ਪ੍ਰਚਾਰ ਕਰਦੇ ਰਹੋ
1 ਦੁਨੀਆਂ ਦੇ ਹਾਲਾਤ ਦਿਨ-ਬ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਅਸੀਂ ਹਰ ਰੋਜ਼ ਘਰੇਲੂ ਯੁੱਧਾਂ, ਨਸਲੀ ਲੜਾਈਆਂ, ਕੁਦਰਤੀ ਆਫ਼ਤਾਂ ਅਤੇ ਇੱਦਾਂ ਦੀਆਂ ਹੋਰ ਕਈ ਭਿਆਨਕ ਵਾਰਦਾਤਾਂ ਬਾਰੇ ਸੁਣਦੇ ਹਾਂ। ਅੱਜ ਮਨੁੱਖਜਾਤੀ ਕੋਈ ਚੰਗੀ ਖ਼ਬਰ ਸੁਣਨ ਲਈ ਤਰਸ ਰਹੀ ਹੈ। ਪਰ ਦੂਜੇ ਪਾਸੇ, ਬਹੁਤ ਸਾਰੇ ਲੋਕਾਂ ਨੂੰ ਰੂਹਾਨੀ ਗੱਲਾਂ ਵਿਚ ਉੱਕਾ ਹੀ ਰੁਚੀ ਨਹੀਂ ਹੈ। ਕੁਝ ਥਾਵਾਂ ਤੇ ਲੋਕੀ ਘਰੇ ਨਹੀਂ ਮਿਲਦੇ। ਜੇ ਮਿਲਦੇ ਵੀ ਹਨ, ਤਾਂ ਉਹ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ ਜਾਂ ਉਨ੍ਹਾਂ ਵਿਚ ਬਾਈਬਲ ਬਾਰੇ ਸਿੱਖਣ ਦੀ ਇੱਛਾ ਨਹੀਂ ਹੁੰਦੀ। ਫਿਰ ਵੀ ਸਾਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਦੀ ਲੋੜ ਹੈ।—ਮੱਤੀ 24:14.
2 ਲੋਕਾਂ ਲਈ ਪਿਆਰ: ਸਾਡਾ ਪ੍ਰਚਾਰ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਨੂੰ ਇਨਸਾਨਾਂ ਨਾਲ ਬਹੁਤ ਪਿਆਰ ਹੈ। “ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤ. 3:9; ਹਿਜ਼. 33:11) ਸੋ ਯਹੋਵਾਹ ਦੀ ਇੱਛਾ ਮੁਤਾਬਕ ਯਿਸੂ ਨੇ ਕਿਹਾ ਸੀ ਕਿ ‘ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ।’ (ਮਰ. 13:10) ਪਰਮੇਸ਼ੁਰ ਅੱਜ ਸਾਰੇ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਉਸ ਵੱਲ ਮੁੜਨ ਤੇ ਸ਼ਤਾਨ ਦੀ ਦੁਨੀਆਂ ਦੇ ਨਾਸ਼ ਵਿੱਚੋਂ ਬਚਣ। (ਯੋਏ. 2:28, 29, 32; ਸਫ਼. 2:2, 3) ਕੀ ਅਸੀਂ ਇਸ ਗੱਲ ਲਈ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਯਹੋਵਾਹ ਨੇ ਸਾਨੂੰ ਬਚਣ ਦਾ ਮੌਕਾ ਦਿੱਤਾ?—1 ਤਿਮੋ. 1:12, 13.
3 ਪਿਛਲੇ ਸਾਲ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ 2004 ਸੇਵਾ ਸਾਲ ਦੌਰਾਨ ਹਰ ਮਹੀਨੇ ਔਸਤਨ 60,85,387 ਬਾਈਬਲ ਸਟੱਡੀਆਂ ਕਰਾਈਆਂ ਗਈਆਂ ਅਤੇ ਹਰ ਹਫ਼ਤੇ ਔਸਤਨ 5,000 ਨਵੇਂ ਚੇਲਿਆਂ ਨੇ ਬਪਤਿਸਮਾ ਲਿਆ! ਇਨ੍ਹਾਂ ਵਿੱਚੋਂ ਕੁਝ ਭੈਣ-ਭਰਾਵਾਂ ਨੇ ਸੱਚਾਈ ਸਿੱਖੀ ਕਿਉਂਕਿ ਕੁਝ ਪ੍ਰਕਾਸ਼ਕਾਂ ਨੇ ਆਪਣੇ ਇਲਾਕੇ ਵਿਚ ਹਰ ਇਕ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਪੂਰੀ ਵਾਹ ਲਾਈ ਸੀ ਅਤੇ ਯਹੋਵਾਹ ਨੇ ਉਨ੍ਹਾਂ ਦੀ ਮਿਹਨਤ ਤੇ ਬਰਕਤ ਪਾਈ। ਨਵੇਂ ਭੈਣ-ਭਰਾਵਾਂ ਨੂੰ ਦੇਖ ਕੇ ਕਲੀਸਿਯਾਵਾਂ ਖ਼ੁਸ਼ੀ ਨਾਲ ਝੂਮ ਉੱਠਦੀਆਂ ਹਨ! ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਜ਼ਿੰਦਗੀਆਂ ਬਚਾਉਣ ਲਈ ਸਾਨੂੰ ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਹੈ!—1 ਕੁਰਿੰ. 3:5, 6, 9.
4 ਪਰਮੇਸ਼ੁਰ ਦੇ ਨਾਂ ਦੀ ਉਸਤਤ: ਅਸੀਂ ਇਸ ਲਈ ਵੀ ਪ੍ਰਚਾਰ ਕਰਦੇ ਹਾਂ ਕਿਉਂਕਿ ਅਸੀਂ ਯਹੋਵਾਹ ਦੀ ਉਸਤਤ ਕਰਨੀ ਅਤੇ ਉਸ ਦੇ ਪਵਿੱਤਰ ਨਾਂ ਬਾਰੇ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ। (ਇਬ. 13:15) ‘ਸਾਰਾ ਜਗਤ’ ਸ਼ਤਾਨ ਦੇ ਧੋਖੇ ਵਿਚ ਆ ਕੇ ਮੰਨਦਾ ਹੈ ਕਿ ਪਰਮੇਸ਼ੁਰ ਇਨਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦਾ, ਉਸ ਨੂੰ ਇਨਸਾਨਾਂ ਦੇ ਦੁੱਖ-ਦਰਦ ਦੀ ਕੋਈ ਪਰਵਾਹ ਨਹੀਂ ਜਾਂ ਪਰਮੇਸ਼ੁਰ ਹੈ ਹੀ ਨਹੀਂ। (ਪਰ. 12:9) ਅਸੀਂ ਪ੍ਰਚਾਰ ਕਰ ਕੇ ਲੋਕਾਂ ਨੂੰ ਆਪਣੇ ਮਹਾਨ ਪਰਮੇਸ਼ੁਰ ਬਾਰੇ ਸੱਚਾਈ ਦੱਸਦੇ ਹਾਂ। ਆਓ ਆਪਾਂ ਹਮੇਸ਼ਾ-ਹਮੇਸ਼ਾ ਲਈ ਉਸ ਦੇ ਨਾਂ ਦੀ ਉਸਤਤ ਕਰਦੇ ਰਹੀਏ।—ਜ਼ਬੂ. 145:1, 2.