ਸਾਲ 2006 ਵਿਚ ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ
1. ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਸੱਚੀ ਭਗਤੀ ਪ੍ਰਤੀ ਕਿਵੇਂ ਕਦਰ ਦਿਖਾਈ ਤੇ ਅੱਜ ਸਾਡੇ ਕੋਲ ਉਹੋ ਜਿਹਾ ਕਿਹੜਾ ਮੌਕਾ ਹੈ?
1 ਪ੍ਰਾਚੀਨ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਯਰੂਸ਼ਲਮ ਵਿਚ ਲੋਕਾਂ ਨੂੰ ਇਕੱਠਾ ਕਰਨ ਲਈ ਉਨ੍ਹਾਂ ਨੂੰ ਹਲਕਾਰਿਆਂ ਦੇ ਹੱਥੀਂ ਪਰਵਾਨੇ ਭੇਜੇ ਸਨ। (2 ਇਤ. 30:6, 13) ਉਸ ਵੇਲੇ ਲੋਕਾਂ ਨੇ ਜਿਸ ਤਰ੍ਹਾਂ ਦਾ ਰਵੱਈਆ ਦਿਖਾਇਆ, ਉਸ ਤੋਂ ਸੱਚੀ ਭਗਤੀ ਬਾਰੇ ਉਨ੍ਹਾਂ ਦਾ ਨਜ਼ਰੀਆ ਜ਼ਾਹਰ ਹੋਇਆ। (2 ਇਤ. 30:10-12) ਅੱਜ ਵੀ ਯਹੋਵਾਹ ਦੇ ਸੇਵਕਾਂ ਕੋਲ ਆਉਣ ਵਾਲੇ ਮਹੀਨਿਆਂ ਵਿਚ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੋਣ ਦੇ ਸਨਮਾਨ ਲਈ ਕਦਰਦਾਨੀ ਦਿਖਾਉਣ ਦਾ ਵਧੀਆ ਮੌਕਾ ਹੈ। ਤੁਹਾਡੀ ਕਲੀਸਿਯਾ ਨੂੰ ਇਕ ਚਿੱਠੀ ਭੇਜੀ ਗਈ ਹੈ ਜਿਸ ਵਿਚ ਤੁਹਾਨੂੰ 2006 ਵਿਚ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ ਹੈ। ਤੁਸੀਂ ਉਸ ਸੱਦੇ ਪ੍ਰਤੀ ਕਿਹੋ ਜਿਹਾ ਰਵੱਈਆ ਦਿਖਾਓਗੇ? ਬੀਤੇ ਸਾਲਾਂ ਵਿਚ ਛੋਟੇ ਸ਼ਹਿਰਾਂ ਵਿਚ ਕਈ ਛੋਟੇ-ਛੋਟੇ ਜ਼ਿਲ੍ਹਾ ਸੰਮੇਲਨ ਰੱਖੇ ਗਏ ਸਨ ਤਾਂਕਿ ਨਵੇਂ ਲੋਕ ਆਸਾਨੀ ਨਾਲ ਇਨ੍ਹਾਂ ਸੰਮੇਲਨਾਂ ਵਿਚ ਆ ਸਕਣ ਅਤੇ ਇਨ੍ਹਾਂ ਸ਼ਹਿਰਾਂ ਦੇ ਲੋਕ ਵੱਖੋ-ਵੱਖਰੇ ਪਿਛੋਕੜਾਂ ਤੋਂ ਆਏ ਯਹੋਵਾਹ ਦੇ ਗਵਾਹਾਂ ਬਾਰੇ ਜਾਣ ਸਕਣ। ਪਰ ਸਾਲ 2006 ਵਿਚ ਵੱਡੇ-ਵੱਡੇ ਸੰਮੇਲਨ ਕੀਤੇ ਜਾਣਗੇ ਤਾਂਕਿ ਭੈਣਾਂ-ਭਰਾਵਾਂ ਨੂੰ ਹੋਰਨਾਂ ਥਾਵਾਂ ਦੇ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਦਾ ਮੌਕਾ ਮਿਲੇ।
2. ਜ਼ਿਲ੍ਹਾ ਸੰਮੇਲਨ ਤੋਂ ਪੂਰਾ ਫ਼ਾਇਦਾ ਲੈਣ ਲਈ ਅਸੀਂ ਹੁਣ ਤੋਂ ਕੀ ਕਰ ਸਕਦੇ ਹਾਂ?
