ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ
ਅੱਖ ਬੇਮਿਸਾਲ ਕਾਰੀਗਰੀ ਦਾ ਸਬੂਤ ਹੈ। (ਜ਼ਬੂ. 139:14) ਪਰ ਇਸ ਨੂੰ ਇਕ ਸਮੇਂ ਤੇ ਇੱਕੋ ਚੀਜ਼ ਤੇ ਟਿਕਾਇਆ ਜਾ ਸਕਦਾ ਹੈ। ਇਹੀ ਗੱਲ ਸਾਡੀ ਅਧਿਆਤਮਿਕ ਨਜ਼ਰ ਬਾਰੇ ਵੀ ਸੱਚ ਹੈ। ਆਪਣੀ ਅਧਿਆਤਮਿਕ ਨਜ਼ਰ ਨੂੰ ਤੇਜ਼ ਰੱਖਣ ਲਈ ਸਾਨੂੰ ਆਪਣਾ ਧਿਆਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੇ ਲਾਈ ਰੱਖਣਾ ਚਾਹੀਦਾ ਹੈ। ਸ਼ਤਾਨ ਦੀ ਦੁਨੀਆਂ ਵਿਚ ਅੱਜ ਸਾਡਾ ਧਿਆਨ ਖਿੱਚਣ ਵਾਲੀਆਂ ਚੀਜ਼ਾਂ ਦੀ ਭਰਮਾਰ ਹੈ, ਇਸ ਲਈ 2006 ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦਾ ਵਿਸ਼ਾ “ਆਪਣੀ ਅੱਖ ਨਿਰਮਲ ਰੱਖੋ” ਬਹੁਤ ਹੀ ਢੁਕਵਾਂ ਹੈ।—ਮੱਤੀ 6:22.
ਯਹੋਵਾਹ ਤੋਂ ਬਰਕਤਾਂ ਹਾਸਲ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? (ਕਹਾ. 10:22) ਇਸ ਸਵਾਲ ਦੀ ਚਰਚਾ ਇਸ ਭਾਸ਼ਣ ਵਿਚ ਕੀਤੀ ਜਾਵੇਗੀ, “ਅੱਖ ਨਿਰਮਲ ਰੱਖ ਕੇ ਬਰਕਤਾਂ ਪਾਓ।” ਇੰਟਰਵਿਊਆਂ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਜਾਵੇਗਾ ਕਿ ਬਾਈਬਲ ਦੇ ਅਸੂਲ ਲਾਗੂ ਕਰ ਕੇ ਸਾਨੂੰ ਕੀ ਫ਼ਾਇਦੇ ਹੋ ਸਕਦੇ ਹਨ। ਮਹਿਮਾਨ ਭਾਸ਼ਣਕਾਰ ਦਾ ਪਹਿਲਾ ਭਾਸ਼ਣ ਹੋਵੇਗਾ, “ਬੁਰੀ ਦੁਨੀਆਂ ਵਿਚ ਅੱਖ ਨਿਰਮਲ ਰੱਖਣੀ।” ਇਸ ਭਾਸ਼ਣ ਵਿਚ ਸਾਨੂੰ ਉਨ੍ਹਾਂ ਚੀਜ਼ਾਂ ਤੋਂ ਸਾਵਧਾਨ ਕੀਤਾ ਜਾਵੇਗਾ ਜੋ ਸਾਡੀਆਂ ਜ਼ਿੰਦਗੀਆਂ ਨੂੰ ਉਲਝਾ ਸਕਦੀਆਂ ਹਨ ਤੇ ਹੌਲੀ-ਹੌਲੀ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦੀਆਂ ਹਨ। ਸਾਨੂੰ ਇਹ ਵੀ ਪਤਾ ਲੱਗੇਗਾ ਕਿ “ਚੰਗਾ ਹਿੱਸਾ” ਪਸੰਦ ਕਰਨ ਵਿਚ ਕੀ-ਕੀ ਸ਼ਾਮਲ ਹੈ।—ਲੂਕਾ 10:42.
ਨੌਜਵਾਨਾਂ ਨੂੰ ਅਧਿਆਤਮਿਕ ਟੀਚੇ ਰੱਖਣ ਲਈ ਮਾਪੇ ਅਤੇ ਦੂਸਰੇ ਕਿਵੇਂ ਹੱਲਾਸ਼ੇਰੀ ਦੇ ਸਕਦੇ ਹਨ? “ਬੱਚਿਆਂ ਨੂੰ ਸਹੀ ਸੇਧ ਦੇਣ ਵਾਲੇ ਮਾਪੇ” ਅਤੇ “ਅਧਿਆਤਮਿਕ ਟੀਚੇ ਰੱਖਣ ਵਾਲੇ ਨੌਜਵਾਨ” ਨਾਮਕ ਭਾਸ਼ਣਾਂ ਵਿਚ ਇੰਟਰਵਿਊਆਂ ਦੌਰਾਨ ਮਾਪੇ ਅਤੇ ਨੌਜਵਾਨ ਇਸ ਮਹੱਤਵਪੂਰਣ ਸਵਾਲ ਦਾ ਜਵਾਬ ਦੇਣਗੇ। (ਜ਼ਬੂ. 127:4) ਮਹਿਮਾਨ ਭਾਸ਼ਣਕਾਰ ਦੇ ਆਖ਼ਰੀ ਭਾਸ਼ਣ ਵਿਚ ਦੱਸਿਆ ਜਾਵੇਗਾ ਕਿ ਅਸੀਂ ਖ਼ੁਦ, ਪੂਰਾ ਪਰਿਵਾਰ ਮਿਲ ਕੇ ਅਤੇ ਕਲੀਸਿਯਾ ਦੇ ਤੌਰ ਤੇ ਕਿਵੇਂ ਯਹੋਵਾਹ ਦੇ ਸੰਗਠਨ ਦੇ ਨਾਲ-ਨਾਲ ਅੱਗੇ ਵਧ ਸਕਦੇ ਹਾਂ।
ਸਾਨੂੰ ਭਾਵੇਂ ਸੱਚਾਈ ਵਿਚ ਆਇਆਂ ਥੋੜ੍ਹਾ ਹੀ ਸਮਾਂ ਹੋਇਆ ਹੈ ਜਾਂ ਫਿਰ ਅਸੀਂ ਦਹਾਕਿਆਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ‘ਆਪਣੀ ਅੱਖ ਨਿਰਮਲ ਰੱਖੀਏ।’ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰੇਗਾ।