2008 ਵਿਚ ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ
1. (ੳ) ਇਬਰਾਨੀ ਮਸੀਹੀਆਂ ਨੂੰ ਦਿੱਤੀ ਪੌਲੁਸ ਦੀ ਸਲਾਹ ਵੱਲ ਅੱਜ ਮਸੀਹੀਆਂ ਨੂੰ ਕਿਉਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ? (ਇਬਰਾਨੀਆਂ 10:24, 25 ਪੜ੍ਹੋ।) (ਅ) ਸਾਨੂੰ ਪੌਲੁਸ ਦੀ ਸਲਾਹ ਉੱਤੇ ਚੱਲਣ ਦਾ ਕਿਹੜਾ ਮੌਕਾ ਮਿਲੇਗਾ?
1 ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਤਾਕੀਦ ਕੀਤੀ ਸੀ ਕਿ ਉਹ ਇਕੱਠੇ ਹੋਣ ਤੇ ਇਕ-ਦੂਜੇ ਨੂੰ “ਵਧੀਕ” ਹੌਸਲਾ ਦੇਣ ਕਿਉਂਕਿ ਪਰਮੇਸ਼ੁਰ ਦਾ ਦਿਨ ਬਹੁਤ ਨੇੜੇ ਸੀ। (ਇਬ. 10:24, 25) ਪੌਲੁਸ ਨੇ ਜਿਸ “ਦਿਨ” ਦੀ ਗੱਲ ਕੀਤੀ ਸੀ, ਅੱਜ ਸਬੂਤਾਂ ਦੇ ਆਧਾਰ ʼਤੇ ਸਾਫ਼ ਦਿਖਾਈ ਦਿੰਦਾ ਹੈ ਕਿ ਉਹ ਦਿਨ ਬਹੁਤ ਹੀ ਨੇੜੇ ਹੈ! ਇਸ ਲਈ, ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਪਰਮੇਸ਼ੁਰ ਦਾ ਗਿਆਨ ਲੈਣ ਦੇ ਮੌਕਿਆਂ ਦੀ ਉਡੀਕ ਵਿਚ ਰਹਿੰਦੇ ਹਾਂ ਕਿਉਂਕਿ ਇਹ ਗਿਆਨ ਇਨ੍ਹਾਂ ਔਖੇ “ਅੰਤ ਦਿਆਂ ਦਿਨਾਂ” ਵਿਚ ਸਾਡੀ ਮਦਦ ਕਰੇਗਾ। (2 ਤਿਮੋ. 3:1) ਇਸ ਸਾਲ ਦੇ ਜ਼ਿਲ੍ਹਾ ਸੰਮੇਲਨਾਂ ਵਿਚ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋਣ ਦਾ ਹੋਰ ਮੌਕਾ ਮਿਲੇਗਾ।
2. (ੳ) ਤਿੰਨੇ ਦਿਨ ਹਾਜ਼ਰ ਹੋਣਾ ਕਿਉਂ ਜ਼ਰੂਰੀ ਹੈ? (ਅ) ਅਸੀਂ ਹੁਣ ਤੋਂ ਹੀ ਕਿਹੜੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਸਕਦੇ ਹਾਂ?
