ਆਪਣੀ ਅੱਖ ਨਿਰਮਲ ਰੱਖੋ
1. ਅੱਖ ਨਿਰਮਲ ਹੋਣ ਦਾ ਕੀ ਮਤਲਬ ਹੈ ਅਤੇ ਅੱਖ ਨੂੰ ਨਿਰਮਲ ਰੱਖਣਾ ਕਿਉਂ ਜ਼ਰੂਰੀ ਹੈ?
1 ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ ਸੀ ਕਿ ਸਾਡੀ ਅਧਿਆਤਮਿਕ ਅੱਖ ਸਾਡੇ ਜੀਵਨ ਉੱਤੇ ਜ਼ਬਰਦਸਤ ਅਸਰ ਪਾ ਸਕਦੀ ਹੈ। ਯਿਸੂ ਨੇ ਕਿਹਾ: “ਇਸ ਲਈ ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ। ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਾਰਾ ਸਰੀਰ ਅਨ੍ਹੇਰਾ ਹੋਵੇਗਾ।” (ਮੱਤੀ 6:22, 23) ਨਿਰਮਲ ਅੱਖ ਇੱਕੋ ਟੀਚੇ ਉੱਤੇ ਟਿਕੀ ਰਹਿੰਦੀ ਹੈ। ਜਿਸ ਮਸੀਹੀ ਦੀ ਅੱਖ ਨਿਰਮਲ ਹੈ, ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੇ ਮਕਸਦ ਤੋਂ ਭਟਕਦਾ ਨਹੀਂ ਭਾਵੇਂ ਜ਼ਿੰਦਗੀ ਵਿਚ ਕਿੰਨੀਆਂ ਹੀ ਮੁਸ਼ਕਲਾਂ ਜਾਂ ਚਿੰਤਾਵਾਂ ਕਿਉਂ ਨਾ ਆਉਣ। (ਮੱਤੀ 6:19-21, 24-33) ਅਸੀਂ ਆਪਣੀ ਅੱਖ ਨਿਰਮਲ ਕਿਵੇਂ ਰੱਖ ਸਕਦੇ ਹਾਂ?
2. ਪਰਮੇਸ਼ੁਰ ਦਾ ਬਚਨ ਭੌਤਿਕ ਚੀਜ਼ਾਂ ਬਾਰੇ ਕਿਹੜਾ ਨਜ਼ਰੀਆ ਰੱਖਣ ਦੀ ਸਲਾਹ ਦਿੰਦਾ ਹੈ?
2 ਸੰਤੁਸ਼ਟ ਹੋਣਾ ਸਿੱਖੋ: ਬਾਈਬਲ ਕਹਿੰਦੀ ਹੈ ਕਿ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਸਾਡੀ ਜ਼ਿੰਮੇਵਾਰੀ ਹੈ। (1 ਤਿਮੋ. 5:8) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੇ ਪਰਿਵਾਰ ਲਈ ਵਧੀਆ ਤੋਂ ਵਧੀਆ ਜਾਂ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦਣ ਵਿਚ ਲੱਗੇ ਰਹੀਏ। (ਕਹਾ. 27:20; 30:8, 9) ਇਸ ਦੀ ਬਜਾਇ, ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ਸਾਨੂੰ “ਭੋਜਨ ਬਸਤਰ” ਯਾਨੀ ਜ਼ਿੰਦਗੀ ਦੀਆਂ ਲੋੜੀਂਦੀਆਂ ਚੀਜ਼ਾਂ ਨਾਲ ਸੰਤੋਖ ਰੱਖਣਾ ਚਾਹੀਦਾ ਹੈ। (1 ਤਿਮੋ. 6:8; ਇਬ. 13:5, 6) ਇਸ ਸਲਾਹ ਨੂੰ ਮੰਨ ਕੇ ਅਸੀਂ ਆਪਣੀ ਅੱਖ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਉੱਤੇ ਟਿਕਾਈ ਰੱਖਾਂਗੇ।
3. ਅਸੀਂ ਬੇਲੋੜੇ ਬੋਝ ਹੇਠਾਂ ਦੱਬਣ ਤੋਂ ਕਿਵੇਂ ਬਚ ਸਕਦੇ ਹਾਂ?
