ਆਪਣੇ ਸਾਹਿੱਤ ਦੀ ਚੰਗੀ ਵਰਤੋਂ ਕਰੋ
1, 2. ਬਹੁਤ ਸਾਰੇ ਲੋਕ ਸਾਡੇ ਸਾਹਿੱਤ ਬਾਰੇ ਕੀ ਕਹਿੰਦੇ ਹਨ ਤੇ ਇਸ ਨਾਲ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?
1 “ਮੈਂ 1965 ਤੋਂ ਤੁਹਾਡੇ ਪ੍ਰਕਾਸ਼ਨ ਪੜ੍ਹ ਰਿਹਾ ਹਾਂ। ਮੈਂ ਇਨ੍ਹਾਂ ਨੂੰ ਪੜ੍ਹਦੇ ਸਮੇਂ ਬਾਈਬਲ ਵਿੱਚੋਂ ਹਵਾਲੇ ਦੇਖਦਾ ਹਾਂ। ਤੁਹਾਡੇ ਸਾਹਿੱਤ ਦੀ ਹਰ ਗੱਲ ਬਾਈਬਲ ਦੇ ਮੁਤਾਬਕ ਹੈ। ਮੈਂ ਚਿਰਾਂ ਤੋਂ ਪਰਮੇਸ਼ੁਰ ਤੇ ਯਿਸੂ ਬਾਰੇ ਸੱਚਾਈ ਜਾਣਨੀ ਚਾਹੁੰਦਾ ਸੀ। ਮੈਂ ਦਿਲੋਂ ਕਹਿ ਸਕਦਾ ਹਾਂ ਕਿ ਮੈਨੂੰ ਤੁਹਾਡੇ ਪ੍ਰਕਾਸ਼ਨਾਂ ਤੇ ਬਾਈਬਲ ਦੇ ਜ਼ਰੀਏ ਸਹੀ ਜਵਾਬ ਮਿਲ ਰਹੇ ਹਨ।” ਇਕ ਆਦਮੀ ਨੇ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਨੂੰ ਚਿੱਠੀ ਵਿਚ ਇਹ ਲਿਖਿਆ। ਇਸੇ ਚਿੱਠੀ ਵਿਚ ਉਸ ਨੇ ਬਾਈਬਲ ਸਟੱਡੀ ਕਰਨ ਦੇ ਪ੍ਰਬੰਧ ਬਾਰੇ ਪੁੱਛਿਆ।
2 ਇਸ ਕਦਰਦਾਨ ਆਦਮੀ ਦੀ ਤਰ੍ਹਾਂ ਦੁਨੀਆਂ ਭਰ ਵਿਚ ਲੱਖਾਂ ਲੋਕ ਬਾਈਬਲ ਦਾ ਅਧਿਐਨ ਕਰਨ ਵਿਚ ਮਦਦ ਦੇਣ ਵਾਲੇ ਪ੍ਰਕਾਸ਼ਨਾਂ ਲਈ ਧੰਨਵਾਦੀ ਹਨ ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਤਿਆਰ ਕੀਤੇ ਹਨ। (ਮੱਤੀ 24:45) ਹਰ ਸਾਲ ਵੱਡੀ ਮਾਤਰਾ ਵਿਚ ਸਾਹਿੱਤ ਛਾਪਿਆ ਜਾਂਦਾ ਹੈ ਤਾਂਕਿ ਨੇਕਦਿਲ ਲੋਕਾਂ ਨੂੰ “ਸਤ ਦੇ ਗਿਆਨ ਤੀਕ ਪਹੁੰਚਣ” ਵਿਚ ਮਦਦ ਮਿਲੇ। (1 ਤਿਮੋ. 2:4) ਅਸੀਂ ਆਪਣੇ ਸਾਹਿੱਤ ਦੀ ਚੰਗੀ ਵਰਤੋਂ ਕਿਵੇਂ ਕਰ ਸਕਦੇ ਹਾਂ?
3. ਅਸੀਂ ਸਾਹਿੱਤ ਨੂੰ ਜ਼ਾਇਆ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ?
3 ਜ਼ਾਇਆ ਨਾ ਕਰੋ: ਕਈ ਵਾਰ ਸਾਡੇ ਕੋਲ ਲੋੜ ਨਾਲੋਂ ਵੱਧ ਸਾਹਿੱਤ ਜਮ੍ਹਾ ਹੋ ਜਾਂਦਾ ਹੈ। ਅਸੀਂ ਆਪਣੇ ਅਨਮੋਲ ਪ੍ਰਕਾਸ਼ਨਾਂ ਨੂੰ ਜ਼ਾਇਆ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ? ਸੇਵਕਾਈ ਵਿਚ ਵਰਤਣ ਲਈ ਸਾਹਿੱਤ ਲੈਂਦੇ ਸਮੇਂ ਸਾਨੂੰ ਸਮਝਦਾਰੀ ਵਰਤਣ ਦੀ ਲੋੜ ਹੈ। ਕਿਸੇ ਪ੍ਰਕਾਸ਼ਨ ਦੀਆਂ ਬਹੁਤ ਸਾਰੀਆਂ ਕਾਪੀਆਂ ਲੈਣ ਦੀ ਬਜਾਇ ਅਸੀਂ ਇਕ-ਦੋ ਕਾਪੀਆਂ ਲੈ ਸਕਦੇ ਹਾਂ ਤੇ ਉਨ੍ਹਾਂ ਨੂੰ ਵੰਡਣ ਤੋਂ ਬਾਅਦ ਹੋਰ ਕਾਪੀਆਂ ਲੈ ਸਕਦੇ ਹਾਂ। ਇਸ ਤਰ੍ਹਾਂ ਸਾਡੇ ਘਰਾਂ ਵਿਚ ਸਾਹਿੱਤ ਦਾ ਢੇਰ ਨਹੀਂ ਲੱਗੇਗਾ। ਜੇ ਸਾਡੇ ਕੋਲ ਬਹੁਤ ਸਾਰੇ ਰਸਾਲੇ ਪਏ ਹਨ, ਤਾਂ ਸਾਡੇ ਲਈ ਰਸਾਲਿਆਂ ਦੇ ਆਰਡਰ ਦੀ ਗਿਣਤੀ ਘਟਾਉਣੀ ਚੰਗੀ ਗੱਲ ਹੋਵੇਗੀ।
4. ਕਲੀਸਿਯਾ ਵਿਚ ਪ੍ਰਕਾਸ਼ਨਾਂ ਦਾ ਢੇਰ ਲੱਗ ਜਾਣ ਤੇ ਕੀ ਕੀਤਾ ਜਾ ਸਕਦਾ ਹੈ?
