ਕੀ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਸਕਦੇ ਹੋ?
1 ਪਹਿਲੀ ਸਦੀ ਵਿਚ ਬਹੁਤ ਸਾਰੇ ਮਸੀਹੀਆਂ ਨੇ ਕਲੀਸਿਯਾ ਸਭਾਵਾਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹੇ ਸਨ। (1 ਕੁਰਿੰ. 16:19; ਕੁਲੁ. 4:15; ਫਿਲੇ. 1, 2) ਅੱਜ ਕੁਝ ਕਲੀਸਿਯਾਵਾਂ ਵਿਚ ਇਹ ਸਮੱਸਿਆ ਹੈ ਕਿ ਉਨ੍ਹਾਂ ਕੋਲ ਕਲੀਸਿਯਾ ਪੁਸਤਕ ਅਧਿਐਨ ਕਰਨ ਅਤੇ ਖੇਤਰ ਸੇਵਾ ਵਾਸਤੇ ਸਭਾਵਾਂ ਕਰਨ ਲਈ ਥਾਵਾਂ ਨਹੀਂ ਹਨ। ਇਸੇ ਕਰਕੇ ਹੋ ਸਕਦਾ ਹੈ ਕਿ ਕੁਝ ਪੁਸਤਕ ਅਧਿਐਨ ਗਰੁੱਪਾਂ ਵਿਚ 30 ਜਾਂ ਉਸ ਤੋਂ ਜ਼ਿਆਦਾ ਲੋਕ ਹਾਜ਼ਰ ਹੁੰਦੇ ਹੋਣ ਜਦ ਕਿ ਆਮ ਤੌਰ ਤੇ ਗਰੁੱਪ ਵਿਚ ਲਗਭਗ 15 ਜਣੇ ਹੀ ਹੋਣੇ ਚਾਹੀਦੇ ਹਨ।
2 ਮਾਣ ਦੀ ਗੱਲ: ਕੀ ਤੁਸੀਂ ਆਪਣੇ ਘਰ ਵਿਚ ਕਲੀਸਿਯਾ ਪੁਸਤਕ ਅਧਿਐਨ ਰੱਖਣ ਵਾਸਤੇ ਸੋਚ-ਵਿਚਾਰ ਕੀਤਾ ਹੈ? ਇਕ ਖੁੱਲ੍ਹੇ, ਸਾਫ਼, ਹਵਾਦਾਰ ਤੇ ਰੌਸ਼ਨ ਕਮਰੇ ਨੂੰ ਪੁਸਤਕ ਅਧਿਐਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਪੁਸਤਕ ਅਧਿਐਨ ਇਕ ਕਲੀਸਿਯਾ ਸਭਾ ਹੈ ਅਤੇ ਆਪਣੇ ਲੋਕਾਂ ਨੂੰ ਸਿਖਾਉਣ ਦੇ ਯਹੋਵਾਹ ਦੇ ਪ੍ਰਬੰਧ ਦਾ ਹਿੱਸਾ ਹੈ, ਇਸ ਲਈ ਆਪਣੇ ਘਰ ਵਿਚ ਪੁਸਤਕ ਅਧਿਐਨ ਰੱਖਣਾ ਮਾਣ ਦੀ ਗੱਲ ਹੈ। ਬਹੁਤ ਸਾਰੇ ਭੈਣ-ਭਰਾ ਦੱਸਦੇ ਹਨ ਕਿ ਆਪਣੇ ਘਰ ਵਿਚ ਪੁਸਤਕ ਅਧਿਐਨ ਰੱਖ ਕੇ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਫ਼ਾਇਦਾ ਹੋਇਆ ਹੈ।
3 ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਘਰ ਵਿਚ ਪੁਸਤਕ ਅਧਿਐਨ ਰੱਖਿਆ ਜਾ ਸਕਦਾ ਹੈ, ਤਾਂ ਇਸ ਬਾਰੇ ਬਜ਼ੁਰਗਾਂ ਨੂੰ ਜ਼ਰੂਰ ਦੱਸ ਦਿਓ। ਉਹ ਸ਼ਾਇਦ ਇਸ ਵਾਸਤੇ ਥਾਂ ਲੱਭ ਰਹੇ ਹੋਣ। ਜੇ ਤੁਹਾਡੇ ਘਰ ਵਿਚ ਪੁਸਤਕ ਅਧਿਐਨ ਨਹੀਂ ਰੱਖਿਆ ਜਾ ਸਕਦਾ, ਤਾਂ ਕੀ ਉੱਥੇ ਖੇਤਰ ਸੇਵਾ ਲਈ ਸਭਾਵਾਂ ਰੱਖੀਆਂ ਜਾ ਸਕਦੀਆਂ ਹਨ? ਭਾਵੇਂ ਅਜੇ ਹੋਰ ਥਾਂ ਦੀ ਲੋੜ ਨਾ ਵੀ ਹੋਵੇ, ਤਾਂ ਵੀ ਬਜ਼ੁਰਗਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਤੁਸੀਂ ਸਭਾ ਵਾਸਤੇ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਹਨ। ਹੋ ਸਕਦਾ ਹੈ ਕਿ ਭਵਿੱਖ ਵਿਚ ਤੁਹਾਨੂੰ ਇਹ ਮਾਣ ਮਿਲੇ।
4 ਸਲੀਕੇ ਨਾਲ ਪੇਸ਼ ਆਉਣਾ: ਜਦੋਂ ਕਿਸੇ ਦੇ ਘਰ ਵਿਚ ਸਭਾ ਹੁੰਦੀ ਹੈ, ਤਾਂ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦੀ ਕੋਈ ਚੀਜ਼ ਖ਼ਰਾਬ ਨਾ ਹੋਵੇ। ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਸਭਾ ਵਾਲੇ ਕਮਰੇ ਵਿਚ ਹੀ ਰਹਿਣ, ਉਹ ਬਾਕੀ ਕਮਰਿਆਂ ਵਿਚ ਨੱਠਣ-ਭੱਜਣ ਨਾ। ਗੁਆਂਢੀਆਂ ਦਾ ਵੀ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਇਸ ਗੱਲ ਤੋਂ ਖ਼ਬਰਦਾਰ ਰਹੋ ਕਿ ਤੁਹਾਡੇ ਕਰਕੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਕੋਈ ਪਰੇਸ਼ਾਨੀ ਨਾ ਹੋਵੇ।—2 ਕੁਰਿੰ. 6:3, 4; 1 ਪਤ. 2:12.
5 ਇਬਰਾਨੀਆਂ 13:16 ਵਿਚ ਸਾਨੂੰ ਉਤਸ਼ਾਹਿਤ ਕੀਤਾ ਗਿਆ ਹੈ ਕਿ ਅਸੀਂ ‘ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲੀਏ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।’ ਕਿਸੇ ਕਲੀਸਿਯਾ ਸਭਾ ਵਾਸਤੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹਣੇ ਦੂਸਰਿਆਂ ਦਾ ਪਰਉਪਕਾਰ ਕਰਨ ਅਤੇ ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ’ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਹੈ।—ਕਹਾ. 3:9.