2 ਤਿੰਨੇ ਦਿਨ ਹਾਜ਼ਰ ਰਹੋ: ਅਸੀਂ ਤੁਹਾਨੂੰ ਤਿੰਨੇ ਦਿਨ ਹਾਜ਼ਰ ਰਹਿਣ ਦੀ ਸਲਾਹ ਦਿੰਦੇ ਹਾਂ। ‘ਆਪਸ ਵਿੱਚੀਂ ਇਕੱਠੇ ਹੋਣਾ ਨਾ ਛੱਡ’ ਕੇ ਅਸੀਂ ਜ਼ਰੂਰੀ ਅਧਿਆਤਮਿਕ ਪ੍ਰੋਗ੍ਰਾਮ ਦਾ ਆਨੰਦ ਮਾਣ ਸਕਾਂਗੇ। (ਇਬ. 10:25) ਜਲਦੀ ਤੋਂ ਜਲਦੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿਓ। ਆਪਣੇ ਮਾਲਕ ਨੂੰ ਇਸ ਪ੍ਰੋਗ੍ਰਾਮ ਬਾਰੇ ਪਹਿਲਾਂ ਹੀ ਦੱਸ ਦਿਓ ਤਾਂਕਿ ਉਸ ਦੇ ਕੰਮ ਵਿਚ ਵਿਘਨ ਨਾ ਪਵੇ। ਆਪਣੇ ਬੱਚਿਆਂ ਦੇ ਅਧਿਆਪਕਾਂ ਨੂੰ ਵੀ ਦੱਸ ਦਿਓ ਕਿ ਬੱਚੇ ਸੰਮੇਲਨ ਵਿਚ ਜਾਣਗੇ। ਉਨ੍ਹਾਂ ਨੂੰ ਦੱਸੋ ਕਿ ਸੰਮੇਲਨ ਤੁਹਾਡੀ ਭਗਤੀ ਦਾ ਅਹਿਮ ਹਿੱਸਾ ਹੈ। ਜੇ ਤੁਸੀਂ ਰਾਜ ਦੇ ਕੰਮਾਂ ਨੂੰ ਪਹਿਲ ਦਿਓਗੇ, ਤਾਂ ਯਹੋਵਾਹ ਜ਼ਰੂਰ ਇਨ੍ਹਾਂ ਮਾਮਲਿਆਂ ਵਿਚ ਤੁਹਾਡੀ ਮਦਦ ਕਰੇਗਾ।—ਮੱਤੀ 6:33.
3. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਇਕ-ਦੂਜੇ ਦਾ ਧਿਆਨ ਰੱਖ ਸਕਦੇ ਹਾਂ?
3 ਸੰਮੇਲਨ ਵਿਚ ਆਉਣ ਵਿਚ ਦੂਸਰਿਆਂ ਦੀ ਮਦਦ ਕਰੋ: ਪੌਲੁਸ ਨੇ ਆਪਣੇ ਭਰਾਵਾਂ ਨੂੰ ਅਰਜ਼ ਕੀਤੀ ਸੀ ਕਿ ਉਹ ‘ਇੱਕ ਦੂਏ ਦਾ ਧਿਆਨ ਰੱਖਣ।’ (ਇਬ. 10:24) ਕੀ ਤੁਹਾਡੇ ਬੁੱਕ ਸਟੱਡੀ ਗਰੁੱਪ ਵਿਚ ਕਿਸੇ ਭੈਣ ਜਾਂ ਭਰਾ ਨੂੰ ਸੰਮੇਲਨ ਵਿਚ ਆਉਣ ਲਈ ਮਦਦ ਦੀ ਲੋੜ ਹੈ? ਕੀ ਤੁਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਸੰਮੇਲਨ ʼਚ ਆਉਣ ਵਿਚ ਮਦਦ ਕਰ ਸਕਦੇ ਹੋ, ਭਾਵੇਂ ਉਹ ਇਕ ਦਿਨ ਹੀ ਆਉਂਦੇ ਹਨ? ਜੇ ਤੁਹਾਡੇ ਘਰ ਦੇ ਮੈਂਬਰ ਯਹੋਵਾਹ ਦੇ ਗਵਾਹ ਨਹੀਂ ਹਨ, ਉਨ੍ਹਾਂ ਨੂੰ ਵੀ ਸੰਮੇਲਨ ਵਿਚ ਆਉਣ ਦਾ ਸੱਦਾ ਦਿਓ। ਤੁਹਾਡੇ ਜਤਨਾਂ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ।
4. ਸੰਮੇਲਨ ਦੀਆਂ ਤਾਰੀਖ਼ਾਂ ਅਤੇ ਸ਼ਹਿਰਾਂ ਸੰਬੰਧੀ ਜਾਣਕਾਰੀ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ?
