ਯਹੋਵਾਹ ਦੇ ਗਵਾਹਾਂ ਦਾ 2005 “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ
1 ਯਹੋਵਾਹ ਪਰਮੇਸ਼ੁਰ ਸਾਡਾ ਮਹਾਨ ਸਿੱਖਿਅਕ ਹੈ, ਇਸ ਲਈ ਉਹ ਸਾਨੂੰ ਇਕੱਠੇ ਕਰ ਕੇ ਆਪਣੇ ਰਾਹਾਂ ਬਾਰੇ ਸਿਖਾਉਣ ਦੇ ਇੰਤਜ਼ਾਮ ਕਰਦਾ ਹੈ। (ਯਸਾ. 30:20, 21; 54:13) ਇਹ ਇੰਤਜ਼ਾਮ ਉਹ ਮਾਤਬਰ ਅਤੇ ਬੁੱਧਵਾਨ ਨੌਕਰ ਰਾਹੀਂ ਕਰਦਾ ਹੈ। ਇਹ ਨੌਕਰ ਸਾਡੇ ਲਈ ਹਰ ਸਾਲ ਜ਼ਿਲ੍ਹਾ ਸੰਮੇਲਨਾਂ ਦਾ ਪ੍ਰਬੰਧ ਕਰਦਾ ਹੈ। (ਮੱਤੀ 24:45-47) ਅਸੀਂ ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਗਾਇਆ ਸੀ: “ਮੈਂ ਸੰਗਤਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ।” (ਜ਼ਬੂ. 26:12) ਦਾਊਦ ਯਹੋਵਾਹ ਤੋਂ ਸਿੱਖਣ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ, ਇਸ ਲਈ ਉਹ ਪਰਮੇਸ਼ੁਰ ਦੇ ਲੋਕਾਂ ਦੇ ਇਕੱਠਾਂ ਵਿਚ ਸ਼ਾਮਲ ਹੁੰਦਾ ਸੀ।
2 ਕੀ ਤੁਸੀਂ ਇਸ ਸਾਲ ਦੇ ਜ਼ਿਲ੍ਹਾ ਸੰਮੇਲਨ “ਪਰਮੇਸ਼ੁਰ ਦਾ ਕਹਿਣਾ ਮੰਨੋ” ਵਿਚ ਆਉਣ ਵਾਲੀਆਂ “ਸੰਗਤਾਂ” ਵਿਚ ਸ਼ਾਮਲ ਹੋਵੋਗੇ? ਜੇ ਹਾਂ, ਤਾਂ ਸੰਮੇਲਨ ਵਿਚ ਜਾਣ ਦੀਆਂ ਤਿਆਰੀਆਂ ਕਰਨ ਲਈ ਅੱਗੇ ਦਿੱਤੀ ਜਾਣਕਾਰੀ ਮਦਦਗਾਰ ਸਾਬਤ ਹੋਵੇਗੀ।
3 ਹਰ ਰੋਜ਼ ਹਾਜ਼ਰ ਰਹਿਣ ਦੀ ਹੁਣੇ ਤੋਂ ਯੋਜਨਾ ਬਣਾਓ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਕਹਾ. 21:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸ਼ਬਦ ਸੰਮੇਲਨ ਵਿਚ ਹਾਜ਼ਰ ਹੋਣ ਲਈ ਬਿਨਾਂ ਦੇਰ ਕੀਤਿਆਂ ਹੁਣੇ ਤੋਂ ਯੋਜਨਾਵਾਂ ਬਣਾਉਣ ਦੀ ਅਹਿਮੀਅਤ ਤੇ ਜ਼ੋਰ ਦਿੰਦੇ ਹਨ। ਇਹ ਪੱਕਾ ਕਰਨ ਲਈ ਕਿ ਤੁਸੀਂ ਰੂਹਾਨੀ ਤੌਰ ਤੇ ਤਰੋਤਾਜ਼ਾ ਕਰਨ ਵਾਲੇ ਪ੍ਰੋਗ੍ਰਾਮ ਦੇ ਕਿਸੇ ਵੀ ਭਾਗ ਤੋਂ ਨਹੀਂ ਖੁੰਝੋਗੇ, ਤਿੰਨੇ ਦਿਨ ਹਾਜ਼ਰ ਰਹਿਣ ਦੇ ਹੁਣੇ ਤੋਂ ਲੋੜੀਂਦੇ ਇੰਤਜ਼ਾਮ ਕਰੋ। ਸਭਨਾਂ ਥਾਵਾਂ ਤੇ ਸਰਕਾਰੀ ਛੁੱਟੀਆਂ ਇੱਕੋ ਸਮੇਂ ਤੇ ਨਹੀਂ ਹੁੰਦੀਆਂ ਤੇ ਸਕੂਲਾਂ ਵਿਚ ਪੇਪਰਾਂ ਦਾ ਸਮਾਂ ਵੀ ਵੱਖੋ-ਵੱਖਰਾ ਹੁੰਦਾ ਹੈ। ਇਸ ਲਈ ਸਾਰਿਆਂ ਦੀ ਸਹੂਲਤ ਮੁਤਾਬਕ ਜ਼ਿਲ੍ਹਾ ਸੰਮੇਲਨ ਰੱਖਣੇ ਮੁਮਕਿਨ ਨਹੀਂ ਹਨ। ਇਸ ਗੱਲ ਨੂੰ ਮੱਦੇ-ਨਜ਼ਰ ਰੱਖਦਿਆਂ ਇਸ ਸਾਲ ਬਰਸਾਤ ਦੇ ਮੌਸਮ ਵਿਚ ਜ਼ਿਲ੍ਹਾ ਸੰਮੇਲਨ ਕੀਤੇ ਜਾ ਰਹੇ ਹਨ ਕਿਉਂਕਿ ਇਸ ਮੌਸਮ ਵਿਚ ਤੁਹਾਨੂੰ ਟ੍ਰੇਨ ਜਾਂ ਬੱਸ, ਰਹਿਣ ਲਈ ਥਾਂ ਅਤੇ ਹਾਲ ਦੀ ਬੁਕਿੰਗ ਕਰਨ ਵਿਚ ਮੁਸ਼ਕਲ ਨਹੀਂ ਹੋਵੇਗੀ। ਪਰ ਇਸ ਦੇ ਲਈ ਸਾਨੂੰ ਪਹਿਲਾਂ ਤੋਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ। ਜੇ ਤੁਹਾਨੂੰ ਆਪਣੇ ਮਾਲਕ ਤੋਂ ਛੁੱਟੀ ਮੰਗਣ ਦੀ ਲੋੜ ਹੈ, ਤਾਂ ਜਲਦੀ ਛੁੱਟੀ ਮੰਗ ਲਓ। ਜੇ ਤੁਹਾਡਾ ਪਤੀ ਜਾਂ ਪਤਨੀ ਸੱਚਾਈ ਵਿਚ ਨਹੀਂ ਹੈ, ਤਾਂ ਤੁਹਾਨੂੰ ਬਿਨਾਂ ਦੇਰ ਕੀਤਿਆਂ ਆਪਣੀਆਂ ਯੋਜਨਾਵਾਂ ਬਾਰੇ ਉਸ ਨੂੰ ਦੱਸਣ ਦੀ ਲੋੜ ਹੈ। ਕੋਈ ਵੀ ਮੁਸ਼ਕਲ ਆਉਣ ਤੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਭਰੋਸਾ ਰੱਖੋ ਕਿ ਉਸ ਦੀ ਮਦਦ ਨਾਲ ‘ਤੁਹਾਡੇ ਮਨੋਰਥ ਪੂਰੇ ਹੋਣਗੇ।’ (ਕਹਾ. 16:3) ਇਸ ਤੋਂ ਇਲਾਵਾ, ਹਰ ਸੈਸ਼ਨ ਵਿਚ ਹਾਜ਼ਰ ਰਹਿਣ ਦੀਆਂ ਤਿਆਰੀਆਂ ਕਰਨ ਵਿਚ ਆਪਣੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨੀ ਵੀ ਚੰਗੀ ਗੱਲ ਹੋਵੇਗੀ।