3 ਸਾਨੂੰ ਬਿਨਾਂ ਵਜ੍ਹਾ ਕਰਜ਼ਿਆਂ ਦੇ ਬੋਝ ਹੇਠ ਦੱਬਣ, ਬੇਲੋੜੀਆਂ ਚੀਜ਼ਾਂ ਖ਼ਰੀਦਣ ਜਾਂ ਅਜਿਹੇ ਕੰਮ-ਧੰਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸਾਡਾ ਸਮਾਂ ਤੇ ਤਾਕਤ ਜ਼ਾਇਆ ਕਰ ਸਕਦੇ ਹਨ। (1 ਤਿਮੋ. 6:9, 10) ਅਸੀਂ ਇਨ੍ਹਾਂ ਚੀਜ਼ਾਂ ਤੋਂ ਕਿਵੇਂ ਬਚ ਸਕਦੇ ਹਾਂ? ਕੋਈ ਵੀ ਕੰਮ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚ-ਵਿਚਾਰ ਕਰੋ ਕਿ ਇਹ ਕਿਤੇ ਤੁਹਾਡੇ ਅਧਿਆਤਮਿਕ ਕੰਮਾਂ ਵਿਚ ਰੁਕਾਵਟ ਤਾਂ ਨਹੀਂ ਪਾਵੇਗਾ। ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕਰੋ ਅਤੇ ਆਪਣੇ ਮਨ ਵਿਚ ਠਾਣ ਲਓ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਅਧਿਆਤਮਿਕ ਗੱਲਾਂ ਨੂੰ ਹੀ ਪਹਿਲੀ ਥਾਂ ਦਿਓਗੇ।—ਫ਼ਿਲਿ. 1:10; 4:6, 7.
4. ਸਾਨੂੰ ਸਾਦੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
4 ਸਾਦੀ ਜ਼ਿੰਦਗੀ ਜੀਓ: ਪੈਸੇ ਦੇ ਫੰਦੇ ਵਿਚ ਫਸਣ ਤੋਂ ਬਚਣ ਲਈ ਸਾਦੀ ਜ਼ਿੰਦਗੀ ਜੀਣਾ ਸਿੱਖਣਾ ਫ਼ਾਇਦੇਮੰਦ ਹੋਵੇਗਾ। ਇਕ ਭਰਾ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਪਰਿਵਾਰ ਲਈ ਉਹ ਚੀਜ਼ਾਂ ਖ਼ਰੀਦਣ ਲਈ ਹੱਥ-ਪੈਰ ਮਾਰ ਰਿਹਾ ਸੀ ਜਿਨ੍ਹਾਂ ਦੀ ਅਸਲ ਵਿਚ ਲੋੜ ਨਹੀਂ ਸੀ। ਆਪਣੀ ਰਹਿਣੀ-ਬਹਿਣੀ ਵਿਚ ਤਬਦੀਲੀ ਲਿਆਉਣ ਤੋਂ ਬਾਅਦ ਉਸ ਨੇ ਕਿਹਾ: “ਮੇਰੇ ਕੋਲ ਹੁਣ ਕਲੀਸਿਯਾ ਵਿਚ ਆਪਣੇ ਭਰਾਵਾਂ ਦੀ ਸੇਵਾ ਕਰਨ ਲਈ ਕਾਫ਼ੀ ਸਮਾਂ ਹੁੰਦਾ ਹੈ। ਮੈਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਆਪਣੇ ਉਨ੍ਹਾਂ ਸੇਵਕਾਂ ਨੂੰ ਅਸੀਸਾਂ ਦਿੰਦਾ ਹੈ ਜੋ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਬਜਾਇ ਉਸ ਦੀ ਸੇਵਾ ਨੂੰ ਪਹਿਲ ਦਿੰਦੇ ਹਨ।” ਕੀ ਤੁਸੀਂ ਯਹੋਵਾਹ ਤੋਂ ਹੋਰ ਜ਼ਿਆਦਾ ਅਸੀਸਾਂ ਪਾਉਣ ਲਈ ਸਾਦੀ ਜ਼ਿੰਦਗੀ ਜੀ ਸਕਦੇ ਹੋ?
5. ਆਪਣੀ ਅੱਖ ਨਿਰਮਲ ਰੱਖਣ ਲਈ ਲਗਾਤਾਰ ਜਤਨ ਕਰਨ ਦੀ ਕਿਉਂ ਲੋੜ ਹੈ?
5 ਸਾਨੂੰ ਸ਼ਤਾਨ, ਪੈਸੇ ਪਿੱਛੇ ਪਾਗਲ ਹੋਈ ਦੁਨੀਆਂ ਅਤੇ ਆਪਣੀਆਂ ਸੁਆਰਥੀ ਇੱਛਾਵਾਂ ਦਾ ਲਗਾਤਾਰ ਵਿਰੋਧ ਕਰਨਾ ਪਵੇਗਾ। ਆਓ ਆਪਾਂ ਆਪਣੀਆਂ ਅੱਖਾਂ ਨੂੰ ਭਟਕਣ ਨਾ ਦੇਈਏ, ਸਗੋਂ ਇਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਅਤੇ ਸਦੀਪਕ ਜ਼ਿੰਦਗੀ ਦੀ ਅਣਮੋਲ ਉਮੀਦ ਉੱਤੇ ਟਿਕਾਈ ਰੱਖੀਏ।—ਕਹਾ. 4:25; 2 ਕੁਰਿੰ. 4:18.