4 ਜਾਣਕਾਰੀ ਲੈਣੀ: ਹਰ ਸਾਲ ਕਈ ਭੈਣ-ਭਰਾ ਬ੍ਰਾਂਚ ਆਫਿਸ ਨੂੰ ਫ਼ੋਨ ਕਰ ਕੇ ਪੁੱਛਦੇ ਹਨ ਕਿ ਸੰਮੇਲਨ ਕਦੋਂ ਅਤੇ ਕਿੱਥੇ ਹੋਣਗੇ। ਅਸਲ ਵਿਚ ਇਹ ਸਾਰੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੁੰਦੀ ਹੈ। ਇਸ ਲਈ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਬ੍ਰਾਂਚ ਆਫਿਸ ਨੂੰ ਫ਼ੋਨ ਕਰਨ ਤੋਂ ਪਹਿਲਾਂ, ਸਾਡੀ ਰਾਜ ਸੇਵਕਾਈ ਵਿਚ ਛਪੀ ਲਿਸਟ ਦੇਖ ਲਓ।
5. ਜੇ ਅਸੀਂ ਕਿਸੇ ਹੋਰ ਸੰਮੇਲਨ ਵਿਚ ਜਾਣਾ ਹੈ, ਤਾਂ ਸੰਮੇਲਨ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਨੂੰ ਕੀ ਕਰਨਾ ਪਵੇਗਾ?
5 ਸੰਮੇਲਨਾਂ ਦੇ ਹੈੱਡ-ਕੁਆਰਟਰਾਂ ਦੀ ਸੂਚੀ ਸਾਡੀ ਰਾਜ ਸੇਵਕਾਈ ਵਿਚ ਛਾਪੀ ਜਾਵੇਗੀ। ਜੇ ਤੁਸੀਂ ਕਿਸੇ ਹੋਰ ਸੰਮੇਲਨ ਵਿਚ ਜਾਣਾ ਹੈ, ਤਾਂ ਹੋਟਲਾਂ ਵਗੈਰਾ ਸੰਬੰਧੀ ਜਾਣਕਾਰੀ ਲਈ ਉਸ ਸੰਮੇਲਨ ਦੇ ਹੈੱਡ-ਕੁਆਰਟਰ ਨੂੰ ਚਿੱਠੀ ਲਿਖੋ। ਜੇ ਤੁਸੀਂ ਜਵਾਬ ਚਾਹੁੰਦੇ ਹੋ, ਤਾਂ ਚਿੱਠੀ ਦੇ ਨਾਲ ਇਕ ਟਿਕਟਾਂ ਲੱਗਿਆ ਖਾਲੀ ਲਿਫ਼ਾਫ਼ਾ ਵੀ ਘੱਲੋ ਜਿਸ ਉੱਤੇ ਤੁਹਾਡਾ ਪਤਾ ਲਿਖਿਆ ਹੋਵੇ।
6. ਸਪੈਸ਼ਲ ਨੀਡਸ ਰੂਮ ਰਿਕੁਐਸਟ ਫਾਰਮ ਭਰਨ ਸੰਬੰਧੀ ਕਿਹੜੀਆਂ ਕੁਝ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ?
6 ਖ਼ਾਸ ਲੋੜਾਂ: ਜੇ ਕੋਈ ਭੈਣ ਜਾਂ ਭਰਾ ਠਹਿਰਨ ਲਈ ਜਗ੍ਹਾ ਵਾਸਤੇ ਬੇਨਤੀ ਕਰਦਾ ਹੈ, ਤਾਂ ਕਲੀਸਿਯਾ ਦੀ ਸਰਵਿਸ ਕਮੇਟੀ ਨੂੰ ਦੇਖਣਾ ਚਾਹੀਦਾ ਹੈ ਕਿ ਉਸ ਭੈਣ ਜਾਂ ਭਰਾ ਨੂੰ ਲੋੜਵੰਦਾਂ ਲਈ ਤਿਆਰ ਕੀਤਾ ਗਿਆ ਸਪੈਸ਼ਲ ਨੀਡਸ ਰੂਮ ਰਿਕੁਐਸਟ ਫਾਰਮ ਭਰਨ ਲਈ ਦਿੱਤਾ ਜਾ ਸਕਦਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਕਿ ਸੈਕਟਰੀ ਸੰਮੇਲਨ ਦੇ ਰੂਮਿੰਗ ਡਿਪਾਰਟਮੈਂਟ ਨੂੰ ਫਾਰਮ ਭੇਜੇ, ਸਰਵਿਸ ਕਮੇਟੀ ਨੂੰ ਫਾਰਮ ਵਿਚ ਅਤੇ ਬਜ਼ੁਰਗਾਂ ਦੇ ਸਮੂਹਾਂ ਨੂੰ ਭੇਜੀ 14 ਫਰਵਰੀ 2008 ਦੀ ਚਿੱਠੀ ਵਿਚ ਦਿੱਤੀਆਂ ਹਿਦਾਇਤਾਂ ʼਤੇ ਵਿਚਾਰ ਕਰਨਾ ਚਾਹੀਦਾ ਹੈ।
7. ਹੋਟਲ ਵਿਚ ਕਮਰਾ ਬੁੱਕ ਕਰਦੇ ਸਮੇਂ ਸਾਨੂੰ ਕਿਹੜੀਆਂ ਹਿਦਾਇਤਾਂ ʼਤੇ ਚੱਲਣਾ ਚਾਹੀਦਾ ਹੈ? (ਡੱਬੀ “ਹੋਟਲ ਵਿਚ ਬੁਕਿੰਗ ਕਰਨ ਸੰਬੰਧੀ ਕੁਝ ਜ਼ਰੂਰੀ ਗੱਲਾਂ” ਦੇਖੋ।)
7 ਹੋਟਲ ਵਿਚ ਕਮਰਾ ਬੁੱਕ ਕਰਨਾ: ਜ਼ਿਲ੍ਹਾ ਸੰਮੇਲਨ ਤੋਂ ਕਾਫ਼ੀ ਸਮਾਂ ਪਹਿਲਾਂ ਹੋਟਲਾਂ ਦੀ ਲਿਸਟ ਕਲੀਸਿਯਾ ਦੇ ਸੂਚਨਾ ਬੋਰਡ ਉੱਤੇ ਲਾ ਦਿੱਤੀ ਜਾਵੇਗੀ। ਹੋਟਲ ਵਿਚ ਕਮਰਾ ਬੁੱਕ ਕਰਨ ਤੋਂ ਪਹਿਲਾਂ ਡੱਬੀ “ਹੋਟਲ ਵਿਚ ਬੁਕਿੰਗ ਕਰਨ ਸੰਬੰਧੀ ਕੁਝ ਜ਼ਰੂਰੀ ਗੱਲਾਂ” ਅਤੇ “ਹੋਟਲ ਵਿਚ ਕਮਰਾ ਬੁੱਕ ਕਰਾਉਣ ਲਈ” ਡੱਬੀ ਵਿਚ ਦਿੱਤੀਆਂ ਹਿਦਾਇਤਾਂ ਦੇਖੋ। ਲਿਸਟ ਵਿਚ ਦੱਸੇ ਕਿਰਾਏ ਤੋਂ ਜ਼ਿਆਦਾ ਕਿਰਾਇਆ ਨਾ ਦਿਓ। ਜੇ ਲਿਸਟ ਵਿਚ ਦਿੱਤੇ ਹੋਟਲਾਂ ਵਿਚ ਕਮਰੇ ਉਪਲਬਧ ਨਹੀਂ ਹਨ, ਤਾਂ ਹੋਰਨਾਂ ਹੋਟਲਾਂ ਨਾਲ ਸੰਪਰਕ ਕਰਨ ਦੀ ਬਜਾਇ ਕਿਰਪਾ ਕਰ ਕੇ ਹੋਟਲਾਂ ਦੀ ਨਵੀਂ ਲਿਸਟ ਦੀ ਉਡੀਕ ਕਰੋ।
8. (ੳ) ਸੰਮੇਲਨ ਦੌਰਾਨ ਅਸੀਂ ਯਹੋਵਾਹ ਦੀ ਮਹਿਮਾ ਕਿੱਦਾਂ ਕਰ ਸਕਦੇ ਹਾਂ? (ਅ) ਯਹੋਵਾਹ ਦੇ ਗਵਾਹਾਂ ਬਾਰੇ ਕਿਹੜੀਆਂ ਕੁਝ ਚੰਗੀਆਂ ਗੱਲਾਂ ਕਹੀਆਂ ਗਈਆਂ ਹਨ?
8 ਚੰਗੇ ਕੰਮ: ਜ਼ਿਲ੍ਹਾ ਸੰਮੇਲਨ ਵਿਚ ਇਕੱਠੇ ਹੋਣ ਸੰਬੰਧੀ ਯਹੋਵਾਹ ਦਾ ਹੁਕਮ ਮੰਨ ਕੇ ਅਸੀਂ ‘ਲਾਭ ਉਠਾ’ ਸਕਦੇ ਹਾਂ। ਇਸ ਤੋਂ ਵੀ ਵਧੀਆ ਗੱਲ ਇਹ ਹੈ ਕਿ ਸੰਮੇਲਨਾਂ ਵਿਚ ਸਾਨੂੰ ਯਹੋਵਾਹ ਦੀ ਮਹਿਮਾ ਕਰਨ ਦੇ ਮੌਕੇ ਮਿਲਦੇ ਹਨ। (ਯਸਾ. 48:17) ਜ਼ਿਲ੍ਹਾ ਸੰਮੇਲਨਾਂ ਵਿਚ ਲੋਕਾਂ ਦੇ ਸਾਮ੍ਹਣੇ ਸਾਡੇ ‘ਸ਼ੁਭ ਕਰਮ ਪਰਤੱਖ ਹੁੰਦੇ ਹਨ,’ ਤੇ ਇਸ ਕਰਕੇ ਕਈ ਸਾਡੇ ਬਾਰੇ ਚੰਗੀਆਂ ਗੱਲਾਂ ਕਹਿੰਦੇ ਹਨ। (1 ਤਿਮੋ. 5:25) ਇਕ ਸ਼ਹਿਰ ਵਿਚ ਜਿੱਥੇ ਕਈ ਸਾਲਾਂ ਤੋਂ ਸਾਡੇ ਸੰਮੇਲਨ ਹੋ ਰਹੇ ਹਨ, ਇਕ ਹਾਲ ਦੇ ਮੈਨੇਜਰ ਨੇ ਕਿਹਾ: “ਯਹੋਵਾਹ ਦੇ ਗਵਾਹ ਸ਼ਾਂਤੀ ਨਾਲ ਪ੍ਰੋਗ੍ਰਾਮ ਵਿਚ ਹਾਜ਼ਰ ਹੋਏ ਤੇ ਕੋਈ ਮੁਸੀਬਤ ਖੜ੍ਹੀ ਨਹੀਂ ਕੀਤੀ। ਉਨ੍ਹਾਂ ਨੇ ਹਾਲ ਅਤੇ ਕੈਂਪਸ ਨੂੰ ਬਹੁਤ ਹੀ ਸਾਫ਼-ਸੁਥਰਾ ਰੱਖਿਆ।” ਕਿਸੇ ਹੋਰ ਸ਼ਹਿਰ ਵਿਚ ਹੋਏ ਸੰਮੇਲਨ ਵਿਚ ਯਹੋਵਾਹ ਦੇ ਗਵਾਹਾਂ ਦੇ ਚੰਗੇ ਵਤੀਰੇ ਨੂੰ ਦੇਖ ਕੇ ਇਸ ਹਾਲ ਦੀ ਮੈਨੇਜਮੈਂਟ ਨੇ ਹਾਲ ਦੇ ਕਿਰਾਏ ਵਿਚ 25 ਪ੍ਰਤਿਸ਼ਤ ਛੋਟ ਦਿੱਤੀ। ਹੋਰ ਗਰੁੱਪਾਂ ਤੋਂ ਆਈਆਂ ਸਮੱਸਿਆਵਾਂ ਦੱਸਣ ਤੋਂ ਬਾਅਦ ਇਕ ਹੋਟਲ ਦੇ ਮੈਨੇਜਰ ਨੇ ਕਿਹਾ ਕਿ ਯਹੋਵਾਹ ਦੇ ਗਵਾਹ ਹੋਟਲ ਵਿਚ ਰਹਿੰਦਿਆਂ ਧੀਰਜ ਤੋਂ ਕੰਮ ਲੈਂਦੇ ਹਨ ਤੇ ਹੋਟਲ ਵਾਲਿਆਂ ਨਾਲ ਲੜਾਈ-ਝਗੜਾ ਨਹੀਂ ਕਰਦੇ। ਉਸ ਨੇ ਕਿਹਾ: “ਕਾਸ਼ ਸਾਡੇ ਸਾਰੇ ਮਹਿਮਾਨ ਯਹੋਵਾਹ ਦੇ ਗਵਾਹਾਂ ਵਰਗੇ ਹੁੰਦੇ!” ਭੈਣਾਂ-ਭਰਾਵਾਂ ਦੇ ਚੰਗੇ ਵਤੀਰੇ ਕਰਕੇ ਹੀ ਲੋਕਾਂ ਨੇ ਸਾਡੀ ਤਾਰੀਫ਼ ਕੀਤੀ ਹੈ। ਇਹ ਤਾਰੀਫ਼ ਸੁਣ ਕੇ ਸਾਡੇ ਪਰਮੇਸ਼ੁਰ ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੋਣਾ!
9. ਪੂਰੇ ਪ੍ਰੋਗ੍ਰਾਮ ਨੂੰ ਧਿਆਨ ਨਾਲ ਸੁਣਨ ਦੀ ਅਹਿਮੀਅਤ ਉੱਤੇ ਮੱਤੀ 4:4 ਵਿਚ ਕਿਵੇਂ ਜ਼ੋਰ ਦਿੱਤਾ ਗਿਆ ਹੈ?
9 ਯਿਸੂ ਨੇ ਕਿਹਾ ਸੀ ਕਿ ਸਾਡੀ ਜ਼ਿੰਦਗੀ ‘ਪਰਮੇਸ਼ੁਰ ਦੇ ਮੁਖੋਂ ਨਿੱਕਲਦੇ ਹਰੇਕ ਵਾਕ’ ਉੱਤੇ ਨਿਰਭਰ ਕਰਦੀ ਹੈ। (ਮੱਤੀ 4:4) ਸਾਲਾਨਾ ਸੰਮੇਲਨਾਂ ਵਿਚ ਯਹੋਵਾਹ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਸਮੇਂ ਸਿਰ ਤਿਆਰ ਕੀਤਾ ਅਧਿਆਤਮਿਕ ਭੋਜਨ ਦਿੰਦਾ ਹੈ। (ਮੱਤੀ 24:45) ਇਸ ਭੋਜਨ ਨੂੰ ਤਿਆਰ ਕਰਨ ਅਤੇ ਵਰਤਾਉਣ ਵਿਚ ਬਹੁਤ ਮਿਹਨਤ ਲੱਗਦੀ ਹੈ। ਆਓ ਆਪਾਂ ਪੂਰੇ ਪ੍ਰੋਗ੍ਰਾਮ ਵਿਚ ਹਾਜ਼ਰ ਹੋ ਕੇ ਅਤੇ ਧਿਆਨ ਨਾਲ ਸੁਣ ਕੇ ਯਹੋਵਾਹ ਦੇ ਪਿਆਰ ਦੀ ਕਦਰ ਕਰੀਏ।
[ਸਫਾ 3 ਉੱਤੇ ਡੱਬੀ]
ਪ੍ਰੋਗ੍ਰਾਮ ਦਾ ਸਮਾਂ
ਸ਼ੁੱਕਰਵਾਰ ਅਤੇ ਸ਼ਨੀਵਾਰ
ਸਵੇਰੇ 9:20 ਤੋਂ ਸ਼ਾਮ 4:55 ਤਕ
ਐਤਵਾਰ
ਸਵੇਰੇ 9:20 ਤੋਂ ਸ਼ਾਮ 4:00 ਤਕ
[ਸਫਾ 4 ਉੱਤੇ ਡੱਬੀ]
ਹੋਟਲ ਵਿਚ ਬੁਕਿੰਗ ਕਰਨ ਸੰਬੰਧੀ ਕੁਝ ਜ਼ਰੂਰੀ ਗੱਲਾਂ:
◼ 7-13 ਅਪ੍ਰੈਲ 2008 ਦੀ ਸੇਵਾ ਸਭਾ ਤੋਂ ਪਹਿਲਾਂ ਹੋਟਲਾਂ ਵਿਚ ਕਮਰਾ ਬੁੱਕ ਨਾ ਕਰੋ।
◼ ਹੋ ਸਕੇ ਤਾਂ ਅਪ੍ਰੈਲ ਵਿਚ ਹੀ ਹੋਟਲ ਵਿਚ ਕਮਰਾ ਬੁੱਕ ਕਰਾ ਲਓ। ਇੰਟਰਨੈੱਟ ਉੱਤੇ ਕਮਰਾ ਬੁੱਕ ਨਾ ਕਰੋ ਕਿਉਂਕਿ ਅਸੀਂ ਇਹ ਤਰੀਕਾ ਇਸਤੇਮਾਲ ਨਹੀਂ ਕਰ ਰਹੇ।
◼ ਉਸੇ ਹੋਟਲ ਵਿਚ ਰਹੋ ਜਿਸ ਦਾ ਨਾਂ ਹੋਟਲਾਂ ਦੀ ਲਿਸਟ ਵਿਚ ਹੈ।
◼ ਲਿਸਟ ਵਿਚ ਦੱਸੇ ਰੇਟ ਨਾਲੋਂ ਜ਼ਿਆਦਾ ਪੈਸੇ ਨਾ ਦਿਓ।
◼ ਜੋ ਲੋਕ ਕਮਰੇ ਵਿਚ ਰਹਿਣਗੇ, ਕਮਰਾ ਉਨ੍ਹਾਂ ਦੇ ਨਾਂ ʼਤੇ ਹੀ ਬੁੱਕ ਕੀਤਾ ਜਾਣਾ ਚਾਹੀਦਾ ਹੈ।
◼ ਨਿਯਮਾਂ ਮੁਤਾਬਕ ਜਿੰਨੇ ਵਿਅਕਤੀਆਂ ਨੂੰ ਇਕ ਕਮਰੇ ਵਿਚ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਲੋਕ ਕਮਰੇ ਵਿਚ ਨਾ ਰਹਿਣ।
◼ ਬੁਕਿੰਗ ਕੈਂਸਲ ਨਾ ਕਰੋ।—ਮੱਤੀ 5:37.
◼ ਜਿਨ੍ਹਾਂ ਹੋਟਲਾਂ ਦੇ ਨਾਂ ਸੂਚੀ ਵਿਚ ਨਹੀਂ ਹਨ, ਉਨ੍ਹਾਂ ਨੂੰ ਫ਼ੋਨ ਕਰ ਕੇ ਨਾ ਪੁੱਛੋ ਕਿ ਉਹ ਸੰਮੇਲਨ ਵਿਚ ਆਏ ਲੋਕਾਂ ਵਾਸਤੇ ਕਿਰਾਏ ਘੱਟ ਕਰਨਗੇ ਜਾਂ ਨਹੀਂ।
◼ ਲਿਸਟ ਵਿਚ ਦਿੱਤੇ ਸਾਰੇ ਹੋਟਲਾਂ ਨਾਲ ਸੰਪਰਕ ਕਰਨ ਤੋਂ ਬਾਅਦ ਜੇ ਤੁਹਾਨੂੰ ਕਮਰਾ ਨਹੀਂ ਮਿਲਦਾ ਜਾਂ ਤੁਹਾਨੂੰ ਕਿਸੇ ਹੋਟਲ ਵਿਚ ਕਮਰਾ ਬੁੱਕ ਕਰਨ ਵਿਚ ਮੁਸ਼ਕਲ ਆ ਰਹੀ ਹੈ, ਤਾਂ ਆਪਣੀ ਕਲੀਸਿਯਾ ਦੇ ਸੈਕਟਰੀ ਨਾਲ ਗੱਲ ਕਰੋ। ਉਹ ਲਿਸਟ ਉੱਤੇ ਦਿੱਤੇ ਨੰਬਰ ʼਤੇ ਸੰਮੇਲਨ ਦੇ ਰੂਮਿੰਗ ਡਿਪਾਰਟਮੈਂਟ ਨਾਲ ਗੱਲ ਕਰੇਗਾ।