4 ਰਹਿਣ ਦਾ ਪ੍ਰਬੰਧ: ਤੁਹਾਡੀ ਸਹੂਲਤ ਲਈ ਸੰਮੇਲਨ ਦੇ ਹਰ ਸ਼ਹਿਰ ਦੇ ਹੋਟਲਾਂ ਦੀ ਲਿਸਟ ਬਣਾਈ ਜਾ ਰਹੀ ਹੈ। ਇਹ ਲਿਸਟ ਮਿਲਦਿਆਂ ਹੀ ਕਲੀਸਿਯਾ ਦੇ ਸੂਚਨਾ ਬੋਰਡ ਤੇ ਲਾ ਦਿੱਤੀ ਜਾਵੇਗੀ। ਕਈ ਵਾਰੀ ਸੰਮੇਲਨ ਵਿਚ ਆਉਣ ਵਾਲਿਆਂ ਲਈ ਭਰਾ ਕਮਰੇ ਦੇ ਘੱਟ ਰੇਟ ਤੈ ਕਰਦੇ ਹਨ। ਇਸ ਲਈ ਹੋਟਲ ਨਾਲ ਸੰਪਰਕ ਕਰਨ ਲੱਗਿਆਂ ਦੱਸੋ ਕਿ ਤੁਸੀਂ ਸੰਮੇਲਨ ਲਈ ਆ ਰਹੇ ਹੋ ਅਤੇ ਲਿਸਟ ਵਿਚ ਦੱਸਿਆ ਰੇਟ ਹੀ ਦਿਓਗੇ। ਜੇ ਹੋਟਲ ਵਾਲੇ ਤੈ ਕੀਤੇ ਰੇਟ ਤੇ ਕਮਰਾ ਦੇਣ ਲਈ ਤਿਆਰ ਨਹੀਂ ਹਨ, ਤਾਂ ਕਿਰਪਾ ਕਰ ਕੇ ਆਪਣੀ ਕਲੀਸਿਯਾ ਦੇ ਸੈਕਟਰੀ ਰਾਹੀਂ ਨਿਵਾਸ ਵਿਭਾਗ ਨਾਲ ਸੰਪਰਕ ਕਰੋ। ਤੁਹਾਡੇ ਯੋਗਦਾਨ ਨਾਲ ਭਵਿੱਖ ਵਿਚ ਵੀ ਬ੍ਰਾਂਚ ਆਫਿਸ ਨੂੰ ਘੱਟ ਰੇਟ ਤੇ ਵਧੀਆ ਹੋਟਲਾਂ ਦਾ ਪ੍ਰਬੰਧ ਕਰਨ ਵਿਚ ਮਦਦ ਮਿਲੇਗੀ। ਯਾਦ ਰੱਖੋ ਕਿ ਵਧੀਆ ਹੋਟਲ ਜ਼ਰੂਰੀ ਨਹੀਂ ਸੰਮੇਲਨ ਦੀ ਥਾਂ ਦੇ ਨੇੜੇ ਹੀ ਹੋਣ। ਬੁਕਿੰਗ ਵਾਸਤੇ ਹੋਟਲਾਂ ਨਾਲ ਸੰਪਰਕ ਕਰਨ ਤੋਂ ਪਹਿਲਾਂ ਡੱਬੀ “ਤੁਸੀਂ ਰਹਿਣ ਦਾ ਪ੍ਰਬੰਧ ਕਰਨ ਵਿਚ ਕਿਵੇਂ ਸਹਿਯੋਗ ਦੇ ਸਕਦੇ ਹੋ?” ਪੜ੍ਹੋ। ਬੁਕਿੰਗ ਕਰਨ ਲੱਗਿਆਂ ਡੱਬੀ “ਹੋਟਲ ਵਿਚ ਕਮਰਾ ਕਿਵੇਂ ਬੁੱਕ ਕਰੀਏ?” ਵਿਚ ਦਿੱਤੀਆਂ ਗੱਲਾਂ ਅਨੁਸਾਰ ਚੱਲੋ।
5 ਖ਼ਾਸ ਲੋੜਾਂ: ਪੌਲੁਸ ਰਸੂਲ ਨੇ ਕੁਝ ਭਰਾਵਾਂ ਬਾਰੇ ਕਿਹਾ ਸੀ ਕਿ ਉਨ੍ਹਾਂ ਨੇ ਉਸ ਨੂੰ “ਤਸੱਲੀ” ਦਿੱਤੀ। (ਕੁਲੁ. 4:7-11) ਉਨ੍ਹਾਂ ਨੇ ਪੌਲੁਸ ਦੀਆਂ ਨਿੱਜੀ ਲੋੜਾਂ ਪੂਰੀਆਂ ਕਰ ਕੇ ਉਸ ਦੀ ਮਦਦ ਕੀਤੀ ਸੀ। ਸੰਮੇਲਨ ਨੂੰ ਧਿਆਨ ਵਿਚ ਰੱਖਦਿਆਂ ਤੁਸੀਂ ਕਿਵੇਂ ਦੂਜਿਆਂ ਨੂੰ “ਤਸੱਲੀ” ਦੇ ਸਕਦੇ ਹੋ? ਬਿਰਧ ਪ੍ਰਕਾਸ਼ਕਾਂ, ਬੀਮਾਰਾਂ, ਪੂਰੇ ਸਮੇਂ ਦੀ ਸੇਵਕਾਈ ਕਰਨ ਵਾਲੇ ਭੈਣ-ਭਰਾਵਾਂ ਤੇ ਹੋਰਨਾਂ ਨੂੰ ਸ਼ਾਇਦ ਆਉਣ-ਜਾਣ ਜਾਂ ਰਹਿਣ ਦਾ ਬੰਦੋਬਸਤ ਕਰਨ ਵਾਸਤੇ ਤੁਹਾਡੀ ਮਦਦ ਦੀ ਲੋੜ ਹੋਵੇ। ਇਨ੍ਹਾਂ ਭੈਣ-ਭਰਾਵਾਂ ਵੱਲ ਧਿਆਨ ਦੇਣ ਦੀ ਖ਼ਾਸ ਜ਼ਿੰਮੇਵਾਰੀ ਉਨ੍ਹਾਂ ਦੇ ਸਾਕ-ਸੰਬੰਧੀਆਂ ਦੀ ਹੈ। (1 ਤਿਮੋ. 