ਯਹੋਵਾਹ ਦੇ ਗਵਾਹਾਂ ਦਾ 2004 “ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ
1 ਸਾਡੇ ਸਾਲਾਨਾ ਸੰਮੇਲਨਾਂ ਵਿਚ ਤੁਹਾਨੂੰ ਕਿਹੜੀ ਗੱਲ ਸਭ ਤੋਂ ਚੰਗੀ ਲੱਗਦੀ ਹੈ? “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਸਾਡੇ ਲਈ ਤਿਆਰ ਕੀਤੇ ਉਤਸ਼ਾਹ ਦੇਣ ਵਾਲੇ ਭਾਸ਼ਣ ਅਤੇ ਡਰਾਮਾ? (ਮੱਤੀ 24:45-47) ਨਵੇਂ ਪ੍ਰਕਾਸ਼ਨ ਜਿਨ੍ਹਾਂ ਵਿਚ ਲੋੜੀਂਦਾ ਅਧਿਆਤਮਿਕ ਭੋਜਨ ਹੁੰਦਾ ਹੈ? ਭੈਣ-ਭਰਾਵਾਂ ਦੇ ਤਜਰਬੇ ਕਿ ਬਾਈਬਲ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਕਿਵੇਂ ਸੁਧਾਰੀਆਂ? ਦੂਸਰੇ ਦੇਸ਼ਾਂ ਵਿਚ ਹੋ ਰਹੇ ਰਾਜ ਦੇ ਪ੍ਰਚਾਰ ਦੀਆਂ ਰਿਪੋਰਟਾਂ? ਹਰ ਉਮਰ ਦੇ ਭੈਣ-ਭਰਾਵਾਂ ਨਾਲ ਗੱਲਾਂ-ਬਾਤਾਂ ਕਰਨੀਆਂ? ਜੀ ਹਾਂ, ਅਸੀਂ ਇਨ੍ਹਾਂ ਕਾਰਨਾਂ ਕਰਕੇ ਤੇ ਹੋਰ ਦੂਸਰੇ ਕਾਰਨਾਂ ਕਰਕੇ ਆਪਣੇ ਸੰਮੇਲਨਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ!
2 ਤਿੰਨੋਂ ਦਿਨ ਹਾਜ਼ਰ ਰਹੋ: ਮੂਸਾ ਰਾਹੀਂ ਯਹੋਵਾਹ ਨੇ ਹੁਕਮ ਦਿੱਤਾ ਸੀ: “ਪਰਜਾ ਨੂੰ ਇਕੱਠਾ ਕਰੋ, . . . ਤਾਂ ਜੋ ਓਹ ਸੁਣਨ ਅਤੇ ਸਿੱਖਣ।” (ਬਿਵ. 31:12) ਬੁੱਧਵਾਨ ਅਤੇ ਮਾਤਬਰ ਨੌਕਰ ਰਾਹੀਂ ਯਹੋਵਾਹ ਨੇ ਸੰਮੇਲਨ ਦੇ ਹਰ ਦਿਨ ਤੇ ਸਾਨੂੰ ਸਿਖਾਉਣ ਲਈ ਖ਼ਾਸ ਪ੍ਰੋਗ੍ਰਾਮ ਤਿਆਰ ਕੀਤਾ ਹੈ। ਉਹ ਸਾਡੇ “ਲਾਭ” ਲਈ ਸਾਨੂੰ ਸਿੱਖਿਆ ਦਿੰਦਾ ਹੈ, ਇਸ ਲਈ ਸਾਨੂੰ ਉਸ ਤੋਂ ਸਿੱਖਣ ਲਈ ਹਰ ਦਿਨ ਹਾਜ਼ਰ ਰਹਿਣਾ ਚਾਹੀਦਾ ਹੈ। (ਯਸਾ. 