ਦੂਜਿਆਂ ਨੂੰ ਪ੍ਰਚਾਰ ਕਰਨਾ ਸਾਡਾ ਫ਼ਰਜ਼ ਹੈ
1 ਪੌਲੁਸ ਰਸੂਲ ਲੋਕਾਂ ਨੂੰ ਪ੍ਰਚਾਰ ਕਰਨਾ ਆਪਣਾ ਫ਼ਰਜ਼ ਸਮਝਦਾ ਸੀ। ਉਹ ਜਾਣਦਾ ਸੀ ਕਿ ਯਹੋਵਾਹ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਸਾਰੇ ਇਨਸਾਨਾਂ ਦੀ ਜਾਨ ਬਚਾਉਣ ਦਾ ਇੰਤਜ਼ਾਮ ਕੀਤਾ ਹੈ। (1 ਤਿਮੋ. 2:3-6) ਇਸ ਲਈ ਪੌਲੁਸ ਨੇ ਕਿਹਾ ਸੀ: “ਮੈਂ ਯੂਨਾਨੀਆਂ ਅਤੇ ਓਪਰਿਆਂ ਦਾ, ਬੁੱਧੀਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ।” ਉਸ ਨੇ ਬਿਨਾਂ ਥੱਕਿਆਂ ਜੋਸ਼ ਨਾਲ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਆਪਣਾ ਫ਼ਰਜ਼ ਨਿਭਾਇਆ।—ਰੋਮੀ. 1:14, 15.
2 ਪੌਲੁਸ ਵਾਂਗ ਅੱਜ ਮਸੀਹੀ ਵੀ ਹਰ ਮੌਕੇ ਤੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। “ਵੱਡਾ ਕਸ਼ਟ” ਤੇਜ਼ੀ ਨਾਲ ਨੇੜੇ ਆ ਰਿਹਾ ਹੈ ਜਿਸ ਕਰਕੇ ਸਾਡੇ ਲਈ ਨੇਕਦਿਲ ਲੋਕਾਂ ਨੂੰ ਭਾਲਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਲੋਕਾਂ ਨਾਲ ਸੱਚਾ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਆਪਣੀ ਪੂਰੀ ਵਾਹ ਲਾਵਾਂਗੇ।—ਮੱਤੀ 24:21; ਹਿਜ਼. 33:8.
3 ਆਪਣਾ ਫ਼ਰਜ਼ ਨਿਭਾਉਣਾ: ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੁੱਖ ਤਰੀਕਾ ਹੈ ਘਰ-ਘਰ ਪ੍ਰਚਾਰ ਕਰਨਾ। ਜਿਨ੍ਹਾਂ ਇਲਾਕਿਆਂ ਵਿਚ ਸਾਨੂੰ ਜ਼ਿਆਦਾਤਰ ਲੋਕ ਘਰ ਨਹੀਂ ਮਿਲਦੇ, ਤਾਂ ਸਹੀ-ਸਹੀ ਰਿਕਾਰਡ ਰੱਖ ਕੇ ਅਸੀਂ ਕਿਸੇ ਹੋਰ ਸਮੇਂ ਤੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਅਸੀਂ ਜ਼ਿਆਦਾ ਲੋਕਾਂ ਨੂੰ ਮਿਲ ਸਕਾਂਗੇ। (1 ਕੁਰਿੰ. 10:33) ਕਾਰੋਬਾਰੀ ਥਾਵਾਂ, ਸੜਕਾਂ ਤੇ, ਪਾਰਕਾਂ ਵਿਚ, ਪਾਰਕਿੰਗ ਥਾਵਾਂ ਤੇ ਅਤੇ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦੁਆਰਾ ਵੀ ਅਸੀਂ ਲੋਕਾਂ ਤਕ ਪਹੁੰਚ ਸਕਦੇ ਹਾਂ। ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਕੀ ਮੈਂ ਹਰ ਤਰੀਕੇ ਨਾਲ ਲੋਕਾਂ ਨੂੰ ਜੀਵਨ ਬਚਾਉਣ ਵਾਲਾ ਸੰਦੇਸ਼ ਦੇਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ?’—ਮੱਤੀ 10:11.
4 ਇਕ ਪਾਇਨੀਅਰ ਆਪਣੇ ਖੇਤਰ ਦੇ ਸਾਰੇ ਲੋਕਾਂ ਨੂੰ ਪ੍ਰਚਾਰ ਕਰਨਾ ਆਪਣੀ ਜ਼ਿੰਮੇਵਾਰੀ ਸਮਝਦੀ ਸੀ। ਇਕ ਘਰ ਦੀਆਂ ਖਿੜਕੀਆਂ ਦੇ ਪਰਦੇ ਹਮੇਸ਼ਾ ਬੰਦ ਰਹਿੰਦੇ ਸਨ ਤੇ ਕਦੇ ਵੀ ਕੋਈ ਉਸ ਘਰ ਵਿਚ ਨਹੀਂ ਮਿਲਦਾ ਸੀ। ਪਰ ਇਕ ਦਿਨ ਪਾਇਨੀਅਰ ਜਦੋਂ ਕਿਸੇ ਹੋਰ ਕੰਮ ਲਈ ਉੱਧਰੋਂ ਲੰਘੀ, ਤਾਂ ਉਸ ਨੇ ਇਸ ਘਰ ਅੱਗੇ ਕਾਰ ਖੜ੍ਹੀ ਦੇਖੀ। ਉਹ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ ਸੀ, ਇਸ ਲਈ ਉਸ ਨੇ ਦਰਵਾਜ਼ੇ ਦੀ ਘੰਟੀ ਵਜਾਈ। ਇਕ ਆਦਮੀ ਬਾਹਰ ਆਇਆ ਤੇ ਪਾਇਨੀਅਰ ਨੇ ਉਸ ਨਾਲ ਗੱਲਬਾਤ ਕੀਤੀ। ਬਾਅਦ ਵਿਚ ਇਹ ਭੈਣ ਤੇ ਉਸ ਦਾ ਪਤੀ ਉਸ ਆਦਮੀ ਨੂੰ ਕਈ ਵਾਰ ਮਿਲਣ ਗਏ। ਅਖ਼ੀਰ ਉਹ ਆਦਮੀ ਬਾਈਬਲ ਸਟੱਡੀ ਕਰਨ ਲੱਗ ਪਿਆ ਤੇ ਅੱਜ ਉਹ ਸਾਡਾ ਮਸੀਹੀ ਭਰਾ ਹੈ। ਉਹ ਇਸ ਭੈਣ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਭੈਣ ਨੇ ਦੂਜਿਆਂ ਨੂੰ ਪ੍ਰਚਾਰ ਕਰਨਾ ਆਪਣਾ ਫ਼ਰਜ਼ ਸਮਝਿਆ।
5 ਸਮਾਂ ਤੇਜ਼ੀ ਨਾਲ ਲੰਘਦਾ ਜਾ ਰਿਹਾ ਹੈ, ਇਸ ਲਈ ਸਾਨੂੰ ਹੁਣੇ ਹੀ ਪੂਰੀ ਵਾਹ ਲਾ ਕੇ ਲੋਕਾਂ ਨੂੰ ਪ੍ਰਚਾਰ ਕਰਨ ਦੁਆਰਾ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ।—2 ਕੁਰਿੰ. 6:1, 2.