ਪ੍ਰਚਾਰ ਕਰਨ ਦੇ ਮੌਕੇ ਪੈਦਾ ਕਰੋ
1 ਕਲੀਸਿਯਾ ਵਿਚ ਸਾਰੇ ਭੈਣ-ਭਰਾਵਾਂ ਦੇ ਹਾਲਾਤ ਵੱਖੋ-ਵੱਖਰੇ ਹਨ। ਪਰ ਅਸੀਂ ਸਾਰਿਆਂ ਨੇ ਯਹੋਵਾਹ ਦੀ ਉਸਤਤ ਕਰਨ ਦਾ ਇਰਾਦਾ ਕੀਤਾ ਹੈ। (ਜ਼ਬੂ. 79:13) ਜੇ ਖ਼ਰਾਬ ਸਿਹਤ ਜਾਂ ਹੋਰ ਮੁਸ਼ਕਲ ਹਾਲਾਤਾਂ ਕਰਕੇ ਅਸੀਂ ਘਰ-ਘਰ ਜਾ ਕੇ ਖ਼ੁਸ਼ ਖ਼ਬਰੀ ਦਾ ਜ਼ਿਆਦਾ ਪ੍ਰਚਾਰ ਨਹੀਂ ਕਰ ਸਕਦੇ, ਤਾਂ ਅਸੀਂ ਪ੍ਰਚਾਰ ਕਰਨ ਦੇ ਮੌਕੇ ਕਿਵੇਂ ਪੈਦਾ ਕਰ ਸਕਦੇ ਹਾਂ?
2 ਹਰ ਰੋਜ਼ ਲੋਕਾਂ ਨਾਲ ਮਿਲਦੇ-ਵਰਤਦੇ ਸਮੇਂ: ਯਿਸੂ ਨੇ ਹਰ ਰੋਜ਼ ਲੋਕਾਂ ਨਾਲ ਮਿਲਦਿਆਂ-ਵਰਤਦਿਆਂ ਉਨ੍ਹਾਂ ਨੂੰ ਗਵਾਹੀ ਦਿੱਤੀ। ਉਸ ਨੇ ਮਸੂਲ ਦੀ ਚੌਂਕੀ ਕੋਲੋਂ ਦੀ ਲੰਘਦਿਆਂ ਮੱਤੀ ਨਾਲ, ਸਫ਼ਰ ਕਰਦਿਆਂ ਜ਼ੱਕੀ ਨਾਲ ਅਤੇ ਇਕ ਖੂਹ ਤੇ ਆਰਾਮ ਕਰਦਿਆਂ ਸਾਮਰੀ ਤੀਵੀਂ ਨਾਲ ਗੱਲ ਕੀਤੀ। (ਮੱਤੀ 9:9; ਲੂਕਾ 19:1-5; ਯੂਹੰ. 4:6-10) ਅਸੀਂ ਵੀ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਗਵਾਹੀ ਦੇ ਸਕਦੇ ਹਾਂ। ਜੇ ਉਸ ਵੇਲੇ ਸਾਡੇ ਕੋਲ ਬਾਈਬਲ ਦੇ ਨਾਲ-ਨਾਲ ਟ੍ਰੈਕਟ ਜਾਂ ਬਰੋਸ਼ਰ ਵੀ ਹੋਣ, ਤਾਂ ਅਸੀਂ ਆਪਣੀ ਉਮੀਦ ਬਾਰੇ ਹੋਰਨਾਂ ਨੂੰ ਦੱਸਣ ਲਈ ਤਿਆਰ ਹੋਵਾਂਗੇ।—1 ਪਤ. 3:15.
3 ਕੀ ਤੁਸੀਂ ਬੀਮਾਰ ਹੋਣ ਕਰਕੇ ਘਰ-ਘਰ ਪ੍ਰਚਾਰ ਨਹੀਂ ਕਰ ਪਾ ਰਹੇ ਹੋ? ਤੁਸੀਂ ਉਨ੍ਹਾਂ ਮੌਕਿਆਂ ਦਾ ਲਾਹਾ ਲੈ ਸਕਦੇ ਹੋ ਜਦੋਂ ਤੁਸੀਂ ਡਾਕਟਰਾਂ ਜਾਂ ਨਰਸਾਂ ਨੂੰ ਮਿਲਦੇ ਹੋ। ਜਾਂ ਫਿਰ ਤੁਹਾਨੂੰ ਘਰੇ ਮਿਲਣ ਆਉਣ ਵਾਲੇ ਲੋਕਾਂ ਨੂੰ ਤੁਸੀਂ ਗਵਾਹੀ ਦੇ ਸਕਦੇ ਹੋ। (ਰਸੂ. 28:30, 31) ਜੇ ਤੁਸੀਂ ਆਪਣੇ ਹਾਲਾਤਾਂ ਕਰਕੇ ਘਰੋਂ ਬਾਹਰ ਨਹੀਂ ਜਾ ਸਕਦੇ, ਤਾਂ ਕੀ ਤੁਸੀਂ ਟੈਲੀਫ਼ੋਨ ਜਾਂ ਚਿੱਠੀ ਰਾਹੀਂ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ ਹੈ? ਇਕ ਭੈਣ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਬਾਕਾਇਦਾ ਚਿੱਠੀਆਂ ਲਿਖਦੀ ਹੈ ਜੋ ਗਵਾਹ ਨਹੀਂ ਹਨ। ਉਹ ਬਾਈਬਲ ਵਿੱਚੋਂ ਹੌਸਲਾ ਦੇਣ ਵਾਲੀਆਂ ਗੱਲਾਂ ਅਤੇ ਤਜਰਬੇ ਲਿਖਦੀ ਹੈ ਜੋ ਉਸ ਨੂੰ ਪ੍ਰਚਾਰ ਕਰਦਿਆਂ ਹੁੰਦੇ ਹਨ।
4 ਕੰਮ ਦੀ ਥਾਂ ਤੇ ਜਾਂ ਸਕੂਲ ਵਿਚ: ਯਹੋਵਾਹ ਦੀ ਉਸਤਤ ਕਰਨ ਦੀ ਇੱਛਾ ਸਾਨੂੰ ਆਪਣੇ ਕੰਮ ਦੀ ਥਾਂ ਤੇ ਜਾਂ ਸਕੂਲ ਵਿਚ ਵੀ ਸੱਚਾਈ ਦੇ ਬੀ ਬੀਜਣ ਦੇ ਮੌਕੇ ਪੈਦਾ ਕਰਨ ਲਈ ਪ੍ਰੇਰਿਤ ਕਰੇਗੀ। ਇਕ ਅੱਠ ਸਾਲ ਦੇ ਗਵਾਹ ਨੇ ਜਾਗਰੂਕ ਬਣੋ! ਰਸਾਲੇ ਵਿੱਚੋਂ ਚੰਦ ਬਾਰੇ ਪੜ੍ਹੀ ਜਾਣਕਾਰੀ ਆਪਣੀ ਕਲਾਸ ਨਾਲ ਸਾਂਝੀ ਕੀਤੀ। ਅਧਿਆਪਕਾ ਨੂੰ ਜਦ ਪਤਾ ਲੱਗਾ ਕਿ ਇਸ ਗਵਾਹ ਨੇ ਕਿੱਥੋਂ ਜਾਣਕਾਰੀ ਲਈ ਸੀ, ਤਾਂ ਉਹ ਬਾਕਾਇਦਾ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੈਣ ਲੱਗ ਪਈ। ਅਸੀਂ ਕੰਮ ਦੀ ਥਾਂ ਤੇ ਕਿਸੇ ਅਜਿਹੀ ਜਗ੍ਹਾ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਰੱਖ ਸਕਦੇ ਹਾਂ ਜਿੱਥੇ ਇਹ ਦੂਸਰਿਆਂ ਨੂੰ ਨਜ਼ਰ ਆਵੇ। ਕਿਤਾਬ ਨੂੰ ਦੇਖ ਕੇ ਦੂਸਰੇ ਸ਼ਾਇਦ ਸਾਡੇ ਤੋਂ ਸਵਾਲ ਪੁੱਛਣ ਜਿਸ ਨਾਲ ਸਾਨੂੰ ਗਵਾਹੀ ਦੇਣ ਦਾ ਮੌਕਾ ਮਿਲ ਸਕਦਾ ਹੈ।
5 ਕੀ ਤੁਸੀਂ ਹੋਰਨਾਂ ਨਾਲ ਮਿਲਣ-ਵਰਤਣ ਵੇਲੇ ਪ੍ਰਚਾਰ ਕਰਨ ਦੇ ਹੋਰ ਮੌਕਿਆਂ ਬਾਰੇ ਸੋਚ ਸਕਦੇ ਹੋ? ਆਪਣੇ ਹਾਲਾਤਾਂ ਦਾ ਲਾਹਾ ਲੈਂਦੇ ਹੋਏ ਆਓ ਆਪਾਂ ਹਰ ਰੋਜ਼ ‘ਪਰਮੇਸ਼ੁਰ ਦੇ ਅੱਗੇ ਉਸਤਤ ਦਾ ਬਲੀਦਾਨ ਚੜ੍ਹਾਈਏ।’—ਇਬ. 13:15.