2 ਹੁਣੇ ਪ੍ਰਬੰਧ ਕਰੋ: ਬੜੇ ਪਿਆਰ ਨਾਲ ਤਿਆਰ ਕੀਤੇ ਜਾ ਰਹੇ ਅਧਿਆਤਮਿਕ ਪ੍ਰੋਗ੍ਰਾਮ ਤੋਂ ਪੂਰਾ ਫ਼ਾਇਦਾ ਲੈਣ ਲਈ ਸਾਨੂੰ ਪੂਰੇ ਪ੍ਰੋਗ੍ਰਾਮ ਵਿਚ ਹਾਜ਼ਰ ਰਹਿਣ ਦੀ ਲੋੜ ਹੈ। ਹੁਣ ਤੋਂ ਹੀ ਜ਼ਰੂਰੀ ਪ੍ਰਬੰਧ ਕਰਨੇ ਸ਼ੁਰੂ ਕਰ ਦਿਓ ਤਾਂਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਤਿੰਨੋਂ ਦਿਨ ਸੰਮੇਲਨ ਵਿਚ ਹਾਜ਼ਰ ਹੋ ਸਕੋ। (ਕਹਾ. 21:5) ਇਹ ਤਿਆਰੀਆਂ ਕਰਨ ਦੇ ਨਾਲ-ਨਾਲ ਤੁਹਾਨੂੰ ਸ਼ਾਇਦ ਆਪਣੇ ਮਾਲਕ ਤੋਂ ਛੁੱਟੀ ਲੈਣੀ ਪਵੇ ਅਤੇ ਆਪਣੇ ਅਵਿਸ਼ਵਾਸੀ ਪਤੀ ਜਾਂ ਪਤਨੀ ਨੂੰ ਆਪਣੇ ਪ੍ਰੋਗ੍ਰਾਮ ਬਾਰੇ ਦੱਸਣ, ਹੋਟਲ ਬੁੱਕ ਕਰਨ ਅਤੇ ਹਰ ਰੋਜ਼ ਹਾਜ਼ਰ ਹੋਣ ਵਿਚ ਆਪਣੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨ ਦੀ ਲੋੜ ਪਵੇ। ਇਨ੍ਹਾਂ ਗੱਲਾਂ ਨੂੰ ਆਖ਼ਰੀ ਮਿੰਟ ਤਕ ਨਾ ਟਾਲਦੇ ਰਹੋ। ਇਨ੍ਹਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਭਰੋਸਾ ਰੱਖੋ ਕਿ “ਉਹ ਤੁਹਾਡੀ ਮਦਦ ਕਰੇਗਾ।” (ਭਜਨ 37:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸੋਚ-ਸਮਝ ਕੇ ਯੋਜਨਾ ਬਣਾਉਣ ਨਾਲ ਪੈਸੇ-ਧੇਲੇ ਪੱਖੋਂ ਤੰਗ ਹੋਣ ਤੋਂ ਬਚਿਆ ਜਾ ਸਕਦਾ ਹੈ। ਜੇ ਅਸੀਂ ਹੁਣ ਤੋਂ ਹੀ ਹਰ ਹਫ਼ਤੇ ਸੰਮੇਲਨ ਲਈ ਕੁਝ ਪੈਸਾ ਅਲੱਗ ਰੱਖੀਏ, ਤਾਂ ਅਸੀਂ ਸੰਮੇਲਨ ਵਾਸਤੇ ਆਪਣੇ ਪਰਿਵਾਰ ਦੇ ਆਉਣ-ਜਾਣ ਅਤੇ ਰਹਿਣ ਦਾ ਖ਼ਰਚ ਪੂਰਾ ਕਰ ਸਕਾਂਗੇ।—1 ਕੁਰਿੰਥੀਆਂ 16:2 ਦੀ ਤੁਲਨਾ ਕਰੋ।
3. ਸਾਨੂੰ ਕਿਉਂ ਰਹਿਣ ਦੇ ਇੰਤਜ਼ਾਮਾਂ ਪ੍ਰਤੀ ਸਹਿਯੋਗ ਦੇਣਾ ਚਾਹੀਦਾ ਹੈ?
3 ਯਹੋਵਾਹ ਦੇ ਸੰਗਠਨ ਨੇ ਸੰਮੇਲਨ ਦੇ ਹਰ ਸ਼ਹਿਰ ਵਿਚ ਰਹਿਣ ਦੇ ਚੋਖੇ ਪ੍ਰਬੰਧ ਕਰਨ ਲਈ ਕਾਫ਼ੀ ਮਿਹਨਤ ਕੀਤੀ ਹੈ। ਜੇ ਅਸੀਂ ਇਸ ਪ੍ਰਬੰਧ ਵਿਚ ਮਦਦ ਕਰਨ ਵਾਲੇ ਮਿਹਨਤੀ ਭਰਾਵਾਂ ਦੀ ਕਦਰ ਕਰਦੇ ਹਾਂ, ਸੰਮੇਲਨ ਵਿਚ ਆਉਣ ਵਾਲੇ ਭੈਣਾਂ-ਭਰਾਵਾਂ ਦੀ ਪਰਵਾਹ ਕਰਦੇ ਹਾਂ ਅਤੇ ਪਰਮੇਸ਼ੁਰੀ ਇੰਤਜ਼ਾਮਾਂ ਦਾ ਆਦਰ ਕਰਦੇ ਹਾਂ, ਤਾਂ ਅਸੀਂ ਇਸ ਲੇਖ ਵਿਚ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ।—1 ਕੁਰਿੰ. 13:5; 1 ਥੱਸ. 5:12, 13; ਇਬ. 13:17.
4-6. ਹੋਟਲ ਵਿਚ ਬੁਕਿੰਗ ਕਰਨ ਸਮੇਂ ਕਿਹੜੀਆਂ ਜ਼ਰੂਰੀ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ ਤੇ ਕਿਉਂ? (ਸਫ਼ਾ 4 ਤੇ ਦਿੱਤੀ ਡੱਬੀ ਵੀ ਦੇਖੋ।)
4 ਹੋਟਲ ਬੁਕਿੰਗ: ਜ਼ਿਲ੍ਹਾ ਸੰਮੇਲਨ ਤੋਂ ਕਾਫ਼ੀ ਪਹਿਲਾਂ ਹੋਟਲਾਂ ਦੀ ਲਿਸਟ ਕਲੀਸਿਯਾ ਦੇ ਸੂਚਨਾ ਬੋਰਡ ਉੱਤੇ ਲਾ ਦਿੱਤੀ ਜਾਵੇਗੀ। ਹਰ ਸਾਲ ਸੰਮੇਲਨ ਦੀ ਥਾਂ ਦੇ ਨੇੜੇ ਢੁਕਵੇਂ ਰੇਟ ਤੇ ਵਧੀਆ ਹੋਟਲ ਬੁੱਕ ਕਰਨ ਦੇ ਟੀਚੇ ਨੂੰ ਹਾਸਲ ਕਰਨ ਵਿਚ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।—1 ਕੁਰਿੰ. 14:40.
5 ਇਹ ਜ਼ਰੂਰੀ ਹੈ ਕਿ ਤੁਸੀਂ ਹੋਟਲ ਵਿਚ ਉੱਨੇ ਹੀ ਕਮਰੇ ਬੁੱਕ ਕਰੋ ਜਿੰਨੇ ਤੁਹਾਨੂੰ ਸੰਮੇਲਨ ਦੌਰਾਨ ਚਾਹੀਦੇ ਹਨ। ਦੂਸਰਿਆਂ ਲਈ ਕਮਰੇ ਉਦੋਂ ਹੀ ਬੁੱਕ ਕਰੋ ਜੇ ਉਨ੍ਹਾਂ ਨੇ ਪੱਕਾ ਫ਼ੈਸਲਾ ਕਰ ਲਿਆ ਹੈ ਕਿ ਉਨ੍ਹਾਂ ਨੂੰ ਇਹ ਕਮਰੇ ਚਾਹੀਦੇ ਹਨ। ਨਹੀਂ ਤਾਂ ਬਿਨਾਂ ਵਜ੍ਹਾ ਸੰਮੇਲਨ ਲਈ ਬੁੱਕ ਕੀਤੇ ਕਮਰਿਆਂ ਦੀ ਗਿਣਤੀ ਵਧ ਜਾਵੇਗੀ ਤੇ ਹੋਰਨਾਂ ਭੈਣਾਂ-ਭਰਾਵਾਂ ਨੂੰ ਕਮਰੇ ਮਿਲਣੇ ਮੁਸ਼ਕਲ ਹੋ ਜਾਣਗੇ। ਕਮਰੇ ਵਿਚ ਰਹਿਣ ਵਾਲੇ ਵਿਅਕਤੀਆਂ ਵਿੱਚੋਂ ਕਿਸੇ ਇਕ ਦੇ ਨਾਂ ਤੇ ਕਮਰਾ ਬੁੱਕ ਕੀਤਾ ਜਾਣਾ ਚਾਹੀਦਾ ਹੈ।
6 ਆਪਣੀ ਬੁਕਿੰਗ ਪੱਕੀ ਕਰਨ ਲਈ ਤੁਹਾਨੂੰ ਬੁੱਕ ਕੀਤੇ ਹਰ ਕਮਰੇ ਲਈ ਕੁਝ ਪੈਸਾ ਜਮ੍ਹਾ ਕਰਾਉਣਾ ਪਵੇਗਾ। ਨਹੀਂ ਤਾਂ ਹੋਟਲ ਵਾਲੇ ਤੁਹਾਡਾ ਕਮਰਾ ਕਿਸੇ ਹੋਰ ਨੂੰ ਦੇ ਸਕਦੇ ਹਨ। ਜੇ ਲਿਸਟ ਵਿਚ ਦਿੱਤੇ ਸਾਰੇ ਹੋਟਲਾਂ ਨਾਲ ਸੰਪਰਕ ਕਰਨ ਤੇ ਤੁਹਾਨੂੰ ਕਿਸੇ ਵੀ ਹੋਟਲ ਵਿਚ ਕਮਰਾ ਨਹੀਂ ਮਿਲਦਾ ਹੈ ਜਾਂ ਫਿਰ ਤੁਹਾਨੂੰ ਕਿਸੇ ਹੋਟਲ ਵਿਚ ਬੁਕਿੰਗ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਇਸ ਬਾਰੇ ਕਲੀਸਿਯਾ ਦੇ ਸੈਕਟਰੀ ਨੂੰ ਦੱਸੋ। ਉਸ ਨੂੰ ਲਿਸਟ ਦੇ ਸ਼ੁਰੂ ਵਿਚ ਦਿੱਤੀ ਜਾਣਕਾਰੀ ਅਨੁਸਾਰ ਤੁਹਾਡੇ ਸੰਮੇਲਨ ਦੇ ਨਿਵਾਸ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ, ਨਾ ਕਿ ਬ੍ਰਾਂਚ ਆਫਿਸ ਨਾਲ। ਉਨ੍ਹਾਂ ਹੋਟਲਾਂ ਨਾਲ ਸੰਪਰਕ ਕਰਨ ਦੀ ਬਜਾਇ ਜੋ ਲਿਸਟ ਉੱਤੇ ਨਹੀਂ ਹਨ, ਕਿਰਪਾ ਕਰ ਕੇ ਆਪਣੇ ਸੰਮੇਲਨ ਲਈ ਹੋਰਨਾਂ ਹੋਟਲਾਂ ਦੀ ਲਿਸਟ ਮਿਲਣ ਤਕ ਉਡੀਕ ਕਰੋ।
7, 8. ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ?
7 ਖ਼ਾਸ ਲੋੜਾਂ: ਕਹਾਉਤਾਂ 3:27 ਕਹਿੰਦਾ ਹੈ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।” ਸੰਮੇਲਨ ਸੰਬੰਧੀ ਤੁਸੀਂ ਹੋਰਨਾਂ ਦੀ ਮਦਦ ਕਿੱਦਾਂ ਕਰ ਸਕਦੇ ਹੋ? ਬਿਰਧ ਪ੍ਰਕਾਸ਼ਕਾਂ, ਬੀਮਾਰਾਂ, ਪਾਇਨੀਅਰਾਂ ਅਤੇ ਹੋਰਨਾਂ ਨੂੰ ਸ਼ਾਇਦ ਸੰਮੇਲਨ ਵਿਚ ਪਹੁੰਚਣ ਲਈ ਲਿਫਟ ਦੀ ਜਾਂ ਰਹਿਣ ਲਈ ਜਗ੍ਹਾ ਦੀ ਲੋੜ ਹੋਵੇ। ਇਨ੍ਹਾਂ ਦੀ ਮਦਦ ਕਰਨੀ ਖ਼ਾਸ ਕਰਕੇ ਉਨ੍ਹਾਂ ਦੇ ਘਰਦਿਆਂ ਤੇ ਸਾਕ-ਸੰਬੰਧੀਆਂ ਦੀ ਜ਼ਿੰਮੇਵਾਰੀ ਹੈ। (1 ਤਿਮੋ. 5:4) ਪਰ ਜੇ ਉਹ ਮਦਦ ਨਹੀਂ ਕਰ ਸਕਦੇ, ਤਾਂ ਸ਼ਾਇਦ ਕਲੀਸਿਯਾ ਦੇ ਭੈਣ-ਭਰਾ ਉਨ੍ਹਾਂ ਦੀ ਮਦਦ ਕਰ ਸਕਦੇ ਹਨ। (ਗਲਾ. 6:10) ਬੁੱਕ ਸਟੱਡੀ ਓਵਰਸੀਅਰਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਗਰੁੱਪ ਵਿਚ ਕਿਨ੍ਹਾਂ ਨੂੰ ਮਦਦ ਦੀ ਖ਼ਾਸ ਲੋੜ ਹੈ ਤਾਂਕਿ ਸੰਮੇਲਨ ਲਈ ਤਿਆਰੀ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
8 ਲੋੜਵੰਦਾਂ ਲਈ ਨਿਵਾਸ ਦਰਖ਼ਾਸਤ (Special Needs Room Request) ਫਾਰਮ ਸਿਰਫ਼ ਉਨ੍ਹਾਂ ਲੋੜਵੰਦ ਪ੍ਰਕਾਸ਼ਕਾਂ ਲਈ ਹਨ ਜਿਨ੍ਹਾਂ ਦੇ ਰਹਿਣ ਦਾ ਪ੍ਰਬੰਧ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਕਲੀਸਿਯਾ ਨਹੀਂ ਕਰ ਸਕਦੀ। ਕਲੀਸਿਯਾ ਦੀ ਸੇਵਾ ਕਮੇਟੀ ਨੂੰ ਫਾਰਮ ਵਿਚ ਦਿੱਤੀਆਂ ਹਿਦਾਇਤਾਂ ਅਤੇ 14 ਦਸੰਬਰ 2005 ਨੂੰ ਬਜ਼ੁਰਗਾਂ ਦੇ ਸਮੂਹਾਂ ਨੂੰ ਭੇਜੀ ਚਿੱਠੀ ਅਨੁਸਾਰ ਹਰ ਲੋੜਵੰਦ ਪ੍ਰਕਾਸ਼ਕ ਦੀਆਂ ਯੋਗਤਾਵਾਂ ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਇਹ ਪ੍ਰਬੰਧ ਸਿਰਫ਼ ਅਧਿਆਤਮਿਕ ਤੌਰ ਤੇ ਮਜ਼ਬੂਤ ਪ੍ਰਕਾਸ਼ਕਾਂ ਲਈ ਹੈ। ਜੇ ਉਨ੍ਹਾਂ ਦੇ ਬੱਚੇ ਹਨ, ਤਾਂ ਉਨ੍ਹਾਂ ਦੀ ਵੀ ਕਲੀਸਿਯਾ ਵਿਚ ਨੇਕਨਾਮੀ ਹੋਣੀ ਚਾਹੀਦੀ ਹੈ।
