ਯਹੋਵਾਹ ਦੇ ਗਵਾਹਾਂ ਦਾ 2001 “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ
1 ਯਸਾਯਾਹ ਨਬੀ ਨੇ ਕਿਹਾ ਕਿ ਯਹੋਵਾਹ ਮਹਾਨ ਗੁਰੂ ਹੈ ਜੋ ਇਕ ਪਿਤਾ ਵਾਂਗ ਇੰਜ ਕਹਿੰਦਾ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾ. 30:20, 21) ਪਰ ਅਸੀਂ ਯਹੋਵਾਹ ਦੇ ਲਫ਼ਜ਼ਾਂ ਨੂੰ ਕਿੱਦਾਂ ਸੁਣਦੇ ਹਾਂ ਜੋ ਉਸ ਨੇ ਸਾਡੇ ਹੀ ਫ਼ਾਇਦੇ ਲਈ ਕਹੇ ਹਨ? ਯਹੋਵਾਹ ਆਪਣੇ ਲੋਕਾਂ ਨਾਲ ਬਾਈਬਲ ਅਤੇ ਬਾਈਬਲ ਆਧਾਰਿਤ ਪ੍ਰਕਾਸ਼ਨਾਂ, ਸਭਾਵਾਂ, ਸਰਕਟ ਪ੍ਰੋਗ੍ਰਾਮਾਂ ਅਤੇ ਜ਼ਿਲ੍ਹਾ ਸੰਮੇਲਨਾਂ ਦੇ ਜ਼ਰੀਏ ਗੱਲ ਕਰਦਾ ਹੈ ਜਿਨ੍ਹਾਂ ਦਾ ਇੰਤਜ਼ਾਮ “ਮਾਤਬਰ ਅਤੇ ਬੁੱਧਵਾਨ ਨੌਕਰ” ਕਰਦਾ ਹੈ। (ਮੱਤੀ 24:45) ਸਾਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਸਾਨੂੰ ਉਹ ਰਾਹ ਦਿਖਾ ਰਿਹਾ ਹੈ ਜਿਸ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ।
2 ਹਰ ਸਾਲ ਜ਼ਿਲ੍ਹਾ ਸੰਮੇਲਨ ਵਿਚ ਸਾਨੂੰ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਇਕੱਠੇ ਹੋਣ ਤੇ ਯਹੋਵਾਹ ਦੀਆਂ ਹਿਦਾਇਤਾਂ ਨੂੰ ਗੌਰ ਨਾਲ ਸੁਣਨ ਦਾ ਮੌਕਾ ਮਿਲਦਾ ਹੈ। ਪਿਛਲੇ ਸਾਲ ਅਧਿਆਤਮਿਕ ਤੌਰ ਤੇ ਤਰੋ-ਤਾਜ਼ਾ ਕਰਨ ਵਾਲੇ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਜ਼ਿਲ੍ਹਾ ਸੰਮੇਲਨਾਂ ਵਿਚ 32,349 ਲੋਕ ਹਾਜ਼ਰ ਹੋਏ। ਸਾਲ 2001 ਵਿਚ ਵੀ ਤਿੰਨ-ਦਿਨਾ ਜ਼ਿਲ੍ਹਾ ਸੰਮੇਲਨ ਪੂਰੇ ਦੇਸ਼ ਵਿਚ ਕੀਤੇ ਜਾਣਗੇ ਜਿਨ੍ਹਾਂ ਦਾ ਵਿਸ਼ਾ ਹੈ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ।” ਅਸੀਂ ਜਾਣਦੇ ਹਾਂ ਕਿ ਤੁਸੀਂ ਇਸ ਸੰਮੇਲਨ ਵਿਚ ਹਾਜ਼ਰ ਹੋਣ ਲਈ ਤਿਆਰੀ ਕਰਨ ਬਾਰੇ ਸੋਚ ਰਹੇ ਹੋਵੋਗੇ, ਇਸੇ ਲਈ ਅਸੀਂ ਤੁਹਾਡੀ ਮਦਦ ਵਾਸਤੇ ਹੇਠ ਲਿਖੀਆਂ ਹਿਦਾਇਤਾਂ ਦੇ ਰਹੇ ਹਾਂ।