48:17) ਪਿਛਲੇ ਸਾਲ “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨਾਂ ਵਿਚ, ਸ਼ਨੀਵਾਰ ਅਤੇ ਐਤਵਾਰ ਦੀ ਤੁਲਨਾ ਵਿਚ ਸ਼ੁੱਕਰਵਾਰ ਹਾਜ਼ਰੀ ਬਹੁਤ ਘੱਟ ਸੀ। ਇਸ ਦਾ ਮਤਲਬ ਹੈ ਕਿ ਬਹੁਤ ਸਾਰੇ ਭੈਣ-ਭਰਾਵਾਂ ਨੇ ਸੰਮੇਲਨ ਦੇ ਕਈ ਅਹਿਮ ਭਾਸ਼ਣ ਨਹੀਂ ਸੁਣੇ। ਉਹ ਦੂਸਰੇ ਭੈਣ-ਭਰਾਵਾਂ ਨਾਲ ਸੰਗਤ ਕਰਨ ਤੋਂ ਵੀ ਰਹਿ ਗਏ।
3 ਦੂਸਰੇ ਕੰਮਾਂ ਨੂੰ ਰੁਕਾਵਟ ਨਾ ਬਣਨ ਦਿਓ: ਕਈ ਭੈਣ-ਭਰਾ ਸ਼ਾਇਦ ਨੌਕਰੀ ਚਲੇ ਜਾਣ ਦੇ ਡਰੋਂ ਸ਼ੁੱਕਰਵਾਰ ਸੰਮੇਲਨ ਵਿਚ ਨਹੀਂ ਆਏ ਸਨ। ਕਈ ਸ਼ਾਇਦ ਆਪਣੀਆਂ ਛੁੱਟੀਆਂ ਅਤੇ ਪੈਸੇ ਕਿਸੇ ਹੋਰ ਮਕਸਦ ਵਾਸਤੇ ਬਚਾ ਕੇ ਰੱਖਣਾ ਚਾਹੁੰਦੇ ਸਨ। ਤੁਹਾਨੂੰ ਆਪਣੇ ਮਾਲਕ ਨਾਲ ਗੱਲ ਕੀਤੇ ਬਗ਼ੈਰ ਹੀ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਤੁਹਾਡਾ ਮਾਲਕ ਤੁਹਾਨੂੰ ਛੁੱਟੀ ਨਹੀਂ ਦੇਵੇਗਾ, ਨਾ ਹੀ ਇਹ ਸੋਚਣਾ ਚਾਹੀਦਾ ਹੈ ਕਿ ਸੰਮੇਲਨ ਵਿਚ ਇਕ ਜਾਂ ਦੋ ਦਿਨ ਨਾ ਜਾਣ ਤੇ ਕੋਈ ਫ਼ਰਕ ਨਹੀਂ ਪੈਂਦਾ। ਜੇ ਤੁਹਾਨੂੰ ਆਪਣੇ ਮਾਲਕ ਤੋਂ ਛੁੱਟੀ ਮੰਗਣ ਦੀ ਲੋੜ ਹੈ, ਤਾਂ ਬਹਾਦਰ ਨਹਮਯਾਹ ਦੀ ਮਿਸਾਲ ਉੱਤੇ ਚੱਲਦੇ ਹੋਏ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਮਾਲਕ ਨੂੰ ਛੁੱਟੀ ਲਈ ਬੇਨਤੀ ਕਰੋ। (ਨਹ. 1:11; 2:4) ਫਿਰ ਯਹੋਵਾਹ ਦੇ ਵਾਅਦੇ ਉੱਤੇ ਪੂਰਾ-ਪੂਰਾ ਭਰੋਸਾ ਰੱਖੋ ਕਿ ਜੇ ਤੁਸੀਂ ਅਧਿਆਤਮਿਕ ਲੋੜਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓਗੇ, ਤਾਂ ਉਹ ਤੁਹਾਡੀਆਂ ਭੌਤਿਕ ਲੋੜਾਂ ਵੀ ਪੂਰੀਆਂ ਕਰੇਗਾ। (ਮੱਤੀ 6:33; ਇਬ. 13:5, 6) ਆਪਣੇ ਘਰ ਦੇ ਅਵਿਸ਼ਵਾਸੀ ਮੈਂਬਰਾਂ ਨੂੰ ਸੰਮੇਲਨ ਜਾਣ ਬਾਰੇ ਜਲਦੀ ਤੋਂ ਜਲਦੀ ਦੱਸਣਾ ਵੀ ਚੰਗਾ ਹੋਵੇਗਾ।
4 “ਚੰਗ ਚੰਗੇਰੀਆਂ ਗੱਲਾਂ” ਜਾਂ ਜ਼ਰੂਰੀ ਗੱਲਾਂ ਲਈ ਕਦਰ ਸਾਨੂੰ ਹਰ ਦਿਨ ਹਾਜ਼ਰ ਰਹਿਣ ਦੀ ਪ੍ਰੇਰਣਾ ਦੇਵੇਗੀ। (ਫ਼ਿਲਿ. 1:10, 11; ਜ਼ਬੂ. 27:4) ਇਹ ਸਾਨੂੰ ਯਹੋਵਾਹ ਦੁਆਰਾ ਕੀਤੇ ਅਹਿਮ ਪ੍ਰਬੰਧਾਂ ਦਾ ਪੂਰਾ-ਪੂਰਾ ਲਾਭ ਲੈਣ ਲਈ ਪ੍ਰੇਰੇਗੀ। ਹੁਣ ਤੋਂ ਹੀ ਪੱਕੇ ਪ੍ਰਬੰਧ ਕਰਨੇ ਸ਼ੁਰੂ ਕਰ ਦਿਓ ਅਤੇ ਮਨ ਬਣਾ ਲਓ ਕਿ ਤੁਸੀਂ ਤਿੰਨੋਂ ਦਿਨ ਹਾਜ਼ਰ ਰਹੋਗੇ!
5 ਰਹਿਣ ਦਾ ਪ੍ਰਬੰਧ: ਹੋਟਲ ਅਤੇ ਡਾਰਮਿਟਰੀ ਬੁੱਕ ਕਰਨ ਦਾ ਜੋ ਪ੍ਰਬੰਧ ਪਿਛਲੇ ਸਾਲ ਕੀਤਾ ਗਿਆ ਸੀ, ਉਹੀ ਪ੍ਰਬੰਧ ਇਸ ਸਾਲ ਵੀ ਕੀਤਾ ਜਾਵੇਗਾ। ਨਿਵਾਸ ਵਿਭਾਗ ਹੋਟਲਾਂ ਵਿਚ ਕਮਰਿਆਂ ਦੀ ਬੁਕਿੰਗ ਨਹੀਂ ਕਰੇਗਾ। ਇਸ ਦੀ ਬਜਾਇ, ਨਿਵਾਸ ਵਿਭਾਗ ਹੋਟਲਾਂ ਅਤੇ ਉਨ੍ਹਾਂ ਦੇ ਰੇਟਾਂ ਦੀ ਲਿਸਟ ਕਲੀਸਿਯਾਵਾਂ ਨੂੰ ਘੱਲੇਗਾ, ਤਾਂਕਿ ਜਿਹੜੇ ਭੈਣ-ਭਰਾ ਹੋਟਲ ਵਿਚ ਰਹਿਣਾ ਚਾਹੁੰਦੇ ਹਨ, ਉਹ ਹੋਟਲ ਨਾਲ ਸਿੱਧਾ ਸੰਪਰਕ ਕਰ ਸਕਣ ਅਤੇ ਜਿੰਨੇ ਕਮਰੇ ਉਨ੍ਹਾਂ ਨੂੰ ਚਾਹੀਦੇ ਹਨ, ਉੱਨੇ ਬੁੱਕ ਕਰ ਸਕਣ। ਪਰ ਸੰਮੇਲਨ ਨਿਵਾਸ ਵਿਭਾਗ ਡਾਰਮਿਟਰੀਆਂ ਦੀ ਬੁਕਿੰਗ ਕਰੇਗਾ। ਨਿਵਾਸ ਵਿਭਾਗ ਕਲੀਸਿਯਾਵਾਂ ਨੂੰ ਇਸ ਸੰਬੰਧੀ ਹੋਰ ਜਾਣਕਾਰੀ ਭੇਜੇਗਾ। ਡਾਰਮਿਟਰੀ ਵਿਚ ਬੁਕਿੰਗ ਕਰਨ ਵਾਸਤੇ ਜਲਦੀ ਤੋਂ ਜਲਦੀ ਇਸ ਵਿਭਾਗ ਨਾਲ ਸੰਪਰਕ ਕਰੋ। ਕਿਰਪਾ ਕਰ ਕੇ ਸਫ਼ਾ 4 ਉੱਤੇ ਦਿੱਤੀ ਡੱਬੀ “ਤੁਸੀਂ ਰਹਿਣ ਦਾ ਪ੍ਰਬੰਧ ਕਰਨ ਵਿਚ ਸਹਿਯੋਗ ਦੇ ਸਕਦੇ ਹੋ” ਨੂੰ ਪੜ੍ਹੋ।
6 ਖ਼ਾਸ ਲੋੜਾਂ: ਪੌਲੁਸ ਰਸੂਲ ਨੇ ਗਲਾਤਿਯਾ ਦੀਆਂ ਕਲੀਸਿਯਾਵਾਂ ਨੂੰ ਯਾਦ ਕਰਾਇਆ ਸੀ ਕਿ ਉਹ ‘ਸਭਨਾਂ ਨਾਲ ਭਲਾ ਕਰਨ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।’ (ਗਲਾ. 6:10) ਬਜ਼ੁਰਗ ਜਾਂ ਬੀਮਾਰ ਭੈਣ-ਭਰਾ, ਇਕੱਲੀਆਂ ਮਾਵਾਂ ਜਾਂ ਪਿਤਾ ਜਾਂ ਪੂਰੇ ਸਮੇਂ ਦੀ ਸੇਵਕਾਈ ਕਰਨ ਵਾਲੇ ਭੈਣ-ਭਰਾ ਸ਼ਾਇਦ ਤੁਹਾਡੇ ਤੋਂ ਮਦਦ ਨਾ ਮੰਗਣ, ਪਰ ਉਨ੍ਹਾਂ ਨੂੰ ਸ਼ਾਇਦ ਸੰਮੇਲਨ ਵਿਚ ਜਾਣ ਲਈ ਕਈ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਵੇ। ਕੀ ਤੁਸੀਂ ਉਨ੍ਹਾਂ ਦੀ ਮਦਦ ਕਰ ਕੇ ਉਨ੍ਹਾਂ ਨਾਲ ‘ਭਲਾ ਕਰ’ ਸਕਦੇ ਹੋ? ਅਜਿਹੇ ਭੈਣ-ਭਰਾਵਾਂ ਦੇ ਮਸੀਹੀ ਰਿਸ਼ਤੇਦਾਰਾਂ ਅਤੇ ਬਜ਼ੁਰਗਾਂ ਨੂੰ ਖ਼ਾਸ ਤੌਰ ਤੇ ਉਨ੍ਹਾਂ ਦੀਆਂ ਲੋੜਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।
7 ਜੇ ਕੋਈ ਪ੍ਰਕਾਸ਼ਕ ਲੋੜਵੰਦਾਂ ਲਈ ਨਿਵਾਸ ਦਰਖ਼ਾਸਤ ਫਾਰਮ (Special Needs Room Request form) ਭਰ ਕੇ ਦਿੰਦਾ ਹੈ, ਤਾਂ ਕਲੀਸਿਯਾ ਦੀ ਸੇਵਾ ਕਮੇਟੀ ਨੂੰ ਫਾਰਮ ਵਿਚ ਦਿੱਤੀਆਂ ਹਿਦਾਇਤਾਂ ਅਨੁਸਾਰ ਇਸ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਲੋੜ ਕਲੀਸਿਯਾ ਪੂਰੀ ਕਰ ਸਕਦੀ ਹੈ ਜਾਂ ਨਹੀਂ। ਇਹ ਪ੍ਰਬੰਧ ਅਧਿਆਤਮਿਕ ਤੌਰ ਤੇ ਮਜ਼ਬੂਤ ਪ੍ਰਕਾਸ਼ਕਾਂ ਲਈ ਹੀ ਹੈ। ਜੇ ਉਨ੍ਹਾਂ ਦੇ ਬੱਚੇ ਹਨ, ਤਾਂ ਉਨ੍ਹਾਂ ਦੀ ਵੀ ਕਲੀਸਿਯਾ ਵਿਚ ਨੇਕਨਾਮੀ ਹੋਣੀ ਚਾਹੀਦੀ ਹੈ। ਜੇ ਨਿਵਾਸ ਵਿਭਾਗ ਕਿਸੇ ਭੈਣ ਜਾਂ ਭਰਾ ਦੇ ਫਾਰਮ ਦੇ ਸੰਬੰਧ ਵਿਚ ਕੁਝ ਪੁੱਛਣਾ ਚਾਹੁੰਦਾ ਹੈ, ਤਾਂ ਵਿਭਾਗ ਕਲੀਸਿਯਾ ਦੇ ਸੈਕਟਰੀ ਨਾਲ ਸੰਪਰਕ ਕਰੇਗਾ।
8 ਕਿਸੇ ਹੋਰ ਸੰਮੇਲਨ ਵਿਚ ਜਾਣਾ: ਕਿਸੇ ਕਾਰਨ ਕਰਕੇ ਤੁਹਾਨੂੰ ਆਪਣੇ ਨਿਰਧਾਰਿਤ ਸੰਮੇਲਨ ਵਿਚ ਜਾਣ ਦੀ ਬਜਾਇ ਕਿਸੇ ਹੋਰ ਸੰਮੇਲਨ ਵਿਚ ਜਾਣਾ ਪੈ ਸਕਦਾ ਹੈ। ਜੇ ਤੁਸੀਂ ਕਿਸੇ ਹੋਰ ਸੰਮੇਲਨ ਬਾਰੇ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਮਿਲੋ। ਭਾਰਤ ਵਿਚ ਇਸ ਸਾਲ ਹੋ ਰਹੇ ਸੰਮੇਲਨਾਂ ਦੀਆਂ ਤਾਰੀਖ਼ਾਂ ਅਤੇ ਸਾਰੇ ਸੰਮੇਲਨਾਂ ਦੇ ਮੁੱਖ ਦਫ਼ਤਰਾਂ ਦੇ ਪਤੇ ਬਾਅਦ ਵਿਚ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਜਾਣਗੇ। ਤੁਸੀਂ ਆਪਣੀ ਬੇਨਤੀ ਉਸ ਢੁਕਵੇਂ ਪਤੇ ਤੇ ਭੇਜ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਕ ਟਿਕਟਾਂ ਲੱਗਿਆ ਲਿਫ਼ਾਫ਼ਾ ਭੇਜੋ ਜਿਸ ਉੱਤੇ ਤੁਹਾਡਾ ਪਤਾ ਲਿਖਿਆ ਹੋਵੇ। ਜੇ ਉਸ ਸ਼ਹਿਰ ਵਿਚ ਦੋ ਜਾਂ ਜ਼ਿਆਦਾ ਸੰਮੇਲਨ ਹੋ ਰਹੇ ਹਨ, ਤਾਂ ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਦੇ ਸੰਮੇਲਨ ਵਿਚ ਜਾਓਗੇ। ਉਸ ਸੰਮੇਲਨ ਦਾ ਨਿਵਾਸ ਵਿਭਾਗ ਤੁਹਾਨੂੰ ਹੋਟਲਾਂ ਅਤੇ ਉਨ੍ਹਾਂ ਦੇ ਰੇਟਾਂ ਦੀ ਨਵੀਂ ਲਿਸਟ ਭੇਜ ਦੇਵੇਗਾ।
9 ਤਕਰੀਬਨ 2,500 ਸਾਲ ਪਹਿਲਾਂ ਯਹੋਵਾਹ ਦੇ ਲੋਕਾਂ ਦੇ ਇਕ ਸੰਮੇਲਨ ਵਿਚ ਅਜ਼ਰਾ ਅਤੇ ਉਸ ਦੇ ਸਾਥੀ ਲੇਵੀਆਂ ਨੇ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਇਕੱਠੇ ਹੋਏ ਲੋਕਾਂ ਨੂੰ ਸਮਝਾਇਆ। ਇਸ ਦਾ ਨਤੀਜਾ ਕੀ ਨਿਕਲਿਆ? ਨਹਮਯਾਹ 8:12 ਦੱਸਦਾ ਹੈ ਕਿ ‘ਸਾਰੀ ਪਰਜਾ ਵੱਡਾ ਅਨੰਦ ਕਰਨ ਲਈ ਚਲੀ ਗਈ ਕਿਉਂ ਜੋ ਓਹ ਏਹਨਾਂ ਗੱਲਾਂ ਨੂੰ ਜਿਹੜੀਆਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਮਝਦੇ ਸਨ।’ ਕੀ ਅਸੀਂ ਖ਼ੁਸ਼ ਨਹੀਂ ਹਾਂ ਕਿ ਅਜ਼ਰਾ ਅਤੇ ਲੇਵੀਆਂ ਵਾਂਗ ਅੱਜ ਮਸਹ ਕੀਤਾ ਹੋਇਆ ਨੌਕਰ ਵਰਗ ਪਰਮੇਸ਼ੁਰ ਦਾ ਬਚਨ ਵਰਤਦਾ ਹੈ, ਇਸ ਨੂੰ ਸਮਝਾਉਂਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਅਸੀਂ ਇਸ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ? ਇਸ ਤਰ੍ਹਾਂ ਕਰ ਕੇ ਇਹ ਨੌਕਰ ਯਹੋਵਾਹ ਵਾਂਗ ਉਸ ਦੇ ਭਗਤਾਂ ਲਈ ਆਪਣੇ ਸੱਚੇ ਪਿਆਰ ਅਤੇ ਪਰਵਾਹ ਦਾ ਸਬੂਤ ਦਿੰਦਾ ਹੈ। ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਹਰ ਦਿਨ “ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਰਹਾਂਗੇ!
[ਸਫ਼ੇ 3 ਉੱਤੇ ਡੱਬੀ]
ਪ੍ਰੋਗ੍ਰਾਮ ਦਾ ਸਮਾਂ
ਸ਼ੁੱਕਰਵਾਰ ਅਤੇ ਸ਼ਨੀਵਾਰ
ਸਵੇਰੇ 9:30 ਤੋਂ ਤਕਰੀਬਨ ਸ਼ਾਮ 5:10 ਤਕ
ਐਤਵਾਰ
ਸਵੇਰੇ 9:30 ਤੋਂ ਤਕਰੀਬਨ ਸ਼ਾਮ 4:05 ਤਕ
[ਸਫ਼ੇ 4 ਉੱਤੇ ਡੱਬੀ]
ਤੁਸੀਂ ਰਹਿਣ ਦਾ ਪ੍ਰਬੰਧ ਕਰਨ ਵਿਚ ਸਹਿਯੋਗ ਦੇ ਸਕਦੇ ਹੋ
◼ ਜੇ ਲਿਸਟ ਵਿਚ ਦਿੱਤੇ ਹੋਟਲਾਂ ਨਾਲ ਸੰਪਰਕ ਕਰਨ ਤੇ ਤੁਹਾਨੂੰ ਕਿਸੇ ਵੀ ਹੋਟਲ ਵਿਚ ਕਮਰਾ ਨਹੀਂ ਮਿਲਦਾ ਹੈ ਜਾਂ ਫਿਰ ਤੁਹਾਨੂੰ ਕਿਸੇ ਹੋਟਲ ਵਿਚ ਬੁਕਿੰਗ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਇਸ ਬਾਰੇ ਕਲੀਸਿਯਾ ਦੇ ਸੈਕਟਰੀ ਨੂੰ ਦੱਸੋ। ਉਹ ਤੁਹਾਡੇ ਸੰਮੇਲਨ ਦੇ ਨਿਵਾਸ ਵਿਭਾਗ ਨਾਲ ਸੰਪਰਕ ਕਰੇਗਾ।
◼ ਜਿੰਨੇ ਕਮਰੇ ਤੁਹਾਨੂੰ ਚਾਹੀਦੇ ਹਨ, ਉੱਨੇ ਹੀ ਬੁੱਕ ਕਰੋ।
◼ ਜਿੱਥੇ ਤੁਸੀਂ ਬੁਕਿੰਗ ਕੀਤੀ ਹੈ, ਉੱਥੇ ਹੀ ਠਹਿਰੋ।
◼ ਨਿਵਾਸ ਵਿਭਾਗ ਸਿਰਫ਼ ਡਾਰਮਿਟਰੀ ਵਿਚ ਠਹਿਰਨ ਦੇ ਪ੍ਰਬੰਧ ਕਰੇਗਾ। ਇਸ ਲਈ ਹੋਟਲ ਵਿਚ ਬੁਕਿੰਗ ਕਰਨ ਵਾਸਤੇ ਪੈਸੇ ਨਿਵਾਸ ਵਿਭਾਗ ਨੂੰ ਨਾ ਘੱਲੋ।
◼ ਡਾਰਮਿਟਰੀਆਂ ਤੁਹਾਡੀ ਦਰਖ਼ਾਸਤ ਨੂੰ ਧਿਆਨ ਵਿਚ ਰੱਖ ਕੇ ਹੀ ਬੁੱਕ ਕੀਤੀਆਂ ਜਾਣਗੀਆਂ। ਇਸ ਲਈ ਜਿਸ ਡਾਰਮਿਟਰੀ ਵਿਚ ਤੁਹਾਡੀ ਬੁਕਿੰਗ ਕੀਤੀ ਜਾਂਦੀ ਹੈ, ਕਿਰਪਾ ਕਰ ਕੇ ਉਸੇ ਵਿਚ ਠਹਿਰੋ। ਇਹ ਆਸ ਨਾ ਰੱਖੋ ਕਿ ਤੁਸੀਂ ਹੋਰ ਲੋਕਾਂ ਨੂੰ ਆਪਣੇ ਨਾਲ ਡਾਰਮਿਟਰੀ ਵਿਚ ਠਹਿਰਾ ਸਕੋਗੇ ਜਿਨ੍ਹਾਂ ਦਾ ਤੁਸੀਂ ਆਪਣੇ ਫਾਰਮ ਵਿਚ ਜ਼ਿਕਰ ਨਹੀਂ ਕੀਤਾ ਸੀ।
◼ ਸੰਮੇਲਨ ਤੋਂ ਜਾਣ ਪਹਿਲਾਂ ਆਪਣੀ ਡਾਰਮਿਟਰੀ ਦਾ ਪੂਰਾ ਕਿਰਾਇਆ ਨਿਵਾਸ ਵਿਭਾਗ ਨੂੰ ਦੇ ਦਿਓ।