰੇ ਚੰਗੇ ਲੋਕਾਂ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਪੁੱਛਿਆ, ‘ਯਹੋਵਾਹ ਨੇ ਮੈਨੂੰ ਕਿੱਦਾਂ ਚੁਣ ਲਿਆ?’ ਉਸੇ ਦਿਨ ਮੈਂ ਪੂਰੀ ਤਰ੍ਹਾਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਲਿਆ।” ਇਹ ਤਜਰਬਾ ਪੜ੍ਹ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ! ਯਹੋਵਾਹ ਦੇ ਸਾਫ਼-ਸੁਥਰੇ ਲੋਕਾਂ ਨਾਲ ਸੰਗਤੀ ਕਰਨੀ ਸੱਚ-ਮੁੱਚ ਕਿੰਨੀ ਖ਼ੁਸ਼ੀ ਦੀ ਗੱਲ ਹੈ, ਹੈ ਨਾ?
7 ਅੰਤਿਮ ਦਿਨਾਂ ਦੇ ਆਖ਼ਰੀ ਹਿੱਸੇ ਦੌਰਾਨ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਲਾਨਾ ਜ਼ਿਲ੍ਹਾ ਸੰਮੇਲਨਾਂ ਦੀ ਲੋੜ ਹੈ। ਸਾਨੂੰ ਅਧਿਆਤਮਿਕ ਤੌਰ ਤੇ ਸਿਹਤਮੰਦ ਅਤੇ ਸੰਤੁਲਿਤ ਰੱਖਣ ਲਈ ਯਹੋਵਾਹ ਨੇ ਇਹ ਪ੍ਰਬੰਧ ਕੀਤਾ ਹੈ। ਇਸ ਲਈ, “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਇਸ ਸਾਲ ਦੇ ਜ਼ਿਲ੍ਹਾ ਸੰਮੇਲਨ ਦੇ ਤਿੰਨੋਂ ਦਿਨ ਹਾਜ਼ਰ ਹੋਣ ਦਾ ਪੱਕਾ ਇਰਾਦਾ ਕਰੋ। ਤੁਸੀਂ ਆਪਣੇ ਇਸ ਇਰਾਦੇ ਉੱਤੇ ਕਿਵੇਂ ਪੱਕੇ ਰਹਿ ਸਕਦੇ ਹੋ? ਪੂਰੇ ਸੰਮੇਲਨ ਵਿਚ ਹਾਜ਼ਰ ਹੋਣ ਵਾਸਤੇ ਪਹਿਲਾਂ ਤੋਂ ਹੀ ਆਪਣੇ ਮਾਲਕ ਨਾਲ ਛੁੱਟੀਆਂ ਲੈਣ ਬਾਰੇ ਗੱਲ-ਬਾਤ ਕਰੋ। ਜੇ ਰੁਪਏ-ਪੈਸੇ ਦੀ ਤੰਗੀ ਹੈ, ਤਾਂ ਹੁਣ ਤੋਂ ਹੀ ਸੰਮੇਲਨ ਵਿਚ ਜਾਣ ਲਈ ਪੈਸੇ ਜਮ੍ਹਾ ਕਰਨੇ ਸ਼ੁਰੂ ਕਰੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਕਿਸੇ ਵੀ ਰੁਕਾਵਟ ਨੂੰ ਪਾਰ ਕਰਨ ਵਿਚ ਤੁਹਾਡੀ ਮਦਦ ਕਰੇ। ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤਾਂ ਤੁਸੀਂ ਆਪਣੇ ਭੈਣ-ਭਰਾਵਾਂ ਦੀ ਨਿੱਘੀ ਸੰਗਤੀ ਦਾ ਅਤੇ ਆਪਣੇ ਸਵਰਗੀ ਪਿਤਾ ਯਹੋਵਾਹ ਕੋਲੋਂ ਸਦੀਪਕ ਜੀਵਨ ਦੀਆਂ ਗੱਲਾਂ ਸੁਣਨ ਦਾ ਆਨੰਦ ਮਾਣਨ ਦੀ ਉਮੀਦ ਰੱਖ ਸਕਦੇ ਹੋ।—ਯੂਹੰਨਾ 6:68 ਦੀ ਤੁਲਨਾ ਕਰੋ।
[ਸਫ਼ੇ 3 ਉੱਤੇ ਡੱਬੀ]
ਪ੍ਰੋਗ੍ਰਾਮ ਦਾ ਸਮਾਂ
ਸ਼ੁੱਕਰਵਾਰ ਅਤੇ ਸਿਨੱਚਰਵਾਰ
ਸਵੇਰੇ 9:30 ਤੋਂ ਸ਼ਾਮ 5:00 ਵਜੇ ਤਕ
ਐਤਵਾਰ
ਸਵੇਰੇ 9:30 ਤੋਂ ਸ਼ਾਮ 4:00 ਵਜੇ ਤਕ