5:4) ਪਰ ਜੇ ਉਹ ਮਦਦ ਨਹੀਂ ਕਰ ਸਕਦੇ, ਤਾਂ ਕਲੀਸਿਯਾ ਦੇ ਭੈਣ-ਭਰਾ ਉਨ੍ਹਾਂ ਦੀ ਮਦਦ ਕਰ ਸਕਦੇ ਹਨ। (ਯਾਕੂ. 1:27) ਪੁਸਤਕ ਅਧਿਐਨ ਨਿਗਾਹਬਾਨਾਂ ਨੂੰ ਆਪਣੇ ਗਰੁੱਪ ਵਿਚ ਭੈਣ-ਭਰਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਨ੍ਹਾਂ ਨੂੰ ਖ਼ਾਸ ਮਦਦ ਦੀ ਲੋੜ ਹੈ ਤਾਂਕਿ ਉਹ ਭੈਣ-ਭਰਾ ਸੰਮੇਲਨ ਤੋਂ ਕਾਫ਼ੀ ਸਮਾਂ ਪਹਿਲਾਂ ਤਿਆਰੀਆਂ ਕਰ ਸਕਣ।
6 ਲੋੜਵੰਦਾਂ ਲਈ ਨਿਵਾਸ ਦਰਖ਼ਾਸਤ (Special Needs Room Request) ਫਾਰਮ ਸਿਰਫ਼ ਉਨ੍ਹਾਂ ਪ੍ਰਕਾਸ਼ਕਾਂ ਲਈ ਹਨ ਜਿਨ੍ਹਾਂ ਦੇ ਰਹਿਣ ਦਾ ਪ੍ਰਬੰਧ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਕਲੀਸਿਯਾ ਨਹੀਂ ਕਰ ਸਕਦੀ। ਕਲੀਸਿਯਾ ਦੀ ਸੇਵਾ ਕਮੇਟੀ ਨੂੰ ਫਾਰਮ ਵਿਚ ਦਿੱਤੀਆਂ ਹਿਦਾਇਤਾਂ ਅਤੇ 14 ਦਸੰਬਰ 2004 ਨੂੰ ਬਜ਼ੁਰਗਾਂ ਦੇ ਸਮੂਹਾਂ ਨੂੰ ਭੇਜੀ ਚਿੱਠੀ ਅਨੁਸਾਰ ਹਰ ਲੋੜਵੰਦ ਪ੍ਰਕਾਸ਼ਕ ਦੀਆਂ ਯੋਗਤਾਵਾਂ ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਇਹ ਪ੍ਰਬੰਧ ਸਿਰਫ਼ ਅਧਿਆਤਮਿਕ ਤੌਰ ਤੇ ਮਜ਼ਬੂਤ ਪ੍ਰਕਾਸ਼ਕਾਂ ਲਈ ਹੈ। ਜੇ ਉਨ੍ਹਾਂ ਦੇ ਬੱਚੇ ਹਨ, ਤਾਂ ਉਨ੍ਹਾਂ ਦੀ ਵੀ ਕਲੀਸਿਯਾ ਵਿਚ ਨੇਕਨਾਮੀ ਹੋਣੀ ਚਾਹੀਦੀ ਹੈ।
7 ਹੋਰ ਸੰਮੇਲਨ ਵਿਚ ਜਾਣਾ: ਇਸ ਸਾਲ ਅੰਗ੍ਰੇਜ਼ੀ ਵਿਚ ਕਈ ਸੰਮੇਲਨ ਰੱਖੇ ਗਏ ਹਨ। ਇਸ ਲਈ ਜਿਹੜੇ ਭੈਣ-ਭਰਾ ਚੰਗੀ ਤਰ੍ਹਾਂ ਅੰਗ੍ਰੇਜ਼ੀ ਬੋਲਦੇ ਤੇ ਸਮਝਦੇ ਹਨ, ਉਨ੍ਹਾਂ ਨੂੰ ਅਸੀਂ ਅੰਗ੍ਰੇਜ਼ੀ ਸੰਮੇਲਨ ਵਿਚ ਜਾਣ ਦਾ ਉਤਸ਼ਾਹ ਦਿੰਦੇ ਹਾਂ ਭਾਵੇਂ ਕਿ ਉਨ੍ਹਾਂ ਦੀ ਕਲੀਸਿਯਾ ਕਿਸੇ ਹੋਰ ਭਾਸ਼ਾ ਦੇ ਸੰਮੇਲਨ ਵਿਚ ਜਾਵੇਗੀ। ਇਸ ਤਰ੍ਹਾਂ ਭਾਰਤੀ ਭਾਸ਼ਾਵਾਂ ਵਿਚ ਹੋਣ ਵਾਲੇ ਸੰਮੇਲਨਾਂ ਵਿਚ ਜ਼ਿਆਦਾ ਭੀੜ-ਭੜੱਕਾ ਨਹੀਂ ਹੋਵੇਗਾ ਅਤੇ ਸਾਰਿਆਂ ਲਈ ਕਾਫ਼ੀ ਸੀਟਾਂ, ਸਾਹਿੱਤ ਤੇ ਰਹਿਣ ਦੀਆਂ ਥਾਵਾਂ ਆਦਿ ਹੋਣਗੀਆਂ। ਜੇ ਤੁਸੀਂ ਅੰਗ੍ਰੇਜ਼ੀ ਸੰਮੇਲਨ ਵਿਚ ਜਾ ਸਕਦੇ ਹੋ, ਤਾਂ ਕਿਰਪਾ ਕਰ ਕੇ ਅਪ੍ਰੈਲ 2005 ਦੀ ਸਾਡੀ ਰਾਜ ਸੇਵਕਾਈ ਦੇਖੋ ਜਿਸ ਵਿਚ ਭਾਰਤ ਵਿਚ ਹੋ ਰਹੇ ਸਾਰੇ ਸੰਮੇਲਨਾਂ ਦੇ ਡਾਕ ਪਤੇ ਦਿੱਤੇ ਗਏ ਹਨ। ਹੋਟਲਾਂ ਦੀ ਲਿਸਟ ਜਾਂ ਹੋਰ ਜਾਣਕਾਰੀ ਲਈ ਚਿੱਠੀ ਭੇਜਣ ਲੱਗਿਆਂ ਇਕ ਟਿਕਟਾਂ ਲੱਗਿਆ ਖਾਲੀ ਲਿਫ਼ਾਫ਼ਾ ਵੀ ਭੇਜੋ ਜਿਸ ਉੱਤੇ ਤੁਹਾਡਾ ਪਤਾ ਲਿਖਿਆ ਹੋਵੇ। ਜੇ ਉਸ ਸ਼ਹਿਰ ਵਿਚ ਇਕ ਤੋਂ ਜ਼ਿਆਦਾ ਸੰਮੇਲਨ ਹੋ ਰਹੇ ਹਨ, ਤਾਂ ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਦੇ ਸੰਮੇਲਨ ਵਿਚ ਜਾਓਗੇ।
8 ਤੁਹਾਡੀ ਮਦਦ ਦੀ ਲੋੜ ਹੈ: ਯਿਸੂ ਨੇ ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰ ਕੇ ਇਕ ਵਧੀਆ ਮਿਸਾਲ ਕਾਇਮ ਕੀਤੀ। (ਲੂਕਾ 9:12-17; ਯੂਹੰ. 13:5, 14-16) ਇਹੋ ਰਵੱਈਆ ਸੰਮੇਲਨਾਂ ਵਿਚ ਸਵੈ-ਸੇਵਕਾਂ ਦੇ ਤੌਰ ਤੇ ਕੰਮ ਕਰਨ ਵਾਲੇ ਭੈਣ-ਭਰਾ ਦਿਖਾਉਂਦੇ ਹਨ। ਛੇਤੀ ਹੀ ਸਥਾਨਕ ਸੰਮੇਲਨ ਕਮੇਟੀਆਂ ਸੰਮੇਲਨ ਵਿਭਾਗਾਂ ਵਿਚ ਮਦਦ ਕਰਨ ਲਈ ਹੋਰਨਾਂ ਨੂੰ ਵੀ ਸੱਦਾ ਦੇਣਗੀਆਂ। ਖ਼ਾਸਕਰ ਬਜ਼ੁਰਗਾਂ ਦੀ ਬਹੁਤ ਲੋੜ ਹੈ ਜੋ ਸਵੈ-ਇੱਛਾ ਨਾਲ ਅੱਗੇ ਆ ਕੇ ਜ਼ਿੰਮੇਵਾਰੀਆਂ ਸੰਭਾਲ ਸਕਣ। ਇਸ ਤਰ੍ਹਾਂ ਕਰ ਕੇ ਉਹ ਸਾਰੀ ਕਲੀਸਿਯਾ ਲਈ ਵਧੀਆ ਮਿਸਾਲ ਕਾਇਮ ਕਰਦੇ ਹਨ।—1 ਪਤ. 5:2, 3.
9 ਦੂਜੇ ਕੀ ਦੇਖਦੇ ਹਨ: ਇਕ ਹੋਟਲ ਮੈਨੇਜਰ ਨੇ ਕਿਹਾ: “ਅਸੀਂ ਤੁਹਾਡੇ ਗਰੁੱਪ ਦੇ ਲੋਕਾਂ ਨੂੰ ਬਹੁਤ ਪਸੰਦ ਕਰਦੇ ਹਾਂ। ਹੋਰ ਕਿਸੇ ਵੀ ਗਰੁੱਪ ਦੇ ਲੋਕ ਇੰਨੀ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦੇ ਜਿੰਨੀ ਚੰਗੀ ਤਰ੍ਹਾਂ ਤੁਸੀਂ ਪੇਸ਼ ਆਉਂਦੇ ਹੋ। ਸਾਰੇ ਸਫ਼ਾਈ ਕਰਮਚਾਰੀਆਂ ਨੇ ਕਿਹਾ ਹੈ ਕਿ ਤੁਸੀਂ ਉਨ੍ਹਾਂ ਨਾਲ ਨਰਮਾਈ ਨਾਲ ਪੇਸ਼ ਆਉਂਦੇ ਹੋ ਤੇ ਉਨ੍ਹਾਂ ਨੂੰ ਟਿੱਪ ਵੀ ਦਿੰਦੇ ਹੋ। ਆਮ ਤੌਰ ਤੇ ਹਫ਼ਤੇ ਦੇ ਅੰਤ ਵਿਚ ਹਰ ਕੋਈ ਛੁੱਟੀ ਲੈਣੀ ਚਾਹੁੰਦਾ ਹੈ। ਪਰ ਜਦੋਂ ਤੁਸੀਂ ਇੱਥੇ ਹੁੰਦੇ ਹੋ, ਤਾਂ ਸਾਰੇ ਲੋਕ ਕੰਮ ਕਰਨਾ ਚਾਹੁੰਦੇ ਹਨ!” ਇਕ ਹੋਰ ਹੋਟਲ ਮੈਨੇਜਰ ਨੇ ਕਿਹਾ: “ਯਹੋਵਾਹ ਦੇ ਗਵਾਹਾਂ ਨੂੰ ਭੁਗਤਾਉਣਾ ਬਹੁਤ ਆਸਾਨ ਹੈ।” ਸ਼ਾਇਦ ਤੁਹਾਡੇ ਚੰਗੇ ਚਾਲ-ਚਲਣ ਨੂੰ ਹੀ ਦੇਖ ਕੇ ਲੋਕਾਂ ਨੇ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ। ਜ਼ਰਾ ਸੋਚੋ ਯਹੋਵਾਹ ਸਾਡਾ ਵਧੀਆ ਚਾਲ-ਚਲਣ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਵੇਗਾ ਜਿਸ ਨਾਲ ਉਸ ਦੀ ਵਡਿਆਈ ਹੁੰਦੀ ਹੈ!—1 ਪਤ. 2:12.
