ਪਰਮੇਸ਼ੁਰ ਦਾ ਬਚਨ ਸੱਚਾ ਹੈ
1. ਬਾਈਬਲ ਵਿਚ ਕਿਹੜੀ ਜ਼ਰੂਰੀ ਜਾਣਕਾਰੀ ਪਾਈ ਜਾਂਦੀ ਹੈ?
1 “ਤੇਰੇ ਬਚਨ ਦਾ ਤਾਤ ਪਰਜ ਸਚਿਆਈ ਹੈ,” ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ। (ਜ਼ਬੂ. 119:160) ਯਹੋਵਾਹ ਨੇ ਆਪਣੇ ਪ੍ਰੇਰਿਤ ਬਚਨ ਵਿਚ ਜ਼ਿੰਦਗੀ ਦੇ ਸਭ ਤੋਂ ਅਹਿਮ ਸਵਾਲਾਂ ਦੇ ਸੰਤੋਖਜਨਕ ਜਵਾਬ ਦਿੱਤੇ ਹਨ। ਯਹੋਵਾਹ ਦੁਖੀ ਲੋਕਾਂ ਨੂੰ ਦਿਲਾਸਾ ਅਤੇ ਉਮੀਦ ਦਿੰਦਾ ਹੈ। ਉਹ ਸਾਨੂੰ ਦੱਸਦਾ ਹੈ ਕਿ ਅਸੀਂ ਉਸ ਦੇ ਨੇੜੇ ਕਿਵੇਂ ਜਾ ਸਕਦੇ ਹਾਂ। ਇਕ ਕਦਰਦਾਨ ਤੀਵੀਂ ਨੇ ਕਿਹਾ: “ਬਾਈਬਲ ਵਿੱਚੋਂ ਸੱਚਾਈ ਸਿੱਖ ਕੇ ਮੈਨੂੰ ਇੱਦਾਂ ਲੱਗਾ ਜਿੱਦਾਂ ਕਿ ਮੈਂ ਇਕ ਬਹੁਤ ਹੀ ਉਦਾਸ ਅਤੇ ਘੁੱਪ ਅਨ੍ਹੇਰੀ ਥਾਂ ਵਿੱਚੋਂ ਨਿਕਲ ਕੇ ਇਕ ਰੌਸ਼ਨ ਤੇ ਸੋਹਣੇ ਕਮਰੇ ਵਿਚ ਆ ਗਈ ਹੋਵਾਂ।” ਕੀ ਤੁਸੀਂ ਹਰ ਮੌਕੇ ਤੇ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਦੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕਰਦੇ ਹੋ?
2. ਬਾਈਬਲ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਿਵੇਂ ਸੁਧਾਰਦੀ ਹੈ?
2 ਹਰ ਜਾਤੀ ਦੇ ਲੋਕਾਂ ਦੇ ਦਿਲਾਂ ਨੂੰ ਛੋਹਣ ਅਤੇ ਲੋਕਾਂ ਨੂੰ ਬਦਲਣ ਦੀ ਤਾਕਤ: ਬਾਈਬਲ ਦੀ ਸੱਚਾਈ ਵਿਚ ਲੋਕਾਂ ਦੇ ਦਿਲਾਂ ਨੂੰ ਛੋਹਣ ਅਤੇ ਜ਼ਿੰਦਗੀਆਂ ਨੂੰ ਬਦਲਣ ਦੀ ਤਾਕਤ ਹੈ। (ਇਬ. 4:12) ਰੋਜ਼ਾ ਨਾਂ ਦੀ ਇਕ ਜਵਾਨ ਤੀਵੀਂ ਵੇਸਵਾ ਦਾ ਕੰਮ ਕਰਦੀ ਸੀ ਅਤੇ ਸ਼ਰਾਬ ਤੇ ਨਸ਼ਿਆਂ ਦੀ ਆਦੀ ਸੀ। ਉਹ ਕਹਿੰਦੀ ਹੈ: “ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਨਿਰਾਸ਼ ਹੋ ਗਈ ਸੀ। ਇਕ ਦਿਨ ਇਕ ਵਿਆਹੁਤਾ ਜੋੜੇ ਨੇ ਮੈਨੂੰ ਦੱਸਿਆ ਕਿ ਬਾਈਬਲ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ। ਉਹ ਯਹੋਵਾਹ ਦੇ ਗਵਾਹ ਸਨ। ਮੈਂ ਉਨ੍ਹਾਂ ਦੇ ਨਾਲ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਬਾਈਬਲ ਦੀਆਂ ਗੱਲਾਂ ਮੈਨੂੰ ਬਹੁਤ ਹੀ ਚੰਗੀਆਂ ਲੱਗੀਆਂ। ਇਕ ਮਹੀਨੇ ਦੇ ਅੰਦਰ-ਅੰਦਰ ਮੈਂ ਆਪਣੀਆਂ ਭੈੜੀਆਂ ਆਦਤਾਂ ਛੱਡ ਦਿੱਤੀਆਂ। ਜ਼ਿੰਦਗੀ ਦਾ ਮਕਸਦ ਲੱਭਣ ਮਗਰੋਂ ਮੈਨੂੰ ਸ਼ਰਾਬ ਜਾਂ ਨਸ਼ਿਆਂ ਦਾ ਸਹਾਰਾ ਲੈਣ ਦੀ ਲੋੜ ਨਾ ਰਹੀ। ਮੈਂ ਯਹੋਵਾਹ ਦੀ ਦੋਸਤ ਬਣਨਾ ਚਾਹੁੰਦੀ ਸੀ, ਇਸ ਲਈ ਮੈਂ ਉਸ ਦੇ ਮਿਆਰਾਂ ਉੱਤੇ ਚੱਲਣ ਦਾ ਪੱਕਾ ਫ਼ੈਸਲਾ ਕਰ ਲਿਆ ਸੀ। ਜੇ ਮੈਂ ਬਾਈਬਲ ਵਿੱਚੋਂ ਬੁੱਧੀ ਦੀਆਂ ਗੱਲਾਂ ਨਾ ਸਿੱਖੀਆਂ ਹੁੰਦੀਆਂ, ਤਾਂ ਹੁਣ ਤਕ ਮੈਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਚੁੱਕੀ ਹੁੰਦੀ।”—ਜ਼ਬੂ. 119:92.
3. ਸਾਨੂੰ ਦੂਸਰਿਆਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣ ਤੋਂ ਕਿਉਂ ਨਹੀਂ ਹਿਚਕਿਚਾਉਣਾ ਚਾਹੀਦਾ?
3 ਬਾਈਬਲ ਦੂਸਰੀਆਂ ਕਿਤਾਬਾਂ ਨਾਲੋਂ ਵੱਖਰੀ ਹੈ। ਇਹ ‘ਸਭਨਾਂ ਕੌਮਾਂ, ਗੋਤਾਂ, ਉੱਮਤਾਂ ਅਤੇ ਭਾਖਿਆਂ’ ਦੇ ਲੋਕਾਂ ਦੇ ਦਿਲਾਂ ਨੂੰ ਛੋਂਹਦੀ ਹੈ। (ਪਰ. 7:9) ਪਰਮੇਸ਼ੁਰ ਦੀ ਇਹੋ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਇਸ ਲਈ, ਸਾਨੂੰ ਕਦੇ ਵੀ ਕਿਸੇ ਪਿਛੋਕੜ ਦੇ ਵਿਅਕਤੀ ਬਾਰੇ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਵਿਚ ਰੁਚੀ ਨਹੀਂ ਹੋਵੇਗੀ। ਇਸ ਦੀ ਬਜਾਇ, ਸਾਰਿਆਂ ਨਾਲ ਰਾਜ ਦਾ ਸੰਦੇਸ਼ ਸਾਂਝਾ ਕਰੋ। ਹੋ ਸਕੇ ਤਾਂ ਉਨ੍ਹਾਂ ਨੂੰ ਸਿੱਧਾ ਬਾਈਬਲ ਵਿੱਚੋਂ ਕੁਝ ਪੜ੍ਹ ਕੇ ਸੁਣਾਓ।
4. ਗਵਾਹੀ ਦਿੰਦੇ ਸਮੇਂ ਅਸੀਂ ਬਾਈਬਲ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਾਂ?
4 ਬਾਈਬਲ ਵਿੱਚੋਂ ਆਇਤਾਂ ਪੜ੍ਹੋ: ਪ੍ਰਚਾਰ ਕਰਦੇ ਸਮੇਂ ਸਾਨੂੰ ਬਾਈਬਲ ਵਿੱਚੋਂ ਆਇਤਾਂ ਪੜ੍ਹਨ ਦੇ ਕਈ ਮੌਕੇ ਮਿਲਦੇ ਹਨ। ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਪੇਸ਼ਕਾਰੀਆਂ ਅਨੁਸਾਰ ਰਸਾਲੇ ਪੇਸ਼ ਕਰਦੇ ਸਮੇਂ ਪੇਸ਼ਕਾਰੀ ਵਿਚ ਦੱਸੀ ਗਈ ਆਇਤ ਪੜ੍ਹਨ ਦੀ ਕੋਸ਼ਿਸ਼ ਕਰੋ। ਮਹੀਨੇ ਦੇ ਸਾਹਿੱਤ ਨੂੰ ਪੇਸ਼ ਕਰਨ ਲਈ ਕੁਝ ਭੈਣ-ਭਰਾ ਧਿਆਨ ਨਾਲ ਇਕ ਆਇਤ ਚੁਣਦੇ ਹਨ ਅਤੇ ਫਿਰ ਆਪਣੀ ਪੇਸ਼ਕਾਰੀ ਦੇ ਸ਼ੁਰੂ ਵਿਚ ਇਹ ਆਇਤ ਪੜ੍ਹਦੇ ਹਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਲੋਕਾਂ ਦੀ ਰੁਚੀ ਜਗਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਲੋਕਾਂ ਨਾਲ ਪੁਨਰ-ਮੁਲਾਕਾਤਾਂ ਕਰਦੇ ਸਮੇਂ ਉਨ੍ਹਾਂ ਨੂੰ ਕੋਈ-ਨਾ-ਕੋਈ ਆਇਤ ਜ਼ਰੂਰ ਪੜ੍ਹ ਕੇ ਸੁਣਾਓ, ਤਾਂਕਿ ਉਹ ਲਗਾਤਾਰ ਬਾਈਬਲ ਦਾ ਗਿਆਨ ਲੈਂਦੇ ਰਹਿਣ। ਬਾਈਬਲ ਸਟੱਡੀ ਕਰਾਉਂਦੇ ਸਮੇਂ ਖ਼ਾਸ ਆਇਤਾਂ ਉੱਤੇ ਚਰਚਾ ਕਰੋ। ਹਰ ਸਮੇਂ ਆਪਣੇ ਕੋਲ ਬਾਈਬਲ ਰੱਖੋ ਤਾਂਕਿ ਗਵਾਹੀ ਦੇਣ ਦਾ ਮੌਕਾ ਮਿਲਣ ਤੇ ਤੁਸੀਂ ਇਸ ਨੂੰ ਇਸਤੇਮਾਲ ਕਰ ਸਕੋ।—2 ਤਿਮੋ. 2:15.
5. ਸਾਨੂੰ ਪ੍ਰਚਾਰ ਕਰਦੇ ਸਮੇਂ ਬਾਈਬਲ ਨੂੰ ਵਰਤਣ ਦੀ ਕਿਉਂ ਕੋਸ਼ਿਸ਼ ਕਰਨੀ ਚਾਹੀਦੀ ਹੈ?
5 ਜਦੋਂ ਵੀ ਸਾਨੂੰ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ, ਆਓ ਆਪਾਂ ਬਾਈਬਲ ਨੂੰ ਇਸਤੇਮਾਲ ਕਰੀਏ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਤੋਂ ਫ਼ਾਇਦਾ ਲੈਣ ਦਾ ਮੌਕਾ ਦੇਈਏ।—1 ਥੱਸ. 2:13.