ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ
ਜੇ ਅਸੀਂ ਕੋਈ ਖ਼ਤਰਾ ਦੇਖ ਕੇ ਜਾਂ ਖ਼ਤਰੇ ਦੀ ਚੇਤਾਵਨੀ ਸੁਣ ਕੇ ਵੀ ਉਸ ਉੱਤੇ ਅਮਲ ਨਹੀਂ ਕਰਦੇ, ਤਾਂ ਸਾਡਾ ਬਹੁਤ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ, ਯਹੋਵਾਹ ਵੱਲੋਂ ਸਾਡੀ ਅਧਿਆਤਮਿਕ ਸੁਰੱਖਿਆ ਲਈ ਦਿੱਤੇ ਗਏ ਨਿਰਦੇਸ਼ਨ ਨੂੰ ਮੰਨਣਾ ਕਿਤੇ ਜ਼ਿਆਦਾ ਜ਼ਰੂਰੀ ਹੈ। ਇਸ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਦੇ ਪ੍ਰੋਗ੍ਰਾਮ ਵਿਚ ਇਸੇ ਗੱਲ ਉੱਤੇ ਜ਼ੋਰ ਦਿੱਤਾ ਜਾਵੇਗਾ। ਇਸ ਪ੍ਰੋਗ੍ਰਾਮ ਦਾ ਵਿਸ਼ਾ ਹੈ “ਚੌਕਸ ਰਹੋ ਕਿ ਤੁਸੀਂ ਕਿਸ ਤਰ੍ਹਾਂ ਸੁਣਦੇ ਹੋ।”—ਲੂਕਾ 8:18.
ਆਪਣੇ ਪਹਿਲੇ ਭਾਸ਼ਣ ਵਿਚ ਮਹਿਮਾਨ ਭਾਸ਼ਣਕਾਰ ਚਰਚਾ ਕਰੇਗਾ ਕਿ ਇਬਰਾਨੀਆਂ ਨੂੰ ਲਿਖੀ ਚਿੱਠੀ ਦੇ ਪਹਿਲੇ ਕੁਝ ਅਧਿਆਵਾਂ ਵਿਚ ਪੌਲੁਸ ਦੀ ਸਲਾਹ ਅੱਜ ਸਾਡੇ ਉੱਤੇ ਕਿਵੇਂ ਲਾਗੂ ਹੁੰਦੀ ਹੈ। ਫਿਰ ਆਪਣੇ ਆਖ਼ਰੀ ਭਾਸ਼ਣ “ਪਰਮੇਸ਼ੁਰੀ ਸਿੱਖਿਆ ਵੱਲ ਲਗਾਤਾਰ ਧਿਆਨ ਦਿਓ” ਵਿਚ ਉਹ ਨਿੱਜੀ ਜਾਂਚ ਕਰਨ ਵਿਚ ਸਾਡੀ ਮਦਦ ਕਰੇਗਾ ਕਿ ਅਸੀਂ ਵਾਕਈ ਯਹੋਵਾਹ ਦੀ, ਉਸ ਦੇ ਪੁੱਤਰ ਦੀ ਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਗੱਲ ਸੁਣਦੇ ਹਾਂ ਜਾਂ ਨਹੀਂ।—ਮੱਤੀ 24:45.
ਇਸ ਸੰਮੇਲਨ ਪ੍ਰੋਗ੍ਰਾਮ ਵਿਚ ਕਈ ਭਾਸ਼ਣ ਖ਼ਾਸਕਰ ਪਰਿਵਾਰਾਂ ਲਈ ਫ਼ਾਇਦੇਮੰਦ ਹੋਣਗੇ। “ਪਰਮੇਸ਼ੁਰ ਦੇ ਬਚਨ ਵੱਲ ਪੂਰਾ ਧਿਆਨ ਦੇਣ ਵਾਲੇ ਪਰਿਵਾਰ” ਨਾਮਕ ਭਾਸ਼ਣ ਵਿਚ ਸਾਨੂੰ ਦੱਸਿਆ ਜਾਵੇਗਾ ਕਿ ਅਸੀਂ ਦੁਨੀਆਂ ਦੀਆਂ ਚੀਜ਼ਾਂ ਦੇ ਫੰਦੇ ਵਿਚ ਪੈਣ ਤੋਂ ਕਿਵੇਂ ਬਚ ਸਕਦੇ ਹਾਂ ਜੋ ਸਾਡੀ ਅਧਿਆਤਮਿਕਤਾ ਦਾ ਗਲਾ ਘੋਟ ਸਕਦੀਆਂ ਹਨ। ਉਨ੍ਹਾਂ ਕੁਝ ਭੈਣ-ਭਰਾਵਾਂ ਦੀ ਇੰਟਰਵਿਊ ਲਈ ਜਾਵੇਗੀ ਜਿਨ੍ਹਾਂ ਨੇ ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦੇਣ ਲਈ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਹਨ। “ਪਰਮੇਸ਼ੁਰ ਦੇ ਬਚਨ ਵੱਲ ਧਿਆਨ ਦੇ ਕੇ ਨੌਜਵਾਨ ਮਜ਼ਬੂਤ ਹੁੰਦੇ ਹਨ” ਨਾਮਕ ਭਾਸ਼ਣ ਵਿਚ ਕੁਝ ਨੌਜਵਾਨਾਂ ਦੀ ਇੰਟਰਵਿਊ ਲਈ ਜਾਵੇਗੀ ਜਿਨ੍ਹਾਂ ਨੇ ਸਕੂਲ ਵਿਚ, ਆਪਣੇ ਦੋਸਤਾਂ ਦੇ ਸਾਮ੍ਹਣੇ ਜਾਂ ਪ੍ਰਚਾਰ ਦੇ ਕੰਮ ਵਿਚ ਸੱਚਾਈ ਦਾ ਪੱਖ ਲਿਆ ਹੈ। “ਨਿਆਣੇ ਜੋ ਪਰਮੇਸ਼ੁਰ ਦੀਆਂ ਗੱਲਾਂ ਸੁਣ ਕੇ ਸਿੱਖਦੇ ਹਨ” ਨਾਂ ਦਾ ਭਾਸ਼ਣ ਸਾਡੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਛੋਟੇ ਬੱਚਿਆਂ ਵਿਚ ਬਹੁਤ ਕੁਝ ਸਿੱਖਣ ਦੀ ਯੋਗਤਾ ਹੁੰਦੀ ਹੈ। ਮਾਤਾ-ਪਿਤਾਵਾਂ ਤੇ ਉਨ੍ਹਾਂ ਦੇ ਨਿਆਣਿਆਂ ਦੀ ਇੰਟਰਵਿਊ ਲਈ ਜਾਵੇਗੀ ਜੋ ਇਹ ਦੱਸਣਗੇ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਯਹੋਵਾਹ ਦੇ ਰਾਹ ਸਿਖਾਉਣ ਨਾਲ ਕੀ ਲਾਭ ਹੁੰਦੇ ਹਨ।
ਸ਼ਤਾਨ “ਸਾਰੇ ਜਗਤ ਨੂੰ ਭਰਮਾਉਂਦਾ ਹੈ,” ਪਰ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਸਹੀ ਰਾਹ ਦਿਖਾ ਰਿਹਾ ਹੈ। (ਪਰ. 12:9; ਯਸਾ. 30:21) ਯਹੋਵਾਹ ਦੀ ਸਲਾਹ ਨੂੰ ਧਿਆਨ ਨਾਲ ਸੁਣਨ ਤੇ ਮੰਨਣ ਨਾਲ ਅਸੀਂ ਬੁੱਧੀਮਾਨ ਬਣਾਂਗੇ, ਖ਼ੁਸ਼ੀ ਹਾਸਲ ਕਰਾਂਗੇ ਅਤੇ ਭਵਿੱਖ ਵਿਚ ਸਦਾ ਦੀ ਜ਼ਿੰਦਗੀ ਪਾਵਾਂਗੇ।—ਕਹਾ. 8:32-35.