ਪ੍ਰਸ਼ਨ ਡੱਬੀ
◼ ਕਲੀਸਿਯਾ ਸਭਾਵਾਂ ਨੂੰ ਸਮੇਂ ਸਿਰ ਸ਼ੁਰੂ ਤੇ ਖ਼ਤਮ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?
ਜਦੋਂ ਅਸੀਂ ਦੋਸਤਾਂ-ਮਿੱਤਰਾਂ ਨੂੰ ਕੋਈ ਦਿਲਚਸਪ ਗੱਲ ਦੱਸ ਰਹੇ ਹੁੰਦੇ ਹਾਂ, ਤਾਂ ਸਮਾਂ ਝੱਟ ਹੀ ਲੰਘ ਜਾਂਦਾ ਹੈ। ਇਸੇ ਲਈ ਕਦੇ-ਕਦੇ ਸਭਾਵਾਂ ਦੇ ਭਾਗਾਂ ਨੂੰ ਸਮੇਂ ਸਿਰ ਖ਼ਤਮ ਕਰਨਾ ਬਹੁਤ ਔਖਾ ਹੁੰਦਾ ਹੈ। ਸਮੇਂ ਸਿਰ ਆਪਣੀਆਂ ਪੇਸ਼ਕਾਰੀਆਂ ਨੂੰ ਖ਼ਤਮ ਕਰਨ ਲਈ ਕੀ ਕੀਤਾ ਜਾ ਸਕਦਾ ਹੈ?
ਸਮੇਂ ਸਿਰ ਸ਼ੁਰੂ ਕਰੋ। ਜਦੋਂ ਪੂਰੀ ਕਲੀਸਿਯਾ ਸਭਾਵਾਂ ਲਈ ਇਕੱਠੀ ਹੁੰਦੀ ਹੈ, ਤਾਂ ਸਭਾ ਸ਼ੁਰੂ ਕਰਨ ਤੋਂ ਇਕ-ਦੋ ਮਿੰਟ ਪਹਿਲਾਂ ਭੈਣ-ਭਰਾਵਾਂ ਨੂੰ ਬੈਠਣ ਲਈ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਸਭਾ ਨੂੰ ਸ਼ਾਂਤੀ ਨਾਲ ਸਮੇਂ ਸਿਰ ਸ਼ੁਰੂ ਕੀਤਾ ਜਾ ਸਕਦਾ ਹੈ। (ਉਪ. 3:1) ਖੇਤਰ ਸੇਵਕਾਈ ਲਈ ਰੱਖੀ ਗਈ ਛੋਟੀ ਸਭਾ ਨੂੰ ਵੀ ਸਮੇਂ ਸਿਰ ਸ਼ੁਰੂ ਕਰਨਾ ਚਾਹੀਦਾ ਹੈ। ਸਭਾ ਸ਼ੁਰੂ ਕਰਨ ਲਈ ਦੇਰ ਨਾਲ ਆਉਣ ਵਾਲੇ ਭੈਣ-ਭਰਾਵਾਂ ਦੀ ਉਡੀਕ ਨਾ ਕਰੋ।
ਚੰਗੀ ਤਰ੍ਹਾਂ ਤਿਆਰੀ ਕਰੋ। ਆਪਣੇ ਭਾਗ ਨੂੰ ਸਮੇਂ ਸਿਰ ਖ਼ਤਮ ਕਰਨ ਲਈ ਪਹਿਲਾਂ ਤੋਂ ਤਿਆਰੀ ਕਰਨੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਭਾਗ ਦਾ ਅਸਲ ਮਕਸਦ ਕੀ ਹੈ। ਮੁੱਖ ਗੱਲਾਂ ਵੱਲ ਧਿਆਨ ਦਿਓ ਅਤੇ ਇਨ੍ਹਾਂ ਨੂੰ ਹੀ ਉਜਾਗਰ ਕਰੋ। ਛੋਟੀਆਂ-ਮੋਟੀਆਂ ਗੱਲਾਂ ਉੱਤੇ ਜ਼ਿਆਦਾ ਸਮਾਂ ਨਾ ਲਾਓ। ਗੱਲਾਂ ਨੂੰ ਸਰਲ ਢੰਗ ਨਾਲ ਪੇਸ਼ ਕਰੋ। ਜੇ ਤੁਹਾਡੇ ਭਾਗ ਵਿਚ ਪ੍ਰਦਰਸ਼ਨ ਕੀਤੇ ਜਾਣਗੇ ਜਾਂ ਇੰਟਰਵਿਊਆਂ ਲਈਆਂ ਜਾਣਗੀਆਂ, ਤਾਂ ਇਨ੍ਹਾਂ ਦੀ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਰੀਹਰਸਲ ਕਰੋ। ਜੇ ਹੋ ਸਕੇ, ਤਾਂ ਆਪਣੇ ਭਾਗ ਦਾ ਉੱਚੀ ਆਵਾਜ਼ ਵਿਚ ਅਭਿਆਸ ਕਰ ਕੇ ਦੇਖੋ ਕਿ ਇਹ ਕਿੰਨੇ ਸਮੇਂ ਵਿਚ ਖ਼ਤਮ ਹੁੰਦਾ ਹੈ।
ਵੱਖ-ਵੱਖ ਹਿੱਸਿਆਂ ਲਈ ਸਮਾਂ ਨਿਸ਼ਚਿਤ ਕਰੋ। ਭਾਵੇਂ ਤੁਸੀਂ ਆਪਣਾ ਭਾਗ ਇਕ ਭਾਸ਼ਣ ਦੇ ਰੂਪ ਵਿਚ ਜਾਂ ਹਾਜ਼ਰੀਨ ਨਾਲ ਚਰਚਾ ਦੇ ਤੌਰ ਤੇ ਪੇਸ਼ ਕਰੋਗੇ, ਤੁਸੀਂ ਸ਼ਾਇਦ ਇਸ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡਣਾ ਸਹਾਇਕ ਪਾਓਗੇ। ਨਿਸ਼ਚਿਤ ਕਰੋ ਕਿ ਤੁਸੀਂ ਹਰ ਹਿੱਸੇ ਉੱਤੇ ਕਿੰਨਾ ਸਮਾਂ ਲਗਾਓਗੇ ਅਤੇ ਫਿਰ ਆਪਣੇ ਨੋਟਸ ਦੇ ਹਾਸ਼ੀਏ ਵਿਚ ਇਸ ਨੂੰ ਲਿਖ ਲਓ। ਭਾਗ ਪੇਸ਼ ਕਰਦੇ ਵੇਲੇ ਹਰ ਹਿੱਸੇ ਨੂੰ ਲਿਖੇ ਹੋਏ ਸਮੇਂ ਤੇ ਖ਼ਤਮ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਹਾਜ਼ਰੀਨ ਨਾਲ ਚਰਚਾ ਕਰ ਰਹੇ ਹੋ, ਤਾਂ ਸ਼ੁਰੂ ਦੇ ਪੈਰਿਆਂ ਉੱਤੇ ਬਹੁਤ ਜ਼ਿਆਦਾ ਸਮਾਂ ਨਾ ਬਿਤਾਓ। ਨਹੀਂ ਤਾਂ ਬਾਅਦ ਦੇ ਪੈਰਿਆਂ ਵਿਚ ਦੱਸੀਆਂ ਅਹਿਮ ਗੱਲਾਂ ਉੱਤੇ ਚਰਚਾ ਕਰਨ ਲਈ ਸਮਾਂ ਨਹੀਂ ਬਚੇਗਾ। ਪਹਿਰਾਬੁਰਜ ਅਧਿਐਨ ਕਰਾਉਣ ਵਾਲੇ ਭਰਾ ਇਹ ਵੀ ਧਿਆਨ ਰੱਖਣਗੇ ਕਿ ਲੇਖ ਦੇ ਅਖ਼ੀਰ ਵਿਚ ਪੁਨਰ-ਵਿਚਾਰ ਲਈ ਦਿੱਤੀ ਡੱਬੀ ਉੱਤੇ ਚਰਚਾ ਕਰਨ ਲਈ ਉਨ੍ਹਾਂ ਕੋਲ ਕਾਫ਼ੀ ਸਮਾਂ ਹੋਵੇ। ਉਨ੍ਹਾਂ ਨੂੰ ਗੀਤ ਅਤੇ ਪ੍ਰਾਰਥਨਾ ਲਈ ਰੱਖੇ ਗਏ ਸਮੇਂ ਨੂੰ ਆਪਣੇ ਭਾਗ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਸਮੇਂ ਸਿਰ ਖ਼ਤਮ ਕਰੋ। ਜੇ ਸਭਾ ਵਿਚ ਕਈ ਭਾਗ ਪੇਸ਼ ਕੀਤੇ ਜਾਣੇ ਹਨ ਜਿਵੇਂ ਕਿ ਸੇਵਾ ਸਭਾ ਵਿਚ, ਤਾਂ ਹਰ ਭਾਸ਼ਣਕਾਰ ਨੂੰ ਆਪਣਾ ਭਾਗ ਸਮੇਂ ਸਿਰ ਸ਼ੁਰੂ ਤੇ ਖ਼ਤਮ ਕਰਨਾ ਚਾਹੀਦਾ ਹੈ। ਜੇ ਲੱਗਦਾ ਹੈ ਕਿ ਸਭਾ ਨਿਸ਼ਚਿਤ ਸਮੇਂ ਤੇ ਖ਼ਤਮ ਨਹੀਂ ਹੋਵੇਗੀ, ਤਾਂ ਭਰਾ ਕੀ ਕਰ ਸਕਦੇ ਹਨ? ਸਮੇਂ ਦੀ ਘਾਟ ਨੂੰ ਦੇਖਦੇ ਹੋਏ ਇਕ-ਦੋ ਭਰਾ ਆਪਣੇ ਭਾਗ ਵਿੱਚੋਂ ਮਾਮੂਲੀ ਗੱਲਾਂ ਛੱਡ ਕੇ ਸਿਰਫ਼ ਜ਼ਰੂਰੀ ਗੱਲਾਂ ਉੱਤੇ ਜ਼ੋਰ ਦੇ ਸਕਦੇ ਹਨ। ਇਸ ਤਰ੍ਹਾਂ ਕਰਨਾ ਦਿਖਾਉਂਦਾ ਹੈ ਕਿ ਭਰਾ ਸਿਖਾਉਣ ਵਿਚ ਕੁਸ਼ਲ ਹਨ।
ਹਾਜ਼ਰੀਨ ਹੋਣ ਦੇ ਨਾਤੇ, ਅਸੀਂ ਭਾਗ ਪੇਸ਼ ਕਰ ਰਹੇ ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਘੱਟ ਸ਼ਬਦਾਂ ਵਿਚ ਸਵਾਲ ਦਾ ਸਿੱਧਾ-ਸਿੱਧਾ ਜਵਾਬ ਦੇ ਸਕਦੇ ਹਾਂ। ਇਸ ਤਰ੍ਹਾਂ ਸਭਾਵਾਂ ਨੂੰ “ਢਬ ਸਿਰ ਅਤੇ ਜੁਗਤੀ ਨਾਲ” ਚਲਾਉਣ ਵਿਚ ਅਸੀਂ ਸਾਰੇ ਹੀ ਹਿੱਸਾ ਪਾ ਸਕਦੇ ਹਾਂ।—1 ਕੁਰਿੰ. 14:40.