3 ਆਪਣੇ ਠਹਿਰਨ ਦਾ ਪ੍ਰਬੰਧ ਕਰੋ: ਹਰੇਕ ਸੰਮੇਲਨ ਵਿਚ ਇਕ ਨਿਵਾਸ ਵਿਭਾਗ (Rooming Department) ਹੁੰਦਾ ਹੈ। ਜਿਸ ਸ਼ਹਿਰ ਵਿਚ ਸੰਮੇਲਨ ਹੋਣ ਵਾਲਾ ਹੈ, ਉੱਥੇ ਠਹਿਰਨ ਦੀ ਜਗ੍ਹਾ ਲੱਭਣ ਵਿਚ ਇਹ ਵਿਭਾਗ ਤੁਹਾਡੀ ਮਦਦ ਕਰੇਗਾ। ਤੁਹਾਨੂੰ ਆਪਣੇ ਰਹਿਣ ਦਾ ਕਾਫ਼ੀ ਸਮਾਂ ਪਹਿਲਾਂ ਹੀ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ। ਤੁਸੀਂ ਕਲੀਸਿਯਾ ਦੇ ਸੈਕਟਰੀ ਕੋਲੋਂ ਨਿਵਾਸ ਦਰਖ਼ਾਸਤ ਫਾਰਮ (Room Request form) ਲੈ ਸਕਦੇ ਹੋ। ਲੋੜੀਂਦੀ ਜਾਣਕਾਰੀ ਭਰਨ ਤੋਂ ਬਾਅਦ, ਤੁਸੀਂ ਇਹ ਫਾਰਮ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦੇ ਸਕਦੇ ਹੋ ਅਤੇ ਉਹ ਇਸ ਨੂੰ ਉਸ ਸੰਮੇਲਨ ਦੇ ਮੁੱਖ ਦਫ਼ਤਰ ਨੂੰ ਭੇਜ ਦੇਵੇਗਾ ਜਿੱਥੇ ਤੁਸੀਂ ਸੰਮੇਲਨ ਵਿਚ ਜਾ ਰਹੇ ਹੋ। ਆਪਣੇ ਦਰਖ਼ਾਸਤ ਫਾਰਮ ਦੇ ਨਾਲ ਹਮੇਸ਼ਾ ਟਿਕਟਾਂ ਲਗਾ ਕੇ ਇਕ ਲਿਫ਼ਾਫ਼ਾ ਭੇਜੋ ਤੇ ਉਸ ਉੱਤੇ ਆਪਣਾ ਪਤਾ ਲਿਖੋ। ਜੇ ਉਸ ਸ਼ਹਿਰ ਵਿਚ ਇਕ ਤੋਂ ਜ਼ਿਆਦਾ ਸੰਮੇਲਨ ਹੋਣ ਵਾਲੇ ਹਨ, ਤਾਂ ਤੁਸੀਂ ਫਾਰਮ ਵਿਚ ਉਸ ਸੰਮੇਲਨ ਦੀਆਂ ਤਾਰੀਖ਼ਾਂ ਲਿਖੋ ਜਿਸ ਵਿਚ ਤੁਸੀਂ ਜਾਣਾ ਹੈ।
4 ਯਹੋਵਾਹ ਦੇ ਗਵਾਹਾਂ ਬਾਰੇ ਹੋਟਲ ਦੇ ਕਰਮਚਾਰੀ ਕੀ ਮਹਿਸੂਸ ਕਰਦੇ ਹਨ? ਅਮਰੀਕਾ ਵਿਚ ਇਕ ਹੋਟਲ ਦੇ ਮੈਨੇਜਰ ਨੇ ਯਹੋਵਾਹ ਦੇ ਗਵਾਹਾਂ ਦੇ ਚੰਗੇ ਰਵੱਈਏ ਉੱਤੇ ਟਿੱਪਣੀ ਕਰਦੇ ਹੋਏ ਕਿਹਾ: “ਜਦੋਂ ਮੈਂ ਵੀਰਵਾਰ ਨੂੰ ਯਹੋਵਾਹ ਦੇ ਗਵਾਹਾਂ ਨੂੰ ਹੋਟਲ ਵਿਚ ਆਉਂਦੇ ਦੇਖਦਾ ਹਾਂ, ਤਾਂ ਮੈਂ ਸੋਮਵਾਰ ਤਕ ਛੁੱਟੀ ਤੇ ਚਲੇ ਜਾਂਦਾ ਹਾਂ। ਮੈਨੂੰ ਪਤਾ ਹੈ ਕਿ ਉਹ ਕੋਈ ਮੁਸ਼ਕਲ ਖੜ੍ਹੀ ਨਹੀਂ ਕਰਨਗੇ। ਤੁਹਾਡੇ ਲੋਕਾਂ ਦੇ ਇੱਥੇ ਆਉਣ ਤੇ ਸਾਨੂੰ ਹਮੇਸ਼ਾ ਖ਼ੁਸ਼ੀ ਹੀ ਮਿਲਦੀ ਹੈ।” ਹੋਟਲ ਵਿਚ ਦੁਕਾਨ ਤੇ ਕੰਮ ਕਰਨ ਵਾਲੀ ਇਕ ਤੀਵੀਂ ਨੇ ਹੈਰਾਨੀ ਨਾਲ ਕਿਹਾ: “ਇਹ ਕਿੰਨੇ ਚੰਗੇ ਲੋਕ ਹਨ! ਹਰ ਕੋਈ ਵਾਰ-ਵਾਰ ‘ਥੈਂਕ ਯੂ’ ਕਹਿੰਦਾ ਹੈ।” ਕੀ ਆਪਣੇ ਭਰਾਵਾਂ ਬਾਰੇ ਅਜਿਹੀਆਂ ਟਿੱਪਣੀਆਂ ਸੁਣ ਕੇ ਤੁਹਾਡਾ ਸਿਰ ਮਾਣ ਨਾਲ ਉੱਚਾ ਨਹੀਂ ਹੁੰਦਾ? ਜ਼ਰਾ ਕਲਪਨਾ ਕਰ ਕੇ ਦੇਖੋ ਕਿ ਯਹੋਵਾਹ ਉਦੋਂ ਕਿੰਨਾ ਖ਼ੁਸ਼ ਹੁੰਦਾ ਹੋਵੇਗਾ ਜਦੋਂ ਅਸੀਂ ਅਜਿਹੇ ਕੰਮ ਕਰਦੇ ਹਾਂ ਜਿਨ੍ਹਾਂ ਨਾਲ ਉਸ ਦੇ ਨਾਂ ਦੀ ਵਡਿਆਈ ਹੁੰਦੀ ਹੈ!
5 ਬਿਰਧ ਅਤੇ ਲੋੜਵੰਦ ਭੈਣ-ਭਰਾਵਾਂ ਦੀ ਮਦਦ ਕਰਨੀ: ਜੇ ਕਲੀਸਿਯਾ ਵਿਚ ਕੋਈ ਬਿਰਧ, ਬੀਮਾਰ ਜਾਂ ਕੋਈ ਅਜਿਹਾ ਭੈਣ-ਭਰਾ ਹੈ ਜਿਸ ਨੂੰ ਖ਼ਾਸ ਦੇਖ-ਭਾਲ ਦੀ ਲੋੜ ਹੈ, ਤਾਂ ਉਨ੍ਹਾਂ ਦੇ ਹਾਲਾਤਾਂ ਨੂੰ ਜਾਣਨ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ, ਕਲੀਸਿਯਾ ਦੇ ਬਜ਼ੁਰਗ ਅਤੇ ਦੂਸਰੇ ਭੈਣ-ਭਰਾ ਉਨ੍ਹਾਂ ਨੂੰ ਸੰਮੇਲਨ ਵਿਚ ਹਾਜ਼ਰ ਹੋਣ ਵਾਸਤੇ ਮਦਦ ਕਰਨ ਦੁਆਰਾ ਆਪਣਾ ਪਿਆਰ ਦਿਖਾ ਸਕਦੇ ਹਨ। (1 ਤਿਮੋਥਿਉਸ 5:4 ਦੀ ਤੁਲਨਾ ਕਰੋ।) ਇਸ ਗੱਲ ਦਾ ਧਿਆਨ ਰੱਖੋ ਕਿ ਉਹ ਸਹੀ ਜਗ੍ਹਾ ਤੇ ਆਰਾਮ ਨਾਲ ਬੈਠ ਸਕਣ ਜਿੱਥੋਂ ਉਹ ਪ੍ਰੋਗ੍ਰਾਮ ਦਾ ਪੂਰਾ-ਪੂਰਾ ਫ਼ਾਇਦਾ ਉਠਾ ਸਕਣ। ਕਿੰਨਾ ਚੰਗਾ ਹੋਵੇਗਾ ਜੇ ਭੈਣ-ਭਰਾ ਅਜਿਹੇ ਵਿਅਕਤੀਆਂ ਦੀ ਮਦਦ ਕਰਨ ਵਾਸਤੇ ਆਪ ਅੱਗੇ ਆਉਣ। ਉਹ ਉਨ੍ਹਾਂ ਦੀ ਖਾਣਾ ਖਾਣ, ਪਾਣੀ ਲਿਆ ਕੇ ਦੇਣ ਤੇ ਉਨ੍ਹਾਂ ਨੂੰ ਬਾਥਰੂਮ ਤਕ ਲੈ ਕੇ ਜਾਣ ਵਿਚ ਮਦਦ ਕਰ ਸਕਦੇ ਹਨ। ਬਿਰਧ ਜਾਂ ਲੋੜਵੰਦ ਭੈਣ-ਭਰਾਵਾਂ ਦੀ ਮਦਦ ਕਰ ਕੇ ਸਾਰੇ ਲੋਕ ਪ੍ਰੋਗ੍ਰਾਮ ਤੋਂ ਫ਼ਾਇਦਾ ਉਠਾ ਸਕਣਗੇ, ਖ਼ਾਸਕਰ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਕਲੀਸਿਯਾ ਦੇ ਪ੍ਰਕਾਸ਼ਕ ਜੋ ਹਰ ਵੇਲੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ। ਇਸ ਚੰਗੀ ਹਿਦਾਇਤ ਤੇ ਚੱਲਣ ਨਾਲ ਸਾਨੂੰ ਆਪਣੇ ਮਸੀਹੀ ਭੈਣ-ਭਰਾਵਾਂ ਪ੍ਰਤੀ ਆਪਣਾ ਪਿਆਰ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਅਸੀਂ ਦੁਨੀਆਂ ਦੇ ਪਹਿਲਾਂ-ਮੈਂ ਵਾਲੇ ਰਵੱਈਏ ਤੋਂ ਬਚੇ ਰਹਾਂਗੇ।—1 ਕੁਰਿੰ. 10:24.
6 ਸਮਾਪਤੀ: ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਲਈ ਜਿੱਦਾਂ-ਜਿੱਦਾਂ ਸਮਾਂ ਨੇੜੇ ਆਉਂਦਾ ਜਾਂਦਾ ਹੈ, ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਸੀਂ ਤਿੰਨੋਂ ਦਿਨ ਸਾਰੇ ਸੈਸ਼ਨਾਂ ਵਿਚ ਹਾਜ਼ਰ ਹੋ ਸਕੋ ਤੇ ਪ੍ਰੋਗ੍ਰਾਮ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਉਠਾ ਸਕੋ। ਜਿਉਂ ਹੀ ਜ਼ਿਲ੍ਹਾ ਸੰਮੇਲਨਾਂ ਦੀਆਂ ਤਾਰੀਖ਼ਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ, ਉਦੋਂ ਤੋਂ ਹੀ ਤੁਹਾਨੂੰ ਕੰਮ ਤੋਂ ਛੁੱਟੀ ਲਈ ਆਪਣੇ ਮਾਲਕ ਨੂੰ ਬੇਨਤੀ ਕਰਨੀ ਚਾਹੀਦੀ ਹੈ। ਐਨ ਮੌਕੇ ਤੇ ਛੁੱਟੀ ਮੰਗਣ ਨਾਲ ਆਮ ਤੌਰ ਤੇ ਮਾਲਕ ਛੁੱਟੀ ਦੇਣ ਤੋਂ ਇਨਕਾਰ ਕਰ ਦਿੰਦੇ ਹਨ। ਮਾਤਬਰ ਤੇ ਬੁੱਧਵਾਨ ਨੌਕਰ ਨੇ ਇਸ ਸਾਲ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਦਾ ਇੰਤਜ਼ਾਮ ਇਸ ਲਈ ਕੀਤਾ ਹੈ ਤਾਂਕਿ ਅਸੀਂ ਅਧਿਆਤਮਿਕ ਸਿੱਖਿਆ ਲਈਏ ਤੇ ਆਪਣੀ ਨਿਹਚਾ ਨੂੰ ਮਜ਼ਬੂਤ ਕਰੀਏ। ਇਸ ਕਰਕੇ, ਜ਼ਬੂਰਾਂ ਦੇ ਲਿਖਾਰੀ ਦੀ ਇਸ ਸਲਾਹ ਤੇ ਚੱਲਦੇ ਹੋਏ ਸੰਮੇਲਨ ਵਿਚ ਹਾਜ਼ਰ ਹੋਣ ਲਈ ਹੁਣ ਤੋਂ ਹੀ ਯੋਜਨਾਵਾਂ ਬਣਾਓ: “ਸੰਗਤਾਂ ਵਿੱਚ ਪ੍ਰਭੁ ਪਰਮੇਸ਼ੁਰ ਨੂੰ ਧੰਨ ਆਖੋ!”—ਜ਼ਬੂ. 68:26.
[ਸਫ਼ੇ 3 ਉੱਤੇ ਡੱਬੀ]
ਪ੍ਰੋਗ੍ਰਾਮ ਦਾ ਸਮਾਂ
ਸ਼ੁੱਕਰਵਾਰ ਅਤੇ ਸਿਨੱਚਰਵਾਰ
ਸਵੇਰੇ 9:30 ਤੋਂ ਸ਼ਾਮ 5:00 ਵਜੇ ਤਕ
ਐਤਵਾਰ
ਸਵੇਰੇ 9:30 ਤੋਂ ਸ਼ਾਮ 4:00 ਵਜੇ ਤਕ