◼ ਜੇ ਤੁਸੀਂ ਬੁਕਿੰਗ ਕੈਂਸਲ ਕਰਨੀ ਹੀ ਹੈ, ਤਾਂ ਜਲਦੀ ਕਰੋ। ਕੈਂਸਲੇਸ਼ਨ ਸੰਬੰਧੀ ਪੂਰੀ ਜਾਣਕਾਰੀ ਹਾਸਲ ਕਰੋ।
ਹੋਟਲ ਵਿਚ ਕਮਰਾ ਬੁੱਕ ਕਰਾਉਣ ਲਈ:
1. ਹੋਟਲਾਂ ਦੀ ਲਿਸਟ ਵਿਚ ਦਿੱਤੇ ਟੈਲੀਫ਼ੋਨ ਨੰਬਰ ਵਰਤ ਕੇ ਹੋਟਲਾਂ ਨਾਲ ਉਨ੍ਹਾਂ ਦੇ ਕੰਮ ਦੇ ਸਮੇਂ ਸੰਪਰਕ ਕਰੋ।
2. ਹੋਟਲ ਵਾਲਿਆਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਆ ਰਹੇ ਹੋ।
3. ਦੱਸੋ ਕਿ ਤੁਸੀਂ ਕਿਹੜੀ ਤਾਰੀਖ਼ ਨੂੰ ਪਹੁੰਚੋਗੇ ਤੇ ਕਦੋਂ ਕਮਰਾ ਛੱਡੋਗੇ।
4. ਜੇ ਕਿਸੇ ਹੋਟਲ ਵਿਚ ਕਮਰੇ ਖਾਲੀ ਨਹੀਂ ਹਨ, ਤਾਂ ਲਿਸਟ ਵਿਚ ਦੱਸੇ ਕਿਸੇ ਹੋਰ ਹੋਟਲ ਨਾਲ ਸੰਪਰਕ ਕਰੋ।
5. ਕਮਰਾ ਬੁੱਕ ਕਰੋ ਅਤੇ ਬੁਕਿੰਗ ਨੰਬਰ ਲੈ ਲਓ।
6. ਬੁਕਿੰਗ ਕ੍ਰੈਡਿਟ ਕਾਰਡ ਰਾਹੀਂ ਕੀਤੀ ਜਾ ਸਕਦੀ ਹੈ ਜਾਂ ਪੈਸੇ ਦਸਾਂ ਦਿਨਾਂ ਦੇ ਅੰਦਰ-ਅੰਦਰ ਚੈੱਕ ਜਾਂ ਮਨੀਆਰਡਰ ਰਾਹੀਂ ਜਮ੍ਹਾ ਕਰਾਓ। ਕਦੇ ਵੀ ਨਕਦੀ ਨਾ ਭੇਜੋ। ਜੇ ਰਕਮ ਚੈੱਕ ਜਾਂ ਮਨੀਆਰਡਰ ਰਾਹੀਂ ਘੱਲੀ ਗਈ ਹੈ, ਤਾਂ ਚੈੱਕ ਦੇ ਪਿੱਛੇ ਜਾਂ ਮਨੀਆਰਡਰ ਦੇ ਮੋਹਰਲੇ ਪਾਸੇ ਬੁਕਿੰਗ ਨੰਬਰ ਤੇ ਹੋਰ ਵੇਰਵੇ ਲਿਖ ਦਿਓ।