4 ਪ੍ਰਕਾਸ਼ਨਾਂ ਦਾ ਢੇਰ ਲੱਗਣਾ: ਜੇ ਕਲੀਸਿਯਾ ਵਿਚ ਕੁਝ ਪ੍ਰਕਾਸ਼ਨਾਂ ਦਾ ਢੇਰ ਲੱਗਾ ਹੋਇਆ ਹੈ, ਤਾਂ ਸਾਹਿੱਤ ਕੋਆਰਡੀਨੇਟਰ ਆਪਣੇ ਇਲਾਕੇ ਦੀ ਕਿਸੇ ਦੂਸਰੀ ਕਲੀਸਿਯਾ ਨੂੰ ਪੁੱਛ ਸਕਦਾ ਹੈ ਕਿ ਉਹ ਇਸ ਵਾਧੂ ਸਾਹਿੱਤ ਨੂੰ ਵਰਤ ਸਕਦੀ ਹੈ ਜਾਂ ਨਹੀਂ। ਪ੍ਰਕਾਸ਼ਕ ਆਪਣੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰਾਂ, ਆਪਣੇ ਬਾਈਬਲ ਵਿਦਿਆਰਥੀਆਂ ਤੇ ਹੋਰਨਾਂ ਨੂੰ ਪੁਰਾਣੇ ਪ੍ਰਕਾਸ਼ਨ ਦੇ ਸਕਦੇ ਹਨ। ਜਿਨ੍ਹਾਂ ਲੋਕਾਂ ਨੇ ਕਲੀਸਿਯਾ ਵਿਚ ਅਜੇ ਆਉਣਾ ਸ਼ੁਰੂ ਕੀਤਾ ਹੈ, ਉਹ ਸ਼ਾਇਦ ਆਪਣੀ ਥੀਓਕ੍ਰੈਟਿਕ ਲਾਇਬ੍ਰੇਰੀ ਲਈ ਇਨ੍ਹਾਂ ਪੁਰਾਣੇ ਪ੍ਰਕਾਸ਼ਨਾਂ ਨੂੰ ਲੈਣਾ ਚਾਹੁਣ।
5. ਅਸੀਂ ਆਪਣੇ ਸਾਹਿੱਤ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?
5 ਅਸੀਂ ਚਾਹੁੰਦੇ ਹਾਂ ਕਿ ਸਾਡਾ ਸਾਹਿੱਤ ਆਪਣਾ ਮਕਸਦ ਪੂਰਾ ਕਰੇ ਯਾਨੀ ਯਹੋਵਾਹ ਦੇ ਸ਼ਾਨਦਾਰ ਮਕਸਦਾਂ ਬਾਰੇ ਹੋਰ ਸਿੱਖਣ ਵਿਚ ਖਰੇ ਲੋਕਾਂ ਦੀ ਮਦਦ ਕਰੇ। ਜਿਵੇਂ ਯਿਸੂ ਨੇ ਚਮਤਕਾਰੀ ਢੰਗ ਨਾਲ ਭੀੜਾਂ ਨੂੰ ਭੋਜਨ ਖਿਲਾਉਣ ਤੋਂ ਬਾਅਦ ਬਾਕੀ ਬਚੇ ਭੋਜਨ ਨੂੰ ਜ਼ਾਇਆ ਨਹੀਂ ਹੋਣ ਦਿੱਤਾ ਸੀ, ਉਸੇ ਤਰ੍ਹਾਂ ਸਾਡਾ ਟੀਚਾ ਆਪਣੇ ਬੇਸ਼ਕੀਮਤੀ ਸਾਹਿੱਤ ਦੀ ਚੰਗੀ ਵਰਤੋਂ ਕਰਨੀ ਹੋਣਾ ਚਾਹੀਦਾ ਹੈ। (ਯੂਹੰ. 6:11-13) ਜੇ ਪ੍ਰਕਾਸ਼ਨ ਸਾਡੀਆਂ ਸੈਲਫ਼ਾਂ ਤੇ ਜਾਂ ਬੈਗਾਂ ਵਿਚ ਪਏ ਰਹਿਣਗੇ, ਤਾਂ ਇਨ੍ਹਾਂ ਵਿਚ ਪਾਇਆ ਜਾਂਦਾ ਜ਼ਿੰਦਗੀਆਂ ਬਚਾਉਣ ਵਾਲਾ ਸੰਦੇਸ਼ ਧਾਰਮਿਕ ਰੁਚੀ ਰੱਖਣ ਵਾਲੇ ਲੋਕਾਂ ਦੇ ਦਿਲਾਂ ਨੂੰ ਨਹੀਂ ਛੋ ਸਕਦਾ। ਇਸ ਲਈ, ਸਾਹਿੱਤ ਲੈਂਦੇ ਸਮੇਂ ਸਾਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ ਤੇ ਦੂਜਿਆਂ ਦੇ ਫ਼ਾਇਦੇ ਲਈ ਇਸ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ।