2007 ਲਈ ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ
1, 2. (ੳ) ਇਕੱਠੇ ਹੋਣ ਸੰਬੰਧੀ ਮੂਸਾ ਨੇ ਇਸਰਾਏਲੀਆਂ ਨੂੰ ਕੀ ਹਿਦਾਇਤ ਦਿੱਤੀ ਸੀ? (ਅ) ਸਾਨੂੰ ਹੁਣ ਤੋਂ ਹੀ ਕਿਹੜੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ?
1 ਮੂਸਾ ਨੇ ਸਾਰੇ ਇਸਰਾਏਲੀਆਂ ਅਤੇ ਦੇਸ਼ ਵਿਚ ਰਹਿ ਰਹੇ ਪਰਦੇਸੀਆਂ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਹਰ ਸੱਤਾਂ ਸਾਲਾਂ ਬਾਅਦ ਇਕੱਠੇ ਹੋਣ ਤਾਂਕਿ ਉਨ੍ਹਾਂ ਅੱਗੇ ਬਿਵਸਥਾ ਪੜ੍ਹੀ ਜਾਵੇ। ਕਿਸ ਮਕਸਦ ਲਈ? “ਤਾਂ ਜੋ ਓਹ ਸੁਣਨ ਅਤੇ ਸਿੱਖਣ।” (ਬਿਵ. 31:10-12) ਯਹੋਵਾਹ ਜਾਣਦਾ ਸੀ ਕਿ ਉਸ ਦੇ ਲੋਕਾਂ ਨੂੰ ਵੱਡੇ ਸਮੂਹਾਂ ਵਿਚ ਇਕੱਠੇ ਹੋਣ ਦੀ ਲੋੜ ਸੀ। ਸੋ ਜਲਦੀ ਹੀ ਯਹੋਵਾਹ ਦੇ ਲੋਕ ਫਿਰ ਤੋਂ ਇਕ ਤਿੰਨ-ਦਿਨਾ ਸੰਮੇਲਨ ਵਿਚ ਇਕੱਠੇ ਹੋਣਗੇ।
2 ਕੀ ਤੁਸੀਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ? ਕੀ ਤੁਹਾਨੂੰ ਆਪਣੇ ਮਾਲਕ ਤੋਂ ਛੁੱਟੀ ਲੈਣ ਦੀ ਲੋੜ ਹੈ? ਕੀ ਤੁਸੀਂ ਆਪਣੇ ਬਾਈਬਲ ਵਿਦਿਆਰਥੀਆਂ ਜਾਂ ਅਵਿਸ਼ਵਾਸੀ ਪਰਿਵਾਰਕ ਮੈਂਬਰਾਂ ਦੀ ਸੰਮੇਲਨ ਵਿਚ ਆਉਣ ਵਿਚ ਮਦਦ ਕਰ ਸਕਦੇ ਹੋ? ਕੀ ਕਲੀਸਿਯਾ ਵਿਚ ਅਜਿਹੇ ਭੈਣ-ਭਰਾ ਹਨ ਜਿਨ੍ਹਾਂ ਨੂੰ ਸੰਮੇਲਨ ਵਿਚ ਆਉਣ ਵਾਸਤੇ ਮਦਦ ਦੀ ਲੋੜ ਹੈ? ਕੀ ਤੁਸੀਂ ਕਿਸੇ ਹੋਰ ਸੰਮੇਲਨ ਵਿਚ ਜਾਣ ਦੀ ਸੋਚ ਰਹੇ ਹੋ? ਕੀ ਤੁਹਾਨੂੰ ਹੋਟਲ ਵਿਚ ਕਮਰਾ ਬੁੱਕ ਕਰਨ ਦੀ ਲੋੜ ਪਵੇਗੀ? ਅੱਗੇ ਦਿੱਤੀ ਜਾਣਕਾਰੀ ਦੀ ਮਦਦ ਨਾਲ ਤੁਸੀਂ ਤਿਆਰੀਆਂ ਕਰ ਸਕਦੇ ਹੋ।
3. (ੳ) ਅੱਜ ਯਸਾਯਾਹ 25:6 ਮੁਤਾਬਕ ਕਿਹੜੀ ਗੱਲ ਪੂਰੀ ਹੋ ਰਹੀ ਹੈ? (ਅ) ਸ਼ੁੱਕਰਵਾਰ ਦੇ ਸੈਸ਼ਨ ਸੰਬੰਧੀ ਕਿਹੜੀ ਗੱਲ ਧਿਆਨ ਵਿਚ ਆਈ ਹੈ ਤੇ ਸਾਨੂੰ ਆਪਣੇ ਵੱਲੋਂ ਕੀ ਕਰਨਾ ਚਾਹੀਦਾ ਹੈ?
3 ਤਿੰਨੇ ਦਿਨ ਹਾਜ਼ਰ ਰਹੋ: ਯਹੋਵਾਹ ਆਪਣੇ ਲੋਕਾਂ ਨੂੰ ਭਰਪੂਰ ਅਧਿਆਤਮਿਕ ਭੋਜਨ ਦਿੰਦਾ ਹੈ। (ਯਸਾ. 25:6) ਇਸ ਵਿਚ ਸਾਡੇ ਸਾਲਾਨਾ ਸੰਮੇਲਨਾਂ ਵਿਚ ਦਿੱਤੀ ਜਾਂਦੀ ਅਧਿਆਤਮਿਕ ਦਾਅਵਤ ਵੀ ਸ਼ਾਮਲ ਹੈ। ਦੇਖਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ ਬਾਕੀ ਦਿਨਾਂ ਦੇ ਮੁਕਾਬਲੇ ਘੱਟ ਭੈਣ-ਭਰਾ ਸੰਮੇਲਨ ਵਿਚ ਹਾਜ਼ਰ ਹੁੰਦੇ ਹਨ। ਯਹੋਵਾਹ ਦਾ ਸੰਗਠਨ ਇਹ ਸੰਮੇਲਨ ਸਾਨੂੰ ਅਧਿਆਤਮਿਕ ਤੌਰ ਤੇ ਤਾਜ਼ਾ ਦਮ ਕਰਨ ਲਈ ਤਿਆਰ ਕਰਦਾ ਹੈ। ਸੋ ਸੰਮੇਲਨ ਦੇ ਤਿੰਨੇ ਦਿਨ ਹਾਜ਼ਰ ਰਹਿਣ ਦੇ ਪੱਕੇ ਇੰਤਜ਼ਾਮ ਕਰੋ। ਜੇ ਤੁਹਾਨੂੰ ਆਪਣੇ ਮਾਲਕ ਤੋਂ ਛੁੱਟੀ ਲੈਣ ਦੀ ਲੋੜ ਹੈ, ਤਾਂ ਇਸ ਬਾਰੇ ਪ੍ਰਾਰਥਨਾ ਕਰੋ। ਫਿਰ ਸੰਮੇਲਨ ਦੀਆਂ ਤਾਰੀਖ਼ਾਂ ਦਾ ਪਤਾ ਲੱਗਦਿਆਂ ਹੀ “ਦਿਲੇਰ” ਹੋ ਕੇ ਆਪਣੇ ਮਾਲਕ ਨਾਲ ਗੱਲ ਕਰੋ। (1 ਥੱਸ. 2:2; ਨਹ. 2:4, 5) ਉਸ ਨੂੰ ਦੱਸਣਾ ਚੰਗਾ ਹੋਵੇਗਾ ਕਿ ਤੁਹਾਡਾ ਸਾਲਾਨਾ ਸੰਮੇਲਨ ਤੁਹਾਡੀ ਭਗਤੀ ਦਾ ਅਹਿਮ ਹਿੱਸਾ ਹੈ। ਛੇਤੀ ਦੱਸਣ ਨਾਲ ਤੁਹਾਡੇ ਮਾਲਕ ਨੂੰ ਕੰਮ ਦੇ ਮਾਮਲੇ ਵਿਚ ਕੁਝ ਫੇਰ-ਬਦਲ ਕਰਨ ਵਿਚ ਆਸਾਨੀ ਹੋਵੇਗੀ ਤਾਂਕਿ ਤੁਹਾਨੂੰ ਛੁੱਟੀ ਦੇ ਸਕੇ।
4. ਅਸੀਂ ਆਪਣੇ ਵਿਦਿਆਰਥੀਆਂ ਅਤੇ ਅਵਿਸ਼ਵਾਸੀ ਪਰਿਵਾਰ ਦੇ ਮੈਂਬਰਾਂ ਨੂੰ ਸੰਮੇਲਨ ਲਈ ਕਿਵੇਂ ਤਿਆਰ ਕਰ ਸਕਦੇ ਹਾਂ?
4 ਆਪਣੇ ਬਾਈਬਲ ਵਿਦਿਆਰਥੀਆਂ ਤੇ ਪਰਿਵਾਰ ਨੂੰ ਤਿਆਰ ਕਰੋ: ਤੁਹਾਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦ ਤੁਹਾਡੇ ਵਿਦਿਆਰਥੀ ਤੁਹਾਡੇ ਨਾਲ ਸੰਮੇਲਨ ਵਿਚ ਹਾਜ਼ਰ ਹੋਣਗੇ ਤੇ “ਮਹਾਂ ਸਭਾ ਵਿੱਚ” ਸਾਡੇ ਮਸੀਹੀ ਭਾਈਚਾਰੇ ਦੇ ਪਿਆਰ ਨੂੰ ਮਹਿਸੂਸ ਕਰਨਗੇ। (ਜ਼ਬੂ. 22:25) ਉਨ੍ਹਾਂ ਨੂੰ ਕਾਫ਼ੀ ਸਮਾਂ ਪਹਿਲਾਂ ਦੱਸੋ ਤਾਂਕਿ ਉਹ ਸੰਮੇਲਨ ਵਿਚ ਜਾਣ ਲਈ ਸਮਾਂ ਕੱਢ ਸਕਣ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਸੰਮੇਲਨ ਵਿਚ ਕਿਨ੍ਹਾਂ ਗੱਲਾਂ ਦਾ ਆਨੰਦ ਮਾਣਦੇ ਹੋ। ਉਨ੍ਹਾਂ ਨੂੰ ਅਜਿਹੇ ਵਿਡਿਓ ਦਿਖਾਓ ਜਿਨ੍ਹਾਂ ਵਿਚ ਪੁਰਾਣੇ ਸੰਮੇਲਨਾਂ ਦੇ ਸੀਨ ਹਨ, ਖ਼ਾਸਕਰ ਪਰਮੇਸ਼ੁਰੀ ਸਿੱਖਿਆ ਦੁਆਰਾ ਇਕਮੁੱਠ (ਅੰਗ੍ਰੇਜ਼ੀ) ਵਿਡਿਓ। ਅਜਿਹੇ ਵਿਡਿਓ ਦੇਖ ਕੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਸੰਮੇਲਨ ਵਿਚ ਕੀ ਹੋਵੇਗਾ। ਆਪਣੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰਾਂ ਨੂੰ ਵੀ ਆਪਣੀਆਂ ਯੋਜਨਾਵਾਂ ਬਾਰੇ ਦੱਸੋ। ਸ਼ਾਇਦ ਉਹ ਡਰਾਮਾ ਦੇਖਣ ਲਈ ਆ ਸਕਣ ਜਾਂ ਘੱਟੋ-ਘੱਟ ਇਕ ਦਿਨ ਤੁਹਾਡੇ ਨਾਲ ਸੰਮੇਲਨ ਵਿਚ ਹਾਜ਼ਰ ਹੋ ਸਕਣ।
5, 6. (ੳ) ਅਸੀਂ 1 ਤਿਮੋਥਿਉਸ 6:18 ਮੁਤਾਬਕ ਦਰਿਆ-ਦਿਲੀ ਕਿਵੇਂ ਦਿਖਾ ਸਕਦੇ ਹਾਂ? (ਅ) ਕੁਝ ਲੋੜਵੰਦ ਭੈਣ-ਭਰਾਵਾਂ ਦੀ ਮਦਦ ਕਰਨ ਲਈ ਕਿਹੜਾ ਇੰਤਜ਼ਾਮ ਕੀਤਾ ਗਿਆ ਹੈ ਤਾਂਕਿ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਮਿਲ ਸਕੇ?
5 ਭੈਣਾਂ-ਭਰਾਵਾਂ ਦੀ ਮਦਦ ਕਰੋ: ਪੌਲੁਸ ਰਸੂਲ ਨੇ ਅਮੀਰ ਮਸੀਹੀਆਂ ਨੂੰ ਸਲਾਹ ਦਿੱਤੀ ਕਿ “ਓਹ ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ।” (1 ਤਿਮੋ. 6:17, 18) ਅਸੀਂ ਵੀ ਪੌਲੁਸ ਦੇ ਕਹੇ ਅਨੁਸਾਰ ਦਰਿਆ-ਦਿਲੀ ਦਿਖਾ ਸਕਦੇ ਹਾਂ। ਅਸੀਂ ਬਿਰਧਾਂ, ਬੀਮਾਰਾਂ, ਪਾਇਨੀਅਰਾਂ, ਇਕੱਲੀ ਮਾਂ ਜਾਂ ਪਿਓ ਵਾਲੇ ਪਰਿਵਾਰਾਂ ਤੇ ਕਲੀਸਿਯਾ ਦੇ ਹੋਰਨਾਂ ਭੈਣਾਂ-ਭਰਾਵਾਂ ਦੇ ਹਾਲਾਤਾਂ ਤੇ ਗੌਰ ਕਰ ਕੇ ਦੇਖ ਸਕਦੇ ਹਾਂ ਕਿ ਉਨ੍ਹਾਂ ਨੂੰ ਸੰਮੇਲਨ ਵਿਚ ਜਾਣ ਲਈ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਤਾਂ ਨਹੀਂ। ਇਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਪਹਿਲੀ ਜ਼ਿੰਮੇਵਾਰੀ ਇਨ੍ਹਾਂ ਦੇ ਰਿਸ਼ਤੇਦਾਰਾਂ ਦੀ ਹੈ ਜੋ ਸੱਚਾਈ ਵਿਚ ਹਨ। ਪਰ ਬਜ਼ੁਰਗ ਅਤੇ ਕਲੀਸਿਯਾ ਦੇ ਹੋਰ ਭੈਣ-ਭਰਾ ਸਮਝਦਾਰੀ ਵਰਤਦੇ ਹੋਏ ਲੋੜੀਂਦੀ ਮਦਦ ਦੇ ਸਕਦੇ ਹਨ।—ਗਲਾ. 6:10; 1 ਤਿਮੋ. 5:4.
6 ਜੇ ਕਲੀਸਿਯਾ ਦੇ ਕਿਸੇ ਲੋੜਵੰਦ ਭੈਣ ਜਾਂ ਭਰਾ ਨੂੰ ਠਹਿਰਨ ਲਈ ਜਗ੍ਹਾ ਦੀ ਲੋੜ ਹੈ, ਤਾਂ ਸਰਵਿਸ ਕਮੇਟੀ ਨੂੰ ਦੇਖਣਾ ਚਾਹੀਦਾ ਹੈ ਕਿ ਉਸ ਭੈਣ ਜਾਂ ਭਰਾ ਨੂੰ ਲੋੜਵੰਦਾਂ ਲਈ ਨਿਵਾਸ ਦਰਖ਼ਾਸਤ (Special Needs Room Request) ਫਾਰਮ ਭਰਨ ਲਈ ਦਿੱਤਾ ਜਾ ਸਕਦਾ ਹੈ ਜਾਂ ਨਹੀਂ। ਸੰਮੇਲਨ ਦੇ ਨਿਵਾਸ ਵਿਭਾਗ ਨੂੰ ਫਾਰਮ ਭੇਜਣ ਤੋਂ ਪਹਿਲਾਂ ਕਲੀਸਿਯਾ ਦੀ ਸਰਵਿਸ ਕਮੇਟੀ ਨੂੰ ਫਾਰਮ ਵਿਚ ਅਤੇ ਬਜ਼ੁਰਗਾਂ ਦੇ ਸਮੂਹਾਂ ਨੂੰ ਭੇਜੀ 14 ਦਸੰਬਰ 2006 ਦੀ ਚਿੱਠੀ ਵਿਚ ਦਿੱਤੀਆਂ ਹਿਦਾਇਤਾਂ ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ।
7. (ੳ) ਸਾਨੂੰ ਕਿਉਂ ਆਪਣੀ ਕਲੀਸਿਯਾ ਦੇ ਸੰਮੇਲਨ ਵਿਚ ਜਾਣਾ ਚਾਹੀਦਾ ਹੈ? (ਅ) ਜੇ ਤੁਹਾਨੂੰ ਕਿਸੇ ਕਾਰਨ ਵੱਸ ਕਿਸੇ ਹੋਰ ਸੰਮੇਲਨ ਵਿਚ ਜਾਣਾ ਪੈਣਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
7 ਕਿਸੇ ਹੋਰ ਸੰਮੇਲਨ ਵਿਚ ਜਾਣਾ: ਇਸ ਲੇਖ ਵਿਚ ਭਾਰਤ ਵਿਚ ਹੋਣ ਵਾਲੇ ਸਾਰੇ ਸੰਮੇਲਨਾਂ ਦੀ ਕੱਚੀ ਲਿਸਟ ਦਿੱਤੀ ਗਈ ਹੈ। ਅਸੀਂ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਉਸੇ ਸੰਮੇਲਨ ਵਿਚ ਜਾਓ ਜਿਸ ਵਿਚ ਤੁਹਾਡੀ ਕਲੀਸਿਯਾ ਨੂੰ ਜਾਣ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਸੀਟਾਂ, ਸਾਹਿੱਤ ਜਾਂ ਰਹਿਣ ਲਈ ਹੋਟਲਾਂ ਦੀ ਘਾਟ ਨਹੀਂ ਹੋਵੇਗੀ। ਜੇ ਤੁਹਾਨੂੰ ਕਿਸੇ ਕਾਰਨ ਵੱਸ ਕਿਸੇ ਹੋਰ ਸੰਮੇਲਨ ਵਿਚ ਜਾਣਾ ਪੈਣਾ ਹੈ, ਤਾਂ ਕਿਰਪਾ ਕਰ ਕੇ ਉਸ ਸੰਮੇਲਨ ਸੰਬੰਧੀ ਜਾਣਕਾਰੀ ਲਈ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਮਿਲੋ। ਹੋਟਲਾਂ ਦੀ ਲਿਸਟ ਜਾਂ ਹੋਰ ਜਾਣਕਾਰੀ ਲਈ ਚਿੱਠੀ ਭੇਜਣ ਲੱਗਿਆਂ ਇਕ ਟਿਕਟਾਂ ਲੱਗਿਆ ਖਾਲੀ ਲਿਫ਼ਾਫ਼ਾ ਵੀ ਭੇਜੋ ਜਿਸ ਉੱਤੇ ਤੁਹਾਡਾ ਪਤਾ ਲਿਖਿਆ ਹੋਵੇ। ਜੇ ਉਸ ਸ਼ਹਿਰ ਵਿਚ ਇਕ ਤੋਂ ਜ਼ਿਆਦਾ ਸੰਮੇਲਨ ਹੋ ਰਹੇ ਹਨ, ਤਾਂ ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਦੇ ਸੰਮੇਲਨ ਵਿਚ ਜਾਓਗੇ।
8. ਹੋਟਲ ਵਿਚ ਕਮਰਾ ਬੁੱਕ ਕਰਦੇ ਸਮੇਂ ਸਾਨੂੰ ਕਿਹੜੀਆਂ ਹਿਦਾਇਤਾਂ ਤੇ ਚੱਲਣਾ ਚਾਹੀਦਾ ਹੈ? (ਡੱਬੀ “ਹੋਟਲ ਵਿਚ ਬੁਕਿੰਗ ਕਰਨ ਸੰਬੰਧੀ ਕੁਝ ਜ਼ਰੂਰੀ ਗੱਲਾਂ” ਦੇਖੋ।)
8 ਹੋਟਲ ਵਿਚ ਕਮਰਾ ਬੁੱਕ ਕਰਨਾ: ਜ਼ਿਲ੍ਹਾ ਸੰਮੇਲਨ ਤੋਂ ਕਾਫ਼ੀ ਸਮਾਂ ਪਹਿਲਾਂ ਹੋਟਲਾਂ ਦੀ ਲਿਸਟ ਕਲੀਸਿਯਾ ਦੇ ਸੂਚਨਾ ਬੋਰਡ ਉੱਤੇ ਲਾ ਦਿੱਤੀ ਜਾਵੇਗੀ। ਡੱਬੀ “ਹੋਟਲ ਵਿਚ ਬੁਕਿੰਗ ਕਰਨ ਸੰਬੰਧੀ ਕੁਝ ਜ਼ਰੂਰੀ ਗੱਲਾਂ” ਵਿਚ ਦਿੱਤੀਆਂ ਹਿਦਾਇਤਾਂ ਦੇਖੋ। ਜੇ ਲਿਸਟ ਵਿਚ ਦਿੱਤੇ ਸਾਰੇ ਹੋਟਲਾਂ ਨਾਲ ਸੰਪਰਕ ਕਰਨ ਤੇ ਤੁਹਾਨੂੰ ਕਿਸੇ ਵੀ ਹੋਟਲ ਵਿਚ ਕਮਰਾ ਨਹੀਂ ਮਿਲਦਾ ਜਾਂ ਫਿਰ ਤੁਹਾਨੂੰ ਕਿਸੇ ਹੋਟਲ ਵਿਚ ਬੁਕਿੰਗ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਇਸ ਬਾਰੇ ਕਲੀਸਿਯਾ ਦੇ ਸੈਕਟਰੀ ਨੂੰ ਦੱਸੋ। ਉਸ ਨੂੰ ਲਿਸਟ ਦੇ ਸ਼ੁਰੂ ਵਿਚ ਦਿੱਤੀ ਜਾਣਕਾਰੀ ਅਨੁਸਾਰ ਸੰਮੇਲਨ ਦੇ ਨਿਵਾਸ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ, ਨਾ ਕਿ ਬ੍ਰਾਂਚ ਆਫਿਸ ਨਾਲ। ਜੇ ਲਿਸਟ ਉੱਤੇ ਦਿੱਤੇ ਹੋਟਲਾਂ ਵਿਚ ਕਮਰੇ ਉਪਲਬਧ ਨਹੀਂ ਹਨ, ਤਾਂ ਹੋਰਨਾਂ ਹੋਟਲਾਂ ਨਾਲ ਸੰਪਰਕ ਕਰਨ ਦੀ ਬਜਾਇ ਕਿਰਪਾ ਕਰ ਕੇ ਹੋਟਲਾਂ ਦੀ ਨਵੀਂ ਲਿਸਟ ਆਉਣ ਤਕ ਉਡੀਕ ਕਰੋ।
9, 10. (ੳ) ਸੰਮੇਲਨ ਤੇ ਪਹੁੰਚਣ ਤੋਂ ਪਹਿਲਾਂ ਸਾਡੇ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹੁੰਦੇ ਹਨ? (ਅ) ਭਰਾ ਸਾਡੇ ਫ਼ਾਇਦੇ ਲਈ ਜੋ ਵੀ ਕਰਨਗੇ, ਉਸ ਲਈ ਅਸੀਂ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ? (ਇਬਰਾਨੀਆਂ 13:17 ਪੜ੍ਹੋ।)
9 ਇੰਤਜ਼ਾਮਾਂ ਦਾ ਸਮਰਥਨ ਕਰੋ: ਸੰਮੇਲਨ ਦੀ ਥਾਂ ਤੇ ਪਹੁੰਚ ਕੇ ਸਾਫ਼ ਨਜ਼ਰ ਆਉਂਦਾ ਹੈ ਕਿ ਭਰਾਵਾਂ ਨੇ ਸਾਡੇ ਵਾਸਤੇ ਕਿੰਨੀ ਮਿਹਨਤ ਕੀਤੀ ਹੈ। ਅਟੈਂਡੰਟਾਂ ਦਾ ਕੰਮ ਕਰਨ ਵਾਲੇ ਭਰਾ ਸਾਡਾ ਸੁਆਗਤ ਕਰਦੇ ਹਨ, ਸਾਨੂੰ ਪ੍ਰੋਗ੍ਰਾਮ ਦਿੰਦੇ ਹਨ ਅਤੇ ਸੀਟਾਂ ਲੱਭਣ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ। ਭੈਣਾਂ-ਭਰਾਵਾਂ ਨੇ ਸੰਮੇਲਨ ਦੀ ਥਾਂ ਨੂੰ ਸਾਫ਼ ਕੀਤਾ ਹੁੰਦਾ ਹੈ ਤੇ ਸਟੇਜ ਨੂੰ ਸ਼ਿੰਗਾਰਿਆ ਹੁੰਦਾ ਹੈ। ਸਾਡੀਆਂ ਅੱਖਾਂ ਤੋਂ ਓਹਲੇ ਵੀ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਭਰਾ ਪ੍ਰੋਗ੍ਰਾਮ ਦੇ ਭਾਗਾਂ ਨੂੰ ਤਿਆਰ ਕਰਦੇ ਹਨ, ਹੋਟਲਾਂ ਨਾਲ ਗੱਲਬਾਤ ਕਰ ਕੇ ਕਿਰਾਇਆ ਘੱਟ ਕਰਾਉਂਦੇ ਹਨ ਤੇ ਹੋਰ ਬਹੁਤ ਸਾਰੇ ਕੰਮ ਕਰਦੇ ਹਨ।
10 ਹਰ ਸੰਮੇਲਨ ਦੀ ਤਿਆਰੀ ਕਰਨ ਵਾਸਤੇ ਬਹੁਤ ਸਾਰੇ ਭਰਾ ਮਹੀਨਿਆਂ ਬੱਧੀ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵੀ ਉਨ੍ਹਾਂ ਦਾ ਪੂਰਾ ਸਮਰਥਨ ਕਰ ਕੇ ਵੱਡਾ ਯੋਗਦਾਨ ਪਾਉਂਦੇ ਹਨ। ਕੀ ਸਾਡੇ ਫ਼ਾਇਦੇ ਲਈ ਕੀਤੀਆਂ ਉਨ੍ਹਾਂ ਦੀਆਂ ਕੁਰਬਾਨੀਆਂ ਲਈ ਅਸੀਂ ਅਹਿਸਾਨਮੰਦ ਨਹੀਂ ਹਾਂ? ਅਸੀਂ ਇਸ ਅੰਤਰ-ਪੱਤਰ ਵਿਚ ਦਿੱਤੀਆਂ ਹਿਦਾਇਤਾਂ ਅਤੇ ਸੰਮੇਲਨ ਤੋਂ ਪਹਿਲਾਂ ਮਿਲਣ ਵਾਲੀ ਹੋਰ ਕਿਸੇ ਵੀ ਹਿਦਾਇਤ ਤੇ ਚੱਲ ਕੇ ਆਪਣੀ ਕਦਰਦਾਨੀ ਦਿਖਾ ਸਕਦੇ ਹਾਂ। (ਇਬ. 13:17) ਸਾਰਿਆਂ ਦੇ ਯੋਗਦਾਨ ਸਦਕਾ ਹੀ ਸੰਮੇਲਨ ਦਾ ਕੰਮ “ਢਬ ਸਿਰ ਅਤੇ ਜੁਗਤੀ ਨਾਲ” ਸਿਰੇ ਚੜ੍ਹਦਾ ਹੈ।—1 ਕੁਰਿੰ. 14:40.
11. ਸੰਮੇਲਨ ਦੀ ਥਾਂ ਤੇ ਸ਼ਿਸ਼ਟਾਚਾਰ ਦਿਖਾਉਣ ਵਿਚ ਬਾਈਬਲ ਦਾ ਕਿਹੜਾ ਸਿਧਾਂਤ ਸਾਡੀ ਮਦਦ ਕਰੇਗਾ?
11 ਮਸੀਹੀ ਸ਼ਿਸ਼ਟਾਚਾਰ ਪਿਆਰ ਦੀ ਨਿਸ਼ਾਨੀ: ਦੇਖਿਆ ਗਿਆ ਹੈ ਕਿ ਕੁਝ ਭੈਣ-ਭਰਾ ਅਟੈਂਡੰਟਾਂ ਨੂੰ ਸਹਿਯੋਗ ਨਹੀਂ ਦਿੰਦੇ, ਸਗੋਂ ਉਲਟਾ ਜਵਾਬ ਦਿੰਦੇ ਹਨ ਜੋ ਕਿ ਮਸੀਹੀਆਂ ਨੂੰ ਸ਼ੋਭਾ ਨਹੀਂ ਦਿੰਦਾ। ਆਪਣੇ ਬਾਰੇ ਹੀ ਸੋਚਣ ਵਾਲੇ ਦੂਸਰਿਆਂ ਦਾ ਭਲਾ ਕਰਨ ਬਾਰੇ ਨਹੀਂ ਸੋਚਦੇ ਤੇ ਨਾ ਹੀ ਇਸ ਰਵੱਈਏ ਦੇ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। ਇਸ ਲਈ ਆਓ ਆਪਾਂ ਪਿਆਰ ਤੇ ਧੀਰਜ ਨਾਲ ਪੇਸ਼ ਆਈਏ ਤੇ ਸਹਿਯੋਗ ਦੇਈਏ। (ਗਲਾ. 5:22, 23, 25) ਇਸ ਤੋਂ ਇਲਾਵਾ, ਜ਼ਰੂਰਤ ਤੋਂ ਜ਼ਿਆਦਾ ਸੀਟਾਂ ਰੱਖਣ ਦੀ ਸਮੱਸਿਆ ਅਜੇ ਵੀ ਹੈ। 8:00 ਵਜੇ ਹਾਲ ਦੇ ਦਰਵਾਜ਼ੇ ਖੁੱਲਦਿਆਂ ਹੀ ਕੁਝ ਭੈਣ-ਭਰਾਵਾਂ ਨੂੰ “ਵਧੀਆ” ਸੀਟਾਂ ਲਈ ਭੱਜਦੇ ਤੇ ਧੱਕਾ-ਮੁੱਕੀ ਕਰਦੇ ਦੇਖਿਆ ਗਿਆ ਹੈ। ਇਸ ਭਗ-ਦੜ੍ਹ ਵਿਚ ਕੁਝ ਭੈਣਾਂ-ਭਰਾਵਾਂ ਨੂੰ ਸੱਟਾਂ-ਚੋਟਾਂ ਲੱਗੀਆਂ ਹਨ। ਕੁਝ ਭੈਣ-ਭਰਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਸੰਮੇਲਨ ਵਾਸਤੇ ਸਵੇਰੇ ਜਲਦੀ ਪਹੁੰਚੇ, ਫਿਰ ਵੀ ਸਾਰੀਆਂ ਸੀਟਾਂ ਬੁੱਕ ਸਨ। ਕਈ ਵਾਰ ਇੱਦਾਂ ਹੁੰਦਾ ਹੈ ਕਿ ਪਰਿਵਾਰ ਦਾ ਇਕ ਮੈਂਬਰ ਜਲਦੀ ਆ ਕੇ ਹਾਲ ਖੁੱਲ੍ਹਦਿਆਂ ਹੀ ਆਪਣੇ ਪਰਿਵਾਰ ਤੇ ਦੋਸਤਾਂ (ਜੋ ਦੇਰ ਤਕ ਸੁੱਤੇ ਰਹਿੰਦੇ ਹਨ) ਲਈ ਸੀਟਾਂ ਦੀਆਂ ਕਈ ਲਾਈਨਾਂ ਬੁੱਕ ਕਰ ਲੈਂਦਾ ਹੈ। ਕੁਝ ਹਾਲਾਂ ਵਿਚ ਭੈਣ-ਭਰਾ ਜ਼ਿਆਦਾ ਸੀਟਾਂ ਨਹੀਂ ਰੱਖ ਸਕੇ ਕਿਉਂਕਿ ਉਨ੍ਹਾਂ ਕੋਲ ਕੁਰਸੀਆਂ ਤੇ ਰੱਖਣ ਵਾਸਤੇ ਚੀਜ਼ਾਂ ਥੁੜ ਗਈਆਂ। ਪਿਆਰ ਕਰਨ ਵਾਲਾ ਹਮੇਸ਼ਾ ਦੂਸਰਿਆਂ ਦਾ ਭਲਾ ਚਾਹੁੰਦਾ ਹੈ। ਯਿਸੂ ਮਸੀਹ ਨੇ ਵੀ ਕਿਹਾ ਸੀ ਕਿ ਨਿਰਸੁਆਰਥ ਪਿਆਰ ਉਸ ਦੇ ਚੇਲਿਆਂ ਦੀ ਪਛਾਣ ਹੋਵੇਗੀ। (ਯੂਹੰ. 13:35) ਕੀ ਬਹੁਤ ਸਾਰੀਆਂ ਸੀਟਾਂ ਬੁੱਕ ਕਰ ਕੇ ਅਸੀਂ ਇਸ ਪਿਆਰ ਦਾ ਸਬੂਤ ਦਿੰਦੇ ਹਾਂ? ਮਸੀਹੀ ਪਿਆਰ ਕਾਰਨ ਸਾਨੂੰ ਯਿਸੂ ਦੀ ਇਹ ਗੱਲ ਮੰਨਣੀ ਚਾਹੀਦੀ ਹੈ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”—ਮੱਤੀ 7:12.
12. (ੳ) ਅੱਜ ਦੇ ਸਮੇਂ ਵਿਚ ਯਹੋਵਾਹ ਦੇ ਲੋਕਾਂ ਲਈ ਇਕੱਠੇ ਹੋਣਾ ਕਿਉਂ ਜ਼ਰੂਰੀ ਹੈ? (ਅ) ਹੁਣ ਤੋਂ ਹੀ ਅਸੀਂ ਸਾਰੇ ਕੀ ਕਰ ਸਕਦੇ ਹਾਂ?
12 ਜਿਉਂ-ਜਿਉਂ ਅਸੀਂ ‘ਵੇਖਦੇ ਹਾਂ ਭਈ ਉਹ ਦਿਨ ਨੇੜੇ ਆਉਂਦਾ ਹੈ,’ ਪਰਮੇਸ਼ੁਰ ਦੇ ਲੋਕਾਂ ਲਈ ਸੰਮੇਲਨਾਂ ਵਿਚ ਇਕੱਠੇ ਹੋਣਾ ਹੋਰ ਵੀ ਜ਼ਰੂਰੀ ਹੈ। (ਇਬ. 10:25) ਯਹੋਵਾਹ ਚਾਹੁੰਦਾ ਹੈ ਕਿ ਅਸੀਂ ‘ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੀਏ।’ ਮਾਤਬਰ ਤੇ ਬੁੱਧਵਾਨ ਨੌਕਰ ਦੁਆਰਾ ਸੰਮੇਲਨਾਂ ਵਿਚ ਦਿੱਤੀ ਜਾਂਦੀ ਜਾਣਕਾਰੀ ਦੀ ਮਦਦ ਨਾਲ ਅਸੀਂ ਯਹੋਵਾਹ ਦੀ ਬਿਵਸਥਾ ਤੇ ਚੱਲ ਸਕਾਂਗੇ। (ਬਿਵ. 31:12) ਇਸ ਕਰਕੇ ਹੁਣ ਤੋਂ ਹੀ ਜ਼ਿਲ੍ਹਾ ਸੰਮੇਲਨ ਦੇ ਤਿੰਨੋਂ ਦਿਨ ਹਾਜ਼ਰ ਰਹਿਣ ਦੀ ਤਿਆਰੀ ਕਰੋ ਤਾਂਕਿ ਅਸੀਂ ਅਧਿਆਤਮਿਕ ਸਿੱਖਿਆ ਲੈ ਕੇ ਅਤੇ ਭੈਣ-ਭਰਾਵਾਂ ਦੀ ਸੰਗਤ ਕਰ ਕੇ ਲਾਭ ਹਾਸਲ ਕਰ ਸਕੀਏ।