9. (ੳ) ਸਾਨੂੰ ਕਿਉਂ ਆਪਣੀ ਕਲੀਸਿਯਾ ਦੇ ਸੰਮੇਲਨ ਵਿਚ ਜਾਣਾ ਚਾਹੀਦਾ ਹੈ? (ਅ) ਜੇ ਤੁਹਾਨੂੰ ਕਿਸੇ ਕਾਰਨ ਵੱਸ ਕਿਸੇ ਹੋਰ ਸੰਮੇਲਨ ਵਿਚ ਜਾਣਾ ਪੈਣਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
9 ਕਿਸੇ ਹੋਰ ਸੰਮੇਲਨ ਵਿਚ ਜਾਣਾ: ਅਸੀਂ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਉਸੇ ਸੰਮੇਲਨ ਵਿਚ ਹਾਜ਼ਰ ਹੋਵੋ ਜਿਸ ਵਿਚ ਤੁਹਾਡੀ ਕਲੀਸਿਯਾ ਨੂੰ ਜਾਣ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਸਾਰਿਆਂ ਲਈ ਕਾਫ਼ੀ ਸੀਟਾਂ, ਸਾਹਿੱਤ ਅਤੇ ਰਹਿਣ ਦੀਆਂ ਥਾਵਾਂ ਹੋਣਗੀਆਂ। ਜੇ ਤੁਹਾਨੂੰ ਕਿਸੇ ਕਾਰਨ ਵੱਸ ਕਿਸੇ ਹੋਰ ਸੰਮੇਲਨ ਵਿਚ ਜਾਣਾ ਪੈਣਾ ਹੈ, ਤਾਂ ਕਿਰਪਾ ਕਰ ਕੇ ਉਸ ਸੰਮੇਲਨ ਸੰਬੰਧੀ ਜਾਣਕਾਰੀ ਲਈ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਮਿਲੋ। ਹੋਟਲਾਂ ਦੀ ਲਿਸਟ ਜਾਂ ਹੋਰ ਜਾਣਕਾਰੀ ਲਈ ਚਿੱਠੀ ਭੇਜਣ ਲੱਗਿਆਂ ਇਕ ਟਿਕਟਾਂ ਲੱਗਿਆ ਖਾਲੀ ਲਿਫ਼ਾਫ਼ਾ ਵੀ ਭੇਜੋ ਜਿਸ ਉੱਤੇ ਤੁਹਾਡਾ ਪਤਾ ਲਿਖਿਆ ਹੋਵੇ। ਜੇ ਉਸ ਸ਼ਹਿਰ ਵਿਚ ਇਕ ਤੋਂ ਜ਼ਿਆਦਾ ਸੰਮੇਲਨ ਹੋ ਰਹੇ ਹਨ, ਤਾਂ ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਦੇ ਸੰਮੇਲਨ ਵਿਚ ਜਾਓਗੇ।
10. ਅਸੀਂ ਕਿਹੜੇ ਇਕ ਤਰੀਕੇ ਨਾਲ ਸੰਮੇਲਨ ਦੀ ਖ਼ੁਸ਼ੀ ਵਿਚ ਹੋਰ ਵਾਧਾ ਕਰ ਸਕਦੇ ਹਾਂ?
