ਤੁਸੀਂ ਧੰਨਵਾਦ ਕਰਿਆ ਕਰੋ
1 “ਅੰਤ ਦਿਆਂ ਦਿਨਾਂ” ਵਿਚ ਰਹਿਣ ਦੇ ਬਾਵਜੂਦ ਵੀ ਅਸੀਂ ਕਈ ਕਾਰਨਾਂ ਕਰਕੇ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ। (2 ਤਿਮੋ. 3:1) ਉਸ ਨੇ ਸਾਡੇ ਬਦਲੇ ਆਪਣਾ ਪੁੱਤਰ ਕੁਰਬਾਨ ਕੀਤਾ ਜਿਸ ਦੇ ਅਸੀਂ ਬਹੁਤ ਧੰਨਵਾਦੀ ਹਾਂ। (ਯੂਹੰ. 3:16) ਜਦ ਕਿ ਝੂਠੇ ਧਰਮਾਂ ਨੂੰ ਮੰਨਣ ਵਾਲੇ ਲੋਕ ਅਧਿਆਤਮਿਕ ਤੌਰ ਤੇ ਭੁੱਖੇ ਮਰ ਰਹੇ ਹਨ, ਅਸੀਂ ਭਰਪੂਰ ਅਧਿਆਤਮਿਕ ਭੋਜਨ ਦਾ ਆਨੰਦ ਮਾਣ ਰਹੇ ਹਾਂ। (ਯਸਾ. 65:13) ਅਸੀਂ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਹਾਂ ਅਤੇ ਸੱਚੀ ਭਗਤੀ ਵਿਚ ਹੋ ਰਹੇ ਸ਼ਾਨਦਾਰ ਵਾਧੇ ਵਿਚ ਹਿੱਸਾ ਪਾ ਰਹੇ ਹਾਂ। (ਯਸਾ. 2:3, 4; 60:4-10, 22) ਯਹੋਵਾਹ ਵੱਲੋਂ ਦਿੱਤੀਆਂ ਇੰਨੀਆਂ ਸਾਰੀਆਂ ਬਰਕਤਾਂ ਲਈ ਅਸੀਂ ਉਸ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ?—ਕੁਲੁ. 3:15, 17.
2 ਖ਼ੁਸ਼ੀ ਨਾਲ ਪੂਰੇ ਦਿਲੋਂ ਸੇਵਾ ਕਰੋ: ਦਾਨ ਦੇਣ ਸੰਬੰਧੀ ਗੱਲਬਾਤ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ ਸੀ: “ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰ. 9:7) ਇਹੀ ਸਿਧਾਂਤ ਪਰਮੇਸ਼ੁਰ ਦੀ ਸੇਵਾ ਕਰਨ ਤੇ ਵੀ ਲਾਗੂ ਹੁੰਦਾ ਹੈ। ਸੱਚਾਈ ਲਈ ਜੋਸ਼ ਦਿਖਾ ਕੇ, ਮਸੀਹੀ ਸਭਾਵਾਂ ਵਿਚ ਖ਼ੁਸ਼ੀ-ਖ਼ੁਸ਼ੀ ਨਾਲ ਹਾਜ਼ਰ ਹੋ ਕੇ, ਜੋਸ਼ ਨਾਲ ਖੇਤਰ ਸੇਵਕਾਈ ਵਿਚ ਹਿੱਸਾ ਲੈ ਕੇ ਅਤੇ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ।—ਜ਼ਬੂ. 107:21, 22; 119:14; 122:1; ਰੋਮੀ. 12:8, 11.
3 ਪੁਰਾਣੇ ਇਸਰਾਏਲੀਆਂ ਨੂੰ ਦਿੱਤੀ ਬਿਵਸਥਾ ਵਿਚ ਕੁਝ ਭੇਟਾਂ ਦੀ ਮਾਤਰਾ ਨਿਰਧਾਰਿਤ ਨਹੀਂ ਕੀਤੀ ਗਈ ਸੀ। ਹਰ ਸੇਵਕ ‘ਯਹੋਵਾਹ ਦੀ ਦਿੱਤੀ ਹੋਈ ਬਰਕਤ’ ਅਨੁਸਾਰ ਆਪਣੀ ਵਿੱਤ ਦੇ ਹਿਸਾਬ ਨਾਲ ਭੇਟ ਚੜ੍ਹਾ ਕੇ ਆਪਣਾ ਧੰਨਵਾਦ ਜ਼ਾਹਰ ਕਰ ਸਕਦਾ ਸੀ। (ਬਿਵ. 16:16, 17) ਉਸੇ ਤਰ੍ਹਾਂ ਅੱਜ ਸ਼ੁਕਰਗੁਜ਼ਾਰੀ ਨਾਲ ਭਰਿਆ ਸਾਡਾ ਦਿਲ ਸਾਨੂੰ ਆਪਣੇ ਹਾਲਾਤਾਂ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਗਰਮੀਆਂ ਦੇ ਮਹੀਨੇ ਸਾਨੂੰ ਆਪਣਾ ਧੰਨਵਾਦ ਜ਼ਾਹਰ ਕਰਨ ਦੇ ਹੋਰ ਜ਼ਿਆਦਾ ਮੌਕੇ ਦਿੰਦੇ ਹਨ। ਨੌਕਰੀ-ਪੇਸ਼ੇ ਵਾਲੇ ਜਾਂ ਸਕੂਲ ਵਿਚ ਪੜ੍ਹਨ ਵਾਲੇ ਭੈਣ-ਭਰਾ ਛੁੱਟੀਆਂ ਦੌਰਾਨ ਖੇਤਰ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਂਦੇ ਹਨ ਤੇ ਸਹਿਯੋਗੀ ਪਾਇਨੀਅਰੀ ਵੀ ਕਰਦੇ ਹਨ। ਕੀ ਤੁਸੀਂ ਇਨ੍ਹਾਂ ਗਰਮੀਆਂ ਵਿਚ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾ ਸਕਦੇ ਹੋ?
4 ਧੰਨਵਾਦ ਕਰਦੇ ਰਹੋ: ਪ੍ਰਾਰਥਨਾ ਇਕ ਮੁੱਖ ਜ਼ਰੀਆ ਹੈ ਜਿਸ ਰਾਹੀਂ ਅਸੀਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ। (1 ਥੱਸ. 5:17, 18) ਪਰਮੇਸ਼ੁਰ ਦਾ ਬਚਨ ਜ਼ੋਰ ਦਿੰਦਾ ਹੈ ਕਿ ‘ਨਿਹਚਾ ਨਾਲ ਧੰਨਵਾਦ ਬਾਹਲਾ ਕਰਦੇ ਜਾਓ।’ (ਕੁਲੁ. 2:7) ਭਾਵੇਂ ਅਸੀਂ ਬਹੁਤ ਰੁੱਝੇ ਹੋਏ ਹਾਂ ਜਾਂ ਤਣਾਅ ਵਿਚ ਹਾਂ, ਫਿਰ ਵੀ ਸਾਨੂੰ ਹਰ ਰੋਜ਼ ਆਪਣੀਆਂ ਪ੍ਰਾਰਥਨਾਵਾਂ ਵਿਚ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। (ਫ਼ਿਲਿ. 4:6) ਇਸ ਲਈ, ਆਓ ਆਪਾਂ ਆਪਣੀ ਸੇਵਕਾਈ ਅਤੇ ਆਪਣੀਆਂ ਪ੍ਰਾਰਥਨਾਵਾਂ ਦੇ ਜ਼ਰੀਏ ‘ਪਰਮੇਸ਼ੁਰ ਦਾ ਬਹੁਤਾ ਧੰਨਵਾਦ’ ਕਰਦੇ ਰਹੀਏ।—2 ਕੁਰਿੰ. 9:12.