[ਸਫ਼ੇ 3 ਉੱਤੇ ਡੱਬੀ]
ਪ੍ਰੋਗ੍ਰਾਮ ਦਾ ਸਮਾਂ
ਸ਼ੁੱਕਰਵਾਰ ਅਤੇ ਸ਼ਨੀਵਾਰ
ਸਵੇਰੇ 9:20 ਤੋਂ ਸ਼ਾਮ 5:05
ਐਤਵਾਰ
ਸਵੇਰੇ 9:20 ਤੋਂ ਸ਼ਾਮ 4:10
[ਸਫ਼ੇ 4 ਉੱਤੇ ਡੱਬੀ]
ਹੋਟਲ ਵਿਚ ਬੁਕਿੰਗ ਕਰਨ ਸੰਬੰਧੀ ਕੁਝ ਜ਼ਰੂਰੀ ਗੱਲਾਂ
1. ਹੋਟਲਾਂ ਦੀ ਲਿਸਟ ਵਿਚ ਦਿੱਤੇ ਟੈਲੀਫ਼ੋਨ ਨੰਬਰ ਵਰਤ ਕੇ ਹੋਟਲਾਂ ਨਾਲ ਉਨ੍ਹਾਂ ਦੇ ਕੰਮ ਦੇ ਸਮੇਂ ਸੰਪਰਕ ਕਰੋ।
2. ਹੋਟਲ ਵਾਲਿਆਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਆ ਰਹੇ ਹੋ।
3. ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਨੂੰ ਪਹੁੰਚੋਗੇ ਤੇ ਕਦੋਂ ਕਮਰਾ ਛੱਡੋਗੇ।
4. ਜੇ ਕਿਸੇ ਹੋਟਲ ਵਿਚ ਕਮਰੇ ਖਾਲੀ ਨਹੀਂ ਹਨ, ਤਾਂ ਲਿਸਟ ਵਿਚ ਦੱਸੇ ਕਿਸੇ ਹੋਰ ਹੋਟਲ ਨਾਲ ਸੰਪਰਕ ਕਰੋ।
5. ਲਿਸਟ ਵਿਚ ਦੱਸੇ ਰੇਟ ਨਾਲੋਂ ਜ਼ਿਆਦਾ ਪੈਸੇ ਨਾ ਦਿਓ।
6. ਕਮਰਾ ਬੁੱਕ ਕਰੋ ਅਤੇ ਬੁਕਿੰਗ ਨੰਬਰ ਲੈ ਲਓ।
7. ਬੁਕਿੰਗ ਹੋ ਜਾਣ ਤੇ ਪੈਸੇ ਦਸਾਂ ਦਿਨਾਂ ਦੇ ਅੰਦਰ-ਅੰਦਰ ਕ੍ਰੈਡਿਟ ਕਾਰਡ, ਚੈੱਕ ਜਾਂ ਮਨੀਆਰਡਰ ਰਾਹੀਂ ਜਮ੍ਹਾ ਕਰਾਓ। ਕਦੇ ਵੀ ਨਕਦੀ ਨਾ ਭੇਜੋ। ਜੇ ਚੈੱਕ ਜਾਂ ਮਨੀਆਰਡਰ ਰਾਹੀਂ ਪੈਸੇ ਜਮ੍ਹਾ ਕਰਾਏ ਜਾਂਦੇ ਹਨ, ਤਾਂ ਅਗਲੇ ਪਾਸੇ ਬੁਕਿੰਗ ਨੰਬਰ ਲਿਖੋ।
ਕਿਰਪਾ ਕਰ ਕੇ
◼ ਲਿਸਟ ਵਿਚ ਦੱਸੇ ਰੇਟ ਤੇ ਹੀ ਬੁਕਿੰਗ ਕਰੋ।
◼ ਹਰ ਕਮਰਾ ਉਸੇ ਵਿਅਕਤੀ ਦੇ ਨਾਂ ਤੇ ਬੁੱਕ ਕਰੋ ਜੋ ਇਸ ਵਿਚ ਠਹਿਰੇਗਾ।
◼ ਜਦ ਤਕ ਤੁਸੀਂ ਲਿਸਟ ਵਿਚ ਦਿੱਤੇ ਸਾਰੇ ਹੋਟਲਾਂ ਨਾਲ ਸੰਪਰਕ ਨਹੀਂ ਕਰ ਲੈਂਦੇ, ਤਦ ਤਕ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਨਾ ਕਹੋ ਕਿ ਤੁਹਾਨੂੰ ਕੋਈ ਕਮਰਾ ਨਹੀਂ ਮਿਲਿਆ।
◼ ਬੁਕਿੰਗ ਕੈਂਸਲ ਨਾ ਕਰੋ।—ਮੱਤੀ 5:37.
◼ ਜੇ ਤੁਸੀਂ ਬੁਕਿੰਗ ਕੈਂਸਲ ਕਰਨੀ ਹੀ ਹੈ, ਤਾਂ ਜਲਦੀ ਕਰੋ। ਪੱਕਾ ਕਰੋ ਕਿ ਤੁਹਾਨੂੰ ਕੈਂਸਲੇਸ਼ਨ ਨੰਬਰ ਮਿਲ ਗਿਆ ਹੈ।