10 ਵਲੰਟੀਅਰਾਂ ਦੀ ਲੋੜ: ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਮੇਲਨ ਵਿਚ ਆਉਣ ਵਾਲੇ ਸਾਰੇ ਭੈਣ-ਭਰਾ ਅਧਿਆਤਮਿਕ ਭੋਜਨ ਦਾ ਬਹੁਤ ਆਨੰਦ ਮਾਣਨਗੇ ਅਤੇ ਇਕ-ਦੂਜੇ ਨਾਲ ਉਤਸ਼ਾਹ ਭਰੀਆਂ ਗੱਲਾਂ ਕਰ ਕੇ ਲਾਭ ਹਾਸਲ ਕਰਨਗੇ। ਸਾਡੀ ਖ਼ੁਸ਼ੀ ਹੋਰ ਵਧ ਜਾਵੇਗੀ ਜੇ ਅਸੀਂ ਸੰਮੇਲਨ ਨੂੰ ਸਫ਼ਲ ਬਣਾਉਣ ਦੇ ਕੰਮ ਵਿਚ ਮਦਦ ਕਰਨ ਲਈ ਅੱਗੇ ਆਈਏ। (ਰਸੂ. 20:35) ਛੇਤੀ ਹੀ ਸਥਾਨਕ ਸੰਮੇਲਨ ਕਮੇਟੀਆਂ ਇਸ ਕੰਮ ਵਿਚ ਮਦਦ ਵਾਸਤੇ ਹੋਰਨਾਂ ਨੂੰ ਸੱਦਾ ਦੇਣਗੀਆਂ। ਕੀ ਤੁਸੀਂ ਮਦਦ ਕਰਨ ਵਾਸਤੇ ਅੱਗੇ ਆ ਸਕਦੇ ਹੋ?—ਜ਼ਬੂ. 110:3.
11. ਸਾਲਾਨਾ ਜ਼ਿਲ੍ਹਾ ਸੰਮੇਲਨ ਸੰਬੰਧੀ ਤੁਹਾਨੂੰ ਕਿਹੜੀ ਗੱਲ ਬਹੁਤ ਚੰਗੀ ਲੱਗਦੀ ਹੈ ਅਤੇ ਸਾਡਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?
11 ਜ਼ਿਲ੍ਹਾ ਸੰਮੇਲਨ ਵਿਚ ਇਕ ਪੰਜ ਸਾਲ ਦੇ ਮੁੰਡੇ ਨੇ ਕਿਹਾ: “ਜ਼ਿਲ੍ਹਾ ਸੰਮੇਲਨ ਵਿਚ ਆ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ।” ਇਸ ਬੱਚੇ ਦੀ ਇਹ ਗੱਲ ਸਾਨੂੰ ਸਾਰਿਆਂ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਅਸੀਂ ਆਪਣੇ ਸਾਲਾਨਾ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋ ਕੇ ਕਿੰਨੇ ਖ਼ੁਸ਼ ਹੁੰਦੇ ਹਾਂ। ਇਸ ਮਾਮਲੇ ਵਿਚ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ: “ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ।” (ਜ਼ਬੂ. 84:10) ਦਾਊਦ ਨੇ ਆਪਣੇ ਭਜਨ ਵਿਚ ਆਪਣੀ ਇੱਛਾ ਜ਼ਾਹਰ ਕੀਤੀ ਕਿ ‘ਉਹ ਜੀਉਣ ਭਰ ਯਹੋਵਾਹ ਦੇ ਘਰ ਵੱਸੇ, ਤਾਂ ਜੋ ਉਹ ਯਹੋਵਾਹ ਦੀ ਮਨੋਹਰਤਾ ਨੂੰ ਤੱਕੇ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰੇ।’ (ਜ਼ਬੂ. 27:4) ਯਹੋਵਾਹ ਦੇ ਭਗਤਾਂ ਵਿਚ ਰਹਿ ਕੇ ਦਾਊਦ ਨੂੰ ਬਹੁਤ ਖ਼ੁਸ਼ੀ ਮਿਲਦੀ ਸੀ। ਦਾਊਦ ਵਾਂਗ ਆਓ ਆਪਾਂ ਵੀ ਤਿੰਨੋਂ ਦਿਨ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋ ਕੇ ਸੱਚੀ ਭਗਤੀ ਲਈ ਕਦਰ ਦਿਖਾਈਏ।
[ਸਫ਼ੇ 3 ਉੱਤੇ ਡੱਬੀ]
ਪ੍ਰੋਗ੍ਰਾਮ ਦਾ ਸਮਾਂ
ਸ਼ੁੱਕਰਵਾਰ ਅਤੇ ਸ਼ਨੀਵਾਰ
ਸਵੇਰੇ 9:30 ਤੋਂ ਸ਼ਾਮ 5:05
ਐਤਵਾਰ
ਸਵੇਰੇ 9:30 ਤੋਂ ਸ਼ਾਮ 4:10
[ਸਫ਼ੇ 4 ਉੱਤੇ ਡੱਬੀ]
ਹੋਟਲ ਬੁਕਿੰਗ ਸੰਬੰਧੀ ਕੁਝ ਜ਼ਰੂਰੀ ਗੱਲਾਂ
1. ਹੋਟਲਾਂ ਦੀ ਲਿਸਟ ਵਿਚ ਦਿੱਤੇ ਟੈਲੀਫ਼ੋਨ ਨੰਬਰ ਵਰਤ ਕੇ ਹੋਟਲਾਂ ਨਾਲ ਉਨ੍ਹਾਂ ਦੇ ਕੰਮ ਦੇ ਸਮੇਂ ਸੰਪਰਕ ਕਰੋ।
2. ਹੋਟਲ ਵਾਲਿਆਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਲਈ ਆ ਰਹੇ ਹੋ।
3. ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਨੂੰ ਪਹੁੰਚੋਗੇ ਤੇ ਕਦੋਂ ਕਮਰਾ ਛੱਡੋਗੇ।
4. ਜੇ ਕਿਸੇ ਹੋਟਲ ਵਿਚ ਕਮਰੇ ਖਾਲੀ ਨਹੀਂ ਹਨ, ਤਾਂ ਲਿਸਟ ਉੱਤੇ ਦੱਸੇ ਹੋਰ ਹੋਟਲ ਨਾਲ ਸੰਪਰਕ ਕਰੋ।
5. ਲਿਸਟ ਉੱਤੇ ਦੱਸੇ ਰੇਟ ਨਾਲੋਂ ਜ਼ਿਆਦਾ ਪੈਸੇ ਨਾ ਦਿਓ।
6. ਕਮਰਾ ਬੁੱਕ ਕਰੋ ਅਤੇ ਪੱਕਾ ਕਰੋ ਕਿ ਬੁਕਿੰਗ ਹੋ ਗਈ ਹੈ।
7. ਬੁਕਿੰਗ ਹੋ ਜਾਣ ਤੇ ਪੈਸੇ ਦਸਾਂ ਦਿਨਾਂ ਦੇ ਅੰਦਰ-ਅੰਦਰ ਕ੍ਰੈਡਿਟ ਕਾਰਡ, ਚੈੱਕ ਜਾਂ ਮਨੀਆਰਡਰ ਰਾਹੀਂ ਜਮ੍ਹਾ ਕਰਾਓ। ਕਦੇ ਵੀ ਨਕਦੀ ਨਾ ਭੇਜੋ। ਜੇ ਚੈੱਕ ਜਾਂ ਮਨੀਆਰਡਰ ਰਾਹੀਂ ਪੈਸੇ ਜਮ੍ਹਾ ਕਰਾਏ ਜਾਂਦੇ ਹਨ, ਤਾਂ ਅਗਲੇ ਪਾਸੇ ਬੁਕਿੰਗ ਨੰਬਰ ਲਿਖੋ।
ਕਿਰਪਾ ਕਰ ਕੇ
◼ ਉੱਨੇ ਹੀ ਕਮਰੇ ਬੁੱਕ ਕਰੋ ਜਿੰਨੇ ਤੁਹਾਨੂੰ ਚਾਹੀਦੇ ਹਨ।
◼ ਬੁਕਿੰਗ ਕੈਂਸਲ ਨਾ ਕਰੋ।—ਮੱਤੀ 5:37.
◼ ਹੋਟਲ ਨੇ ਕਮਰੇ ਵਿਚ ਜਿੰਨੇ ਲੋਕ ਠਹਿਰਨ ਦੀ ਇਜਾਜ਼ਤ ਦਿੱਤੀ ਹੈ, ਉੱਨੇ ਹੀ ਲੋਕ ਠਹਿਰੋ।