10 ਇਸ ਸਾਲ ਯਹੋਵਾਹ ਪਰਮੇਸ਼ੁਰ ਨੇ ‘ਮਾਤਬਰ ਮੁਖ਼ਤਿਆਰ’ ਰਾਹੀਂ ਆਪਣੇ ਲੋਕਾਂ ਨੂੰ ਇਕੱਠੇ ਕਰ ਕੇ ਅਧਿਆਤਮਿਕ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਹੈ। (ਲੂਕਾ 12:42) ਸੰਮੇਲਨ ਵਿਚ ਤਿੰਨੇ ਦਿਨ ਹਾਜ਼ਰ ਰਹਿਣ ਵਾਸਤੇ ਜਤਨ ਤਾਂ ਕਰਨੇ ਪੈਣੇ ਹਨ, ਪਰ ਇਸ ਦਾ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਇਸ ਸਾਲ “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ ਦੇ ਪ੍ਰੋਗ੍ਰਾਮ ਰਾਹੀਂ ਪਰਮੇਸ਼ੁਰ ਦੀ ਸੇਵਾ ਹੁਣ ਤੇ ਹਮੇਸ਼ਾ ਲਈ ਕਰਦੇ ਰਹਿਣ ਦਾ ਸਾਡਾ ਇਰਾਦਾ ਹੋਰ ਪੱਕਾ ਹੋਵੇਗਾ। ਆਓ ਆਪਾਂ ਜ਼ਬੂਰਾਂ ਦੇ ਲਿਖਾਰੀ ਦੀ ਇਸ ਸਲਾਹ ਤੇ ਚੱਲਣ ਦਾ ਦ੍ਰਿੜ੍ਹ ਇਰਾਦਾ ਕਰੀਏ: “ਸੰਗਤਾਂ ਵਿੱਚ ਪ੍ਰਭੁ ਪਰਮੇਸ਼ੁਰ ਨੂੰ ਧੰਨ ਆਖੋ!”—ਜ਼ਬੂ. 68:26.
[ਸਫ਼ੇ 3 ਉੱਤੇ ਡੱਬੀ]
ਪ੍ਰੋਗ੍ਰਾਮ ਦਾ ਸਮਾਂ
ਸ਼ੁੱਕਰਵਾਰ ਅਤੇ ਸ਼ਨੀਵਾਰ
ਸਵੇਰੇ 9:30 ਤੋਂ ਸ਼ਾਮ 5:05 ਤਕ
ਐਤਵਾਰ
ਸਵੇਰੇ 9:30 ਤੋਂ ਸ਼ਾਮ 4:10 ਤਕ
[ਸਫ਼ੇ 4 ਉੱਤੇ ਡੱਬੀ]
ਤੁਸੀਂ ਰਹਿਣ ਦਾ ਪ੍ਰਬੰਧ ਕਰਨ ਵਿਚ ਕਿਵੇਂ ਸਹਿਯੋਗ ਦੇ ਸਕਦੇ ਹੋ?
◼ ਲਿਸਟ ਵਿਚ ਦਿੱਤੇ ਹੋਟਲਾਂ ਨਾਲ ਫ਼ੋਨ ਰਾਹੀਂ ਸੰਪਰਕ ਕਰੋ ਜਾਂ ਖ਼ੁਦ ਜਾ ਕੇ ਕਮਰਾ ਬੁੱਕ ਕਰੋ।
◼ ਜੇ ਤੁਸੀਂ ਕਮਰੇ ਵਿਚ ਵਾਧੂ ਲੋਕ ਠਹਿਰਾਉਣਾ ਚਾਹੁੰਦੇ ਹੋ, ਤਾਂ ਇਸ ਬਾਰੇ ਹੋਟਲ ਵਾਲਿਆਂ ਨੂੰ ਸਾਫ਼-ਸਾਫ਼ ਦੱਸੋ। ਇਹ ਵੀ ਦੱਸੋ ਕਿ ਉਹ ਬੱਚੇ ਹਨ ਜਾਂ ਵੱਡੇ।
◼ ਜੇ ਲਿਸਟ ਵਿਚ ਦਿੱਤੇ ਹੋਟਲਾਂ ਨਾਲ ਸੰਪਰਕ ਕਰਨ ਤੇ ਤੁਹਾਨੂੰ ਕਿਸੇ ਵੀ ਹੋਟਲ ਵਿਚ ਕਮਰਾ ਨਹੀਂ ਮਿਲਦਾ ਹੈ ਜਾਂ ਫਿਰ ਤੁਹਾਨੂੰ ਕਿਸੇ ਹੋਟਲ ਵਿਚ ਬੁਕਿੰਗ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਇਸ ਬਾਰੇ ਕਲੀਸਿਯਾ ਦੇ ਸੈਕਟਰੀ ਨੂੰ ਦੱਸੋ। ਉਹ ਲਿਸਟ ਦੇ ਸ਼ੁਰੂ ਵਿਚ ਦਿੱਤੀ ਜਾਣਕਾਰੀ ਅਨੁਸਾਰ ਤੁਹਾਡੇ ਸੰਮੇਲਨ ਦੇ ਨਿਵਾਸ ਵਿਭਾਗ ਨਾਲ ਸੰਪਰਕ ਕਰੇਗਾ ਅਤੇ ਤੁਹਾਨੂੰ ਹੋਰਨਾਂ ਹੋਟਲਾਂ ਦੀ ਲਿਸਟ ਦਿੱਤੀ ਜਾਵੇਗੀ।
◼ ਜਿੰਨੇ ਕਮਰੇ ਤੁਹਾਨੂੰ ਚਾਹੀਦੇ ਹਨ, ਉੱਨੇ ਹੀ ਬੁੱਕ ਕਰੋ।
◼ ਆਪਣੀ ਬੁਕਿੰਗ ਪੱਕੀ ਕਰਨ ਲਈ ਤੁਹਾਨੂੰ ਬੁੱਕ ਕੀਤੇ ਹਰ ਕਮਰੇ ਲਈ ਕੁਝ ਪੈਸਾ ਪਹਿਲਾਂ ਜਮ੍ਹਾ ਕਰਾਉਣਾ ਪਵੇਗਾ। ਨਹੀਂ ਤਾਂ ਹੋਟਲ ਵਾਲੇ ਤੁਹਾਡਾ ਕਮਰਾ ਕਿਸੇ ਹੋਰ ਨੂੰ ਦੇ ਸਕਦੇ ਹਨ।
◼ ਬੁਕਿੰਗ ਹੋ ਜਾਣ ਤੇ ਇਸ ਨੂੰ ਕੈਂਸਲ ਨਾ ਕਰੋ ਭਾਵੇਂ ਤੁਹਾਨੂੰ ਕੋਈ ਹੋਰ ਬਿਹਤਰ ਹੋਟਲ ਮਿਲ ਜਾਂਦਾ ਹੈ।
[ਸਫ਼ੇ 4 ਉੱਤੇ ਡੱਬੀ]
ਹੋਟਲ ਵਿਚ ਕਮਰਾ ਕਿਵੇਂ ਬੁੱਕ ਕਰੀਏ?
1.ਹੋਟਲਾਂ ਦੀ ਲਿਸਟ ਵਿਚ ਦਿੱਤੇ ਟੈਲੀਫ਼ੋਨ ਨੰਬਰ ਵਰਤ ਕੇ ਹੋਟਲਾਂ ਨਾਲ ਉਨ੍ਹਾਂ ਦੇ ਕੰਮ ਦੇ ਸਮੇਂ ਸੰਪਰਕ ਕਰੋ।
2. ਹੋਟਲ ਵਾਲਿਆਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਲਈ ਆ ਰਹੇ ਹੋ।
3. ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਨੂੰ ਪਹੁੰਚੋਗੇ ਤੇ ਕਦੋਂ ਕਮਰਾ ਛੱਡੋਗੇ।
4. ਜੇ ਕਿਸੇ ਹੋਟਲ ਵਿਚ ਖਾਲੀ ਕਮਰੇ ਨਹੀਂ ਹਨ, ਤਾਂ ਲਿਸਟ ਉੱਤੇ ਦੱਸੇ ਹੋਰ ਹੋਟਲ ਨਾਲ ਸੰਪਰਕ ਕਰੋ।
5. ਲਿਸਟ ਉੱਤੇ ਦੱਸੇ ਰੇਟ ਨਾਲੋਂ ਜ਼ਿਆਦਾ ਪੈਸੇ ਨਾ ਦਿਓ।
6. ਬੁਕਿੰਗ ਹੋ ਜਾਣ ਤੇ ਪੈਸੇ ਦਸਾਂ ਦਿਨਾਂ ਦੇ ਅੰਦਰ-ਅੰਦਰ ਡਰਾਫਟ ਜਾਂ ਮਨੀਆਰਡਰ ਰਾਹੀਂ ਜਮ੍ਹਾ ਕਰਾਓ। ਕਦੇ ਵੀ ਨਕਦੀ ਨਾ ਭੇਜੋ।
7. ਹੋਟਲ ਵਾਲਿਆਂ ਤੋਂ ਪੇਸ਼ਗੀ ਰਸੀਦ ਅਤੇ ਬੁਕਿੰਗ ਨੰਬਰ ਮੰਗੋ।